ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ

ਡਾ. ਮਨਜੀਤ ਸਿੰਘ ਬੱਲ

ਜਿਵੇਂ ਇਮਾਰਤਾਂ ਦੀਆਂ ਛੱਤਾਂ ਅਤੇ ਲੰਮੀਆਂ ਲੰਮੀਆਂ ਕੰਧਾਂ ਦੇ ਢਾਂਚਿਆਂ ਨੂੰ ਸਹਾਰਾ ਦੇਣ ਵਾਸਤੇ ਸਰੀਆ ਪਾਇਆ ਜਾਂਦਾ ਹੈ। ਇਵੇਂ ਹੀ ਹੱਡੀਆਂ ਸਾਡੇ ਸਰੀਰ ਨੂੰ ਸਹਾਰਾ (ਸੁਪੋਰਟ) ਦਿੰਦੀਆਂ ਹਨ ਤੇ ਸਾਡੀ ਹਲਚਲ ਯਾਨੀ ਕਿ ਉਠਣ-ਬੈਠਣ, ਚੱਲਣ-ਫਿਰਨ, ਡਾਂਸ ਤੇ ਭੰਗੜਾ ਪਾਉਣ ਦੇ ਕਾਬਲ ਬਣਾਉਂਦੀਆਂ ਹਨ। ਮਨੁੱਖੀ ਸਰੀਰ ਵਿੱਚ ਕੁੱਲ 256 ਹੱਡੀਆਂ ਹੁੰਦੀਆਂ ਹਨ। ਹੱਡੀਆਂ ਵਿੱਚ ਕੈਲਸ਼ੀਅਮ, ਫਾਸਫੋਰਸ ਆਦਿ ਖਣਿਜ ਹੁੰਦੇ ਹਨ ਤੇ ਇਨ੍ਹਾਂ ਅੰਦਰਲੀ ਮਿੱਝ (ਬੋਨ ਮੈਰੋ) ਵਿੱਚ ਖ਼ੂਨ ਦੇ ਸੈੱਲ ਬਣਦੇ ਹਨ । ਮਨੁੱਖੀ ਸਰੀਰ ਪਾਣੀ ਦੀ ਕੰਧ, ਹਵਾ ਦਾ ਥੰਮ ਤੇ ਖ਼ੂਨ ਦੀਆਂ ਬੂੰਦਾ ਦਾ ਗਾਰਾ ਹੈ। ਹੱਡੀਆਂ ਤੇ ਮਾਸ ਦੇ ਪਿੰਜਰ ਅੰਦਰ ਪੰਛੀ-ਰੂਪੀ ਰੂਹ ਦਾ ਵਾਸ ਹੈ। ਹੱਡੀਆਂ ਦੇ ਕੈਂਸਰ ਬਾਰੇ ਪੁਰਾਤਨ ਸਮਿਆਂ ਵਿੱਚ ਹੀ ਪਤਾ ਸੀ ਪਰ ਇਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ। ਇਹ ਕੈਂਸਰ ਸਾਰੇ ਦੇਸ਼ਾਂ, ਹਰ ਤਰ੍ਹਾਂ ਦੇ ਵਿਅਕਤੀਆਂ (ਗੋਰੇ ਤੇ ਕਾਲੇ) ਤੇ ਸਭ ਜਾਤੀਆਂ, ਧਰਮਾਂ ਤੇ ਕਬੀਲਿਆਂ ਦੇ ਲੋਕਾਂ ਵਿੱਚ ਹੁੰਦੇ ਹਨ। ਰੋਗੀ ਭਾਵੇਂ ਕਈ ਵਾਰ, ਕਿਸੇ ਪੁਰਾਣੀ ਸੱਟ ਨਾਲ ਇਸ ਦਾ ਸਬੰਧ ਦੱਸਦੇ ਹਨ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਸੱਟ ਦਾ ਕੈਂਸਰ ਨਾਲ ਸਬੰਧ ਸਿੱਧ ਨਹੀਂ ਕੀਤਾ ਜਾ ਸਕਿਆ। ਇਕ ਪ੍ਰੋਯੋਗਿਕ ਜਾਨਵਰ (ਖ਼ਰਗੋਸ਼) ਨੂੰ ਤਿੰਨ ਸਾਲ ਰੇਡੀਏਸ਼ਨ ਦੇਣ ਨਾਲ ਉਸਦੀ ਲੱਤ ਦੀ ਹੱਡੀ ਵਿੱਚ ਕੈਂਸਰ ਪੈਦਾ ਕਰ ਕੇ ਇਹ ਜ਼ਰੂਰ ਸਿੱਧ ਕੀਤਾ ਜਾ ਚੁੱਕਾ ਹੈ ਕਿ ਰੇਡੀਏਸ਼ਨ ਦਾ ਇਨ੍ਹਾਂ ਕੈਂਸਰਾਂ ਨਾਲ ਪੱਕਾ ਸਬੰਧ ਹੈ (ਲੈਕੈਸਨੇ 1933)। ਸੰਨ 1929 ਵਿੱਚ ਵਿਗਿਆਨੀਆਂ-ਮਾਰਲੈਂਡ ਤੇ ਹੰਪਸ਼ਾਇਰ ਨੇ, ਨਿਊ ਜਰਸੀ (ਅਮਰੀਕਾ) ਦੇ ਔਰੈਂਜ ਕਸਬੇ ਵਿਚ ਘੜੀਆਂ ਦੇ ਇਕ ਕਾਰਖਾਨੇ ’ਚ ਕੰਮ ਕਰਨ ਵਾਲੀਆਂ 18 ਕੁੜੀਆਂ, ਜਿਨ੍ਹਾਂ ਨੂੰ ਰੇਡੀਅਮ ਨਾਲ ਜ਼ਹਿਰਬਾਦ ਹੋ ਗਿਆ ਸੀ, ਬਾਰੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਉਨ੍ਹਾਂ ’ਚੋਂ ਪੰਜ ਕੁੜੀਆਂ ਦੀ ਹੱਡੀਆਂ ਦੇ ਕੈਂਸਰ ਨਾਲ ਮੌਤ ਹੋਈ ਸੀ। ਇਹ ਕੁੜੀਆਂ, ਘੜੀਆਂ ਦੇ ਡਾਇਲਾਂ ਨੂੰ ਰੇਡੀਅਮ ਨਾਲ ਪੇਂਟ ਕਰਨ ਦਾ ਕੰਮ ਕਰਦੀਆਂ ਸਨ, ਪੇਂਟ ਦਾ ਟੋਭਾ ਲੈ ਕੇ ਬੁਰਸ਼ ਨੂੰ ਆਪਣੇ ਬੁੱਲ੍ਹਾਂ ਵਿੱਚ ਰੱਖ ਕੇ ਤਿੱਖਾ ਕਰਦੀਆਂ ਹੁੰਦੀਆਂ ਸਨ। ਸੋ ਰੇਡੀਅਮ, ਉਨ੍ਹਾਂ ਦੇ ਮੂੰਹ ਰਸਤੇ ਅੰਦਰ ਜਾਂਦਾ ਰਿਹਾ ਤੇ ਜ਼ਹਿਰਬਾਦ ਹੋ ਗਿਆ। ਇਸ ਘਟਨਾ ਨੇ ਅਮਰੀਕਾ ਵਿਚ ਤਰਥੱਲੀ ਮਚਾ ਦਿੱਤੀ ਸੀ। ਬਾਅਦ ਵਿੱਚ ਇਸ ਘਟਨਾ ’ਤੇ ਅਧਾਰਤ ਨਾਟਕ ਲਿਖੇ ਗਏ, ਖੇਡੇ ਗਏ ਤੇ ਇਸੇ ’ਤੇ ਅਧਾਰਿਤ, ਫਿਲਮ ਵੀ ਬਣੀ ਸੀ। ਹੱਡੀਆਂ ਦੇ ਕੈਂਸਰ ਦੀਆਂ ਮੁੱਖ ਰੂਪ ਵਿਚ ਦੋ ਕਿਸਮਾਂ ਹਨ: 1. ਪ੍ਰਾਇਮਰੀ ਬੋਨ ਕੈਂਸਰ (ਘੱਟ ਹੁੰਦਾ ਹੈ) 2. ਸੈਕੰਡਰੀ ਬੋਨ ਕੈਂਸਰ (ਵਧੇਰੇ ਹੁੰਦਾ ਹੈ ) ਸੈਕੰਡਰੀ ਬੋਨ ਕੈਂਸਰ: ਸੈਕੰਡਰੀ ਦਾ ਮਤਲਬ ਹੈ ਕਿ ਇਹ ਕੈਂਸਰ, ਪ੍ਰਾਇਮਰੀ ਤੌਰ ’ਤੇ ਕਿਸੇ ਹੋਰ ਅੰਗ ਦਾ ਹੁੰਦਾ ਹੈ ਤੇ ਇਸ ਦੀਆਂ ਜੜ੍ਹਾਂ ਫੈਲ ਕੇ ਹੱਡੀਆਂ ਵਿੱਚ ਪਹੁੰਚਦੀਆਂ ਹਨ। ਨਿਮਨ ਲਿਖਤ ਅੰਗਾਂ ਦੇ ਪ੍ਰਾਇਮਰੀ ਕੈਂਸਰ, ਹੱਡੀਆਂ ਵਿੱਚ ਪੁੱਜਦੇ ਹਨ: ਪ੍ਰੌਸਟੇਟ ਜਾਂ ਗਦੂਦਾਂ, ਥਾਇਰਾਇਡ ਜਾਂ ਗਿੱਲ੍ਹੜ, ਫੇਫੜੇ, ਤੇ ਜਿਗਰ, ਔਰਤਾਂ ਦੀ ਛਾਤੀ ਦਾ ਕੈਂਸਰ, ਗੁਰਦੇ ਜਾਂ ਕਿਡਨੀ, ਕਦੀ ਕਦੀ ਵੱਡੀ ਅੰਤੜੀ ਤੇ ਚਮੜੀ ਦੇ ਕੈਂਸਰ ਆਦਿ । ਇਨ੍ਹਾਂ ਕੇਸਾਂ ਵਿੱਚ ਕਿਸੇ ਹੋਰ ਅੰਗ (ਪ੍ਰਾਇਮਰੀ) ਵਿੱਚ ਪਹਿਲਾਂ ਹੀ ਕੈਂਸਰ ਹੋਣ ਕਰ ਕੇ ਰੋਗੀ ਨੂੰ ਉਸ ਦੇ ਲੱਛਣ ਹੁੰਦੇ ਹਨ, ਇਲਾਜ ਵੀ ਚੱਲ ਰਿਹਾ ਹੁੰਦਾ ਹੈ ਤੇ ਰਿਸ਼ਤੇਦਾਰਾਂ ਅਤੇ ਡਾਕਟਰਾਂ ਨੂੰ ਰੋਗ ਬਾਰੇ ਪਤਾ ਹੁੰਦਾ ਹੈ। ਪ੍ਰਾਇਮਰੀ ਕੈਂਸਰ ਦੇ ਜਿਹੜੇ ਰੋਗੀ ਫਾਲੋਅ-ਅੱਪ ਵਾਸਤੇ ਨਹੀਂ ਆਉਂਦੇ, ਜੇਕਰ ਉਨ੍ਹਾਂ ਦੀ ਕੋਈ ਹੱਡੀ ਅਚਾਨਕ ਟੁੱਟ ਜਾਵੇ (ਪੈਥਾਲੋਜੀਕਲ ਫਰੈਕਚਰ) ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੱਡੀ ਵਿੱਚ ਸੈਕੰਡਰੀ ਕੈਂਸਰ ਹੋ ਗਿਆ ਹੈ।

ਡਾ. ਮਨਜੀਤ ਸਿੰਘ ਬੱਲ

ਕਈ ਕੇਸਾਂ ਵਿੱਚ ਰੋਗੀ ਨੂੰ ਪ੍ਰਾਇਮਰੀ ਕੈਂਸਰ ਦਾ ਪਤਾ ਹੀ ਨਹੀਂ ਹੁੰਦਾ, ਕੋਈ ਗਿਲ੍ਹਟੀ ਜਾਂ ਰਸੌਲੀ ਨਹੀਂ ਹੁੰਦੀ ਤੇ ਅਚਾਨਕ ਮਾਮੂਲੀ ਜਿਹੀ ਸੱਟ ਨਾਲ ਹੀ, ਹੱਡੀ ਟੁੱਟ ਜਾਂਦੀ ਹੈ (ਪੈਥਾਲੋਜੀਕਲ ਫਰੈਕਚਰ)। ਉਂਜ ਤਾਂ ਇਸ ਤਰ੍ਹਾਂ ਦੇ ਫਰੈਕਚਰ ਵੀ ਕਈ ਕਾਰਨ ਹੋ ਸਕਦੇ ਹਨ, ਫਿਰ ਵੀ ਮੁਆਇਨੇ ਤੇ ਮੁਕੰਮਲ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਹੱਡੀ ਦੇ ਕੈਂਸਰ ਕਰ ਕੇ ਹੋਇਆ ਹੈ। ਐਸੇ ਚਾਰ-ਪੰਜ ਕੇਸ ਮੈਂ ਹੁਣ ਤੱਕ ਵੇਖ ਚੁੱਕਾਂ ਹਾਂ, ਜੋ ਰੀੜ੍ਹ ਦੀ ਹੱਡੀ ਦੇ ਫਰੈਕਚਰ ਕਾਰਨ, ਹੱਡੀਆਂ ਵਾਲੀ ਵਾਰਡ ਵਿਚ ਦਾਖ਼ਲ ਹੋਏ ਸਨ ਤੇ ਨਾਲ ਹੀ ਸੁਖਮਣਾ ਨਾੜੀ, ਦੱਬੀ ਜਾਣ ਕਰ ਕੇ ਦੋਵੇਂ ਲੱਤਾਂ ਵੀ ਖਲੋ ਗਈਆਂ ਸਨ। ਜਾਂਚ ਤੋਂ ਪਤਾ ਲੱਗਾ ਕਿ ਗਦੂਦਾਂ ਦਾ ਕੈਂਸਰ, ਰੀੜ੍ਹ ਦੀ ਹੱਡੀ ਦੇ ਮਣਕਣਿਆਂ ਵਿਚ ਫੈਲਣ ਕਰਕੇ ਉਸਦਾ ਫਰੈਕਚਰ ਹੋ ਗਿਆ ਸੀ। ਇਸੇ ਤਰ੍ਹਾਂ ਕਈ ਕੇਸਾਂ ਵਿੱਚ ਥਾਇਰਾਇਡ ਦੇ ਕੈਂਸਰ ਦੀਆਂ ਜੜ੍ਹਾਂ (ਮੈਟਾਸਟੇਸਿਸ) ਵੀ, ਹੱਡੀਆਂ ਵਿੱਚ ਵੇਖਣ ਨੂੰ ਮਿਲੀਆਂ ਹਨ, ਜਦ ਕਿਸੇ ਅੰਗ ਦਾ ਕੈਂਸਰ, ਹੱਡੀਆਂ ਵਿੱਚ (ਮੈਟਾਸਟੇਸਿਸ) ਪਹੁੰਚ ਜਾਵੇ ਤਾਂ ਰੋਗੀ ਦੀ ਜ਼ਿੰਦਗ਼ੀ ਦੇ ਦਿਨ ਥੋੜ੍ਹੇ ਰਹਿ ਜਾਂਦੇ ਹਨ, ਤੇ ਉੁਨ੍ਹਾਂ ਦਿਨਾਂ ਦੀ ਕੁਆਲਿਟੀ ਕੋਈ ਚੰਗੀ ਨਹੀਂ ਹੁੰਦੀ (ਕੁਆਂਟਿਟੀ ਤੇ ਕੁਆਲਿਟੀ ਮਾੜੀ ਹੋ ਜਾਂਦੀ ਹੈ)। ਹੱਡੀਆਂ ਦੇ ਪ੍ਰਾਇਮਰੀ ਕੈਂਸਰ: ਇਹ ਹੱਡੀਆਂ ਦੇ ਸੈਲਾਂ ਤੋਂ ਹੀ ਉਤਪੰਨ ਹੁੰਦੇ ਹਨ। ਇਨ੍ਹਾਂ ਦੀਆਂ ਵੀ ਅੱਗੋਂ ਕਈ ਕਿਸਮਾਂ ਹਨ। ਕੈਂਸਰ ਕਿਸੇ ਵੀ ਉਮਰ ਜਾਂ ਮਰਦ-ਔਰਤ ਨੂੰ ਨਹੀਂ ਬਖ਼ਸ਼ਦਾ। ਕਾਫੀ ਕੈਂਸਰ ਬਚਪਨ ਜਾਂ ਜਵਾਨੀ ਦੀ ਉਮਰ ਵਿਚ ਹੁੰਦੇ ਹਨ, ਜਦ ਹੱਡੀਆ ਅਜੇ ਵਿਕਸਿਤ ਹੀ ਹੋ ਰਹੀਆਂ ਹੁੰਦੀਆਂ ਹਨ। ਈਵਿੰਗ ਸਾਰਕੋਮਾ, ਬੱਚਿਆਂ ਵਿਚ ਜਾਂ ਅਲ੍ਹੜ ਉਮਰੇ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਜੇਮਜ਼ ਈਵਿੰਗ ਨੇ ਸੰਨ 1932 ਵਿੱਚ ਦੱਸਿਆ ਸੀ। ਰੋਗੀ ਨੂੰ ਬੁਖ਼ਾਰ ਰਹਿੰਦਾ ਹੈ, ਹੱਡੀ ’ਚ ਪੀੜ ਹੁੰਦੀ ਹੈ, ਆਮ ਕਰਕੇ, ਅਰਕ ਦੀ ਹੱਡੀ ਜਾਂ ਹੋਰ ਵੀ ਕਿਤੇ ਵੀ ਹੋ ਸਕਦੈ। ਖ਼ੂਨ ਦੇ ਮੁੱਢਲੇ ਟੈਸਟਾਂ ਤੋਂ ਲੱਗਦਾ ਹੈ, ਜਿਵੇਂ ਹੱਡੀਆਂ ਦੀ ਕੋਈ ਇਨਫੈਕਸ਼ਨ ਹੋਵੇ ਪਰ ਟਿਸ਼ੂ ਦੀ ਖ਼ੁਰਦਬੀਨੀ ਜਾਂਚ ਤੇ ਐਕਸ ਰੇਅ ਤੋਂ ਪੱਕਾ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਕੈਂਸਰ ਹੈ। ਇਸਦੇ ਇਲਾਜ ਵਜੋਂ ਸਰਜਰੀ, ਰੇਡੀਓਥੈਰੇਪੀ ਤੇ ਕੀਮੋਥੈਰੇਪੀ ਦਿੱਤੇ ਜਾਂਦੇ ਹਨ। ਇਸ ਦੀਆਂ ਜੜ੍ਹਾਂ ਫੇਫੜਿਆਂ ਤੇ ਜਿਗਰ ਵਿੱਚ ਫੈਲਦੀਆਂ ਹਨ ਤੇ ਕੁਝ ਸਾਲਾਂ, ਕਈ ਵਾਰ ਕੁਝ ਮਹੀਨਿਆਂ ਵਿੱਚ ਹੀ ਬੱਚਾ, ਹੱਥਾਂ ’ਚੋਂ ਨਿਕਲ ਜਾਂਦਾ ਹੈ। ਕਈ ਕੇਸਾਂ ਵਿੱਚ, ਜਦ ਬੱਚੇ ਨੂੰ ਪਹਿਲੀ ਵਾਰ ਡਾਕਟਰ ਕੋਲ ਲਿਆਇਆ ਜਾਂਦਾ ਹੈ ਤਾਂ ਜੜ੍ਹਾਂ ਪਹਿਲਾਂ ਹੀ ਫੈਲ ਚੁਕੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਓਸਟੀਓ ਸਾਰਕੋਮਾ ਵੀ ਜਵਾਨ ਉਮਰ ਦੇ ਬੱਚਿਆਂ ਆਮ ਕਰ ਕੇ ਮੁੰਡਿਆਂ ਵਿੱਚ ਗੋਡੇ ਦੇ ਦੁਆਲੇ ਵਾਲੀਆਂ ਹੱਡੀਆਂ ਵਿੱਚ ਹੁੰਦਾ ਹੈ। ਹੱਡੀਆਂ ਦੇ ਪ੍ਰਾਇਮਰੀ ਕੈਂਸਰਾਂ ’ਚੋਂ ਇਹ ਸਭ ਤੋਂ ਵੱਧ ਹੁੰਦਾ ਹੈ। ਗੋਡਿਆ ਤੋਂ ਇਲਾਵਾ, ਬਾਹਵਾਂ, ਚੂਲ਼ੇ ਦੀਆਂ ਹੱਡੀਆਂ ਤੇ ਕਦੀ ਕਦੀ ਛੋਟੀਆਂ ਹੱਡੀਆਂ ਜਾਂ ਮੂੰਹ ਦੀਆਂ ਹੱਡੀਆਂ ਵਿੱਚ ਵੀ ਹੋ ਸਕਦਾ ਹੈ। ਥੋੜ੍ਹੇ ਜਿਹੇ ਕੇਸ ਵਡੇਰੀ ਉਮਰ (60 ਤੋਂ 70 ਸਾਲ) ਵਿੱਚ ਵੀ ਹੋ ਸਕਦੇ ਹਨ। ਭਾਵੇਂ ਹਰ ਤਰ੍ਹਾਂ ਦਾ ਇਲਾਜ (ਸਰਜਰੀ, ਕੀਮੋਥੈਰੇਪੀ ਆਦਿ) ਕੀਤੇ ਜਾਂਦੇ ਹਨ ਪਰ ਇਨ੍ਹਾਂ ਸਭਨਾਂ ਦੇ ਬਾਵਜੂਦ ਨਤੀਜੇ, ਕੋਈ ਉਤਸ਼ਾਹਜਨਕ ਨਹੀਂ ਮਿਲਦੇ। ਇਸ ਦੀਆਂ ਜੜ੍ਹਾਂ ਫੇਫੜਿਆਂ ਤੇ ਜਿਗਰ ਵਿੱਚ ਫੈਲ ਜਾਂਦੀਆਂ ਹਨ ਤੇ ਕੁਝ ਸਾਲਾਂ, ਕਈ ਵਾਰ ਕੁਝ ਮਹੀਨਿਆਂ ਵਿੱਚ ਹੀ ਰੋਗੀ ਦੀ ਮੌਤ ਹੋ ਸਕਦੀ ਹੈ। ਮਾਇਲੋਮਾ, ਵਡੇਰੀ ਉਮਰ ਵਿਚ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ ਜੋ ਇਕ ਨਹੀਂ ਕਈ ਹੱਡੀਆਂ ਵਿਚ ਹੁੰਦਾ ਹੈ, ਇਸੇ ਕਰ ਕੇ ਇਸ ਨੂੰ ਮਲਟੀਪਲ ਮਾਇਲੋਮਾ ਕਿਹਾ ਜਾਂਦਾ ਹੈ। ਰੋਗੀ ਨੂੰ ਹੱਡੀਆਂ ਵਿੱਚ ਪੀੜਾਂ, ਪੈਥਾਲੌਜੀਕਲ ਫਰੈਕਚਰ ਯਾਨੀ ਮਾੜੀ ਮੋਟੀ ਸੱਟ ਨਾਲ ਹੀ ਹੱਡੀ ਟੁੱਟ ਜਾਣੀ, ਕਮਜ਼ੋਰੀ, ਭੁੱਖ ਤੇ ਭਾਰ ਦਾ ਘੱਟਣਾ ਆਦਿ, ਲੱਛਣ ਹੁੰਦੇ ਹਨ। ਪੰਜਾਬ ਦੇ ਇਕ ਮੰਨੇ ਪ੍ਰਮੰਨੇ, ਨਾਟਕਕਾਰ ਸ੍ਰੀ ਅਜਮੇਰ ਔਲਖ ਨੂੰ ਮਾਇਲੋਮਾ ਕਿਸਮ ਦਾ ਕੈਂਸਰ ਸੀ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬ ਤੇ ਪੰਜਾਬੀ ਬੋਲੀ ਨੂੰ ਬਹੁ-ਮੁੱਲੀ ਦੇਣ ਕਰ ਕੇ ਸਰਕਾਰ ਵੱਲੋਂ ਇਲਾਜ ਲਈ ਉਨ੍ਹਾਂ ਨੂੰ ਮਦਦ ਦਿੱਤੀ ਗਈ ਸੀ। 15.6.2017 ਨੂੰ ਇਸੇ ਰੋਗ ਕਰ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਹੱਡੀਆਂ ਦੇ ਹੋਰ ਟਿਊਮਰ ਹਨ ਕੌਂਡਰੋ ਮਿਕਸਾਇਡ ਫਾਇਬਰੋਮਾ, ਕੌਂਡਰੋ ਸਾਰਕੋਮਾ, ਜੁਆਇੰਟ ਸੈਲ ਟਿਊਮਰ ਆਦਿ। ਹੱਡੀਆਂ ਦੇ ਕੁਝ ਹੋਰ ਰੋਗ ਹਨ, ਜੋ ਟਿਊਮਰਾਂ-ਵਾਂਗ ਲੱਗਦੇ ਹਨ। ਉਂਜ ਹੱਡੀਆਂ ਵਿੱਚ ਟੀਬੀ ਵੀ ਹੋ ਜਾਂਦੀ ਹੈ। ਆਪਣੇ ਪਿੰਜਰ, ਜਿਸ ਨਾਲ ਸਾਡਾ ਸਰੀਰ ਕਇਮ ਹੈ ਤੇ ਚੱਲਦਾ ਫਿਰਦਾ ਹੈ, ਦਾ ਪੂਰਾ ਖਿਆਲ ਰੱਖਣਾ ਸਾਡਾ ਆਪਣਾ ਹੀ ਫਰਜ਼ ਹੈ। ਇਹਦੇ ’ਤੇ ਬੇਲੋੜਾ ਵਾਧੂ ਭਾਰ ਨਾ ਪਾਓ ਯਾਨੀ ਕਿ ਸਰੀਰ ਦੇ ਭਾਰ ਨੂੰ ਕੰਟਰੋਲ ਵਿਚ ਰੱਖੋ। ਤੰਦਰੁਸਤ ਹੱਡੀਆਂ ਵਾਸਤੇ ਪੌਸ਼ਟਿਕ ਭੋਜਨ ਬੱਚਿਆਂ ਨੂੰ ਖਵਾਓ ਤੇ ਆਪ ਵੀ ਖਾਓ ਜਿਵੇਂ ਕੈਲਸ਼ੀਅਮ (ਲਈ ਘੱਟ ਚਰਬੀ ਵਾਲਾ ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ, ਸੂਰਜਮੁਖੀ), ਫਾਸਫੋਰਸ ਲਈ (ਜੌਂ ਤੇ ਕਣਕ ਦੀਆਂ ਘੁੰਙਣੀਆਂ, ਸੋਇਆਬੀਨ, ਮਗਜ਼-ਹਦਵਾਣੇ, ਖਰਬੂਜ਼ੇ ਦੇ ਤੇ ਹੋਰ, ਬਦਾਮ, ਕਾਜੂ, ਪਿਸਤਾ, ਫਲੀਆਂ, ਗੁਰਦੇ ਕਪੂਰੇ, ਸੈਲਮਨ ਮੱਛੀ ਆਦਿ) ਤੇ ਵਿਟਾਮਿਨ ਡੀ ਵਾਸਤੇ ਦੁੱਧ, ਪਨੀਰ, ਮੱਛੀ, ਆਂਡਾ ਆਦਿ) । ਕਿਸੇ ਤਰ੍ਹਾਂ ਦੀ ਹੱਡੀਆਂ ਜਾਂ ਜੋੜਾਂ ਦੀ ਸਮੱਸਿਆ ਹੋਵੇ ਤਾਂ ਮਲ਼ਣ ਵਾਲੇ ‘ਭਲਵਾਨਾਂ, ਜਾਂ ਅਖੌਤੀ ‘ਸਿਆਣਿਆਂ’ ਕੋਲ ਜਾਣ ਦੀ ਬਜਾਏ ਹੱਡੀਆਂ ਦੇ ਮਾਹਿਰ ਡਾਕਟਰ ਦੀ ਸਲਾਹ ਲਓ। ਸਰੀਰ ਦੇ ਕਿਸੇ ਹਿੱਸੇ ਦਾ ਕੈਂਸਰ ਹੋਵੇ ਤਾਂ ਹੱਡੀਆਂ ਦੀ ਨਿਯਮਤ ਸਕੈਨਿੰਗ ਕਰਵਾਉਣੀ ਪੈਂਦੀ ਹੈ।

ਸੰਪਰਕ: 9872843491

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All