ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ

ਗਗਨਦੀਪ ਅਰੋੜਾ ਲੁਧਿਆਣਾ, 29 ਮਾਰਚ ਸਨਅਤਾਂ ਦੇ ਕੇਂਦਰ ਲੁਧਿਆਣਾ ਵਿਚ ਬਹੁਤੀ ਆਬਾਦੀ ਵੱਖ ਵੱਖ ਸੂਬਿਆਂ ਤੋਂ ਆਏ ਪਰਵਾਸੀ ਕਾਮਿਆਂ ਦੀ ਹੈ। ਪਿਛਲੇ 7 ਦਿਨ ਤੋਂ ਕਰੋਨਾਵਾਇਰਸ ਕਾਰਨ ਲੁਧਿਆਣਾ ਦੀਆਂ ਫੈਕਟਰੀਆਂ ਵਿਚ ਤਾਲਾਬੰਦੀ ਹੈ। ਸ਼ਹਿਰ ’ਚ ਲੌਕਡਾਊਨ ਹੋਣ ਕਾਰਨ ‘ਤਾਜ਼ੀ ਕਮਾਉਣ ਤੇ ਤਾਜ਼ੀ ਖਾਣ’ ਵਾਲੇ ਦਿਹਾੜੀਦਾਰ ਕਾਮਿਆਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਪਹਿਲਾਂ ਹੀ ਮੰਦੀ ਦੇ ਦੌਰ ਵਿਚ ਨਿਕਲ ਰਹੇ ਇਨ੍ਹਾਂ ਮਜ਼ਦੂਰਾਂ ਨੂੰ ਕਰੋਨਾਵਾਇਰਸ ਦੀ ਥਾਂ ਭੁੱਖਮਰੀ ਦਾ ਡਰ ਸਤਾ ਰਿਹਾ ਹੈ। ਲੁਧਿਆਣਾ ’ਚ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਰਾਜ ਮਿਸਤਰੀ ਗੁਰਦੇਵ ਨੇ ਦੱਸਿਆ ਕਿ ਕਰੋਨਾਵਾਇਰਸ ਨੇ ਉਨ੍ਹਾਂ ਦੀ ਜ਼ਿੰਦਗੀ ਇੱਕ ਹਫ਼ਤੇ ਵਿਚ ਹੀ ਬਰਬਾਦ ਕਰ ਦਿੱਤੀ ਹੈ। ਉਸ ਨੇ ਜਿੰਨੇ ਪੈਸੇ ਦਿਹਾੜੀਆਂ ਲਗਾ ਕੇ ਇਕੱਠੇ ਕੀਤੇ ਹੋਏ ਸਨ, ਉਹ ਖ਼ਰਚ ਹੋ ਚੁੱਕੇ ਹਨ। ਹੁਣ ਪਰਿਵਾਰ ਦਾ ਅੱਗੇ ਗੁਜ਼ਾਰਾ ਕਰਨ ਦਾ ਡਰ ਸਤਾ ਰਿਹਾ ਹੈ। ਬੀਤੇ ਦਿਨੀਂ ਜਦੋਂ ਰਾਸ਼ਨ ਖਤਮ ਹੋ ਗਿਆ ਤੇ ਨੇੜਲੇ ਇਲਾਕੇ ਦਾ ਇੱਕ ਵਿਅਕਤੀ ਉਨ੍ਹਾਂ ਨੂੰ ਆ ਕੇ ਤਿੰਨ ਦਿਨ ਦਾ ਰਾਸ਼ਨ ਦੇ ਗਿਆ। ਹੁਣ ਬੱਚਿਆਂ ਨੂੰ ਦੁੱਧ ਨਹੀਂ ਮਿਲ ਰਿਹਾ। ਅਜਿਹੀ ਹੀ ਹਾਲਤ ਯੂਪੀ ਤੋਂ ਆਪਣੇ ਪਰਿਵਾਰ ਸਣੇ ਲੁਧਿਆਣਾ ਵਿਚ ਵਸੇ ਲੱਲਣ ਯਾਦਵ ਦੀ ਹੈ ਜੋ 7-8 ਸਾਲਾਂ ਤੋਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਆ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਇਹ ਡਰ ਸਤਾ ਰਿਹਾ ਹੈ ਕਿ ਕਰੋਨਾਵਾਇਰਸ ਕਾਰਨ ਭਾਵੇਂ ਉਨ੍ਹਾਂ ਦੀ ਮੌਤ ਨਾ ਹੋਵੇ ਪਰ ਜੇ ਇਹੀ ਹਾਲਾਤ ਰਹੇ ਤਾਂ ਭੁੱਖਮਰੀ ਕਾਰਨ ਉਹ ਜ਼ਰੂਰ ਮਰ ਜਾਣਗੇ। ਉਸ ਨੇ ਇਲਾਕੇ ਦੇ ਗੁਰਦੁਆਰਾ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੋ ਵੇਲੇ ਦੀ ਰੋਟੀ ਉਥੇ ਹੀ ਜਾ ਕੇ ਖਾਂਦੇ ਹਨ। ਯਾਦਵ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ ਵੋਟ ਹਾਲੇ ਬਣੀ ਨਹੀਂ ਹੈ ਪਰ ਫਿਰ ਵੀ ਜਦੋਂ ਉਨ੍ਹਾਂ ਦੇ ਪਿੰਡ ਵਿਚ ਸਰਪੰਚੀ ਦੀਆਂ ਚੋਣਾਂ ਸੀ, ਉਦੋਂ ਤਾਂ ਉਨ੍ਹਾਂ ਨੂੰ ਦੋ ਤਿੰਨ ਲੋਕ ਰਾਸ਼ਨ ਦੇ ਗਏ ਸਨ ਪਰ ਹੁਣ ਜਦੋਂ ਮੁਸ਼ਕਲ ਦੀ ਘੜੀ ਆਈ ਹੈ ਤਾਂ ਕੋਈ ਸਾਰ ਲੈਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਕੋਲ ਉਹ ਕੰਮ ਕਰਦੇ ਹਨ, ਉਸ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਠੇਕੇਦਾਰ ਦਾ ਕਹਿਣਾ ਹੈ ਕਿ ਕੰਮ ਬੰਦ ਹੈ ਤੇ ਫੈਕਟਰੀ ਮਾਲਕ ਨੇ ਪੈਸੇ ਨਹੀਂ ਦਿੱਤੇ। ਘਰਾਂ ਵਿੱਚ ਜਾ ਕੇ ਕੰਮ ਕਰਨ ਵਾਲੀ ਸਰਸਵਤੀ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਕਾਰਨ ਲੋਕਾਂ ਨੇ ਆਪਣੇ ਘਰਾਂ ਵਿਚ ਵੜਨ ਤੋਂ ਹੀ ਮਨ੍ਹਾ ਕਰ ਦਿੱਤਾ ਹੈ। ਕੁੱਝ ਲੋਕਾਂ ਨੇ ਤਾਂ ਉਨ੍ਹਾਂ ਦੇ ਬਣਦੇ ਮਹੀਨੇ ਦੇ ਪੈਸੇ ਦੇ ਦਿੱਤੇ ਹਨ ਪਰ ਕੁੱਝ ਦਾ ਕਹਿਣਾ ਹੈ ਕਿ ਜਿੰਨੇ ਦਿਨ ਕੰਮ ਕੀਤਾ ਹੈ ਓਨੇ ਹੀ ਪੈਸੇ ਮਿਲਣਗੇ। ਉਸ ਨੇ ਜਿੰਨੇ ਵੀ ਪੈਸੇ ਜੋੜੇ ਸਨ ਉਹ ਸਾਰੇ ਖਰਚ ਹੋ ਗਏ ਹਨ ਜਿਸ ਕਾਰਨ ਉਸ ਨੂੰ ਹੁਣ ਰਾਸ਼ਨ ਦਾ ਸਾਮਾਨ ਵੀ ਉਧਾਰ ਲੈ ਕੇ ਆਉਣਾ ਪੈ ਰਿਹਾ ਹੈ। ਉਸ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੇਗੀ। ਉਸ ਨੂੰ ਹਾਲੇ ਤੱਕ ਕੋਈ ਸਰਕਾਰੀ ਮਦਦ ਵੀ ਨਹੀਂ ਮਿਲੀ। ਹਫਤੇ ਤੋਂ ਘਰਾਂ ਿਵੱਚ ਬੰਦ ਨੇ ਮਜ਼ਦੂਰ ਸਨਅਤੀ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਅਜਿਹੇ ਹਨ ਜੋ ਦਿਹਾੜੀ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਦਿਹਾੜੀਦਾਰ ਮਜ਼ਦੂਰ ਰੋਜ਼ਾਨਾ ਰੁਜ਼ਗਾਰ ਦੀ ਭਾਲ ’ਚ ਲੁਧਿਆਣਾ ਦੀਆਂ ਮਜ਼ਦੂਰ ਮੰਡੀਆਂ ਵਿਚ ਖੜ੍ਹੇ ਹੁੰਦੇ ਸਨ ਪਰ ਪਿਛਲੇ ਇੱਕ ਹਫ਼ਤੇ ਤੋਂ ਇਹ ਮਜ਼ਦੂਰ ਆਪਣੇ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਗਏ ਹਨ। ਰੋਜ਼ਾਨਾ 350 ਤੋਂ 500 ਰੁਪਏ ਦਿਹਾੜੀ ਕਮਾਉਣ ਵਾਲੇ ਇਹ ਮਜ਼ਦੂਰ ਹੁਣ ਕੁੱਝ ਦਿਨਾਂ ਤੋਂ ਲੋਕਾਂ ਤੋਂ ਰਾਸ਼ਨ ਮੰਗ ਕੇ ਆਪਣੇ ਗੁਜ਼ਾਰਾ ਕਰ ਰਹੇ ਹਨ। ਕਈਆਂ ਤੱਕ ਤਾਂ ਰਾਸ਼ਨ ਪੁੱਜ ਰਿਹਾ ਹੈ ਪਰ ਜ਼ਿਆਦਾਤਰ ਦਿਹਾੜੀਦਾਰ ਕਾਮਿਆਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All