ਚਿੱਟ ਫੰਡ ਕੰਪਨੀਆਂ ਵਿਰੁੱਧ ਰੋਸ ਮਾਰਚ

ਗੁਰਦੀਪ ਸਿੰਘ ਲਾਲੀ ਸੰਗਰੂਰ, 18 ਸਤੰਬਰ ਲੋਕ ਸਭਾ ਯੂਥ ਕਾਂਗਰਸ ਵੱਲੋਂ ਲੋਕ ਸਭਾ ਪ੍ਰਧਾਨ ਰਾਹੁਲ ਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਚਿੱਟ ਫੰਡ ਕੰਪਨੀਆਂ ਵਿਰੁੱਧ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਸੀ ਕੰਪਲੈਕਸ ਦੇ ਮੁੱਖ ਗੇਟ ’ਤੇ ਯੂਥ ਵਰਕਰਾਂ ਤੇ ਪੁਲੀਸ ਵਿਚਾਲੇ ਉਸ ਸਮੇਂ ਕੁੱਝ ਤਕਰਾਰ ਵੀ ਹੋਈ ਜਦੋਂ ਯੂਥ ਵਰਕਰਾਂ ਨੇ ਗੇਟ ਟੱਪ ਕੇ ਕੰਪਲੈਕਸ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ। ਯੂਥ ਕਾਂਗਰਸ ਦੇ ਵਫ਼ਦ ਵੱਲੋਂ ਏਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਪਹਿਲਾਂ ਇੱਥੇ ਮੀਟਿੰਗ ਮਾਲ ’ਚ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਯੂਥ ਕਾਂਗਰਸ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਰਾਜਿੰਦਰ ਰਾਜੂ ਮੁੰਡ ਤੋਂ ਇਲਾਵਾ ਕਈ ਯੂਥ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਯੂਥ ਕਾਂਗਰਸੀ ਵਰਕਰਾਂ ਵੱਲੋਂ ਡੀਸੀ ਕੰਪਲੈਕਸ ਤੱਕ ਰੋਸ ਮਾਰਚ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗੲੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹਲੁਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਚਿੱਟ ਫੰਡ ਕੰਪਨੀਆਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਮਾਮਲਾ ਜੱਗ ਜ਼ਾਹਿਰ ਹੋ ਚੁੱਕਿਆ ਹੈ ਅਤੇ ਚਿੱਟ ਫੰਡ ਕੰਪਨੀਆਂ ਦੇ ਏਜੰਟਾਂ ਵੱਲੋਂ ਲੋਕਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਹਲਕੇ ਵਿੱਚ ਕਰੀਬ 15 ਕਰੋੜ ਰੁਪਏ ਚਿੱਟ ਫੰਡ ਕੰਪਨੀਆਂ ਦੀ ਭੇਟ ਚੜ੍ਹ ਚੁੱਕੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਪੀੜਤ ਲੋਕ ਡੂੰਘੀ ਚਿੰਤਾ ਵਿੱਚ ਡੁੱਬੇ ਹੋਏ ਹਨ। ਸ੍ਰੀ ਸਿੱਧੂ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵਾ ਕਰਦੇ ਸਨ ਕਿ ਵਿਦੇਸ਼ਾਂ ਵਿੱਚੋਂ ਪੈਸਾ ਵਾਪਸ ਲਿਆਂਦਾ ਜਾਵੇਗਾ ਪ੍ਰੰਤੂ ਵਿਦੇਸ਼ਾਂ ’ਚੋਂ ਧੇਲਾ ਵੀ ਵਾਪਸ ਨਹੀਂ ਆਇਆ ਸਗੋਂ ਲੋਕਾਂ ਦਾ ਕਰੋੜਾਂ ਰੁਪਿਆ ਚਿੱਟ ਫੰਡ ਕੰਪਨੀਆਂ ਰਾਹੀਂ ਵਿਦੇਸ਼ਾਂ ’ਚ ਜਾ   ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਨੂੰ ਰਜਿਸਟਰਡ ਕੀਤਾ ਜਾਣਾ ਹੀ ਸਪੱਸ਼ਟ ਸੰਕੇਤ ਹੈ ਕਿ ਸਰਕਾਰਾਂ ਦੀ ਇਨ੍ਹਾਂ ਕੰਪਨੀਆਂ ਨੂੰ ਸ਼ਹਿ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਿੱਚ ਡੁੱਬੇ ਲੋਕਾਂ ਦੀ ਲੜਾਈ ਲੜਨ ਤੇ ਉਨ੍ਹਾਂ ਦਾ ਪੈਸਾ ਵਾਪਸ ਦਿਵਾਉਣ ਲਈ ਯੂਥ ਕਾਂਗਰਸ ਮੈਦਾਨ ਵਿੱਚ ਆਈ ਹੈ। ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਰਾਜਿੰਦਰ ਰਾਜੂ ਮੁੰਡ ਨੇ ਕਿਹਾ ਕਿ ਮਾਲਵਾ ਖੇਤਰ ਦੇ ਸੰਗਰੂਰ, ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਚਿੱਟ ਫੰਡ ਕੰਪਨੀਆਂ ਵੱਲੋਂ ਆਪਣਾ ਜਾਲ ਫੈਲਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਪਹਿਲਾਂ ਹੀ ਅਜਿਹੀਆਂ ਕੰਪਨੀਆਂ ਨੂੰ ਰਜਿਸਟਰਡ ਨਹੀਂ ਕੀਤਾ ਜਾਣਾ ਸੀ। ਬੁਲਾਰਿਆਂ ਨੇ ਮੰਗ ਕੀਤੀ ਕਿ ਚਿੱਟ ਫੰਡ ਕੰਪਨੀਆਂ ਦੇ ਮਾਲਕਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੰਪਨੀਆਂ ਪਾਸ ਜਮ੍ਹਾਂ ਲੋਕਾਂ ਦਾ ਪੈਸਾ ਵਾਪਸ ਦਿਵਾਇਆ ਜਾਵੇ    ਅਤੇ ਅੱਗੇ ਤੋਂ ਅਜਿਹੀਆਂ ਕੰਪਨੀਆਂ ਨੂੰ ਰਜਿਸਟਰਡ ਕਰਨ ’ਤੇ ਰੋਕ   ਲਗਾਈ ਜਾਵੇ। ਇਸ ਮੌਕੇ ਯੂਥ ਕਾਂਗਰਸ ਦੀ ਸੂਬਾ ਆਗੂ ਪੂਨਮ ਕਾਂਗੜਾ, ਬੰਨੀ ਖਹਿਰਾ ਨਾਭਾ, ਗੁਰਕੀਮਤ ਸਿੰਘ ਸਿੱਧੂ, ਜਸਵਿੰਦਰ ਸਿੰਘ ਧੀਮਾਨ, ਸਨਮੀਕ ਸਿੰਘ ਹੈਨਰੀ, ਗੁਰਪਿਆਰਾ ਸਿੰਘ, ਰਛਪਾਲ ਸਿੰਘ ਮਹਿਲ ਕਲਾਂ ਤੇ ਕੁਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All