ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਵਿਸ਼ੇਸ਼ ਜਹਾਜ਼ ਰਾਹੀਂ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜਣਗੇ

ਸੰਦੀਪ ਦੀਕਸ਼ਿਤ ਨਵੀਂ ਦਿੱਲੀ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਪ੍ਰੋਗਰਾਮ ਉਦੋਂ ਉਲੀਕਿਆ ਹੈ ਜਦੋਂ ਕਰਤਾਰਪੁਰ ਲਾਂਘਾ ਖੋੋਲ੍ਹਣ ਵਿੱਚ ਸਿਰਫ ਤਿੰਨ ਹਫ਼ਤਿਆਂ ਦਾ ਸਮਾਂ ਬਾਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਮਜਬੂਰੀ ’ਚ ਕਰਤਾਰਪੁਰ ਲਾਂਘੇ ਉੱਤੇ ਹਸਤਾਖ਼ਰ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਨੇ ਪ੍ਰਤੀ ਸ਼ਰਧਾਲੂ ਲਾਈ 20 ਡਾਲਰ ਦੀ ਫੀਸ ਹਟਾਉਣ ਸਬੰਧੀ ਭਾਰਤ ਦੀ ਅਪੀਲ ਨਹੀਂ ਮੰਨੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਲੋਂ ਜਾਰੀ ਬਿਆਨ ਅਨੁਸਾਰ, ‘ਕਈ ਗੇੜ ਦੀ ਗੱਲਬਾਤ ਤੋਂ ਬਾਅਦ ਅਸੀਂ ਇੱਕ ਫੀਸ ਵਾਲੇ ਮੁੱਦੇ ਨੂੰ ਛੱਡ ਕੇ ਹੋਰ ਸਾਰੇ ਮੁੱਦਿਆਂ ਉੱਤੇ ਸਮਝੌਤੇ ਉੱਤੇ ਪੁੱਜ ਗਏ ਹਾਂ। ਇਹ ਫੀਸ 1420 ਰੁਪਏ ਪ੍ਰਤੀ ਸ਼ਰਧਾਲੂ ਬਣਦੀ ਹੈ। ਅਸੀਂ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸ਼ਰਧਾਲੂਆਂ ਦੇ ਹਿਤ ਵਿੱਚ ਇਸ ਫੈਸਲੇ ਨੂੰ ਵਾਪਿਸ ਲਵੇ। ਅਸੀਂ ਆਸ ਕਰਦੇ ਹਾਂ ਕਿ ਇਸ ਮਹਾਨ ਕਾਰਜ ਦੇ ਲਈ ਸਮਝੌਤਾ ਸਮੇਂ ਸਿਰ ਸਿਰੇ ਚੜ੍ਹ ਜਾਵੇਗਾ।’ ਦੂਜੇ ਪਾਸੇ ਪਾਕਿਸਤਾਨ ਸ਼ਰਧਾਲੂਆਂ ਦੇ ਗੁਰਦੁਆਰਾ ਕਰਤਾਰਪੁਰ ਦੀ ਯਾਤਰਾ ਦੇ ਸਮੇਂ ਦੌਰਾਨ ਭਾਰਤੀ ਕਾਊਂਸਲਰ ਅਧਿਕਾਰੀ ਨੂੰ ਤਾਇਨਾਤ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਮੌਕੇ ਦਸ ਹਜ਼ਾਰ ਸ਼ਰਧਾਲੂਆਂ ਨੂੰ ਪਰਮਿਟ ਦਿੱਤੇ ਜਾਣਗੇ। 90 ਦੇਸ਼ਾਂ ਦੇ ਰਾਜਦੂਤ ਪ੍ਰਕਾਸ਼ ਪੁਰਬ ਸਬੰਧੀ ਭਾਰਤ ਦੇ 20 ਦੂਤਘਰਾਂ ਅਤੇ ਕੌਂਸਲੇਟਸ ਵੱਲੋਂ ਕਰਵਾਏ ਜਾ ਰਹੇ ਆਖੰਡਪਾਠ, ਗੁਰਬਾਣੀ ਕੀਰਤਨ ਅਤੇ ਨਗਰ ਕੀਰਤਨ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ। ਵਿਦੇਸ਼ੀ ਰਾਜਦੂਤ ਇੱਕ ਵਿਸ਼ੇਸ਼ ਜਹਾਜ਼ ਵਿੱਚ ਆਉਣਗੇ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਇਨ੍ਹਾਂ ਦੀ ਅਗਵਾਈ ਕਰਨਗੇ।

ਸ਼ਰਧਾਲੂਆਂ ਲਈ ਚਾਰ ਮੁੱਖ ਮਾਰਗਾਂ ’ਤੇ ਹੋਵੇਗਾ ਪਾਰਕਿੰਗ ਤੇ ਲੰਗਰ ਦਾ ਪ੍ਰਬੰਧ

ਡੇਰਾ ਬਾਬਾ ਨਾਨਕ (ਬਟਾਲਾ) (ਦਲਬੀਰ ਸੱਖੋਵਾਲੀਆ): ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਲਈ ਸਥਾਨਕ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਨੂੰ 9 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਡੇਰਾ ਬਾਬਾ ਨਾਨਕ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਅਤੇ ਪਾਰਕਿੰਗ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ। ਸ੍ਰੀ ਢਿੱਲੋਂ ਨੇ ਦੱਸਿਆ ਕਿ ਸ਼ਰਧਾਲੂ ਮੁੱਖ ਚਾਰ ਮਾਰਗਾਂ- ਬਟਾਲਾ ਮਾਰਗ, ਗੁਰਦਾਸਪੁਰ ਤੋਂ ਕਲਾਨੌਰ ਮਾਰਗ, ਫਤਹਿਗੜ੍ਹ ਚੂੜੀਆਂ ਮਾਰਗ ਅਤੇ ਅੰਮ੍ਰਿਤਸਰ ਤੋਂ ਰਮਦਾਸ ਮਾਰਗ- ਰਾਹੀਂ ਡੇਰਾ ਬਾਬਾ ਨਾਨਕ ਪਹੁੰਚਣਗੇ। ਸ਼ਰਧਾਲੂਆਂ ਦੇ ਵਾਹਨਾਂ ਦੀ ਪਾਰਕਿੰਗ ਨੇੜੇ ਮਿੰਨੀ ਬੱਸ ਸਟੈਂਡ ਹੋਵੇਗਾ। ਇਸ ਦੇ ਨਾਲ ਹੀ ਉੱਥੇ ਲੰਗਰ, ਸਾਫ਼ ਸੁਥਰਾ ਪੀਣ-ਯੋਗ ਪਾਣੀ, ਹੈਲਪ ਡੈਸਕ, ਡਾਕਟਰੀ ਟੀਮਾਂ ਤਾਇਨਾਤ ਰਹਿਣਗੀਆਂ। ਸ਼ਰਧਾਲੂਆਂ ਨੂੰ ਇਸੇ ਸਥਾਨ ਤੋਂ ਟੈਂਟ ਸਿਟੀ, ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਕਰਤਾਰਪੁਰ ਲਾਂਘੇ ਤੱਕ ਪੰਜਾਬ ਸਰਕਾਰ ਵਲੋਂ ਉਪਲੱਬਧ ਕਰਵਾਏ ਵਾਹਨਾਂ ਰਾਹੀਂ ਲਿਜਾਇਆ ਜਾਵੇਗਾ। ਇਹ ਸਫ਼ਰ ਬਿਲਕੁਲ ਮੁਫ਼ਤ ਹੋਵੇਗਾ।ਟੈਂਟ ਸਿਟੀ ਵਿੱਚ ਸੰਗਤ ਦੀ ਰਿਹਾਇਸ਼ ਦਾ ਪ੍ਰਬੰਧ ਮੁਫ਼ਤ ਹੋਵੇਗਾ।

ਭਾਰਤ-ਪਾਕਿ ਸੀਮਾ ਨੂੰ ਸੁਲਤਾਨਪੁਰ ਲੋਧੀ ਨਾਲ ਜੋੜੇਗਾ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’

ਚਰਨਜੀਤ ਭੁੱਲਰ ਬਠਿੰਡਾ, 18 ਅਕਤੂਬਰ ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਸੁਲਤਾਨਪੁਰ ਲੋਧੀ ਤੱਕ ਦੇ ਕੌਮੀ ਸ਼ਾਹਰਾਹ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖਣ ਦਾ ਐਲਾਨ ਕੀਤਾ ਹੈ। ਕੇਂਦਰੀ ਆਵਾਜਾਈ ਮੰਤਰਾਲੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਫ਼ੈਸਲਾ ਲਿਆ ਹੈ ਅਤੇ ਇਸ ਨਾਮਕਰਨ ਸਬੰਧੀ ਫੌਰੀ ਕਾਰਵਾਈ ਲਈ ਕੌਮੀ ਸੜਕ ਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ 13 ਸਤੰਬਰ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਭੇਜ ਕੇ ਇਸ ਮਾਰਗ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖਣ ਲਈ ਬੇਨਤੀ ਕੀਤੀ ਗਈ ਸੀ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਅਧੀਨ ਸਕੱਤਰ ਨੇ 17 ਅਕਤੂਬਰ ਨੂੰ ਪੱਤਰ ਭੇਜ ਕੇ ਇਸ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਗਡਕਰੀ ਨੇ ਹਰਸਿਮਰਤ ਨੂੰ ਪੱਤਰ ਭੇਜ ਕੇ ਇਹ ਜਾਣਕਾਰੀ ਦਿੱਤੀ ਹੈ। ਸ੍ਰੀਮਤੀ ਬਾਦਲ ਨੇ ਇੱਥੇ ਜਾਰੀ ਬਿਆਨ ਵਿਚ ਸ੍ਰੀ ਗਡਕਰੀ ਦਾ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All