ਕਰਫਿਊ: ਘਰਾਂ ’ਚ ਝਾਟਮ-ਝੀਟੀ

ਚਰਨਜੀਤ ਭੁੱਲਰ ਚੰਡੀਗੜ੍ਹ, 1 ਅਪਰੈਲ ਪੰਜਾਬ ਦੇ ਘਰਾਂ ’ਚ ਬੈਠੇ ਪਰਿਵਾਰ ਹੁਣ ਆਪਸ ’ਚ ਉਲਝਣ ਲੱਗੇ ਹਨ, ਜਿਨ੍ਹਾਂ ਨੂੰ ਕਰਫਿਊ ਕਰਕੇ ਘਰਾਂ ’ਚ ਬੱਝ ਕੇ ਬੈਠਣਾ ਔਖਾ ਲੱਗ ਰਿਹਾ ਹੈ। ਕਿਤੇ ਮੀਆਂ ਬੀਵੀ ਉਲਝ ਰਹੇ ਹਨ ਅਤੇ ਕਿਤੇ ਨੂੰਹ-ਸੱਸ ਦੀ ਹੱਥੋ-ਪਾਈ ਤੇਜ਼ ਹੋਈ ਹੈ। ਕਰੋਨਾ ਬਿਪਤਾ ਕਰਕੇ ਲੱਗੇ ਕਰਫਿਊ ਕਰਕੇ ਕੋਈ ਜੀਅ ਘਰੋਂ ਬਾਹਰ ਜਾ ਨਹੀਂ ਸਕਦਾ। ਹਫ਼ਤੇ ਤੋਂ ਇਕੱਠੇ ਰਹਿਣ ਕਰਕੇ ਪਰਿਵਾਰ ਨਿੱਕੀ ਨਿੱਕੀ ਗੱਲ ’ਤੇ ਝਗੜਣ ਲੱਗੇ ਹਨ। ਜ਼ਿਲ੍ਹਾ ਪੱਧਰੀ ਕੰਟਰੋਲ ਰੂਮਾਂ ’ਤੇ ਏਦਾਂ ਦੇ ਮਾਮਲੇ ਆਉਣ ਲੱਗੇ ਹਨ। ਫਿਰੋਜ਼ਪੁਰ ਪੁਲੀਸ ਕੋਲ ਲੱਖੇਵਾਲੀ ਬਹਿਰਾਮ ਤੋਂ ਸ਼ਿਕਾਇਤ ਆਈ ਕਿ ਘਰ ਵਿੱਚ ਬੈਠੇ ਦੋ ਭਰਾ ਆਪਸ ਵਿੱਚ ਲੜ ਪਏ। ਮਾਮਲਾ ਕੀ ਸੀ ਕਿ ਦੋਵੇਂ ਭਰਾਵਾਂ ਕੋਲ ਇੱਕ ਸਮਾਰਟ ਫੋਨ ਸੀ। ਦੋਵੇਂ ਇੱਕੋ ਦੂਜੇ ਤੋਂ ਲੈਣਾ ਚਾਹੁੰਦੇ ਸਨ। ਤਕਰਾਰ ਵੱਧ ਗਿਆ ਤੇ ਪਰਿਵਾਰ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਨੇ ਮਸਲਾ ਹੱਲ ਕੀਤਾ। ਪੁਲੀਸ ਅਧਿਕਾਰੀ ਆਖਦੇ ਹਨ ਕਿ ਪਹਿਲੋਂ ਆਂਢ-ਗੁਆਂਢ ਨਾਲ ਲੜਾਈ ਦੇ ਮਾਮਲੇ ਜ਼ਿਆਦਾ ਆਉਂਦੇ ਸਨ। ਲੁਧਿਆਣਾ ਦੇ ਦੁੱਗਰੀ ਇਲਾਕੇ ’ਚੋਂ ਮਾਮਲਾ ਸਾਹਮਣੇ ਆਇਆ, ਜਿਸ ’ਚ ਨੂੰਹ ਨੇ ਸ਼ਿਕਾਇਤ ਕੀਤੀ ਕਿ ਘਰ ਦੇ ਸਾਰੇ ਜੀਅ ਇਕੱਠੇ ਹੋਣ ਕਰਕੇ ਉਸ ਦੀ ਕੁੱਟਮਾਰ ਕਰ ਦਿੰਦੇ ਹਨ ਕਿਉਂਕਿ ਕਰਫਿਊ ਕਰਕੇ ਉਹ ਕਿਧਰੇ ਜਾਣ ਤੋਂ ਬੇਵੱਸ ਹੈ। ਪਟਿਆਲਾ ’ਚ ਇੱਕ ਜੇਠ ਨੇ ਆਪਣੀ ਭਰਜਾਈ ਨੂੰ ਨਿੱਕੀ ਜਿਹੀ ਕਿਸੇ ਗੱਲ ਤੋਂ ਕੁਟਾਪਾ ਚਾੜ੍ਹ ਦਿੱਤਾ। ਘਰ ਦੀ ਨੂੰਹ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੇ ਜੇਠ ਨੇ ਸ਼ਰਾਬ ਪੀ ਕੇ ਉਸ ਨੂੰ ਆਨੀ-ਬਹਾਨੀਂ ਕੁੱਟ ਦਿੱਤਾ। ਸੰਗਰੂਰ ਦੇ ਕੰਟਰੋਲ ਰੂਮ ’ਚ ਕਾਂਝਲਾ ਤੋਂ ਏਦਾਂ ਦੀ ਸ਼ਿਕਾਇਤ ਆਈ ਕਿ ਖਿੱਝੇ ਹੋਏ ਪਤੀ ਨੇ ਪਤਨੀ ਦੇ ਥੱਪੜ ਜੜ ਦਿੱਤਾ। ਧੂਰੀ ਦੇ ਸ਼ਿਵਪੁਰੀ ਮਹੱਲਾ ’ਚ ਇੱਕ ਨੂੰਹ ਨੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਾਈ ਹੈ। ਪੰਜਾਬ ਪੁਲੀਸ ਦੇ ਐਮਰਜੈਂਸੀ ਨੰਬਰ-112 ’ਤੇ ਕਰਫਿਊ ਦੌਰਾਨ ਸ਼ਿਕਾਇਤਾਂ ਦੀ ਝੜੀ ਲੱਗੀ ਹੈ। ਅੰਮ੍ਰਿਤਸਰ ਦੇ ਕੰਟਰੋਲ ਰੂਮ ’ਤੇ ਰਾਸ਼ਨ ਨਾ ਮਿਲਣ ਦੀਆਂ ਸ਼ਿਕਾਇਤਾਂ ਕਾਫੀ ਆਈਆਂ ਹਨ। ਮੋਗਾ ਪੁਲੀਸ ਕੋਲ ਆਸਟਰੇਲੀਆ ਤੋਂ ਸ਼ਿਕਾਇਤ ਪੁੱਜੀ ਜਿਸ ਵਿਚ ਸ਼ਿਕਾਇਤਕਰਤਾ ਨੇ ਆਖਿਆ ਕਿ ਉਸ ਦੀ ਭੈਣ ਦੀ ਜਵਾਈ ਨੇ ਕੁੱਟਮਾਰ ਕਰ ਦਿੱਤੀ ਹੈ। ਜਲੰਧਰ ਇਲਾਕੇ ’ਚ ਅਜੀਬ ਸ਼ਿਕਾਇਤ ਆਈ ਕਿ ਪਤਨੀ ਵੱਲੋਂ ਮੈਗੀ ਨਾ ਦੇਣ ’ਤੇ ਪਤੀ ਵੱਲੋਂ ਹੱਥ ਚੁੱਕਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਕਈ ਸ਼ਿਕਾਇਤਾਂ ਨੂੰਹਾਂ ਵੱਲੋਂ ਜ਼ਿਆਦਾ ਸਮਾਰਟ ਫੋਨ ਦੇਖਣ ਤੋਂ ਲੜਾਈ ਵਧਣ ਦੀਆਂ ਵੀ ਪੁਲੀਸ ਕੋਲ ਪੁੱਜੀਆਂ ਹਨ। ਤਰਨ ਤਾਰਨ ਨੇੜਲੇ ਲੋਟਸ ਵੈਲੀ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਗਿੱਲ ਦਾ ਕਹਿਣਾ ਸੀ ਕਿ ਅਸਲ ਵਿੱੱਚ ਪੰਜਾਬੀ ਲੋਕਾਂ ਨੂੰ ਸੰਕਟ ਮੌਕੇ ਘਰਾਂ ਵਿਚ ਮਜਬੂਰੀ ਵੱਸ ਬੈਠਣਾ ਪੈ ਗਿਆ ਹੈ ਅਤੇ ਸਭ ਕਿਧਰੇ ਜਾਣ ਤੋਂ ਬੇਵੱਸ ਹਨ। ਇਨਸਾਨੀ ਸੁਭਾਅ ਹੈ ਅਤੇ ਖਿੱਝੇ ਹੋਏ ਪਰਵਾਰਿਕ ਜੀਅ ਇੱਕ ਦੂਜੇ ’ਤੇ ਹੀ ਗੁੱਸਾ ਕੱਢ ਰਹੇ ਹਨ। ਜਲੰਧਰ ਪੁਲੀਸ ਦੇ ਕੰਟਰੋਲ ਰੂਮ ’ਤੇ ਕੋਈ ਸ਼ਿਕਾਇਤ ਕਰ ਰਿਹਾ ਹੈ ਕਿ ਉਸ ਨੂੰ ਬਾਹਰ ਦਵਾਈ ਵਾਸਤੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਅਤੇ ਕੋਈ ਗਲੀ ਵਿਚ ਘੁੰਮਦੇ ਲੋਕਾਂ ਖਿਲਾਫ਼ ਫੋਨ ਪੁਲੀਸ ਕੋਲ ਖੜਕਾ ਰਿਹਾ ਹੈ। ਪਾਤੜਾਂ ਦੇ ਡੀਐੱਸਪੀ ਦਲਬੀਰ ਸਿੰਘ ਦਾ ਕਹਿਣਾ ਸੀ ਕਿ ਪਿੰਡਾਂ ’ਚੋਂ ਜ਼ਿਆਦਾ ਸ਼ਿਕਾਇਤ ਇਹੋ ਆਉਂਦੀਆਂ ਹਨ ਕਿ ਲੋਕ ਇਕੱਠੇ ਹੋ ਕੇ ਤਾਸ਼ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁਲੀਸ ਭੇਜ ਦਿੱਤੀ ਜਾਂਦੀ ਹੈ ਪ੍ਰੰਤੂ ਬਹੁਤੇ ਪਿੰਡਾਂ ਵਿਚ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ਵਾਲੇ ਹੀ ਅੱਗੇ ਆ ਕੇ ਠੀਕਰੀ ਪਹਿਰਾ ਲਾਉਣ ਲੱਗੇ ਹਨ। ਵੇਰਵਿਆਂ ਅਨੁਸਾਰ ਪੁਲੀਸ ਦੇ ਐਮਰਜੈਂਸੀ ਨੰਬਰ 112 ’ਤੇ ਹੁਣ ਰੋਜ਼ਾਨਾ ਸ਼ਿਕਾਇਤਾਂ ਦੀ ਗਿਣਤੀ 19 ਹਜ਼ਾਰ ਦਾ ਅੰਕੜਾ ਪਾਰ ਕਰ ਰਹੀ ਹੈ ਜਦੋਂ ਕਿ ਕਰੋਨਾ ਤੋਂ ਪਹਿਲਾਂ ਸ਼ਿਕਾਇਤਾਂ ਦੀ ਗਿਣਤੀ ਘੱਟ ਸੀ। ਹੁਸ਼ਿਆਰਪੁਰ ਪੁਲੀਸ ਕੋਲ ਰੋਜ਼ਾਨਾ 60 ਤੋਂ ਜ਼ਿਆਦਾ ਸ਼ਿਕਾਇਤਾਂ ਕਰਫਿਊ ਸਬੰਧੀ ਆ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All