ਸ੍ਰੀ ਗੁਰੂ ਅਰਜਨ ਦੇਵ ਜੀ (ਭਾਗ ਦੂਜਾ)

ਸੰਪਾਦਕ: ਡਾ. ਕਿਰਪਾਲ ਸਿੰਘ, ਚੰਡੀਗੜ੍ਹ ਪੰਨੇ: 664,ਮੁੱਲ: 135 ਰੁਪਏ, ਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ) ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਿਰਤ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ (ਭਾਗ ਦੂਜਾ), ਹਿਸਟੋਰੀਅਨ ਡਾ. ਕਿਰਪਾਲ ਸਿੰਘ ਦੁਆਰਾ ਸੰਪਾਦਤ ਇਕ ਦਿਲਚਸਪ, ਪਰ ਗਿਆਨ ਭਰਪੂਰ ਅਧਿਐਨ ਹੈ। ਨੌਵੀਂ ਜਿਲਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ। ‘ਬਹੁ ਸ਼ਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ ਪੂਜਸ ਨਾਹੀ ਹਰਿ ਹਰੇ ਨਾਨਕ ਆਪ ਅਮੋਲ ਡਾ. ਕਿਰਪਾਲ ਸਿੰਘ ਦੇ ਸੰਪਾਦਨ ਅਧੀਨ ਖੋਜੀ-ਵਿਦਵਾਨਾਂ ਦੀ ਟੀਮ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ ਅਧੀਨ ਵੱਡਮੁੱਲਾ ਕੰਮ ਕਰ ਰਹੀ ਹੈ। ਸੰਪਾਦਕ ਅਨੁਸਾਰ ਪੁਰਾਤਨ ਇਤਿਹਾਸਕ ਸਾਹਿਤ ਦੀ ਪੜਚੋਲ ਕਰਕੇ ਇਤਿਹਾਸਕ ਪਰਿਪੇਖ ਵਿੱਚ ਗੁਰਮਤਿ ਅਨੁਸਾਰ ਸਾਹਿਤ ਸੰਪਾਦਨ ਇਕ ਵੱਡਾ ਮਨੋਰਥ ਹੈ। ਮੂਲ ਲਿਖਤ ਨੂੰ ਅਖੰਡ ਰੱਖਦਿਆਂ ਉਸ ਪਾਠ ਨੂੰ ਭੰਗ ਨਾ ਕਰਕੇ ਨਵੀਂ ਤਰਤੀਬ ਦੇ ਕੇ ਵਿਆਖਿਆ ਕਰਦਿਆਂ ਸਹਾਇਕ ਰਿਸਰਚ ਸਕਾਲਰ ਸੁਖਮਿੰਦਰ ਸਿੰਘ ਗੱਜਣਵਾਲਾ, ਚਮਕੌਰ ਸਿੰਘ, ਬੀਬੀਆ ਬਲਜੀਤ ਕੌਰ ਅਤੇ ਹਰਜੀਤ ਕੌਰ ਨਾਲ ਅਮਰਜੀਤ ਸਿੰਘ ਜਿਹੇ ਸਿਰੜੀ-ਸਿਦਕੀ ਕਾਮਿਆਂ ਨੇ ਸੰਪਾਦਨ ਸਹਿਯੋਗ ਦਿੱਤਾ ਹੈ। ਪ੍ਰਕਾਸ਼ਨ ਉਪਰੰਤ ਇਹ ਵੱਡਾ ਤੇ ਉਪਯੋਗੀ ਕਾਰਜ ਸਿੱਖ ਧਰਮ ਤੇ ਇਸ ਨਾਲ ਜੁੜੇ ਅਨੁਯਾਈਆਂ ਵਾਸਤੇ ਹੀ ਨਹੀਂ, ਸਮੁੱਚੀ ਮਨੁੱਖਤਾ ਲਈ ਵੀ ਇਕ ਜ਼ੋਰਦਾਰ ਕੰਮ ਹੈ। ਫੁੱਟ ਨੋਟਾਂ ਰਾਹੀਂ ਸਪਸ਼ੀਟਕਰਨ ਦਿੰਦਿਆਂ ਇਸ ਸੰਪਾਦਨ ਨੂੰ ਵਧੇਰੇ ਖੋਜ ਪੂਰਨ ਤੇ ਪਰਿਪੱਕ ਬਣਾਇਆ ਗਿਆ ਹੈ। ਗੁਰਦੁਆਰਿਆਂ ਵਿੱਚ ਰੋਜ਼ ਸ਼ਾਮੀਂ ਹੋਣ ਵਾਲੀ ਕਥਾ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਨੂੰ ਸਭ ਤੋਂ ਪਹਿਲਾਂ ਤਰਤੀਬ ਦਿੱਤੀ ਗਈ ਹੈ। ਡਾ. ਕਿਰਪਾਲ ਸਿੰਘ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੂਸਰੀ (ਹੱਥਲੀ) ਪੋਥੀ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਹੋਇਆ ਹੈ। ਮਸ਼ਹੂਰ ਹਿਸਟੋਰੀਅਨ ਟਾਈਨ ਬੀ ਅਨੁਸਾਰ ਇਹ ਇਕ ਅਦੁੱਤੀ ਗ੍ਰੰਥ ਹੈ। ਅਛੂਤ, ਹਿੰਦੂ, ਮੁਸਲਮਾਨ ਆਦਿ ਸਾਰੇ ਧਰਮਾਂ ਦੇ ਸੰਤਾਂ, ਗੁਰੂਆਂ ਦੀ ਬਾਣੀ ਸਾਰੀ ਦੁਨੀਆਂ ਲਈ ਪ੍ਰਸਤੁਤ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਪੱਖਾਂ ’ਤੇ ਨੋਟ ਦਰਜ ਹੋਏ ਹਨ। ਵਿਸ਼ਾ ਸੂਚੀ ਲਗਪਗ ਪੱਤਰ ਸਿਰਲੇਖ ਪ੍ਰੋੜ੍ਹਤਾ ਕਰਦੇ ਹਨ ਕਿ ਸੰਪਾਦਨ ਕਾਰਜ ਟੀਚੇ ਨੂੰ ਸਾਹਮਣੇ ਰੱਖ ਕੇ ਹੋਇਆ ਹੈ। ਗੁਰੂ ਜੀ ਦੇ ਲੋਕ ਭਲਾਈ ਕਾਰਜਾਂ ਅਤੇ ਪ੍ਰਚਾਰ ਦੌਰਿਆਂ ਦਾ ਵੇਰਵਾ ਵੀ ਦਰਜ ਹੈ। ਵਿਦਵਾਨ ਸੰਪਾਦਕ ਦਾ ਕਥਨ ਹੈ ਕਿ ਗੁਰੂ ਸਾਹਿਬ ਨੇ ਬਹੁਤੇ ਪਿੰਡਾਂ ਦਾ ਦੌਰਾ ਕਰਦਿਆਂ ਮੀਂਹ ਨਾ ਪੈਣ ਕਾਰਨ ਪਾਣੀ ਦੀ ਘਾਟ ਪੂਰੀ ਕਰਨ ਲਈ ਦੁਹਚੇਟ, ਚੁਹਰਟੇ ਲਗਵਾਏ ਸਨ। ਅਰਜਨ ਦੇਵ ਜੀ ਮਹਾਰਾਜ ਨੇ ਇਕ ਵੱਡੇ ਖੂਹ ਨੂੰ ‘ਛੇਹਰਟ’ ਲਗਵਾ ਕੇ ਨਵਾਂ ਉਦਾਹਾਰਨ ਪੇਸ਼ ਕੀਤਾ ਸੀ। ਛੇਹਰਟਾ ਕਸਬਾ ਇਥੇ ਹੀ ਆਬਾਦ ਹੋਇਆ ਮੰਨਿਆ ਜਾਂਦਾ ਹੈ। ਅਕਬਰਨਾਮਾ ਵਿੱਚ ਦਰਜ ਹੈ ਕਿ ਕਾਲ ਪੀੜਤ ਜਨਤਾ ਦੇ ਕਸ਼ਟ ਨਿਵਾਰਨ ਲਈ ਅਕਬਰ ਬਾਦਸ਼ਾਹ ਨੂੰ ਉਹ ਮਿਲੇ ਸਨ ਜਿੱਥੇ ਮਾਲੀਏ ਦਾ ਵੱਡਾ ਹਿੱਸਾ ਉਨ੍ਹਾਂ ਮੁਆਫ ਕਰਵਾਇਆ ਸੀ। ਤਰਨ ਤਾਰਨ, ਕਰਤਾਰਪੁਰ ਤੇ ਹਰਗੋਬਿੰਦਪੁਰ ਸਾਹਿਬ ਆਦਿ ਗੁਰੂ ਜੀ ਦੇ ਆਬਾਦ ਕੀਤੇ ਨਗਰ ਹਨ। ਸਿੱਖੀ ਤੇ ਇਸ ਦੇ ਪ੍ਰਚਾਰ ਵਿੱਚ ਇਹ ਸਹਾਇਕ ਸਿੱਧ ਹੋਏ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਕ-ਇਕ ਲਾਈਨ ਨਾਲ ਇਸ ਦਾ ਅਨੁਵਾਦ ਸੌਖੀ ਭਾਸ਼ਾ ਵਿੱਚ ਹੋਇਆ ਹੈ। ਇਕ ਪੰਨੇ ’ਤੇ ਮੂਲ ਪਾਠ ਅਤੇ ਉਸ ਦੇ ਸਾਹਮਣੇ ਅਨੁਵਾਦ ਪ੍ਰਕਾਸ਼ਤ ਹੋਇਆ ਹੈ, ਜੋ ਪ੍ਰਸੰਗ ਨੂੰ ਸੁਖਾਲਾ ਬਣਾ ਰਿਹੈ। ਖਾਲਸਾ ਸਮਾਚਾਰ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਪੁਸਤਕਾਂਨੂੰ ਆਧਾਰ ਮੰਨ ਕੇ ਇਹ ਕੰਮ ਨੇਪਰੇ ਚਾੜ੍ਹਿਆ ਹੈ। ਕਿਤੇ ਕਿਧਰੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਪੇ ਗ੍ਰੰਥਾਂ ਦੀ ਮਦਦ ਵੀ ਲਈ ਗਈ ਹੈ। ਸ਼ਬਦਾਰਥ ਪੋਥਿਆਂ ਨਾਲ ਮੇਲ ਕੇ ਕਾਰਜ ਸਾਧਨਾ ਹੋਈ ਹੈ। ਪੁਸਤਕ ਦੀ ਪ੍ਰਸਤਾਵਨਾ ਅਤੇ ਅਰਥਾਂ ਵਿਚਲੀ ਸਹੂਲਤ ਲਈ ਪੈਂਤੀ ਦੇ ਪੂਰੇ ਅੱਖਰ ਲਗਾਏ ਗਏ ਹਨ। ਔਖੇ ਸ਼ਬਦਾਂ ਦੇ ਨੰਬਰ ਮੂਲ ਪਾਠ ਵਿੱਚ ਹੀ ਨਹੀਂ, ਅਰਥਾਂ ਨਾਲ ਲਿਖ ਕੇ ਵੀ ਕੰਮ ਸੌਖਾ ਕਰ ਲਿਆ ਹੈ। ਫੁੱਟ ਨੋਟ ਦੇ ਸੰਕੇਤ ਨੰਬਰ ਵੀ ਮੋਟੇ ਤੇ ਬੈ੍ਰਕਟਾਂ ਵਿੱਚ ਦਰਜ ਮਿਲਦੇ ਹਨ। ਮਿਥਿਹਾਸਕ ਪੱਧਰ ’ਤੇ ਪੇਸ਼ ਕਰਕੇ ਕਾਰਜ ਸੰਪਾਦਨਾ ਨੂੰ ਸਫਲ ਸਿੱਧ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਗੁਰੂ ਅਰਜਨ ਸਾਹਿਬ ਪ੍ਰਚਾਰ ਤੇ ਲੋਕ ਭਲਾਈ ਕਾਰਜ ਨਗਰ ਵਸਾਉਣ ਤੋਂ ਬਾਅਦ ਰਾਸ ਤੀਜੀ ਵਿੱਚ ਕਾਸ਼ੀ ਦਾ ਪੰਡਤ ਬੁੱਢਾ ਜੀ, ਮੋਹਨ ਜੀ ਪਾਸੋਂ ਭਾਈ ਗੁਰਦਾਸ ਨਾਲ ਪੋਥੀਆਂ ਲੈਣ ਗਏ। ਬਾਬਾ ਮੋਹਰੀ ਨਾਲ ਮੇਲ, ਖਡੂਰ ਸਾਹਿਬ ਵਿੱਚ ਦਾਤੂ ਜੀ ਨਾਲ ਗੁਰੂ ਜੀ ਦੀ ਮੁਲਾਕਾਤ ਅੰਮ੍ਰਿਤਸਰ ਦੀ ਏਕਾਂਤ ਥਾਂ ਜਿਹੇ ਪੰਜਾਹ ਤੋਂ ਵੱਧ ਪ੍ਰਸੰਗ ਹਥਲੇ ਭਾਗ (ਦੂਸਰੇ) ਵਿੱਚ ਮਿਲਦੇ ਹਨ। ਸੰਪਾਦਕ ਦੀ ਦ੍ਰਿਸ਼ਟੀ ਤੋਂ ਗ੍ਰੰਥ ਅਨੁਵਾਦ, ਤਰਤੀਬ ਤੇ ਪੇਸ਼ਕਾਰੀ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਤਿਆਰ ਕਰਵਾਇਆ ਇਹ ਇਕ ਅਨਮੋਲ ਗ੍ਰੰਥ ਹੈ। ਇਸ ਲਈ ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹਨ। ਡਾ. ਕਿਰਪਾਲ ਸਿੰਘ ਹਿਸਟੋਰੀਅਨ ਤੇ ਉਨ੍ਹਾਂ ਦੇ ਖੋਜ ਸਹਾਇਕਾਂ ਦੀ ਮਿਹਨਤ ਦਾ ਕਾਰਜ ਵੀ ਸ਼ਲਾਘਾਯੋਗ ਹੈ। ਗੁਰੂਸਿੱਖ ਭਰਾ-ਭੈਣਾਂ ਤੇ ਹੋਰ ਨਾਗਰਿਕ ਪੁਸਤਕ ਤੋਂ ਰੱਜਵਾਂ ਲਾਭ ਉਠਾ ਸਕਦੇ ਹਨ। ਛਪਾਈ ਜਿਲਦਬੰਦੀ ਆਦਿ ਕਾਰਜ ਚੰਗੇਰੇ ਨੇਪਰੇ ਚੜ੍ਹੇ ਹਨ। ਹੱਥਲੇ ਗ੍ਰੰਥ ਦੀ ਸੰਪਾਦਨਾ ਲਈ ਡਾ. ਕਿਰਪਾਲ ਸਿੰਘ ਦੀ ਲਗਨ, ਨਿਗਰਾਨੀ ਦੀ ਸ਼ਲਾਘਾ ਕਰਨੀ ਬਣਦੀ ਹੈ।

-ਫੂਲ ਚੰਦ ਮਾਨਵ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All