ਪਾਰਟੀਸ਼ੀਅਨ ਤੇ ਮਾਨਚੈਸਟਰ ਮਿਊਜ਼ੀਅਮ ਵਿਚਾਲੇ ਸਮਝੌਤਾ

ਸਮਝੌਤੇ ’ਤੇ ਦਸਤਖਤ ਕਰਦੇ ਹੋਏ ਮਲਿਕਾ ਆਹਲੂਵਾਲੀਆ ਤੇ ਵੈਂਡੀ ਗੈਲੇਗਰ।

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 11 ਅਕਤੂਬਰ ਦੇਸ਼ ਵੰਡ ਸਬੰਧੀ ਬਣੇ ਪਾਰਟੀਸ਼ੀਅਨ ਮਿਊਜ਼ੀਅਮ ਅਤੇ ਯੂਕੇ ਦੇ ਮਾਨਚੈਸਟਰ ਮਿਊਜ਼ੀਅਮ ਵਿਚਾਲੇ ਇੱਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਦੋਵਾਂ ਮਿਊਜ਼ੀਅਮਾਂ ਦੇ ਪ੍ਰਬੰਧਕਾਂ ਵੱਲੋਂ ਸਾਂਭ ਸੰਭਾਲ ਦੀ ਤਕਨੀਕ ਅਤੇ ਹੋਰ ਤਜਰਬੇ ਇਕ ਦੂਜੇ ਨਾਲ ਸਾਂਝੇ ਕੀਤੇ ਜਾਣਗੇ। ਇਹ ਸਮਝੌਤਾ ਦਿੱਲੀ ਸਥਿਤ ਬਰਤਾਨਵੀ ਸਫ਼ਾਰਤਖਾਨੇ ਦੇ ਸਫ਼ੀਰ ਦੀ ਰਿਹਾਇਸ਼ ’ਤੇ ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ ’ਤੇ ਪਾਰਟੀਸ਼ੀਅਨ ਮਿਊਜ਼ੀਅਮ ਦੀ ਸੀਈਓ ਮਲਿਕਾ ਆਹਲੂਵਾਲੀਆ ਅਤੇ ਮੈਨਚੈਸਟਰ ਮਿਊਜ਼ੀਅਮ ਦੀ ਮੁਖੀ ਵੈਂਡੀ ਗੈਲੇਗਰ ਵੱਲੋਂ ਦਸਤਖ਼ਤ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸ੍ਰੀਮਤੀ ਆਹਲੂਵਾਲੀਆ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਦੋਵੇਂ ਮਿਊਜ਼ੀਅਮਾਂ ਦੇ ਪ੍ਰਬੰਧਕਾਂ ਵੱਲੋਂ ਪੁਰਾਤਨ ਵਸਤਾਂ ਦੇ ਪ੍ਰਦਰਸ਼ਨ, ਸਾਂਭ ਸੰਭਾਲ ਦੀ ਤਕਨੀਕ ਅਤੇ ਇਸ ਸਬੰਧੀ ਹੋਰ ਖੋਜ ਅਤੇ ਤਜਰਬੇ ਸਾਂਝੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਯੂਕੇ ਦਾ ਇਹ ਮਿਊਜ਼ੀਅਮ ਮਾਨਚੈਸਟਰ ਯੂਨੀਵਰਸਿਟੀ ਦੇ ਪ੍ਰਬੰਧ ਹੇਠ ਚਲਦਾ ਹੈ, ਜਿਸ ਨੂੰ 1890 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਬਰਤਾਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ, ਜਿਸ ਵਿੱਚ ਲਗਪਗ 4.5 ਮਿਲੀਅਨ ਵੱਖ-ਵੱਖ ਵਸਤਾਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਇਸ ਦੌਰਾਨ ਮਾਨਚੈਸਟਰ ਦੇ ਮੇਅਰ ਐਂਡੀ ਬਰਨਹੈਮ, ਜੋ ਭਾਰਤ ਯਾਤਰਾ ਤੇ ਆਏ ਹੋਏ ਹਨ, ਨੇ ਸਮਝੌਤੇ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਸਮਝੌਤੇ ਰਾਹੀਂ ਇਤਿਹਾਸ ਨੂੰ ਵੀ ਇੱਕ ਦੂਜੇ ਵੱਲੋਂ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All