ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ

ਖੰਨਾ ਦੀ ਅਨਾਜ ਮੰਡੀ ਵਿੱਚ ਸੁਕਾਇਆ ਜਾ ਰਿਹਾ ਝੋਨਾ।

ਜੋਗਿੰਦਰ ਸਿੰਘ ਓਬਰਾਏ ਖੰਨਾ, 13 ਅਕਤੂਬਰ ਖੰਨਾ ਮੰਡੀ ਵਿੱਚ ਝੋਨੇ ਦੀ ਆਮਦ ਨੇ ਰਫ਼ਤਾਰ ਫੜ ਲਈ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਣੀ ਸੀ, ਪਰ ਆੜ੍ਹਤੀਆਂ ਦੀ 5 ਰੋਜ਼ਾ ਹੜਤਾਲ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਰੁਕ ਗਈ ਸੀ, ਜੋ 5 ਅਕਤੂਬਰ ਨੂੰ ਸ਼ੁਰੂ ਹੋਈ। ਮੰਡੀ ਸੁਪਰਵਾਈਜ਼ਰ ਬਹਾਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਜ਼ਿਆਦਾ ਕਰ ਕੇ ਬਾਸਮਤੀ-1509 ਕਿਸਮ ਦਾ ਝੋਨਾ ਪੁੱਜ ਰਿਹਾ ਹੈ, ਜਿਸ ਦਾ ਭਾਅ 2700 ਰੁਪਏ ਪ੍ਰਤੀ ਕੁਇੰਟਲ ਹੈ। ਝੋਨੇ ਦੀਆਂ ਦੂਜੀਆਂ ਕਿਸਮਾਂ ਦਾ ਭਾਅ 1835 ਰੁਪਏ ਪ੍ਰਤੀ ਕੁਇੰਟਲ ਹੈ ਜਦਕਿ ਪੂਸਾ ਕਿਸਮ ਦਾ ਝੋਨਾ ਅਗਲੇ 3-4 ਦਿਨਾਂ ਤੱਕ ਮੰਡੀ ਵਿਚ ਆਵੇਗਾ। ਆੜ੍ਹਤੀ ਐਸੋਸੀਏਸ਼ਨ ਦੇ ਆਗੂ ਯਾਦਵਿੰਦਰ ਸਿੰਘ ਲਿੱਬੜਾ ਨੇ ਦੱਸਿਆ ਕਿ ਇਸ ਵਾਰ ਕਿਸਾਨ ਮੰਡੀ ਵਿੱਚ ਸੁੱਕਾ ਝੋਨਾ ਲਿਆ ਰਹੇ ਹਨ। ਜੇਕਰ ਥੋੜ੍ਹੀ-ਬਹੁਤੀ ਨਮੀ ਹੁੰਦੀ ਹੈ ਤਾਂ ਇਸ ਨੂੰ ਕੁਝ ਦਿਨ ਰੋਕ ਕੇ ਜਾਂ ਧੁੱਪ ਲਗਵਾ ਕੇ ਬੋਲੀ ਲੱਗ ਜਾਂਦੀ ਹੈ। ਮੰਡੀ ’ਚ ਬੈਠੇ ਪਿੰਡ ਭੁਮੱਦੀ ਦੇ ਕਿਸਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਮੰਡੀ ਵਿੱਚ ਝੋਨਾ ਸੁਕਾ ਕੇ ਲਿਆਇਆ ਸੀ, ਜਿਸ ਦੀ ਖਰੀਦ ਨਾਲੋ-ਨਾਲ ਹੋ ਗਈ। ਰਾਜੇਵਾਲ ਦੇ ਵਸਨੀਕ ਕਿਸਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਕੁਝ ਨਮੀ ਹੋਣ ਕਾਰਨ ਦੂਜੇ ਦਿਨ ਉਸ ਦਾ ਝੋਨਾ ਵਿਕਿਆ ਹੈ। ਪਿੰਡ ਭੋਰੀਆ ਤੋਂ ਝੋਨਾ ਲੈ ਕੇ ਆਏ ਕਿਸਾਨ ਜਰਨੈਲ ਸਿੰਘ ਨੇ ਵੀ ਅਜਿਹੀ ਹੀ ਜਾਣਕਾਰੀ ਦਿੱਤੀ। ਮਾਰਕੀਟ ਕਮੇਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਇਸ ਮੰਡੀ ਵਿਚ 22,45,600 ਕੁਇੰਟਲ ਝੋਨਾ ਆਇਆ ਸੀ ਅਤੇ ਇਸ ਵਾਰ ਝੋਨੇ ਦਾ ਝਾੜ ਠੀਕ ਹੋਣ ਕਾਰਨ ਇਸ ਦੀ ਆਮਦ 23 ਲੱਖ ਕੁਇੰਟਲ ਤੋਂ ਵਧੇਰੇ ਹੋਣ ਦੀ ਸੰਭਾਵਨਾ ਹੈ। ਮੰਡੀ ਵਿੱਚ ਹੁਣ ਤੱਕ ਕਰੀਬ 2 ਲੱਖ ਕੁਇੰਟਲ ਝੋਨਾ ਪੁੱਜਿਆ ਹੈ, ਜਿਸ ’ਚੋਂ ਪਨਗ੍ਰੇਨ ਨੇ 88,540 ਕੁਇੰਟਲ, ਮਾਰਕਫੈੱਡ ਨੇ 26,140 ਕੁਇੰਟਲ, ਪਨਸਪ ਨੇ 33,490 ਕੁਇੰਟਲ, ਵੇਅਰਹਾਊਸ ਕਾਰਪੋਰੇਸ਼ਨ ਨੇ 17,390 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਨੇ 26,760 ਕੁਇੰਟਲ ਝੋਨਾ ਖ਼ਰੀਦਿਆ ਹੈ, ਜਦੋਂ ਕਿ ਐੱਫ਼ਸੀਆਈ ਵੱਲੋਂ ਅਜੇ ਤੱਕ ਝੋਨੇ ਦੀ ਖਰੀਦ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਮੰਡੀ ਵਿਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਅਜੇ ਸ਼ੁਰੂ ਨਹੀਂ ਹੋਈ, ਜਿਸ ਕਾਰਨ ਮੰਡੀ ’ਚ 4 ਲੱਖ ਤੋਂ ਵਧੇਰੇ ਕੱਟਾ ਪਿਆ ਹੈ। ਜੇਕਰ ਲਿਫਟਿੰਗ ਤੁਰੰਤ ਸ਼ੁਰੂ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਮੰਡੀ ਵਿਚ ਝੋਨਾ ਲਿਆ ਕੇ ਵੇਚਣਾ ਮੁਸ਼ਕਲ ਹੋ ਜਾਵੇਗਾ। ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਸ਼ੈੱਲਰਾਂ ਦੀ ਹੜਤਾਲ ਹੋਣਾ ਹੈ। ਉਨ੍ਹਾਂ ਕਿਹਾ ਕਿ ਇਸ ਮੰਡੀ ਨਾਲ ਸਬੰਧਤ ਖਰੀਦਿਆ ਗਿਆ ਝੋਨਾ ਤਕਰੀਬਨ 64 ਸ਼ੈੱਲਰਾਂ ਵਿਚ ਭੇਜਿਆ ਜਾਂਦਾ ਹੈ, ਪਰ ਪਿਛਲੇ ਦਿਨਾਂ ਤੋਂ ਚੱਲ ਰਹੀ ਸ਼ੈੱਲਰ ਵਾਲਿਆਂ ਦੀ ਹੜਤਾਲ ਕਾਰਨ ਮੁਸ਼ਕਲ ਆ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ੈੱਲਰ ਅਤੇ ਸਰਕਾਰ ਵਿਚਾਲੇ ਹੋ ਰਹੇ ਸਮਝੌਤੇ ਤਹਿਤ ਅਗਲੇ ਕੁਝ ਦਿਨਾਂ ਤੱਕ ਇਹ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਠੀਕ ਹਨ ਅਤੇ ਬਾਰਦਾਨੇ ਦੀ ਕਿਸੇ ਵੀ ਏਜੰਸੀ ਕੋਲ ਕੋਈ ਕਮੀ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All