ਸੱਜਣ ਕੁਮਾਰ ਖ਼ਿਲਾਫ਼ ਮੁਕੱਦਮੇ ਦਾ ਰਾਹ ਸਾਫ

ਐਡੀਸ਼ਨਲ ਸੈਸ਼ਨ ਜੱਜ ਵੱਲੋਂ 18 ਨੂੰ ਦੋਸ਼ ਆਇਦ ਕਰਨ ਦੇ ਹੁਕਮ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 15 ਮਈ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਸਿੱਖ ਵਿਰੋਧੀ ਦੰਗਿਆਂ ਵਿਚ ਹੱਤਿਆ ਅਤੇ ਦੋ ਫਿਰਕਿਆਂ ਦਰਮਿਆਨ ਵੈਰ-ਭਾਵ ਵਧਾਉਣ ਦੇ ਇਕ ਮਾਮਲੇ ਵਿਚ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਸੈਸ਼ਨ ਜੱਜ ਸੁਨੀਤਾ ਗੁਪਤਾ ਨੇ ਸੱਜਣ ਕੁਮਾਰ ਖ਼ਿਲਾਫ਼ ਮੁੱਢਲੇ ਸਬੂਤਾਂ ਦੀ ਪੜਚੋਲ ਤੋਂ ਬਾਅਦ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਉਸ ਦੇ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਸੀ.ਬੀ.ਆਈ. ਦੀ ਅਪੀਲ ਮਨਜ਼ੂਰ ਕਰ ਲਈ। ਅਦਾਲਤ ਨੇ ਕਿਹਾ ਕਿ ਧਾਰਾ 302 (ਹੱਤਿਆ), 395 (ਡਕੈਤੀ), 427 (ਸੰਪਤੀ ਦੀ ਭੰਨਤੋੜ), 153ਏ (ਵੱਖ-ਵੱਖ ਤਬਕਿਆਂ ਦਰਮਿਆਨ ਵੈਰ-ਭਾਵ ਉਪਜਾਉਣ)  ਤਹਿਤ ਬਾਕਾਇਦਾ ਦੋਸ਼ 18 ਮਈ ਨੂੰ ਆਇਦ ਕੀਤੇ ਜਾਣਗੇ। ਇਸ ਦੇ ਨਾਲ ਹੀ ਮੁਕੱਦਮੇ ਲਈ ਰਾਹ ਸਾਫ ਹੋ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸਾਂ ਸਬੰਧੀ ਸੁਣਵਾਈ ਛੇ ਮਹੀਨਿਆਂ ਦੇ ਅੰਦਰ-ਅੰਦਰ ਨਿਬੇੜਨ ਦਾ ਹੁਕਮ ਦਿੱਤਾ ਸੀ। ਸੀ.ਬੀ.ਆਈ. ਨੇ ਸੱਜਣ ਕੁਮਾਰ ’ਤੇ ਦੰਗਿਆਂ ਦੌਰਾਨ ਸਿੱਖਾਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ ਲਗਾਏ ਸਨ ਜਿਸ ਕਰਕੇ ਦਿੱਲੀ ਦੇ ਛਾਉਣੀ ਇਲਾਕੇ ਵਿਚ ਪੰਜ ਵਿਅਕਤੀ ਮਾਰੇ ਗਏ ਸਨ। ਦੂਜੇ ਬੰਨੇ ਮੁਲਜ਼ਮ ਸੱਜਣ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਸੀ.ਬੀ.ਆਈ. ਦੇ ਗਵਾਹ ਭਰੋਸੇਮੰਦ ਨਹੀਂ ਹਨ ਕਿਉਂਕਿ ਉਹ ਪਹਿਲਾਂ ਕਈ ਵਾਰ ਆਪਣੇ ਬਿਆਨ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਇਕ ਅਦਾਲਤ ਪੁਲੀਸ ਦੀ ਰਿਪੋਰਟ ਸਵੀਕਾਰ ਕਰਕੇ ਪਹਿਲਾਂ ਹੀ ਉਸ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਇਸ ਲਈ ਸੀ.ਬੀ.ਆਈ. ਭਾਵੇਂ ਮੁੜ ਕੇਸ ਦਰਜ ਕਰ ਲਵੇ, ਪਰ ਇਹ ਕੇਸ ਟਿਕ ਨਹੀਂ ਸਕਦਾ। ਨਵੀਂ ਦਿੱਲੀ ਤੋਂ ਪੱਤਰ ਪ੍ਰੇਰਕ ਦੀ ਰਿਪੋਰਟ ਅਨੁਸਾਰ ਨਵੰਬਰ, 1984 ’ਚ ਹੋਈਆਂ ਹਿੰਸਕ ਘਟਨਾਵਾਂ ਨਾਲ ਸਬੰਧਤ ਦੋ ਮਾਮਲਿਆਂ ਦੀ ਸੁਣਵਾਈ ਇਥੋਂ ਦੀ ਰੋਹਿਣੀ ਅਦਾਲਤ ’ਚ ਹੋਈ ਜਿਸ ’ਚ ਸੱਜਣ ਕੁਮਾਰ ਨਾਲ ਸਬੰਧਤ ਦੋ ਮਾਮਲਿਆਂ ਵਿਚੋਂ ਇਕ ਮੁਕੱਦਮੇ ਦੀਆਂ ਦੋਨਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਈਆਂ ਤੇ ਦੂਜੇ ਮਾਮਲੇ ’ਚ ਇਕ ਅਹਿਮ ਗਵਾਹ ਵੱਲੋਂ ਹਲਫੀਆ ਬਿਆਨ ਤੇ ਅਰਜ਼ੀ ਦਾਖਲ ਕੀਤੀ ਗਈ। ਨਾਂਗਲੋਈ ਥਾਣੇ ਨਾਲ ਸਬੰਧਤ ਇਨ੍ਹਾਂ ਮਾਮਲਿਆਂ ਬਾਰੇ ਕ੍ਰਮਵਾਰ 21 ਤੇ 22 ਮਈ ਨੂੰ ਅਦਾਲਤ ਅਗਲੀ ਕਾਰਵਾਈ ਕਰੇਗੀ। ਰੋਹਿਣੀ ਦੇ ਵਧੀਕ ਸੈਸ਼ਨ ਜੱਜ ਵੀ.ਕੇ. ਗੋਇਲ ਦੀ ਅਦਾਲਤ ’ਚ 1984 ਦੰਗਿਆਂ ਨਾਲ ਸਬੰਧਤ ਚਾਰਜਸ਼ੀਟ ਦੇ ਗੁੰਮ ਹੋਣ ਦੇ ਮਾਮਲੇ ’ਚ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਫੈਸਲਾ ਰਾਖਵਾਂ ਕਰ ਲਿਆ ਹੈ ਤੇ 21 ਮਈ ਨੂੰ ਚਾਰਜਸ਼ੀਟ ਬਾਰੇ ਸੁਣਵਾਈ ਹੋਵੇਗੀ। ਵਿਸ਼ੇਸ਼ ਸਰਕਾਰੀ ਵਕੀਲ ਬੀ.ਐਸ. ਜੂਨ ਨੇ ਦਲੀਲ ਦਿੱਤੀ ਕਿ ਪੁਲੀਸ ਮੁੜ ਤੋਂ ਚਾਰਜਸ਼ੀਟ ਦਾਖਲ ਕਰੇ ਜਦੋਂ ਕਿ ਪੁਲੀਸ ਦਾ ਕਹਿਣਾ ਸੀ ਕਿ ਇਹ ਚਾਰਜਸ਼ੀਟ ਨਾਲ ਜੋੜ ਕੇ ਪਹਿਲਾਂ ਹੀ ਪੇਸ਼ ਕੀਤੀ ਗਈ ਸੀ। ਇਹ ਚਾਰਜਸ਼ੀਟ 18 ਸਾਲ ਪਹਿਲਾਂ ਹੀ ਅਦਾਲਤ ’ਚ ਪੇਸ਼ ਕਰ ਦਿੱਤੀ ਗਈ ਸੀ, ਪਰ ਫਿਰ ਇਸ ਨੂੰ ਗੁੰਮ ਹੋਈ ਦੱਸਿਆ ਜਾਂਦਾ ਰਿਹਾ ਸੀ।  ਇਸੇ ਹੀ ਅਦਾਲਤ ’ਚ ਦੂਜੇ ਮੁਕੱਦਮੇ ਦੇ ਅਹਿਮ ਗਵਾਹ ਗੁਰਬਚਨ ਸਿੰਘ ਵੱਲੋਂ ਉਸ ਦੀ ਗਵਾਹੀ ਮੁੜ ਤੋਂ ਲੈਣ ਦੀ ਅਰਜ਼ੀ ਪਾਈ ਗਈ ਤੇ ਹਲਫੀਆ ਬਿਆਨ ਵੀ ਦਿੱਤਾ ਗਿਆ। ਵਕੀਲ ਐਚ.ਐਸ. ਫੂਲਕਾ ਨੇ ਦੱਸਿਆ ਕਿ ਗੁਰਬਚਨ ਸਿੰਘ ਨੇ 1985 ’ਚ ਸੱਜਣ ਕੁਮਾਰ ਵਿਰੁੱਧ ਗਵਾਹੀ ਦਿੱਤੀ ਸੀ ਤੇ ਪੁਲੀਸ ਤੇ ਪੁਲੀਸ ਵੱਲੋਂ 4-5 ਵਾਰ ਉਸ ਨੂੰ ਬੁਲਾ ਕੇ ਪੁੱਛ-ਪੜਤਾਲ ਕੀਤੀ ਗਈ ਸੀ। ਹਰ ਵਾਰ ਹੀ ਗੁਰਬਚਨ ਸਿੰਘ ਨੇ ਨਾਂਗਲੋਈ ’ਚ ਹੋਏ ਕਤਲੇਆਮ ਵੇਲੇ ਸੱਜਣ ਕੁਮਾਰ ਦੇ ਉਥੇ ਹੋਣ ਬਾਰੇ ਗਵਾਹੀ ਦਿੱਤੀ ਸੀ, ਪਰ ਪੁਲੀਸ ਨੇ ਸੱਜਣ ਕੁਮਾਰ ਦਾ ਨਾਂ ਹਟਾ ਕੇ ਹੋਰਾਂ ਦੇ ਵਿਰੁੱਧ ਚਾਰਜਸ਼ੀਟ ਪੇਸ਼ ਕਰ ਦਿੱਤੀ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਗੁਰਬਚਨ ਸਿੰਘ ਟੈਂਪੂ ਚਾਲਕ ਹੈ ਤੇ ਉਸ ਨੂੰ ਧਮਕਾਇਆ ਗਿਆ ਸੀ ਕਿ ਜੇ ਉਸ ਨੇ ਸੱਜਣ ਕੁਮਾਰ ਵਿਰੁੱਧ ਕੋਈ ਵੀ ਸ਼ਬਦ ਬੋਲਿਆ ਤਾਂ ਉਸ ਦੇ ਤਿਪਹੀਆ ਵਾਹਨ ’ਤੇ ਟਰੱਕ ਚਾੜ੍ਹ ਦਿੱਤਾ ਜਾਵੇਗਾ। ਧਮਕੀਆਂ ਤੋਂ ਉਹ ਇਸ ਕਦਰ ਭੈਭੀਤ ਹੋ ਗਿਆ ਕਿ ਗੁਰਬਚਨ ਸਿੰਘ ਦਿਲ ਦਾ ਰੋਗੀ ਬਣ ਗਿਆ। ਦਿਲ ਦਾ ਦੌਰਾ ਪੈਣ ਕਰਕੇ ਉਸ ਨੇ ਤਰੀਕਾਂ ਵੀ ਲਈਆਂ ਸਨ। ਸ੍ਰੀ ਫੂਲਕਾ ਨੇ ਦੱਸਿਆ ਕਿ ਹੁਣ ਗੁਰਬਚਨ ਸਿੰਘ ਨੇ ਅਦਾਲਤ ’ਚ ਕਿਹਾ ਕਿ ਉਸ ਨੂੰ ਕੋਈ ਡਰ ਨਹੀਂ ਤੇ ਆਪਣੀ ਗਵਾਹੀ ਦੇਵੇਗਾ। ਰੋਹਿਣੀ ਦੀ ਅਦਾਲਤ ਉਸ ਦੀ ਅਰਜ਼ੀ ਉਪਰ 22 ਮਈ ਨੂੰ ਸੁਣਵਾਈ ਕਰੇਗੀ। ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ’ਚ ਹੋਏ 8 ਕਤਲ ਦੇ ਮਾਮਲਿਆਂ ਦੀ ਸੁਣਵਾਈ ਰੋਹਿਣੀ ਦੀ ਅਦਾਲਤ ’ਚ ਹੋ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All