ਆਵਾਰਾ ਪਸ਼ੂਆਂ ਖ਼ਿਲਾਫ਼ ਸੰਘਰਸ਼ ’ਚ ਕੁੱਦੇ ਵਿਦਿਆਰਥੀ

ਮਾਨਸਾ ਵਿੱਚ ਆਵਾਰਾ ਪਸ਼ੂਆਂ ਵਿਰੁੱਧ ਕੱਢੀ ਗਈ ਰੈਲੀ ’ਚ ਸ਼ਾਮਲ ਸਕੂਲੀ ਬੱਚੇ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ ਮਾਨਸਾ, 9 ਅਕਤੂਬਰ ਅਮਰੀਕੀ ਢੱਠਿਆਂ ਦੀ ਦਹਿਸ਼ਤ ਤੋਂ ਅੱਕੇ ਲੋਕਾਂ ਵੱਲੋਂ ਆਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਰੰਭ ਅੰਦੋਲਨ ਨੂੰ ਅੱਜ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਖਾਲਸਾ ਹਾਈ ਸਕੂਲ ਮਾਨਸਾ ਦੇ ਬੱਚਿਆਂ ਨੇ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਇਸ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਸਕੂਲੀ ਬੱਚਿਆਂ ਵੱਲੋਂ ਲਗਾਤਾਰ 27ਵੇਂ ਦਿਨ ਦਿੱਤੇ ਧਰਨੇ ’ਚ ਸ਼ਾਮਲ ਹੋ ਕੇ ਹੋਕਾ ਦਿੱਤਾ ਗਿਆ ਕਿ ਸਕੂਲ ਜਾਂਦਿਆਂ-ਆਉਂਦਿਆਂ ਆਵਾਰਾ ਪਸ਼ੂਆਂ ਪਾਸੋਂ ਸਭ ਤੋਂ ਵੱਧ ਡਰ ਦਾ ਸੰਤਾਪ ਉਹ ਭੋਗ ਰਹੇ ਹਨ ਅਤੇ ਆਵਾਰਾ ਪਸ਼ੂਆਂ ਕਾਰਨ ਹੋਈਆਂ ਦੁਰਘਟਨਾਵਾਂ ਦੌਰਾਨ ਹੋਈਆਂ ਮੌਤਾਂ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਨਸਾ ਸ਼ਹਿਰ ਦੇ ਇਹ ਬੱਚੇ ਸਿਨੇਮਾ ਰੋਡ ਤੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਮੁੱਖ ਬਾਜ਼ਾਰ ਤੇ ਬਾਰਾਂ ਹੱਟਾਂ ਚੌਕ ਤੋਂ ਹੁੰਦੇ ਹੋਏ ਧਰਨੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਵਿੱਚ ਸ਼ਾਮਲ ਹੁੰਦਿਆਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਲੋਕਾਂ ਲਈ ਵੱਡੀ ਮੁਸੀਬਤ ਦੇ ਬਾਵਜੂਦ ਪੰਜਾਬ ਸਰਕਾਰ ਸਮੇਤ ਸਥਾਨਕ ਪ੍ਰਬੰਧਕਾਂ ਵੱਲੋਂ ਇਸ ਪੱਖੋਂ ਅੱਖਾਂ ਬੰਦ ਰੱਖਣੀਆਂ ਬਹੁਤ ਮੰਦਭਾਗੀ ਅਤੇ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ, ਜਿਸ ਲਈ ਸਾਰਿਆਂ ਨੂੰ ਅਜਿਹੇ ਲੋਕ ਹਿੱਤਾਂ ਵਾਲੇ ਅੰਦੋਲਨ ਵਿੱਚ ਸਿਆਸਤ ਤੋਂ ਉਪਰ ਉਠ ਕੇ ਆਪਣੀ ਅਗਲੀ-ਪਿਛਲੀ ਪੀੜ੍ਹੀ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਾਹਮ ਮਹਿੰਦਰਾ ਨੇ ਆਵਾਰਾ ਪਸ਼ੂਆਂ ਦੇ 15 ਦਿਨਾਂ ਵਿੱਚ ਹੱਲ ਦੇ ਆਦੇਸ਼ ਦਿੱਤੇ ਹਨ, ਪਰ ਇਨ੍ਹਾਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਪਾਲਣਾ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਰ ਪਿੰਡ ਨੇ ਆਪਣੀ 21 ਮੈਬਰੀ ਕਮੇਟੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਦੇ ਧਰਨੇ ’ਤੇ ਬੈਠਣ ਵਾਲਿਆਂ ਗੁਰਚਰਨ ਸਿੰਘ ਸਾਬਕਾ ਐਮਸੀ, ਬਲਬੀਰ ਔਲਖ, ਸੁਖਵਿੰਦਰ ਸਿੰਘ, ਬਲਵੀਰ ਔਲਖ, ਜਗਰਾਜ ਸਿੰਘ, ਉਗਰ ਸਿੰਘ, ਮੱਘਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All