ਡਾਕਟਰਾਂ ਦੀ ਜਥੇਬੰਦੀ ਵੱਲੋਂ ਕਸ਼ਮੀਰ ’ਚ ਸਿਹਤ ਸੇਵਾਵਾਂ ਦਾ ਜਾਇਜ਼ਾ

ਲੁਧਿਆਣਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਅਰੁਣ ਮਿੱਤਰਾ। -ਫੋਟੋ: ਇੰਦਰਜੀਤ ਵਰਮਾ

ਗੁਰਿੰਦਰ ਸਿੰਘ ਲੁਧਿਆਣਾ, 11 ਅਕਤੂਬਰ ‘ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਦਿ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ’ (ਆਈਪੀਪੀਐੱਨਡਬਲਯੂ) ਦੇ ਸਹਿ-ਪ੍ਰਧਾਨ ਡਾਕਟਰ ਅਰੁਣ ਮਿੱਤਰਾ ਕਸ਼ਮੀਰ ਵਿੱਚ ਪਾਬੰਦੀਆਂ ਕਾਰਨ ਸਿਹਤ ਸੇਵਾਵਾਂ ’ਤੇ ਪਏ ਪ੍ਰਭਾਵਾਂ ਦਾ ਜਾਇਜ਼ਾ ਲੈ ਕੇ ਪਰਤ ਆਏ ਹਨ। ਇੱਥੇ ਪਹੁੰਚੇ ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ ਕਸ਼ਮੀਰ ’ਚ 70 ਦਿਨਾਂ ਮਗਰੋਂ ਵੀ ਲੱਗੀਆਂ ਹੋਈਆਂ ਰੋਕਾਂ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਖ਼ਰਾਬ ਹੋ ਗਈ ਹੈ। ਸੰਪਰਕ ਲਈ ਸੰਚਾਰ ਸਾਧਨ ਦੇ ਸਾਧਨ ਬੰਦ ਹੋਣ ਕਾਰਨ ਬੱਚੇ, ਨੌਜਵਾਨ, ਔਰਤਾਂ ਤੇ ਬਜ਼ੁਰਗ ਮਾਨਸਿਕ ਤਣਾਅ ਵਿੱਚ ਰਹਿ ਰਹੇ ਹਨ ਜਿਸ ਦਾ ਉਨ੍ਹਾਂ ਦੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ਤੇ ਆਉਣ ਜਾਣ ਦੇ ਸਾਧਨ ਨਾ ਹੋਣ ਕਾਰਨ ਮਰੀਜ਼ਾਂ ਦਾ ਐਮਰਜੈਂਸੀ ਹਾਲਤਾਂ ਵਿੱਚ ਡਾਕਟਰਾਂ ਕੋਲ ਪਹੁੰਚਣਾ ਬਹੁਤ ਔਖਾ ਹੋ ਗਿਆ ਹੈ। ਬਜ਼ੁਰਗਾਂ ਤੇ ਵੱਧ ਬਿਮਾਰ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੀ ਅਕਸਰ ਲੋੜ ਪੈਂਦੀ ਹੈ। ਇਨ੍ਹਾਂ ਹਾਲਤਾਂ ਦਾ ਦਵਾਈਆਂ ਦੀ ਸਪਲਾਈ ’ਤੇ ਵੀ ਮੰਦਾ ਪ੍ਰਭਾਵ ਪਿਆ ਹੈ ਅਤੇ ਖ਼ਾਸ ਕਰਕੇ ਕੈਂਸਰ, ਸ਼ੂਗਰ ਦੇ ਇਲਾਜ ਦੀਆਂ ਦਵਾਈਆਂ ਅਤੇ ਦੇ ਮੈਡੀਕਲ ਉਪਕਰਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਛੋਟੇ ਕੰਮ ਕਰਨ ਵਾਲੇ ਅਤੇ ਦਿਹਾੜੀਦਾਰ ਲੋਕਾਂ ’ਤੇ ਕਾਰੋਬਾਰ ਠੱਪ ਹੋਣ ਦਾ ਮੰਦਾ ਪ੍ਰਭਾਵ ਪਿਆ ਹੈ ਅਤੇ ਜੇਕਰ ਕੁਝ ਸਮਾਂ ਹੋਰ ਅਜਿਹਾ ਚੱਲਦਾ ਰਿਹਾ ਤਾਂ ਖ਼ੁਰਾਕ ਦੀ ਕਮੀ ਕਾਰਨ ਕੁਦਰਤੀ ਤੌਰ ’ਤੇ ਲੋਕਾਂ ਦੀ ਸਿਹਤ ਵਿੱਚ ਹੋਰ ਨਿਘਾਰ ਆਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਠੀਕ ਕਰਨ ਲਈ ਸੰਪਰਕ ਦੇ ਸਾਧਨ ਬਹਾਲ ਕਰਕੇ ਰੋਗੀਆਂ ਤੇ ਡਾਕਟਰਾਂ ਦੇ ਆਉਣ-ਜਾਣ ’ਚ ਢਿੱਲ ਦਿੱਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All