ਜਲਾਲਾਬਾਦ ਚੋਣ: ਕਾਂਗਰਸ ਦਾ ਉਮੀਦਵਾਰ ਮਹਿਲਾਂ ਵਾਲਿਆਂ ਨਾਲੋਂ ਵੱਧ ਅਮੀਰ

ਪਰਮਜੀਤ ਸਿੰਘ/ਮਲਕੀਤ ਸਿੰਘ ਫਾਜ਼ਿਲਕਾ, 11 ਅਕਤੂਬਰ ਜਲਾਲਾਬਾਦ ਹਲਕੇ ਦੀ ਜ਼ਿਮਨੀ ਚੋਣ ਵਿੱਚ ਲੋਕ ਮੁੱਦੇ ਗਾਇਬ ਹਨ ਪਰ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੀ ਅਮੀਰੀ ਦੇ ਚਰਚੇ ਜ਼ੋਰਾਂ ’ਤੇ ਹਨ। ਕਾਂਗਰਸੀ ਆਗੂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀ ਉਮੀਦਵਾਰ ਦੇ ਅਮੀਰ ਹੋਣ ਅਤੇ ਜਿੱਤ ਮਗਰੋਂ ਵੱਡੀ ਇੰਡਸਟਰੀ ਲਾਉਣ ਦਾ ਪ੍ਰਚਾਰ ਕਰ ਰਹੇ ਹਨ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੇ ਆਪਣੇ ਪੋਸਟਰਾਂ ’ਤੇ ‘ਅਮੀਰ ਬਨਾਮ ਜ਼ਮੀਰ’ ਵਿਚਾਲੇ ਮੁਕਾਬਲੇ ਦਾ ਬਿਗਲ ਵਜਾਇਆ ਹੈ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਧਨਾਢ ਦੀ ਗੱਲ ਸੁਣਨ ਦੀ ਬਜਾਏ ਆਪਣੀ ਜ਼ਮੀਰ ਦੀ ਆਵਾਜ਼ ਸੁਣਨ। ਜਾਣਕਾਰੀ ਅਨੁਸਾਰ ਸ੍ਰੀ ਆਵਲਾ ਨੇ ਨਾਮਜ਼ਦਗੀ ਪੱਤਰ ਵਿਚ ਜਿਹੜੀ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ, ਉਸ ਮੁਤਾਬਕ ਉਹ ਪ੍ਰਨੀਤ ਕੌਰ ਨਾਲੋਂ ਵੀ ਅਮੀਰ ਹਨ। ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਏ ਹਲਫ਼ਨਾਮੇ ’ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਆਪਣੀ ਕੁੱਲ ਜਾਇਦਾਦ 234 ਕਰੋੜ 83 ਲੱਖ 23 ਹਜ਼ਾਰ ਰੁਪਏ ਦੱਸੀ ਹੈ। ਆਵਲਾ ਕੋਲ ਆਪਣੇ ਹਿੱਸੇ ਦੀ ਕੁੱਲ 102 ਕਰੋੜ 10 ਲੱਖ 99 ਹਜ਼ਾਰ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਨੀਤੂ ਕੋਲ 132 ਕਰੋੜ 72 ਲੱਖ 24 ਹਜ਼ਾਰ ਦੀ ਕੁੱਲ ਜਾਇਦਾਦ ਹੈ। ਜਾਇਦਾਦ ਦੇ ਮਾਮਲੇ ਵਿਚ ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਵਲਾ ਪਰਿਵਾਰ ਕੋਲ ਵੀ 48 ਕਰੋੜ 96 ਲੱਖ 95 ਹਜ਼ਾਰ, ਜਦਕਿ ਪੁੱਤਰ ਕੋਲ 8.44 ਲੱਖ ਰੁਪਏ ਦੀ ਜਾਇਦਾਦ ਹੈ। ਲੰਘੀਆਂ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ 217 ਕਰੋੜ ਜਾਇਦਾਦ ਐਲਾਨੀ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਨੇ 86 ਕਰੋੜ 33 ਲੱਖ ਦੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਨੂੰ ਪੂਰੇ ਕਰਨ ਲਈ ਕਾਂਗਰਸੀ ਉਮੀਦਵਾਰ ਵੱਲੋਂ ਸਰਕਾਰੀ ਗ੍ਰਾਂਟ ਨਾ ਆਉਣ ’ਤੇ ਆਪਣੇ ਕੋਲੋਂ ਪੈਸੇ ਖਰਚ ਕੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਕੋਈ ਬੇਰੁਜ਼ਗਾਰ ਨੌਜਵਾਨ ਦੀ ਰੁਜ਼ਗਾਰ ਮੰਗਦਾ ਹੈ ਤਾਂ ਸ੍ਰੀ ਆਵਲਾ ਉਸ ਨੂੰ ਆਪਣੇ ਹੋਰਨਾਂ ਸੂਬਿਆਂ ਵਿਚ ਲੱਗੇ ਕਾਰਖਾਨਿਆਂ/ਫੈਕਟਰੀਆਂ ਵਿੱਚ ਕੰਮ ਦੇਣ ਅਤੇ ਅੱਜ ਤੋਂ ਹੀ ਤਨਖਾਹ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ। ‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਜਹਾਜ਼ਾਂ ਦਾ ਮਾਲਕ ਹੈ। ਚੋਣ ਜਿੱਤਣ ਤੋਂ ਬਾਅਦ ਉਹ ਉਡਾਰੀ ਮਾਰ ਜਾਵੇਗਾ ਤੇ ਲੋਕ ਦੇਖਦੇ ਰਹਿ ਜਾਣਗੇ ਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੋਕਾਂ ਦਾ ਵਾਲੰਟੀਅਰ, ਜੋ ਹਮੇਸ਼ਾਂ ਲੋਕਾਂ ਦੇ ਅੰਗ ਸੰਗ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਿਹਾ ਕਿ ਲੋਕ ਪਿਆਰ, ਮੁਹੱਬਤ ਅਤੇ ਵਿਕਾਸ ਨੂੰ ਵੋਟ ਪਾਉਣਗੇ। ਹਲਕੇ ਦੇ ਲੋਕ ਬਹੁਤ ਸਮਝਦਾਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All