ਘਰ ਘਰ ਰਾਸ਼ਨ, ਦਵਾਈਆਂ ਪਹੁੰਚਾਉਣ ਦਾ ਇੰਤਜ਼ਾਮ

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਪੁਲੀਸ ਅਧਿਕਾਰੀ। -ਫੋਟੋ-ਬਹਾਦਰ ਸਿੰਘ

ਜੈਸਮੀਨ ਭਾਰਦਵਾਜ ਨਾਭਾ, 25 ਮਾਰਚ ਨਾਭਾ ਪ੍ਰਸ਼ਾਸਨ ਵੱਲੋਂ ਅੱਜ ਵਪਾਰੀਆਂ, ਆੜ੍ਹਤੀਆਂ ਨਾਲ ਮੀਟਿੰਗ ਕਰ ਕੇ ਘਰ ਘਰ ਰਾਸ਼ਨ, ਦਵਾਈਆਂ ਪਹੁੰਚਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ। ਸ਼ਹਿਰ ਨੂੰ ਨਗਰ ਪਾਲਿਕਾ ਦੇ ਵਾਰਡ ਦੇ ਹਿਸਾਬ ਨਾਲ ਵੰਡ ਕੇ ਹਰ ਵਾਰਡ ਵਿੱਚ ਕੁਝ ਕਰਿਆਨਾ ਅਤੇ ਦਵਾਈਆਂ ਵਾਲਿਆਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਪਰ ਦੁਕਾਨ ਉੱਪਰ ਕਿਸੇ ਵੀ ਤਰ੍ਹਾਂ ਦਾ ਸਾਮਾਨ ਵੇਚਣ ’ਤੇ ਪੂਰਨ ਪਾਬੰਦੀ ਹੈ। ਹਰ ਵਾਰਡ ਵਿੱਚ ਪੰਜ ਪੰਜ ਸਮਾਜ ਸੇਵੀ ਇਸ ਕੰਮ ਲਈ ਨਿਯੁਕਤ ਕੀਤੇ ਗਏ, ਜੋ ਕਿ ਘਰ-ਘਰ ਜਾ ਕੇ ਇਹ ਸਾਮਾਨ ਦੀ ਵਿਕਰੀ ਕਰਨਗੇ। ਜ਼ਿਆਦਾਤਰ ਵਾਰਡਾਂ ਵਿਚ ਇਸ ਕੰਮ ਵਿਚ ਕੌਂਸਲਰ ਅੱਗੇ ਹਨ। ਸਬਜ਼ੀ ਸਬੰਧੀ ਐੱਸਡੀਐੱਮ ਸੂਬਾ ਸਿੰਘ ਨੇ ਦੱਸਿਆ ਕਿ ਰੇੜੀ ਵਾਲਿਆਂ ਨੇ ਪਹਿਲਾਂ ਹੀ ਆਪਣੇ ਖੇਤਰ ਵੰਡੇ ਹੁੰਦੇ ਹਨ, ਉਹ ਮੰਡੀ ਵਿੱਚੋਂ ਸਬਜ਼ੀ ਚੁੱਕ ਕੇ ਘਰ ਘਰ ਜਾ ਕੇ ਸਬਜ਼ੀ ਪਹੁੰਚਾਉਣਗੇ ਪਰ ਕਿਸੀ ਇਕ ਥਾਵੇਂ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਗੈਸ ਸਿਲੰਡਰ ਸਬੰਧੀ ਐੱਸਡੀਐੱਮ ਨੇ ਦੱਸਿਆ ਕਿ ਸਿਲੰਡਰ ਪਹਿਲਾਂ ਦੀ ਤਰ੍ਹਾਂ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ ਅਤੇ ਉਹ ਵੀ ਘਰ ਹੀ ਪਹੁੰਚਾਏ ਜਾਣਗੇ। ਦੁੱਧ ਆਦਿ ਲਈ ਸਵੇਰੇ ਦੇ ਸਮੇਂ ਕਿਸੇ ਦੋਧੀ ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰ ਘਰ ਜਾਣ ਵਾਲੇ ਹਰ ਵਿਅਕਤੀ ਨੂੰ ਹੱਥ ਸਾਫ਼ ਰੱਖਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਕਰਫ਼ਿਊ ਕਾਰਨ ਸੜਕਾਂ ’ਤੇ ਪੱਸਰਿਆ ਸੰਨਾਟਾ। -ਫੋਟੋ; ਚੌਹਾਨ

ਇਹ ਪ੍ਰਕਿਰਿਆ ਕਈ ਵਾਰਡਾਂ ਵਿੱਚ ਅੱਜ ਸ਼ੁਰੂ ਵੀ ਕਰ ਦਿੱਤੀ ਗਈ। ਕਈ ਥਾਈਂ ਸਬਜ਼ੀ ਵੱਧ ਰੇਟ ’ਤੇ ਵਿਕਣ ਦੀ ਸ਼ਿਕਾਇਤ ਵੀ ਮਿਲੀ। ਐੱਸ ਡੀ ਐੱਮ ਨੇ ਕਿਹਾ ਕਿ ਸਭ ਨੂੰ 10 ਦਿਨ ਪਹਿਲਾਂ ਦੇ ਮੁੱਲ ’ਤੇ ਹੀ ਸਾਮਾਨ ਵੇਚਣਾ ਲਾਜ਼ਮੀ ਹੈ ਅਤੇ ਉਲੰਘਣਾ ਕਰਨ ਵਾਲੇ ਉੱਪਰ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋ ਦਿਨ ਤੋਂ ਅਖਬਾਰਾਂ ਸੁੱਟਣ ’ਤੇ ਪਾਬੰਦੀ ਰਹੀ, ਜਿਸ ’ਤੇ ਐੱਸਡੀਐੱਮ ਨੇ ਭਰੋਸਾ ਦਿੱਤਾ ਕਿ ਅਖਬਾਰਾਂ ਦੀ ਵੰਡ ਯਕੀਨੀ ਬਣਾਈ ਜਾਵੇਗੀ। ਅਜੇ ਇਹ ਵਿਉਂਤਬੰਦੀ ਸ਼ਹਿਰ ਲਈ ਬਣਾਈ ਗਈ ਹੈ ਅਤੇ ਪਿੰਡਾਂ ਨੂੰ ਵੀ ਕਲੱਸਟਰ ਵਿਚ ਵੰਡ ਕੇ ਇਸੇ ਤਰ੍ਹਾਂ ਦੇ ਪ੍ਰਬੰਧ ਅਗਲੇ ਦਿਨ ਤੋਂ ਲਾਗੂ ਕਰ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਹੋਏ ਦਿਹਾੜੀ ਮਜ਼ਦੂਰ ਆਦਿ ਗਰੀਬ ਵਰਗ ਲਈ ਕੋਈ ਪੁਖਤਾ ਇੰਤਜ਼ਾਮ ਦੀ ਗੱਲ ਨਜ਼ਰ ਨਹੀਂ ਆਈ। ਅਜੇ ਤੱਕ ਪਿੰਡ ਆਪਸੀ ਭਾਈਚਾਰੇ ਰਾਹੀਂ ਇਸ ਸਮੇਂ ਨਾਲ ਸੰਘਰਸ਼ ਕਰਦੇ ਦਿਖਾਈ ਦਿੱਤੇ।

ਪੁਲੀਸ ਅਧਿਕਾਰੀਆਂ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਰਾਜਪੁਰਾ, (ਪੱਤਰ ਪ੍ਰੇਰਕ): ਕਰਫਿਊ ਤੀਜੇ ਦਿਨ ਵੀ ਜਾਰੀ ਰਿਹਾ, ਇਸੇ ਦੌਰਾਨ ਪੁਲੀਸ ਵੱਲੋਂ ਰਾਜਪੁਰਾ ਸ਼ਹਿਰ, ਥਾਣਾ ਘਨੌਰ, ਥਾਣਾ ਖੇੜੀ ਗੰਡਿਆਂ ਅਤੇ ਥਾਣਾ ਸ਼ੰਭੂ ਅਧੀਨ ਪੈਂਦੇ ਸਮੂਚੇ ਖੇਤਰ ਵਿੱਚ ਕਰਫਿਊ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇਸ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਖਾਣ-ਪੀਣ ਲਈ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਜਪੁਰਾ ਵਿੱਚ ਜੈਂਟਸ ਗਰੁੱਪ ਵੱਲੋਂ ਮਿਰਚ ਮੰਡੀ, ਗਣੇਸ਼ ਨਗਰ ਸਮੇਤ ਹੋਰਾਂ ਥਾਵਾਂ ’ਤੇ ਰਹਿੰਦੇ ਸੈਂਕੜੇ ਪਰਿਵਾਰਾਂ ਨੂੰ ਐੱਸਪੀ ਐੱਚਐੱਸ ਹੁੰਦਲ, ਡੀਐੱਸਪੀ ਏਐੱਸ ਔਲਖ ਰਾਜਪੁਰਾ ਅਤੇ ਜੈਂਟਸ ਗਰੁੱਪ ਦੇ ਪੀਆਰਓ ਪ੍ਰਦੀਪ ਨੰਦਾ ਦੀ ਦੇਖ ਰੇਖ ਵਿੱਚ ਖਾਣ ਲਈ ਰਾਸ਼ਨ ਦਿੱਤਾ ਗਿਆ। ਇਸੇ ਤਰ੍ਹਾਂ ਥਾਣਾ ਸ਼ੰਭੂ ਦੀ ਪੁਲੀਸ ਵੱਲੋਂ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਿੱਚ ਪਿੰਡ ਨੌਸ਼ਹਿਰਾ ਅਤੇ ਮੁਗਲ ਸਰਾਏ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਪਾਤੜਾਂ ’ਚ ਕਰਫਿਊ ਦਾ ਤੀਜਾ ਦਿਨ ਸਫਲ ਰਿਹਾ

ਪਾਤੜਾਂ, (ਪੱਤਰ ਪ੍ਰੇਰਕ): ਕਰਫ਼ਿਊ ਦਾ ਤੀਜਾ ਦਿਨ ਸਬ-ਡਿਵੀਜ਼ਨ ਪਾਤੜਾਂ ਵਿੱਚ ਪੂਰਨ ਤੌਰ ’ਤੇ ਸਫਲ ਰਿਹਾ ਹੈ। ਸਵੇਰੇ ਜਦੋਂ ਅੰਸ਼ਕ ਰੂਪ ਵਿੱਚ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ ਤਾਂ ਪੁਲੀਸ ਨੇ ਆਪਣੇ ਡੰਡੇ ਦੀ ਸਖਤਾਈ ਵਰਤਦਿਆਂ ਤੁਰੰਤ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ। ਚੁਨਾਗਰਾ ਰੋਡ ’ਤੇ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਖ਼ਰੀਦ ਕਰਨ ਆਏ ਲੋਕਾਂ ਨੂੰ ਸਖ਼ਤੀ ਨਾਲ ਰੋਕਦਿਆਂ ਤੁਰੰਤ ਪੁਲੀਸ ਨੇ ਉਨ੍ਹਾਂ ਨੂੰ ਘਰਾਂ ਨੂੰ ਭੇਜ ਦਿੱਤਾ। ਬਾਜ਼ਾਰਾਂ ਵਿੱਚ ਮੋਟਰਸਾਈਕਲਾਂ ’ਤੇ ਫਿਰਦੇ ਕੁਝ ਨੌਜਵਾਨਾਂ ’ਤੇ ਪੁਲੀਸ ਨੇ ਸਖ਼ਤਾਈ ਕਰਦਿਆਂ ਡੰਡਾ ਪਰੇਡ, ਡੰਡ ਬੈਠਕਾਂ ਕਢਵਾ ਕੇ ਛੱਡਿਆ। ਪੁਲੀਸ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All