ਨੇਪਾਲ ਤੋਂ ਪਰਤੇ ਰਾਮਨਗਰ ਸੈਣੀਆਂ ਦੇ ਨੌਜਵਾਨ ਨੂੰ ਕਰੋਨਾਵਾਇਰਸ

ਸਰਬਜੀਤ ਸਿੰਘ ਭੰਗੂ/ਗੁਰਪ੍ਰੀਤ ਸਿੰਘ ਪਟਿਆਲਾ/ਘਨੌਰ, 29 ਮਾਰਚ

ਰਾਮਨਗਰ ਸੈਣੀਆਂ ਦੇ ਦੌਰੇ ਮੌਕੇ ਨੋਡਲ ਅਫਸਰ ਡਾ. ਸੁਮਿਤ ਸਿੰਘ ਤੋਂ ਜਾਣਕਾਰੀ ਲੈਂਦੇ ਹੋਏ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸਐੱਸਪੀ ਮਨਦੀਪ ਸਿੱਧੂ।

ਹਲਕਾ ਘਨੌਰ ’ਚ ਹਰਿਆਣਾ ਦੀ ਹੱਦ ਨੇੜਲੇ ਪੈਂਦੇ ਪਿੰਡ ਰਾਮਨਗਰ ਸੈਣੀਆਂ ਦੇ ਵਸਨੀਕ 21 ਸਾਲਾ ਨੌਜਵਾਨ ਦੀ ਕਰੋਨਾਵਾਇਰਸ ਦੇ ਮਰੀਜ਼ ਵਜੋਂ ਪੁਸ਼ਟੀ ਹੋਈ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਸਥਾਨਕ ਪ੍ਰਸ਼ਾਸਨ ਲੰਘੀ ਅੱਧੀ ਰਾਤ ਤੋਂ ਹੀ ਹਰਕਤ ’ਚ ਆ ਗਿਆ। ਇਸ ਦੌਰਾਨ ਪਿੰਡ ਨੂੰ 14 ਦਿਨਾਂ ਲਈ ਸੀਲ ਕਰਕੇ ਸਿਹਤ, ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਿਤ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਉਧਰ ਇਸ ਮਰੀਜ਼ ਦੇ 14 ਪਰਿਵਾਰਕ ਮੈਂਬਰਾਂ ਨੂੰ ਵੀ ਪਟਿਆਲਾ ਲਿਆ ਕੇ ਉਨ੍ਹਾਂ ਦੇ ਟੈਸਟ ਕੀਤੇ ਗਏ। ਇਨ੍ਹਾਂ ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਜ਼ਿਕਰਯੋਗ ਹੈ ਕਿ 19 ਸਾਲਾ ਇਹ ਨੌਜਵਾਨ 19 ਮਾਰਚ ਨੂੰ ਨੇਪਾਲ ਤੋਂ ਇੰਡੀਗੋ ਫਲਾਈਟ ਰਾਹੀਂ ਦਿੱਲੀ ਪੁੱਜਿਆ। ਉਥੋਂ ਬੱਸ ਰਾਹੀਂ ਅੰਬਾਲਾ ਆਇਆ ਤੇ ਮੋਟਰਸਾਈਕਲ ਰਾਹੀਂ ਸ਼ਾਹਪੁਰ ’ਚ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ। ਫਿਰ 20 ਮਾਰਚ ਨੂੰ ਉਹ ਪਿੰਡ ਆ ਗਿਆ। 26 ਮਾਰਚ ਸਵੇਰੇ ਚਾਰ ਵਜੇ ਉਸ ਨੂੰ ਬੁਖਾਰ ਹੋ ਗਿਆ। ਪਿੰਡ ਦੇ ਹੀ ਡਾਕਟਰ ਤੋਂ ਦਵਾਈ ਲਈ ਤਾਂ ਬੁਖਾਰ ਭਾਵੇਂ ਉੱਤਰ ਗਿਆ ਪਰ ਪੇਟ ’ਚ ਦਰਦ ਹੁੰਦਾ ਰਿਹਾ। ਇਸ ਕਰਕੇ ਉਸ ਨੂੰ 26 ਮਾਰਚ ਸ਼ਾਮ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਗਰੋਂ 27 ਨੂੰ ਲਏ ਟੈਸਟ ਦੀ ਰਿਪੋਰਟ 28 ਮਾਰਚ ਸ਼ਾਮ ਨੂੰ ਆ ਗਈ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਨੌਜਵਾਨ ਦੇ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ। ਉਧਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸਐੱਸਪੀ ਮਨਦੀਪ ਸਿੱਧੂ ਨੇ ਪਿੰਡ ਦਾ ਦੌਰਾ ਕੀਤਾ। ਜ਼ਿਲ੍ਹਾ ਨੋਡਲ ਅਫਸਰ ਡਾ. ਸੁਮਿਤ ਸਿੰਘ ਦੀ ਅਗਵਾਈ ਹੇਠ ਸਿਹਤ ਮੁਲਾਜ਼ਮ ਰਾਤ ਤੱਕ ਪਿੰਡ ਰਾਮਨਗਰ ਸੈਣੀਆਂ ’ਚ ਸਰਗਰਮ ਸਨ। ਸਿਵਲ ਸਰਜਨ ਨੇ ਦੱਸਿਆ ਕਿ ਛੇ ਟੀਮਾਂ ਬਣਾ ਕੇ ਸਾਰੇ ਪਿੰਡ ਦਾ ਸਰਵੇਖਣ ਕਰਵਾਇਆ ਗਿਆ। ਪਿੰਡ ਵਿਚ ਹੀ ਬਣਾਏ ਗਏ ਸਬ-ਸੈਂਟਰ ਵਿਚ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ, ਤਾਂ ਜੋ ਲੋੜਵੰਦ ਮਰੀਜ਼ ਆਪਣਾ ਚੈੱਕਅੱਪ ਕਰਵਾ ਕੇ ਉਥੋਂ ਦਵਾਈ ਲੈ ਸਕਣ।

ਇਕਾਂਤਵਾਸ ਵਿੱਚ ਨਹੀਂ ਰੱਖੇ ਗਏ ਨੇਪਾਲ ਤੋਂ ਪਰਤੇ ਯਾਤਰੀ ਕਿਸੇ ਵੀ ਦੇਸ਼ ਦੀ ਯਾਤਰਾ ਤੋਂ ਪਰਤ ਰਹੇ ਹਰੇਕ ਵਿਅਕਤੀ ਦੀ ਵਿਸਥਾਰ ਰਿਪੋਰਟ ਸਿਹਤ ਵਿਭਾਗ ਕੋਲ ਪੁੱਜ ਰਹੀ ਹੈ। ਇਸ ਮਗਰੋਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ’ਚ ਹੀ ਇਕਾਂਤਵਾਸ ’ਚ ਰੱਖਿਆ ਜਾ ਰਿਹਾ ਹੈ ਪਰ ਰਾਮਨਗਰ ਸੈਣੀਆਂ ਵਾਸੀ ਇਸ ਨੌਜਵਾਨ ਦੇ ਨੇਪਾਲ ਯਾਤਰਾ ਬਾਰੇ ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਾ ਹੋਈ। ਇਸ ਦਾ ਮੁੱਖ ਕਾਰਨ ਇਸ ਦੌਰਾਨ ਪਾਸਪੋਰਟ ਦੀ ਵਰਤੋਂ ਨਾ ਹੋਈ ਹੋਣੀ ਵੀ ਮੰਨੀ ਜਾ ਰਹੀ ਹੈ। ਕਿਉਂਕਿ ਨੇਪਾਲ ਲਈ ਪਾਸਪੋਰਟ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਵੀ ਇਸ ਨੂੰ ਹੋਰਨਾਂ ਯਾਤਰੀਆਂ ਦੀ ਤਰਾਂ ਏਕਾਂਤਵਾਸ ’ਚ ਨਾ ਰੱਖਿਆ ਜਾ ਸਕਿਆ ਤੇ ਉਹ ਆਮ ਦੀ ਤਰ੍ਹਾਂ ਹੀ ਘੁੰਮਦਾ ਰਿਹਾ। ਇਹ ਆਪਣੇ ਆਪ ’ਚ ਗੰਭੀਰ ਮਾਮਲਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All