ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਸਵਰਾਜਬੀਰ

ਇਤਿਹਾਸਕਾਰ ਅਤੇ ਪੰਜਾਬੀ ਸਾਹਿਤਕਾਰ ਸੁਰਜੀਤ ਹਾਂਸ ਨੂੰ ਮਿਲਣਾ ਹਰ ਵਾਰ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਉਹ ਦੂਸਰੇ ਪੰਜਾਬੀ ਸਾਹਿਤਕਾਰਾਂ ਅਤੇ ਆਲੋਚਕਾਂ ਵਰਗਾ ਨਹੀਂ ਕਿ ਤੁਹਾਡੇ ਨਾਲ ਮਿੱਠੀਆਂ ਤੇ ਚੋਪੜੀਆਂ-ਚੋਪੜੀਆਂ ਗੱਲਾਂ ਕਰੇ। ਉਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋਵੋਗੇ ਜਾਂ ਨਿਰਾਸ਼। ਇਸੇ ਤਰ੍ਹਾਂ ਉਹ ਪੁਰਾਣੇ ਅਤੇ ਸਮਕਾਲੀ ਸਾਹਿਤਕਾਰਾਂ, ਇਤਿਹਾਸਕਾਰਾਂ ਤੇ ਹੋਰ ਸ਼ਖ਼ਸੀਅਤਾਂ ਬਾਰੇ ਗੱਲ ਕਰਨ ਵੇਲੇ ਵੀ ਆਪਣੇ ਮਨ ਦੀ ਗੱਲ ਕਰਨ ਤੋਂ ਨਹੀਂ ਝਿਜਕਦਾ। ਉਸ ਦੀ ਰਾਇ ਤਿੱਖੀ ਤੇ ਚੀਰਵੀਂ ਹੁੰਦੀ ਹੈ, ਬੇਲਿਹਾਜ਼, ਉਸ ਦੀ ਸੋਚ ਭੱਠੀ ਵਿਚ ਤਪੀ ਹੋਈ, ਉਸ ਦੇ ਆਪਣੇ ਅੰਦਰਲੀ ਮਾਨਸਿਕ ਕਸ਼ਮਕਸ਼ ਦੇ ਵਿਸ਼ ਤੇ ਅੰਮ੍ਰਿਤ ਵਿਚ ਭਿੱਜੀ ਹੋਈ। ਕਈ ਵਾਰ ਲੱਗਦਾ ਹੈ ਕਿ ਉਹ ਜਾਣਬੁੱਝ ਕੇ ਤੁਹਾਡੇ, ਆਪਣੇ ਜਾਂ ਸਾਂਝੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ। ਪਰ ਉਸ ਦੀ ਗੱਲ ਵਿਚ ਡੂੰਘਾਈ ਹੁੰਦੀ ਹੈ, ਤਪਿਆ ਹੋਇਆ ਸੱਚ ਤੇ ਲੂੰਹਦਾ ਹੋਇਆ ਵਿਸ਼ਲੇਸ਼ਣ। ਉੱਚੀ ਪੱਧਰ ਦਾ ਇਤਿਹਾਸ ਲਿਖਣ ਦੇ ਨਾਲ ਨਾਲ ਸੁਰਜੀਤ ਹਾਂਸ ਪੰਜਾਬੀ ਦਾ ਪ੍ਰਬੁੱਧ ਚਿੰਤਕ, ਕਵੀ, ਨਾਟਕਕਾਰ ਤੇ ਆਲੋਚਕ ਹੈ। ਉਸ ਨੇ ਨਾਵਲ ‘ਮਿੱਟੀ ਦੀ ਢੇਰੀ’ ਤੇ ‘ਇਮਤਿਹਾਨ’ ਤੇ ਕਵਿਤਾ ਦੀਆਂ ਕਈ ਕਿਤਾਬਾਂ ਜਿਵੇਂ ‘ਲੂਣ ਦੀ ਡਲੀ’, ‘ਗੁਲਾਬੀ ਫੁੱਲ’, ‘ਝੁੱਗੀ ਝੌਂਪੜੀ’, ‘ਗੱਲੋ’, ‘ਮੰਨੋ’ ਆਦਿ,…‘ਨਾਟ ਤ੍ਰਿਕੜੀ’, ‘ਪੁਸ਼ਤਾਂ’ ਅਤੇ ‘ਹਰੀਜਨ’ ਨਾਟਕ ਲਿਖੇ। ਉਸ ਦੀ ਆਲੋਚਨਾ ਦੀ ਕਿਤਾਬ ਵੀ ਹੈ ‘ਪਰੰਪਰਾ ਅਤੇ ਪ੍ਰਗਤੀਵਾਦ’; ਪਰ ਅਸਲੀ ਆਲੋਚਨਾ ਉਹ ਪ੍ਰੇਮ ਪ੍ਰਕਾਸ਼ ਦੁਆਰਾ ਸੰਪਾਦਿਤ ਮੈਗਜ਼ੀਨ ‘ਲਕੀਰ’ ਵਿਚ ਕਰਦਾ ਸੀ; ਵੱਡੇ-ਵੱਡੇ ਲੇਖਕਾਂ ਦੁਆਰਾ ਕਿਤਾਬਾਂ ਬਾਰੇ ਦੋ ਜਾਂ ਤਿੰਨ ਸਤਰਾਂ ਦੀ ਟਿੱਪਣੀ ਕਰਕੇ ਉਸ ਦਾ ਤੱਥ-ਸਾਰ ਪਾਠਕਾਂ ਦੇ ਸਾਹਮਣੇ ਪੇਸ਼ ਕਰ ਦਿੰਦਾ। ਉਸ ਨੇ ਸ਼ਾਇਦ ਹੀ ਕਿਸੇ ਲੇਖਕ ਨੂੰ ਬਖ਼ਸ਼ਿਆ ਹੋਵੇ। ਕਈ ਕਿਤਾਬਾਂ ਬਾਰੇ ਉਸ ਦੀਆਂ ਟਿੱਪਣੀਆਂ ਯਾਦਗਾਰੀ ਹਨ। ਉਦਾਹਰਣ ਦੇ ਤੌਰ ’ਤੇ ਉਸ ਨੇ ਇਕ ਕਿਤਾਬ ਬਾਰੇ ਏਨਾ ਹੀ ਲਿਖਿਆ ‘‘ਕਿਤਾਬ ਦਾ ਟਾਈਟਲ ਬਹੁਤ ਸੁੰਦਰ ਹੈ’’ ਤੇ ਇਕ ਹੋਰ ਕਿਤਾਬ ਬਾਰੇ ‘‘ਇਸ ਕਿਤਾਬ ਦੇ ਦੋ ਭਮੂਕੇ ਹਨ’’ (ਭਮੂਕੇ ਤੋਂ ਉਸ ਦਾ ਮਤਲਬ ਭੂਮਿਕਾਵਾਂ ਤੋਂ ਹੈ)। ਲੇਖਕ ਉਹਦੀ ਆਲੋਚਨਾ ਪੜ੍ਹਦਾ, ਸੜਦਾ, ਭੁੱਜਦਾ, ਲੋਹਾ-ਲਾਖਾ ਹੁੰਦਾ, ਪਰ ਮਨ ਹੀ ਮਨ ਉਸਨੂੰ ਪਤਾ ਹੁੰਦਾ ਹੈ ਕਿ ਜੋ ਸੁਰਜੀਤ ਹਾਂਸ ਨੇ ਲਿਖਿਆ ਹੈ, ਉਹ ਸੱਚ ਹੈ। ਪਿਛਲੇ ਦਿਨੀਂ ਮੈਂ ਆਪਣੇ ਦੋਸਤ ਜਤਿੰਦਰ ਦੇ ਨਾਲ ਉਨ੍ਹਾਂ ਨੂੰ ਮਿਲਣ ਗਿਆ ਤਾਂ ਪੰਜਾਬ ਵਿਚ ਹੋ ਰਹੀਆਂ ਵੱਖ ਵੱਖ ਵਿਸ਼ਵ/ਆਲਮੀ ਕਾਨਫਰੰਸਾਂ ਬਾਰੇ ਗੱਲ ਚੱਲੀ। ਹਾਂਸ ਸਾਹਬ ਨੇ ਫਰਮਾਇਆ, ‘‘ਇਨ੍ਹਾਂ ਕਾਨਫਰੰਸਾਂ ਵਿਚ ਕੁਝ ਨਹੀਂ ਹੁੰਦਾ।’’ ਉਨ੍ਹਾਂ ਨੇ ਇਕ ਕਾਨਫਰੰਸ ਦਾ ਜ਼ਿਕਰ ਕੀਤਾ, ਜਿਹੜੀ ਮਰਹੂਮ ਪੰਜਾਬੀ ਲੇਖਕ ਨਿਰੰਜਣ ਸਿੰਘ ਨੂਰ ਦੇ ਉੱਦਮ ਸਦਕਾ ਹੋਈ ਸੀ। ਜਦ ਸਵਾਗਤੀ ਭਾਸ਼ਨ ਦੇਣ ਵਾਲਾ ਵਕਤਾ ਬੋਲ ਕੇ ਹਟਿਆ ਤਾਂ ਨੂਰ ਨੇ ਹਾਂਸ ਨੂੰ ਦੱਸਿਆ ਕਿ ਵਕਤਾ ਨੇ ਉਹੀ ਬੋਲਿਆ ਸੀ, ਜੋ ਉਹਨੂੰ ਮੈਂ (ਨੂਰ) ਲਿਖ ਕੇ ਦਿੱਤਾ ਸੀ। ਗੱਲਬਾਤ ਕਰਦਿਆਂ ਸੁਰਜੀਤ ਹਾਂਸ ਨੇ ਕਾਰਲ ਮਾਰਕਸ ਦੀ ਇਸ ਅੰਤਰਦ੍ਰਿਸ਼ਟੀ ਕਿ ਲੰਪੁੰਨ ਪ੍ਰੋਲੇਤਾਰੀਆਂ ਦਾ ਕਿਰਦਾਰ ਬਹੁਤ ਮਾੜਾ ਹੁੰਦਾ ਹੈ, ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਲਾਤੀਨੀ ਮਾਰਕਸਵਾਦੀ ਵਿਦਵਾਨ ਗੁੰਡਰ ਫਰੈਂਕ ਦੇ ਹਵਾਲੇ ਨਾਲ ਦੱਸਿਆ, ‘‘ਜਿਵੇਂ ਸਮਾਜ ਵਿਚ ਲੰਪੁੰਨ ਪ੍ਰੋਲੇਤਾਰੀ ਹੁੰਦੇ ਹਨ, ਇਸੇ ਤਰ੍ਹਾਂ ਸਮਾਜ ਵਿਚ ਲੰਪੁੰਨ ਬੁੱਧੀਜੀਵੀ ਵੀ ਹੁੰਦੇ ਹਨ।’’ ਸੁਰਜੀਤ ਹਾਂਸ ਦੇ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿਚ ਬਹੁਤ ਸਾਰੇ ਬੁੱਧੀਜੀਵੀ ਲੰਪੁੰਨ ਬੁੱਧੀਜੀਵੀ ਹਨ। ਇਹ ਨਿਰਣਾ ਅਸੀਂ ਖ਼ੁਦ ਕਰਨਾ ਹੈ ਕਿ ਅਸੀਂ ਕਿਹੜੀ ਸ਼੍ਰੇਣੀ ਵਿਚ ਆਉਂਦੇ ਹਾਂ। ਖੋਜ ਕਾਰਜ ਬਾਰੇ ਗੱਲਾਂ ਕਰਦਿਆਂ ਲੰਡਨ ਦੀ ਇੰਡੀਆ ਆਫਿਸ ਲਾਇਬ੍ਰੇਰੀ ਦਾ ਜ਼ਿਕਰ ਆਇਆ, ਜਿੱਥੇ ਬੈਠ ਕੇ ਸੁਰਜੀਤ ਹਾਂਸ ਅਤੇ ਹੋਰ ਅਨੇਕ ਪੰਜਾਬੀ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਨੇ ਖੋਜ ਕੀਤੀ ਹੈ। ਹਾਂਸ ਸਾਹਬ ਦੱਸਣ ਲੱਗ ਪਏ ਕਿ ਜਦ ਉਹ ਖੋਜ ਕਰ ਰਹੇ ਸਨ ਤਾਂ ਇਕ ਹੋਰ ਖੋਜਕਾਰ, ਜੋ ਬਾਅਦ ਵਿਚ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਿਆ, ਵੀ ਖੋਜ ਕਰ ਰਿਹਾ ਸੀ। ਉਨ੍ਹੀਂ ਦਿਨੀ ਉਸ ਲਾਇਬ੍ਰੇਰੀ ਵਿਚ ਪੈੱਨ ਲੈ ਕੇ ਜਾਣ ਦੀ ਮਨਾਹੀ ਸੀ ਤਾਂ ਕਿ ਚੇਤ-ਅਚੇਤ ਕੋਈ ਖੋਜੀ ਪੁਰਾਣੀ ਦੁਰਲੱਭ ਦਸਤਾਵੇਜ਼ ’ਤੇ ਪੈੱਨ ਨਾਲ ਨਿਸ਼ਾਨ ਨਾ ਪਾਏ। ਪਰ ਸਾਡਾ ਪਹਿਲਵਾਨ ਖੋਜਕਾਰ ਨਾ ਸਿਰਫ਼ ਪੈੱਨ ਹੀ ਅੰਦਰ ਲੈ ਗਿਆ, ਸਗੋਂ ਇਕ ਦੁਰਲੱਭ ਦਸਤਾਵੇਜ਼ ’ਤੇ ਆਪਣੇ ਦਸਤਖ਼ਤ ਵੀ ਕਰ ਦਿੱਤੇ। ਵੇਖੀ ਪੰਜਾਬੀਆਂ ਦੀ ਟੌਹਰ! ਪੱਤਰਕਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਬੜੀ ਦਿਲਚਸਪ ਘਟਨਾ ਸੁਣਾਈ। ਇਕ ਪੱਤਰਕਾਰ/ ਫੋਟੋਗ੍ਰਾਫਰ ਨੇ ਕਾਂਗਰਸ ਦੇ ਪ੍ਰਧਾਨ ਸੀਤਾਰਾਮ ਕੇਸਰੀ ਦੀ ਤਸਵੀਰ ਉਸ ਸਮੇਂ ਖਿੱਚ ਲਈ ਜਦ ਉਹ ਨਹਿਰੂ-ਗਾਂਧੀ ਪਰਿਵਾਰ ਦੀ ਇਕ ਔਰਤ ਸਾਹਮਣੇ ਪੂਰੀ ਤਰ੍ਹਾਂ ਝੁਕਿਆ ਹੋਇਆ ਸੀ। ਤਸਵੀਰ ਅਖ਼ਬਾਰ ਵਿਚ ਛਪੀ। ਕਿਸੇ ਪਾਰਟੀ ਦੌਰਾਨ ਸੀਤਾਰਾਮ ਕੇਸਰੀ ਅਤੇ ਉਹ ਪੱਤਰਕਾਰ ਇਕੱਠੇ ਹੋਏ। ਪੱਤਰਕਾਰ ਮੂੰਹ ਲੁਕਾਉਂਦਾ ਫਿਰੇ ਕਿ ਕੇਸਰੀ ਉਸ ਨਾਲ ਗ਼ਿਲਾ ਕਰੇਗਾ ਕਿ ਉਸ ਨੇ ਇਹੋ ਜਿਹੀ ਤਸਵੀਰ ਅਖ਼ਬਾਰ ਵਿਚ ਕਿਉਂ ਛਾਪੀ। ਪਰ ਸੀਤਾਰਾਮ ਕੇਸਰੀ ਨੇ ਪੱਤਰਕਾਰ ਨੂੰ ਸੱਦਿਆ ਤੇ ਬਗ਼ਲਗੀਰ ਹੋਇਆ, ਉਸਦਾ ਸ਼ੁਕਰੀਆ ਅਦਾ ਕੀਤਾ ਕਿਉਂਕਿ ਕੇਸਰੀ ਅਨੁਸਾਰ ਉਸ ਤਸਵੀਰ ਦੇ ਛਪਣ ਨਾਲ ਨਹਿਰੂ-ਗਾਂਧੀ ਪਰਿਵਾਰ ਦੇ ਲੋਕਾਂ ਦੇ ਮਨ ਵਿਚ ਕੇਸਰੀ ਦੀ ਵਫ਼ਾਦਾਰੀ ਦੀ ਛਾਪ ਪੱਕੀ ਹੋ ਗਈ ਸੀ। ਪੁਰਾਣੀਆਂ ਲਿਖਤਾਂ ਵਿਚੋਂ ਉਨ੍ਹਾਂ ਨੇ ਭਰਥਰੀ ਹਰੀ ਦੇ ਗਰੰਥਾਂ ‘ਸ਼ਿੰਗਾਰ ਸ਼ਤਕ’, ‘ਵਿਰਾਗ਼ ਸ਼ਤਕ’ ਤੇ ‘ਨੀਤੀ ਸ਼ਤਕ’ ਦਾ ਜ਼ਿਕਰ ਕੀਤਾ। ‘ਨੀਤੀ ਸ਼ਤਕ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਭਰਥਰੀ ਹਰੀ ਕਹਿੰਦਾ ਹੈ ਕਿ ਨਾਗਰਿਕਾਂ ਦਾ ਆਪਣਾ ਕੋਈ ਹਿੱਤ ਨਹੀਂ ਹੁੰਦਾ। ਅਸਲੀ ਹਿੱਤ ਮੁਲਕ ਦਾ ਹਿੱਤ ਹੁੰਦਾ ਹੈ ਤੇ ਫਿਰ ਹੱਸਦਿਆਂ ਹੱਸਦਿਆਂ ਪੁੱਛਿਆ ਕਿ ਮੁਲਕ ਦਾ ਹਿੱਤ ਕਿਸ ਦਾ ਆਪਣਾ ਹਿੱਤ ਹੁੰਦਾ ਹੈ? ਤੇ ਫਿਰ ਉਨ੍ਹਾਂ ਨੇ ਇਸ ਦਲੀਲ ਨੂੰ ਹਿੰਦੂਤਵ ਦੇ ਏਜੰਡੇ ਨਾਲ ਜੋੜ ਕੇ ਸਮਝਾਇਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇਕ ਕਿਤਾਬ ਦਾ ਜ਼ਿਕਰ ਕਰਦਿਆਂ ਉਨ੍ਹਾ ਸਵਾਲ ਕੀਤਾ ਕਿ ਸਾਡੇ ਵਡੇਰੇ ਕਿਸ ਤਰ੍ਹਾਂ ਦੇ ਦਾਨਿਸ਼ਵਾਰ/ਚਿੰਤਕ ਸਨ, ਕਿਉਂਕਿ ਇਸ ਕਿਤਾਬ ਵਿਚ ਹਿੰਦੋਸਤਾਨ ਵਿਚ ਅੰਗਰੇਜ਼ਾਂ ਦੀ ਵੱਧ ਰਹੀ ਹਕੂਮਤ ਬਾਰੇ ਕੋਈ ਚਰਚਾ ਨਹੀਂ। ਉੱਥੋਂ ਉਨ੍ਹਾਂ ਨੇ ਇਹ ਵੱਡਾ ਸਵਾਲ ਵੀ ਉਠਾਇਆ ਕਿ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਦੁਨੀਆਂ ਵਿਚ ਤੁਹਾਡੀ ਹੈਸੀਅਤ (ਪੁਜੀਸ਼ਨ) ਕੀ ਹੈ, ਤਾਂ ਤੁਸੀਂ ਤਰੱਕੀ ਕਿਵੇਂ ਕਰੋਗੇ? ਉਨ੍ਹਾਂ ਨੇ ਇਸ ਸਬੰਧ ਵਿਚ ਇਰਾਨ ਤੇ ਸਵੀਡਨ ਦੀ ਪ੍ਰਸ਼ੰਸਾ ਕੀਤੀ ਜੋ ਕਦੇ ਗ਼ੁਲਾਮ ਨਹੀਂ ਹੋਏ। ਇਸ ਸਬੰਧ ਵਿਚ ਉਨ੍ਹਾਂ ਨੇ ਦੱਸਿਆ ਕਿ ਇਰਾਨ ਇਕੱਲਾ ਮੁਲਕ ਸੀ, ਜਿਸ ਵਿਚ ਮੱਧਕਾਲੀਨ ਸਮਿਆਂ ਦੌਰਾਨ ਪ੍ਰਸ਼ਾਸਨ ਕਰਨ ਤੇ ਤਰੀਕਿਆਂ ਬਾਰੇ ਵੱਡੇ ਪੱਧਰ ’ਤੇ ਲਿਖਿਆ ਗਿਆ ਹੈ। ਹਾਂਸ ਸਾਹਬ ਇਹ ਮੰਨਦੇ ਹਨ ਕਿ ਲਤੀਫ਼ਿਆਂ ਵਿਚ ਉੱਚੀ ਪੱਧਰ ਦੀ ਸਿਆਣਪ ਹੁੰਦੀ ਹੈ। ਉਨ੍ਹਾਂ ਨੇ ਸੋਵੀਅਤ ਯੂਨੀਅਨ ਦੇ ਵੇਲੇ ਦਾ ਇਕ ਲਤੀਫ਼ਾ ਸੁਣਾਇਆ। ਇਕ ਕਾਮਰੇਡ ਦੂਜੇ ਕਾਮਰੇਡ ਨੂੰ ਪੁੱਛਦੈ, ‘‘ਕਾਮਰੇਡ, ਇਸ ਮਾਮਲੇ ਵਿਚ ਤੇਰੀ ਨਿੱਜੀ ਰਾਏ ਕੀ ਹੈ?’’ ਦੂਜਾ ਕਾਮਰੇਡ ਜਵਾਬ ਦਿੰਦੈ,‘‘ਕਾਮਰੇਡ, ਮੇਰੀ ਰਾਏ ਤਾਂ ਹੈ, ਪਰ ਮੈਂ ਆਪਣੀ ਰਾਏ ਨਾਲ ਸਹਿਮਤ ਨਹੀਂ ਹਾਂ।’’ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ 1920 ਦੀ ਇਕ ਘਟਨਾ ਦਾ ਜ਼ਿਕਰ ਕੀਤਾ। ਜਦ ਮਾਂਟੇਂਗੂ ਚੈਮਸਫੋਰਡ ਸੁਧਾਰਾਂ ਤੋਂ ਬਾਅਦ ਚੋਣਾਂ ਹੋਈਆਂ ਤਾਂ ਕਿਸੇ ਰਿਟਾਇਰ ਹੋਏ ਸੂਬੇਦਾਰ ਨੂੰ ਚੋਣ ਲੜਨ ਲਈ ਕਿਹਾ ਗਿਆ। ਉਹ ਕਹਿੰਦਾ, ‘‘ਮੈਂ ਨਹੀਂ ਚੋਣ ਲੜਦਾ। ਮੈਂ ਫ਼ੌਜ ਵਿਚ ਸੂਬੇਦਾਰ ਰਿਹਾਂ।’’ ਹਾਂਸ ਸਾਹਬ ਕਹਿਣ ਲੱਗੇ ਕਿ ਹੁਣ ਵੇਖੋ, ਵੱਡੇ ਵੱਡੇ ਅਫ਼ਸਰ, ਜਰਨੈਲ ਤੇ ਕਈ ਹੋਰ ਸਿਆਸੀ ਆਗੂਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ ਕਿ ਉਨ੍ਹਾਂ ਨੂੰ ਟਿਕਟ ਮਿਲ ਜਾਏ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਦੀਆਂ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪੁਰਾਣੇ ਸਮਿਆਂ ’ਚ ਬਾਦਸ਼ਾਹ ਮਾਲੀਆ ਉਗਰਾਉਂਦੇ ਸਨ ਅਤੇ ਮਾਲੀਆ ਦੇਣਾ ਬਹੁਤ ਮੁਸ਼ਕਿਲ ਹੁੰਦਾ ਸੀ ਕਿਉਂਕਿ ਕਿਸਾਨ ਦੀ ਕੋਈ ਨਕਦ ਆਮਦਨੀ ਤਾਂ ਹੁੰਦੀ ਨਹੀਂ। ਇਸ ਮਾਮਲੇ ਵਿਚ ਉਨ੍ਹਾਂ ਨੇ ਇਕ ਬਾਦਸ਼ਾਹ ਦੀ ਕਹਾਣੀ ਸੁਣਾਈ ਜਿਸ ਨੇ ਮਾਲੀਆ ਬਹੁਤ ਵਧਾ ਦਿੱਤਾ ਸੀ। ਕੁਝ ਕਿਸਾਨ ਉਸ ਦੇ ਮੰਤਰੀ ਕੋਲ ਗਏ ਤੇ ਮਾਲੀਆ ਘਟਾਉਣ ਲਈ ਵਾਸਤਾ ਪਾਇਆ। ਮੰਤਰੀ ਕਹਿੰਦਾ, ‘‘ਬਾਦਸ਼ਾਹ ਨਾਲ ਗੱਲ ਏਦਾਂ ਨਹੀਂ ਹੁੰਦੀ, ਪਰ ਫਿਰ ਵੀ ਜੇ ਮੌਕਾ ਮਿਲਿਆ ਤਾਂ ਤੁਹਾਡੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ।’’ ਇਕ ਦਿਨ ਰਾਜਾ ਮੰਤਰੀ ਨਾਲ ਸ਼ਿਕਾਰ ਖੇਡਣ ਜੰਗਲ ਵਿਚ ਗਿਆ। ਇਕ ਥਾਂ ’ਤੇ ਪਹੁੰਚੇ ਜਿੱਥੇ ਦੋ ਉੱਲੂ ਬੈਠੇ ਸਨ। ਰਾਜੇ ਨੇ ਮੰਤਰੀ ਨੂੰ ਪੁੱਛਿਆ, ‘‘ਇਹ ਉੱਲੂ ਕੀ ਗੱਲਾਂ ਕਰ ਰਹੇ ਹਨ?’’ ਮੰਤਰੀ ਨੇ ਜਵਾਬ ਦਿੱਤਾ, ‘‘ਜੀ, ਇਹ ਕੁੜਮ ਹੈਗੇ ਆ। ਇਨ੍ਹਾਂ ਦੇ ਨਿਆਣਿਆਂ ਦਾ ਆਪਸ ਵਿਚ ਵਿਆਹ ਹੋਣੈ। ਉਸ ਬਾਰੇ ਗੱਲਬਾਤ ਕਰ ਰਹੇ ਹਨ।’’ ਰਾਜਾ ਪੁੱਛਦੈ, ‘‘ਕੀ ਆਂਹਦੇ ਆ?’’ ਮੰਤਰੀ ਨੇ ਕਿਹਾ, ‘‘ਜੀ, ਮੁੰਡੇ ਵਾਲਾ ਕੁੜੀ ਵਾਲੇ ਨੂੰ ਕਹਿੰਦੈ ਕਿ ਸਾਡੇ ਨਿਆਣਿਆਂ ਦਾ ਹੁਣ ਵਿਆਹ ਹੋ ਜਾਣੈ, ਇਸ ਲਈ ਸਾਨੂੰ ਹੋਰ ਉਜਾੜ (ਉੱਜੜੇ ਹੋਏ ਥਾਂ) ਦੀ ਜ਼ਰੂਰਤ ਹੈ।’’ ਰਾਜੇ ਨੇ ਪੁੱਛਿਆ, ‘‘ਫਿਰ ਕੁੜੀ ਵਾਲੇ ਨੇ ਕੀ ਜਵਾਬ ਦਿੱਤਾ?’’ ਮੰਤਰੀ ਕਹਿੰਦੈ,‘‘ਜੀ, ਉਹ ਕਹਿੰਦੈ, ‘‘ਤੂੰ ਫ਼ਿਕਰ ਨਾ ਕਰ, ਜੇ ਮੁਲਕ ਦਾ ਰਾਜਾ ਇਹੋ ਰਿਹਾ, ਉਜਾੜ ਜਿੰਨੀ ਕਹੇਂ...ਇਹ ਵਧਦੀ ਜਾਣੀ ਐ।’’ ਰਾਜਾ ਸਮਝ ਗਿਆ ਕਿ ਮੰਤਰੀ ਦੀ ਗੱਲ ਵਿਚ ਕੋਈ ਘੁਣਤਰ ਹੈ ਤੇ ਉਸਨੇ ਸਾਰੀ ਗੱਲ ਖੋਲ੍ਹਕੇ ਦੱਸਣ ਲਈ ਕਿਹਾ। ਮੰਤਰੀ ਨੇ ਕਿਸਾਨਾਂ ਦਾ ਹਾਲ ਸੁਣਾਇਆ ਤੇ ਬੇਨਤੀ ਕੀਤੀ ਕਿ ਕਿਸਾਨਾਂ ਤੋਂ ਉਗਰਾਹਿਆ ਕੁਝ ਮਾਮਲਾ ਵਾਪਸ ਕਰ ਦਿੱਤਾ ਜਾਏ। ਰਾਜਾ ਸਾਰੀ ਗੱਲ ਸਮਝ ਗਿਆ ਅਤੇ ਕਿਸਾਨਾਂ ਨਾਲ ਹਮਦਰਦੀ ਜਤਾਈ। ਮੰਤਰੀ ਕਹਿਣ ਲੱਗਾ ਜੇ ਤੁਸੀਂ ਵੀ ਏਸੇ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਫਿਰ ਮਾਲੀਆ ਵਾਪਸ ਕਰ ਦੇਈਏ? ਰਾਜੇ ਕਿਹਾ ‘‘ਨਹੀਂ, ਪਰ ਅਗਲੇ ਸਾਲ ਦਾ ਮਾਲੀਆ ਮੁਆਫ਼ ਕਰ ਦਿਓ।’’ ਹਾਂਸ ਸਾਹਬ ਨੇ ਪੁੱਛਿਆ ਕਿ ਰਾਜੇ ਨੇ ਇਹੋ ਜਿਹਾ ਹੁਕਮ ਕਿਉਂ ਦਿੱਤਾ? ਅਤੇ ਖ਼ੁਦ ਹੀ ਇਸ ਦਾ ਜਵਾਬ ਦਿੱਤਾ, ‘ਰਾਜੇ ਨੂੰ ਅਫ਼ਸਰਸ਼ਾਹੀ ਬਾਰੇ ਪਤਾ ਸੀ ਅਤੇ ਉਹ ਜਾਣਦਾ ਸੀ ਕਿ ਜੇ ਉਸ ਨੇ ਮਾਲੀਆ ਵਾਪਸ ਕਰਨ ਦਾ ਹੁਕਮ ਦਿੱਤਾ ਤਾਂ ਉਹ ਪੈਸਾ ਲੋਕਾਂ ਤਕ ਨਹੀਂ ਪਹੁੰਚਣਾ, ਨੌਕਰਸ਼ਾਹਾਂ ਨੇ ਖਾ ਜਾਣਾ ਹੈ। ਇਸ ਤਰ੍ਹਾਂ ਹਾਂਸ ਸਾਹਬ ਅੱਜ ਦੀਆਂ ਸਰਕਾਰਾਂ ਵੱਲੋਂ ਗ਼ਰੀਬਾਂ ਨੂੰ ਦਿੱਤੀ ਜਾਣ ਵਾਲੀ ਕਥਿਤ ਸਹਾਇਤਾ ਉੱਤੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਇਹ ਟਿੱਪਣੀ ਵੀ ਕੀਤੀ ਕਿ ਅਸੀਂ ਰਾਜਿਆਂ ਤੇ ਬਾਦਸ਼ਾਹਾਂ ਨੂੰ ਬੇਵਕੂਫ਼ ਸਮਝਦੇ ਹਾਂ, ਪਰ ਉਨ੍ਹਾਂ ਦੀ ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ। ਏਸੇ ਹੁਕਮ ਦੇ ਹਵਾਲੇ ਨਾਲ ਉਨ੍ਹਾਂ ਨੇ ਕਿਹਾ ਕਿ ਵੇਖੋ ਰਾਜਾ ਕਿੰਨਾ ਸਿਆਣਾ ਸੀ, ਉਸਨੇ ਕਿਸਾਨਾਂ ਨੂੰ ਅਗਲੇ ਸਾਲ ਲਈ ਰਾਹਤ ਵੀ ਦੇ ਦਿੱਤੀ; ਆਪਣੇ ਦਿਆਲੂ ਹੋਣ ਦਾ ਢਿੰਡੋਰਾ ਵੀ ਪਿਟਾ ਲਿਆ ਹੋਣੈ ਅਤੇ ਹੱਥ ਆਇਆ (ਖ਼ਜ਼ਾਨੇ ਵਿਚ) ਪੈਸਾ ਵੀ ਵਾਪਸ ਨਹੀਂ ਦਿੱਤਾ। ਇਸ ਬਾਰੇ ਉਨ੍ਹਾਂ ਨੇ ਹਾਂਸ-ਕਥਨ ਉਚਾਰਿਆ ‘‘ਹਰ ਬੇਵਕੂਫ਼ੀ ਵਿਚ ਸਿਆਣਪ ਹੁੰਦੀ ਹੈ ਅਤੇ ਹਰ ਸਿਆਣਪ ਵਿਚ ਬੇਵਕੂਫ਼ੀ।’’ ਇਸ ਕਥਨ ਨੂੰ ਸੁਣਨ ਤੋਂ ਬਾਅਦ ਮੈਂ ਅਤੇ ਜਤਿੰਦਰ ਨੇ ਬਾਹਰ ਦੀ ਰਾਹ ਫੜੀ। ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸੀਂ ਸਿਆਣੇ ਬੇਵਕੂਫ਼ ਹਾਂ ਕਿ ਬੇਵਕੂਫ਼ ਸਿਆਣੇ।

ਚਿੱਤ ਦੇ ਭੁਲੇਖਿਆ ਉਏ ਬੈਠ ਜਾ ਪਰਾਹੁਣਾ ਬਣ ਖੁੱਲ੍ਹ ਜਾ ਤੂੰ ਰਾਜ਼ ਵਾਂਗੂੰ ਭਾਗ ਨੇ ਸੌਗ਼ਾਤ ਹੁਣ ਅੰਬਰਾਂ ਤੋਂ ਪਲ ਡਿੱਗੇ ਭੁੱਲਦੀ ਔਕਾਤ ਹੁਣ ਜੱਗ ’ਤੇ ਜਹਾਨ ਵਾਲੇ ਭਵ ਦਾ ਹਸਾਉਣਾ ਬਣ ਬੈਠ ਜਾ... ਮਿੱਟੀ ਵਿਚ ਹੂਕ ਹੁੰਦੀ ਓਸਦਾ ਇਲਾਜ ਹੈਂ ਕਾਲ ਦੀ ਕਲੋਲ ਵਿਚ ਸੁਹਣਾ ਕੀ ਲਿਹਾਜ਼ ਹੈਂ ਚੁਗਲੀ ਚੁਫੇਰ ਵਾਲੇ ਭੈਆਂ ਦਾ ਡਰਾਉਣਾ ਬਣ ਬੈਠ ਜਾ... ਜਾਣਾ ਹੈ ਜ਼ਰੂਰ ਸੁਣ ਗੱਲ ਜੋ ਜ਼ਰੂਰੀ ਹੈ ਸਰ ਜਾਵੇਂ ਵੱਧ ਸਾਥੋਂ ਹੁੰਦੀ ਗਮਰੂਰੀ1 ਹੈ ਕੱਚਿਆਂ ਦਾ ਸੱਚ ਜਿਵੇਂ ਦਿਨਾਂ ਦਾ ਖਡਾਉਣਾ ਬਣ ਬੈਠ ਜਾ... ਭਾਗ ਨੇ ਪਰਾਹੁਣੇ ਹੁੰਦੇ ਬਾਕੀ ਇਤਬਾਰ ਨਹੀਂ ਹੁੰਦੀ ਹੈ ਮੀਜ਼ਾਨ2 ਲੇਖਾ ਕਰਨਾ ਕਰਾਰ ਨਹੀਂ ਸੱਚ ਦੀ ਨੁਹਾਰ ਕੱਢੇਂ ਭੁੱਲਾਂ ਦਾ ਭਲਾਉਣਾ ਬਣ ਬੈਠ ਜਾ ਪਰਾਹੁਣਾ ਬਣ ਚਿੱਤ ਦੇ ਭੁਲੇਖਿਆ ਉਏ

(ਪੁਸਤਕ ‘ਗੱਲੋ’ ਵਿਚੋਂ) ਔਖੇ ਸ਼ਬਦਾਂ ਦੇ ਅਰਥ: 1. ਮਗ਼ਰੂਰੀ, 2. ਕੁੱਲ ਸੰਖਿਆ।

ਹਾਂਸ-ਕਥਨ

 • ਮੀਸ਼ਾ (ਮਰਹੂਮ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ) ਟੁੱਟੇ ਭੱਜੇ ਯਾਰਾਂ ਦੇ ਕਿੱਸੇ ਸੁਣਾਉਣ ਲੱਗਾ ਤਾਂ ਮੈਂ ਤੰਗ ਆ ਕੇ ਕਿਹਾ, ‘‘ਤੇਰਾ ਵੀ ਘਟੀਆ ਬੰਦਿਆਂ ਦੀ ਯਾਰੀ ਬਿਨਾਂ ਸਰਦਾ ਨਹੀਂ’’। ‘‘ਉਏ ਤੂੰ ਵੀ ਤਾਂ ਮੇਰਾ ਯਾਰ ਏਂ’’ ਉਸਨੇ ਵੱਡੀ ਸਾਰੀ ਮੁਸਕਾਨ ਭਰ ਕੇ ਕਿਹਾ। ਕਈ ਅਫ਼ਸਰਾਂ ਨੇ ਤਾਂ ਰਿਸ਼ਵਤ ਨੂੰ ਬਦਨਾਮ ਕਰ ਦਿੱਤਾ।
 • ਇਕ ਦਿਨ ਕੋਈ ਬੱਸ ਵਿਚ ਬੈਠਾ ਦੇਸੀ ਘਿਓ ਦੀ ਵਡਿਆਈ ਕਰੀ ਜਾਵੇ। ਸੇਖੋਂ ਖਿੱਝ ਕੇ ਕਹਿੰਦਾ ‘‘ਬਾਬਾ ਬੱਸ ਕਰ, ਤੁਸੀਂ ਦੇਸੀ ਘਿਓ ਵਾਲਿਆਂ ਨੇ ਅੰਗਰੇਜ਼ ਵਾੜ ਲਏ ਅਸੀਂ ਡਾਲਡੇ ਵਾਲਿਆਂ ਨੇ ਕੱਢ ਦਿੱਤੇ।’’
 • ਕੋਈ ਮਰਾਸੀ ਨੂੰ ਕਹਿੰਦਾ : ਬੜੀਆਂ ਗੱਲਾਂ ਆਉਂਦੀਆਂ। ਉਹ ਕਹਿੰਦਾ ‘ਹੋਰ ਸਾਨੂੰ ਮਨੀਆਡਰ ਆਉਣੇ ਸੀ।’
 • ਨਾਸਰ (ਮਿਸਰ ਦਾ ਰਾਸ਼ਟਰਪਤੀ ਜਿਹੜਾ 1970 ’ਚ ਚਲਾਣਾ ਕਰ ਗਿਆ) ਨੂੰ ਦਫ਼ਨ ਕਰਨ ਲੱਗੇ। ਇਕ ਆਦਮੀ ‘ਹਾਏ ਨਾਸਰ, ਹਾਏ ਨਾਸਰ’ ਆਹੋਜ਼ਾਰੀ ਕਰਦਾ ਆਵੇ। ਸਾਰੇ ਕਹਿੰਦੇ, ‘‘ਇਹਨੂੰ ਨਾਸਰ ਦਾ ਮੂੰਹ ਜ਼ਰੂਰ ਵਖਾਓ।’’ ਉਨ੍ਹਾਂ ਤਾਬੂਤ ਦਾ ਉਤਲਾ ਫੱਟਾ ਖੋਲ੍ਹਿਆ ਤੇ ਉਹੀ ਬੰਦਾ ‘ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਸ਼ੁਕਰ ਹੈ’ ਕਰਦਾ ਮੁਸਕਰਾਉਣ ਲੱਗਾ। ‘‘ਹੁਣ ਤਾਂ ਨਾਸਰ ਸੱਚੀਂ ਮਰ ਗਿਆ।’’
 • ਇਕ ਵਾਰੀ ਸਥਾਨਕ ਅਕਾਲੀ ਪਾਰਟੀ ਦੇ ਪ੍ਰਧਾਨ ਦੀ ਚੋਣ ’ਚ ਟਾਈ ਪੈ ਗਈ। ਸੰਗਤ ਕਹਿੰਦੀ, ‘‘ਜਥੇਦਾਰ ਜੀ, ਤੁਸੀਂ ਜੀਹਦੇ ਮਰਜ਼ੀ ਗਲ ’ਚ ਹਾਰ ਪਾ ਦਿਓ।’’ ਜਥੇਦਾਰ ਹੋਰਾਂ ਬੇਨਤੀ ਮੰਨ ਲਈ। ਜਥੇਦਾਰ ਨੇ ਦੋਹਾਂ ਹੱਥਾਂ ਨਾਲ ਹਾਰ ਫੜਿਆ ਹੋਇਆ। ਉਸਨੇ ਖੱਬੇ ਪਾਸੇ ਵੇਖਿਆ, ਸੰਗਤ ਖੱਬੇ ਪਾਸੇ ਦੇ ਚਿਹਰਿਆਂ ਨੂੰ ਵੇਖੇ। ਜਥੇਦਾਰ ਨੇ ਸੱਜੇ ਨੂੰ ਵੇਖਿਆ ਲੋਕੀਂ ਸੱਜੇ ਵੱਲ ਤੱਕਣ। ਪਲ ਦੇ ਸਸਪੈਂਸ ਮਗਰੋਂ ਜਥੇਦਾਰ ਨੇ ਹਾਰ ਆਪਣੇ ਗਲ ’ਚ ਪਾ ਲਿਆ।
 • ਕੋਈ ਪੁੱਛਦਾ- ਆਦਮ ਹਵਾ ਦੀ ਕੌਮੀਅਤ ਕੀ ਸੀ? ਦੂਸਰਾ ਕਹਿੰਦਾ, ‘‘ਉਹ ਰੂਸੀ ਸਨ’’ ‘‘ਉਹ ਕਿਵੇਂ?’’ ‘‘ਉਹ ਨੰਗੇ ਰਹਿੰਦੇ ਸੀ’’ ‘‘ਹਾਂ’’ ‘‘ਦੋਹਾਂ ਕੋਲ ਖਾਣ ਨੂੰ ਇਕ ਸੇਬ ਸੀ’’ ‘‘ਠੀਕ’’ ‘‘ਅਜੇ ਸਮਝਦੇ ਸੀ ਅਸੀਂ ਬਹਿਸ਼ਤ ’ਚ ਰਹਿੰਦੇ ਹਾਂ।’’
 • ਅਮਰੀਕੀ ਰਿਆਸਤ ਕੈਨਟੱਕੀ ਦਾ ਵਿਧਾਇਕ ਕਿਸੇ ਬਿਲ ਬਾਰੇ ਕਹਿੰਦਾ, ‘‘ਇਸ ਸਾਲ ਦਾ ਇਹ ਸਭ ਤੋਂ ਵਧੀਆ ਕਾਨੂੰਨ ਹੈ। ਨਾ ਕਿਸੇ ਦੀ ਸਹਾਇਤਾ ਕਰਦਾ ਹੈ, ਨਾ ਕਿਸੇ ਦਾ ਨੁਕਸਾਨ।’’
 • ਰੁਮਾਨੀਆ ’ਚ ਨਾ ਆਟਾ ਮਿਲਦਾ ਨਾ ਘਿਓ। ਬਰਫ਼ ਪੈਂਦੀ ਪਰ ਬਿਜਲੀ ਦਿਨ ’ਚ ਦੋ ਘੰਟੇ ਆਉਂਦੀ ਹੈ। ਕੋਈ ਬਿਰਧ ਕਹਿੰਦਾ, ‘‘ਜਿਹੜੇ ਐਤਕੀ ਬਚ ਰਹੇ ਅਗਲੇ ਸਾਲ ਪਛਤਾਉਣਗੇ।’’
 • ਵਿਦੇਸ਼ੀ ਜ਼ੁਬਾਨ ਤਾਂ ਪੰਜ ਸੱਤ ਸਾਲਾਂ ’ਚ ਸਿੱਖ ਹੋ ਜਾਂਦੀ ਹੈ, ਪਰ ਆਪਣੀ ਬੋਲੀ ਸਾਰੀ ਉਮਰ ਨਹੀਂ ਆਉਂਦੀ।
 • ਸ਼ਰਾਬੀ ਧਰਤੀ ਮਾਤਾ ਨੂੰ ਦਾਰੂ ਦਾ ਛਿੱਟਾ ਦੇ ਕੇ ਕਹਿੰਦਾ – ਲੈ ਹੁਣ ਧਰਤੀ ਮਾਤਾ ਡਿੱਗਿਆਂ ਨੂੰ ਤੂੰ ਹੀ ਸਾਂਭਣਾ।
 • ਲੋਕ ਰਾਏ ਸਿਰ ਜੋ ਮਰਜ਼ੀ ਲਾ ਦਿਓ, ਉਸਨੂੰ ਕਿਸ ਨੇ ਫੜ ਲੈਣੈ?
 • ਪਾਰਟੀਆਂ ਖਾਲੀ ਪਿੰਜਰ ਹੋ ਗਈਆਂ ਹਨ ਅਤੇ ਮੁਲਕ ਹੋਏ ਮਹਾਂਪੁਰਸ਼ਾਂ ਦੇ ਸਹਾਰੇ ਜੀ ਰਿਹਾ ਹੈ।
 • ਦੋਸਤੀ...ਲੰਬੀ ਗੱਲਬਾਤ ਹੁੰਦੀ ਹੈ।

(ਕਿਤਾਬ ‘ਸਾਕੀਨਾਮਾ’ ਵਿਚੋਂ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All