ਦਾਖਾ ਸੀਟ ਜਿੱਤਣ ’ਤੇ 50 ਕਰੋੜ ਦੇਵਾਂਗਾ: ਸੁਖਬੀਰ ਬਾਦਲ

ਹਲਕਾ ਦਾਖਾ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। -ਫੋਟੋ: ਹਿਮਾਂਸ਼ੂ ਮਹਾਜਨ

ਮਨਪ੍ਰੀਤ ਸਿੰਘ ਪੁੜੈਣ ਮੁੱਲਾਂਪੁਰ ਦਾਖਾ, 14 ਅਕਤੂਬਰ ਹਲਕਾ ਦਾਖਾ ਦੇ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਬੱਦੋਵਾਲ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਨਪ੍ਰੀਤ ਸਿੰਘ ਇਆਲੀ ਨਾਲ ਹਲਕਾ ਦਾਖਾ ਤੇ ਜਲਾਲਾਬਾਦ ਸੀਟ ਜਿੱਤਣ ਨੂੰ ਲੈ ਕੇ ਸ਼ਰਤ ਲਾਈ ਹੈ। ਜੇ ਹਲਕਾ ਦਾਖਾ ਦੀ ਇਹ ਜਿੱਤ ਜਲਾਲਾਬਾਦ ਸੀਟ ਤੋਂ ਵੱਧ ਵੋਟਾਂ ਨਾਲ ਹੋਈ ਤਾਂ ਆਪਣੀ ਸਰਕਾਰ ਬਣਨ ’ਤੇ ਉਹ 50 ਕਰੋੜ ਰੁਪਏ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਨਹੀਂ ਬਲਕਿ ਸਰਕਾਰ ਦਾ ਦਿਮਾਗ਼ ਹੀ ਖ਼ਾਲੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਬਦਨੀਅਤੀ ਨਾਲ ਲੋਕਾਂ ਨੂੰ ਖਜ਼ਾਨਾ ਖ਼ਾਲੀ ਦੱਸ ਕੇ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ। ਇਸ ਦੌਰਾਨ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਜ਼ਿਮਨੀ ਚੋਣ ਵਾਅਦਿਆਂ ਤੋਂ ਭਗੌੜੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦਾ ਵਧੀਆ ਮੌਕਾ ਹੈ। ਇਸ ਲਈ ਹਲਕੇ ਦੇ ਲੋਕ ਉਨ੍ਹਾਂ ਨੂੰ ਕੀਮਤੀ ਵੋਟ ਪਾ ਕੇ ਜਿਤਾਉਣ ਤਾਂ ਜੋ ਹਲਕੇ ਦੇ ਵਿਕਾਸ ਦੇ ਅਧੂਰੇ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਐਸਜੀਪੀਸੀ ਮੈਂਬਰ ਸੁਰਿੰਦਰਪਾਲ ਸਿੰਘ ਬੱਦੋਵਾਲ ਸਮੇਤ ਪਾਰਟੀ ਵਰਕਰ ਹਾਜ਼ਰ ਸਨ। ਲੁਧਿਆਣਾ (ਗਗਨਦੀਪ ਅਰੋੜਾ): ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਅੱਜ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ਤਹਿਤ ਕੰਮ ਕਰਦੇ ਹੋਏ ਸਿੱਖਾਂ ਅੰਦਰ ਵੰਡੀਆਂ ਪਾਉਣ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਦੀਆਂ ਅਕਾਲ ਤਖ਼ਤ ਸਾਹਿਬ ਦੇ ਮਸ਼ਵਰੇ ਵਿਰੁੱਧ ਵੱਖਰਾ ਪੰਡਾਲ ਸਜਾ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਪਿਛਲੇ ਢਾਈ ਸਾਲਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਤੱਕ ਟੇਕਣ ਨਹੀਂ ਗਏ। ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸੀ ਰਾਜ ਵਿੱਚ ਪੰਜਾਬ ਅੰਦਰ ਨਸ਼ਿਆਂ ਦੀ ਹੋਮ ਡਿਲਿਵਰੀ ਵੀ ਹੋਣ ਲੱਗ ਪਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All