36ਵਾਂ ਸੁਰਜੀਤ ਹਾਕੀ ਟੂਰਨਾਮੈਂਟ 10 ਤੋਂ

ਨਿੱਜੀ ਪੱਤਰ ਪ੍ਰੇਰਕ ਜਲੰਧਰ, 5 ਅਕਤੂਬਰ 36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਇਸ ਵਾਰ ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਦਾ ਉਦਘਾਟਨ 11 ਅਕਤੂਬਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਕਰਨਗੇ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਟੂਰਨਾਮੈਂਟ 10 ਤੋਂ 19 ਅਕਤੂਬਰ ਤੱਕ ਬਲਟਨ ਪਾਰਕ ਦੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿਸ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਹੋਵੇਗਾ। ਸ੍ਰੀ ਸ਼ਰਮਾ ਦੱਸਿਆ ਕਿ ਟੀਮਾਂ ਨੂੰ ਇਨਾਮ ਦੇਣ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਮਾਰੂਤੀ ਆਲਟੋ ਕਾਰ, ਦੁਬਈ ਦਾ ਮੁਫ਼ਤ ਦੌਰਾ, ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਮਾਇਕਰੋਵੇਵ ਸ਼ਾਮਲ ਹਨ। ਇਹ ਟੂਰਨਾਮੈਂਟ ਪਿਛਲੇ 35 ਸਾਲਾਂ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਮਰਹੂਮ ਸੁਰਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਸੱਤ ਜਨਵਰੀ 1984 ਨੂੰ ਜਲੰਧਰ ਲਾਗੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਫਲੱਡ ਲਾਈਟਾਂ ਹੇਠ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਲਈ ਦੇਸ਼ ਦੀਆਂ ਪ੍ਰਸਿੱਧ 13 ਹਾਕੀ ਟੀਮਾਂ ਨੂੰ ਸੱਦਿਆ ਗਿਆ ਹੈ। ਜੇਤੂ ਟੀਮ ਲਈ ਸਾਢੇ ਪੰਜ ਲੱਖ ਅਤੇ ਉਪ ਜੇਤੂ ਟੀਮ ਲਈ ਢਾਈ ਲੱਖ ਦਾ ਨਕਦ ਇਨਾਮ ਰੱਖਿਆ ਗਿਆ ਹੈ। ਸਰਵੋਤਮ ਖਿਡਾਰੀ ਨੂੰ 51 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਮੈਚਾਂ ਦੌਰਾਨ ਦਰਸ਼ਕਾਂ ਲਈ ਕੋਈ ਫ਼ੀਸ ਨਹੀਂ ਰੱਖੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All