ਸੱਭਿਅਤਾ ਦੀ ਸ਼ੁਰੂਆਤ

ਫਰਾਂਸਿਸਕੋ ਕਿਊਰੇਟ/ਇਰਾ ਬਿਔਕ

ਬੜੇ ਸਾਲ ਪਹਿਲਾਂ, ਐਂਥਰੋਪੌਲੋਜਿਸਟ (ਮਾਨਵ ਵਿਗਿਆਨੀ) ਮਾਰਗਰੇਟ ਮੀਡ ਨੂੰ ਇਕ ਵਿਦਿਆਰਥੀ ਨੇ ਸਵਾਲ ਕੀਤਾ ਕਿ ਉਸ ਦੇ ਖ਼ਿਆਲ ਮੁਤਾਬਕ ਕਿਸੇ ਸੱਭਿਆਚਾਰ ਵਿਚ ਸੱਭਿਅਤਾ ਦਾ ਪਹਿਲਾ ਨਿਸ਼ਾਨ ਕੀ ਮੰਨਿਆ ਜਾ ਸਕਦਾ ਹੈ। ਵਿਦਿਆਰਥੀ ਦਾ ਖ਼ਿਆਲ ਸੀ ਕੀ ਬੀਬੀ ਮਾਰਗਰੇਟ ਮੱਛੀਆਂ ਫੜਨ ਦੇ ਕਾਂਟਿਆਂ, ਮਿੱਟੀ ਦੇ ਭਾਂਡਿਆਂ ਜਾਂ ਸਾਣ ਚਾੜ੍ਹਨ ਵਾਲੇ ਪੱਥਰਾਂ ਦਾ ਨਾਂ ਲਵੇਗੀ। ਪਰ ਨਹੀਂ। ਮੀਡ ਨੇ ਕਿਹਾ ਕਿ ਕਿਸੇ ਪ੍ਰਾਚੀਨ ਸੱਭਿਆਚਾਰ ਵਿਚ ਸੱਭਿਅਤਾ ਦਾ ਪਹਿਲਾ ਨਿਸ਼ਾਨ ਸੀ ਪੱਟ ਦੀ ਉਹ ਹੱਡੀ, ਜਿਹੜੀ ਟੁੱਟ ਗਈ ਸੀ ਤੇ ਫਿਰ ਜੁੜ ਵੀ ਗਈ। ਉਨ੍ਹਾਂ ਕਿਹਾ ਕਿ ਪ੍ਰਾਣੀ-ਜਗਤ ਵਿਚ ਜੇ ਤੁਹਾਡੀ ਲੱਤ ਟੁੱਟ ਗਈ ਤਾਂ ਮਤਲਬ ਤੁਸੀਂ ਮਰ ਗਏ। ਤੁਸੀਂ ਖ਼ਤਰੇ ਤੋਂ ਬਚਣ ਲਈ ਭੱਜ ਨਹੀਂ ਸਕਦੇ, ਪਾਣੀ ਪੀਣ ਲਈ ਦਰਿਆ ’ਤੇ ਨਹੀਂ ਜਾ ਸਕਦੇ ਤੇ ਨਾ ਹੀ ਖਾਣ ਲਈ ਸ਼ਿਕਾਰ ਕਰ ਸਕਦੇ ਹੋ। ਤੁਸੀਂ ਛੇਤੀ ਹੀ ਸ਼ਿਕਾਰੀ ਜਾਨਵਰਾਂ ਦੀ ਖ਼ੁਰਾਕ ਬਣ ਜਾਵੋਗੇ। ਕੋਈ ਜਾਨਵਰ ਟੁੱਟੀ ਲੱਤ ਨਾਲ ਇੰਨਾ ਚਿਰ ਜ਼ਿੰਦਾ ਨਹੀਂ ਰਹਿ ਸਕਦਾ ਕਿ ਉਸ ਦੀ ਲੱਤ ਦੀ ਹੱਡੀ ਜੁੜ ਜਾਵੇ। ਲੱਤ ਜੁੜ ਜਾਣੀ ਇਸ ਗੱਲ ਦਾ ਸਬੂਤ ਸੀ ਕਿ ਕੋਈ ਹੋਰ ਇਨਸਾਨ ਸਮਾਂ ਕੱਢ ਕੇ ਟੁੱਟੀ ਲੱਤ ਵਾਲੇ ਦੀ ਮਦਦ ਕਰ ਰਿਹਾ ਸੀ। ਉਸ ਦੇ ਜ਼ਖ਼ਮ (ਟੁੱਟੀ ਹੱਡੀ) ਨੂੰ ਬੰਨ੍ਹਿਆ, ਜ਼ਖ਼ਮੀ ਨੂੰ ਸਹਾਰਾ ਦੇ ਕੇ ਸੁਰੱਖਿਅਤ ਥਾਂ ਪਹੁੰਚਾਇਆ ਅਤੇ ਠੀਕ ਹੋ ਜਾਣ ਤੱਕ ਉਸ ਦੀ ਤੀਮਾਰਦਾਰੀ ਕੀਤੀ। ਬੀਬੀ ਮਾਰਗਰੇਟ ਨੇ ਕਿਹਾ, ‘‘ਔਖੇ ਵੇਲ਼ੇ ਕਿਸੇ ਦੀ ਮਦਦ ਕਰਨ ਤੋਂ ਹੀ ਸੱਭਿਅਤਾ ਦਾ ਮੁੱਢ ਬੱਝਦਾ ਹੈ।’’ ਅਸੀਂ ਸਭ ਤੋਂ ਚੰਗੇ ਇਨਸਾਨ ਉਦੋਂ ਹੀ ਹੁੰਦੇ ਹਾਂ, ਜਦੋਂ ਅਸੀਂ ਹੋਰਨਾਂ ਦੀ ਸੇਵਾ ਕਰਦੇ ਹਾਂ। ਇਸ ਲਈ ਸੱਭਿਅਕ ਬਣੋ।

ਪੇਸ਼ਕਸ਼: ਨਵਸ਼ਰਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All