ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ

ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਪਰਵਾਸੀ ਮਜ਼ਦੂਰ ਕਰੋਨਾਵਾਇਰਸ ਕਾਰਨ ਪੰਜਾਬ ’ਚ ਇਕੱਠੇ ਹੋਣ ’ਤੇ ਲਾਈ ਪਾਬੰਦੀ ਦੀ ਉਲੰਘਣਾ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 31 ਮਾਰਚ ਕਰੋਨਾਵਾਇਰਸ ਕਾਰਨ ਪੰਜਾਬ ਵਿਚ ਕਰਫਿਊ ਦੀ ਮਿਆਦ 14 ਅਪਰੈਲ ਤਕ ਵਧਾਉਣ ਅਤੇ ਅੰਤਰਰਾਜੀ ਲਾਂਘੇ ਬੰਦ ਕਰਨ ਦੇ ਫੈਸਲੇ ਨਾਲ ਇਥੇ ਯੂਪੀ ਬਿਹਾਰ ਨਾਲ ਸਬੰਧਤ ਲਗਪਗ 45 ਵਿਅਕਤੀ ਮੁਸ਼ਕਲ ਵਿਚ ਫਸੇ ਮਹਿਸੂਸ ਕਰ ਰਹੇ ਹਨ। ਉਹ ਕੰਮਕਾਜ ਨਾ ਹੋਣ ਕਾਰਨ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਇਹ ਸਾਰੇ ਵਿਅਕਤੀ ਇਥੇ ਆਈਸਕਰੀਮ ਬਣਾਉਣ ਵਾਲੇ ਇਕ ਕਾਰਖਾਨੇ ਨਾਲ ਜੁੜੇ ਹੋਏ ਹਨ ਅਤੇ ਕਮਿਸ਼ਨ ਆਧਾਰ ’ਤੇ ਆਈਸਕਰੀਮ ਵੇਚਣ ਦਾ ਕੰਮ ਕਰਦੇ ਹਨ। ਕਰਫਿਊ ਕਾਰਨ ਕਾਰਖਾਨੇਦਾਰ ਵਲੋਂ ਕੰਮ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਸਾਰੇ ਵੱਡੀ ਮੁਸੀਬਤ ਵਿੱਚ ਮਹਿਸੂਸ ਕਰ ਰਹੇ ਹਨ। ਬਿਹਾਰ ਦੇ ਭਟੀਆ ਖੇਤਰ ਨਾਲ ਸਬੰਧਤ ਅਹਿਮਦ ਆਲਮ ਨੇ ਆਖਿਆ ਕਿ ਪੰਜਾਬ ਅਤੇ ਬਿਹਾਰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਸੂਬਿਆਂ ਵਿਚ ਬਾਹਰੋਂ ਕਿਸੇ ਨੂੰ ਨਹੀਂ ਆਉਣ ਦਿੱਤਾ ਜਾਵੇਗਾ ਪਰ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਹੁਣ ਕਿਥੇ ਜਾਣ। ਉਸ ਨੇ ਆਖਿਆ ਕਿ ਸਰਕਾਰਾਂ ਨੇ ਜ਼ਮੀਨੀ ਹਕੀਕਤ ਨੂੰ ਜਾਣੇ ਬਿਨਾਂ ਹੀ ਅਜਿਹੇ ਆਦੇਸ਼ ਲਾਗੂ ਕਰ ਦਿੱਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭੁੱੱਖਣ-ਭਾਣੇ ਸੌਣਾ ਪੈ ਰਿਹਾ ਹੈ। ਉਨ੍ਹਾਂ ਮਦਦ ਲਈ ਕਈ ਥਾਵਾਂ ’ਤੇ ਫੋਨ ਵੀ ਕੀਤੇ ਹਨ ਪਰ ਹੁਣ ਤਕ ਸਿਰਫ ਇਕ ਵਾਰ ਹੀ ਖਾਣ ਲਈ ਭੋਜਨ ਮਿਲਿਆ ਹੈ। ਪੁਲੀਸ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੀ। ਇਸ ਲਈ ਉਹ ਆਪਣੇ ਆਪ ਨੂੰ ਵੱਡੀ ਮੁਸੀਬਤ ਵਿਚ ਫਸੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱੱਸਿਆ ਕਿ ਆਈਸਕਰੀਮ ਬਣਾਉਣ ਵਾਲੀ ਇਸ ਕੰਪਨੀ ਨੇ ਉਨ੍ਹਾਂ ਨੂੰ ਪੱਕੇ ਤੌਰ ’ਤੇ ਕੰਮ ਵਾਸਤੇ ਲਿਆਂਦਾ ਸੀ ਪਰ ਹੁਣ ਕੰਮ ਬੰਦ ਹੋਣ ਦੀ ਸਥਿਤੀ ਵਿਚ ਮਾਲਕ ਨੇ ਹੱਥ ਪਿਛੇ ਖਿੱਚ ਲਏ ਹਨ। ਮਜ਼ਦੂਰ ਪ੍ਰਦੀਪ ਨੇ ਦੱਸਿਆ ਕਿ ਉਹ 45 ਮੈਂਬਰ ਹਨ ਅਤੇ ਦੋ ਕਮਰਿਆਂ ਵਿੱਚ ਰਹਿ ਰਹੇ ਹਨ। ਉਹ ਵਧੇਰੇ ਜ਼ਮੀਨ ’ਤੇ ਹੀ ਸੌਂਦੇ ਹਨ। ਉਨ੍ਹਾਂ ਕੋਲ ਕੋਈ ਮਾਸਕ ਜਾਂ ਦਸਤਾਨੇ ਆਦਿ ਨਹੀਂ ਹਨ। ਇਸੇ ਤਰ੍ਹਾਂ ਇਲਾਕਾ ਕਰਮਪੁਰਾ ਦੀ ਇਕ ਗਲੀ ਵਿੱਚ ਵੀ ਬਿਹਾਰ ਨਾਲ ਸਬੰਧਤ 40 ਵਿਅਕਤੀ ਰੁਕੇ ਹੋਏ ਹਨ। ਇਹ ਸਾਰੇ ਵੀ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚ ਸ਼ਾਮਲ ਜੈ ਰਾਮ ਜੀ ਨੇ ਦਸਿਆ ਕਿ ਇਸ ਵੇਲੇ ਸਾਰੇ ਪ੍ਰੋਗਰਾਮ ਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਰੁਜ਼ਗਾਰ ਵੀ ਬੰਦ ਹੋ ਗਿਆ ਹੈ। ਮਾਲਕਾਂ ਨੇ ਉਨ੍ਹਾਂ ਨੂੰ ਰੱਖਣ ਵਿਚ ਅਸਮਰਥਾ ਪ੍ਰਗਟਾਈ ਹੈ। ਉਸ ਨੇ ਆਖਿਆ ਕਿ ਅੰਨ ਖਰੀਦਣ ਵਾਸਤੇ ਵੀ ਥੋੜ੍ਹੀ ਹੀ ਰਕਮ ਬਚੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All