ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਡਾ. ਨਰੇਸ਼

ਸਾਹਿਤ ਦੀ ਇਤਿਹਾਸਕਾਰੀ ਕਿਸੇ ਵੀ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੀ ਹੈ ਕਿਉਂਕਿ ਕੌਮ ਦੀ ਸੋਚ ਦੇ ਵਿਕਾਸ ਲਈ ਲੋਕਾਂ ਦਾ ਕਵੀਆਂ-ਲੇਖਕਾਂ ਦੇ ਚਿੰਤਨ ਤੋਂ ਜਾਣੂੰ ਹੋਣਾ ਜ਼ਰੂਰੀ ਹੁੰਦਾ ਹੈ। ਕਵੀ ਅਤੇ ਲੇਖਕ ਆਪਣੀ ਕੌਮ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਪੰਜਾਬੀ ਸਾਹਿਤ ਦੀਆਂ ਜਿੰਨੀਆਂ ਵੀ ਇਤਿਹਾਸ ਜਾਂ ਇਤਿਹਾਸ ਸਬੰਧੀ ਜਾਣਕਾਰੀਆਂ ਉਪਲੱਬਧ ਕਰਾਉਣ ਵਾਲੀਆਂ ਪੁਸਤਕਾਂ ਅੱਜ ਤਕ ਪ੍ਰਕਾਸ਼ਿਤ ਹੋਈਆਂ ਹਨ, ਉਨ੍ਹਾਂ ਦੇ ਰਚਨਾਕਾਰਾਂ ਦੀ ਸ਼ਲਾਘਾ ਨਾ ਕਰਨਾ ਉਨ੍ਹਾਂ ਨਾਲ ਬੇਇਨਸਾਫ਼ੀ ਕਰਨਾ ਹੈ। ਪਰ ਇਸ ਦਾ ਕੀ ਕੀਤਾ ਜਾਵੇ ਕਿ ਸਾਹਿਤ-ਇਤਿਹਾਸ ਦਾ ਗੰਭੀਰ ਪਾਠਕ ਆਪਣੇ ਜਿਨ੍ਹਾਂ ਸਵਾਲਾਂ ਦੇ ਜਵਾਬ ਭਾਲਦਾ ਹੈ, ਉਹ ਕਿਸੇ ਵੀ ਪੁਸਤਕ ਤੋਂ ਨਹੀਂ ਮਿਲ ਰਹੇ। ਉਸ ਦਾ ਪਹਿਲਾ ਸਵਾਲ ਇਹ ਹੈ ਕਿ ਭਾਸ਼ਾ ਦੇ ਕਥਨ ਅਤੇ ਸ਼ੈਲੀ ਵਿਚ ਸਮੇਂ-ਸਮੇਂ ’ਤੇ ਹੁੰਦੀਆਂ ਰਹੀਆਂ ਤਬਦੀਲੀਆਂ ਦੇ ਕਾਰਨ ਕੀ ਸਨ? ਦੂਜਾ ਸਵਾਲ ਇਹ ਹੈ ਕਿ ਕਵੀਆਂ-ਲੇਖਕਾਂ ਦੀ ਸੋਚ ਵਿਚ ਵਾਪਰੀਆਂ ਤਬਦੀਲੀਆਂ ਕਾਰਨ ਵਿਸ਼ਾ-ਵਸਤੂ ਵਿਚ ਆਉਂਦੀਆਂ ਰਹੀਆਂ ਤਬਦੀਲੀਆਂ ਦਾ ਆਧਾਰ ਕੀ ਰਿਹਾ ਹੈ। ਗੰਭੀਰ ਪਾਠਕ ਇਹ ਵੀ ਚਾਹੁੰਦਾ ਹੈ ਕਿ ਪੰਜਾਬੀ ਸਾਹਿਤ, ਮੁੱਢ ਤੋਂ ਲੈ ਕੇ ਹੁਣ ਤੱਕ, ਆਪਣੀਆਂ ਸਮੂਹ ਖ਼ੂਬੀਆਂ-ਖ਼ਾਮੀਆਂ ਸਹਿਤ ਉਸ ਦੇ ਸਾਹਮਣੇ ਹੋਵੇ ਤਾਂ ਜੋ ਉਸ ਦੇ ਅੰਦਰ ਸਾਹਿਤਕਾਰਾਂ ਦੀ ਸਾਹਿਤ ਸੇਵਾ ਦਾ ਮੁੱਲ ਪਾਉਣ ਦੀ ਸੋਝੀ ਪੈਦਾ ਹੋਵੇ। ਜਿਆਂ ਬਰਾਡ ਕੋਇਟਸ ਦਾ ਕਥਨ ਯਾਦ ਆਉਂਦਾ ਹੈ ਕਿ ‘‘ਜੇਕਰ ਵਰਤਮਾਨ ਕਾਲ ਦੇ ਬੋਧ ਅਤੇ ਚਿੰਤਨ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਤਾਂ ਸਾਹਿਤ ਦਾ ਇਤਿਹਾਸ ਬੀਤੇ ਦੀਆਂ ਘਟਨਾਵਾਂ ਅਤੇ ਵਾਰਦਾਤਾਂ ਦਾ ਢੇਰ ਬਣ ਕੇ ਰਹਿ ਜਾਂਦਾ ਹੈ।’’ ਸਾਹਿਤ ਦੇ ਇਤਿਹਾਸ ਵਿਚ ਰਚਨਾਕਾਰਾਂ ਦੇ ਨਾਵਾਂ ਦਾ ਜ਼ਿਕਰ ਅਤੇ ਉਨ੍ਹਾਂ ਦੀ ਸੰਖੇਪ ਜੀਵਨੀ ਵੀ ਜ਼ਰੂਰੀ ਹੁੰਦੀ ਹੈ, ਪਰ ਉਸ ਤੋਂ ਵੀ ਵੱਧ ਜ਼ਰੂਰੀ ਹੁੰਦਾ ਹੈ, ਉਨ੍ਹਾਂ ਦੇ ਸਮਿਆਂ ਦੇ ਹਾਲਾਤ ਅਤੇ ਰੁਝਾਨਾਂ ਦਾ ਵਰਨਣ। ਇਸ ਦੇ ਰਾਹੀਂ ਹੀ ਉੱਨਤੀ ਦੀਆਂ ਮੰਜ਼ਿਲਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਉਂਜ, ਮੈਂ ਰੈਨੇ ਵੇਲੈਕ ਨਾਲ ਸਹਿਮਤ ਹਾਂ ਕਿ ‘‘ਸਾਹਿਤ ਦੇ ਇਤਿਹਾਸ ਦਾ ਮੂਲ ਉਦੇਸ਼ ਪਾਠਕ ਨੂੰ ਸਾਹਿਤ ਦੀ ਰਵਾਇਤ, ਉਸ ਦੇ ਵਿਕਾਸ ਅਤੇ ਉਸ ਦੀ ਨਿਰੰਤਰਤਾ ਤੋਂ ਜਾਣੂ ਕਰਾਉਣਾ ਹੁੰਦਾ ਹੈ।’’ ਹੱਥ-ਲਿਖਤਾਂ ਦੀ ਤਲਾਸ਼ ਅਤੇ ਉਨ੍ਹਾਂ ਦੀ ਘੋਖ-ਪੜਤਾਲ ਬਿਨਾਂ ਸਾਹਿਤ ਦਾ ਮੁਕੰਮਲ ਇਤਿਹਾਸ ਲਿਖਣਾ ਸੰਭਵ ਨਹੀਂ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਇਸ ਪਾਸੇ ਘੱਟ ਧਿਆਨ ਦਿੱਤਾ ਹੈ। ਵਿਭਿੰਨ ਲਿਪੀਆਂ, ਵਿਸ਼ੇਸ਼ ਕਰਕੇ ਸ਼ਾਹਮੁਖੀ ਲਿਪੀ ਵਿਚ ਸੁਰੱਖਿਅਤ ਸਾਹਿਤ ਤਕ ਪਹੁੰਚ ਕੀਤੇ ਬਿਨਾਂ ਵੀ ਇਤਿਹਾਸਕਾਰੀ ਅਧੂਰੀ ਹੀ ਰਹੇਗੀ। ਇਸ ਲਈ ਸਿਰੜ ਦੀ ਲੋੜ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਸਿਰੜਪੂਰਨ ਖੋਜ ਦੌਰਾਨ ਪ੍ਰਾਪਤ ਹੋਇਆ ਸਾਹਿਤ ਉੱਚ ਕੋਟੀ ਦਾ ਸਾਹਿਤ ਹੀ ਹੋਵੇ, ਪਰ ਉਹ ਸਾਡੇ ਇਤਿਹਾਸ ਦਾ ਹਿੱਸਾ ਹੁੰਦਾ ਹੈ ਅਤੇ ਉਸ ਦਾ ਆਪਣਾ ਮਹਤੱਵ ਵੀ ਹੁੰਦਾ ਹੈ। ਨਿਰੰਤਰਤਾ ਸਾਹਿਤ-ਇਤਿਹਾਸਕਾਰੀ ਦੀਆਂ ਮੁੱਢਲੀਆਂ ਸ਼ਰਤਾਂ ਵਿਚੋਂ ਇਕ ਹੈ। ਸਮੇਂ ਦੇ ਖੱਪੇ ਇਤਿਹਾਸ ਨੂੰ ਅੱਧਾ-ਅਧੂਰਾ ਬਣਾ ਦਿੰਦੇ ਹਨ। ਬਾਬਾ ਫ਼ਰੀਦ ਤੇਰ੍ਹਵੀਂ ਸਦੀ ਵਿਚ ਉੱਚ ਕੋਟੀ ਦਾ ਸੂਫ਼ੀ-ਕਾਵਿ ਰਚਦੇ ਹਨ, ਪਰ ਉਨ੍ਹਾਂ ਮਗਰੋਂ ਦੂਜਾ ਸੂਫ਼ੀ ਕਵੀ ਸ਼ਾਹ ਹੁਸੈਨ ਸੋਲ੍ਹਵੀਂ ਸਦੀ ਵਿਚ ਪ੍ਰਗਟ ਹੁੰਦਾ ਹੈ। ਇਹ ਫਰਜ਼ ਕਰ ਲੈਣਾ ਮੁਸ਼ਕਿਲ ਹੈ ਕਿ ਬਾਬਾ ਫ਼ਰੀਦ ਦੀ ਅਤਿਅੰਤ ਹਰਮਨ ਪਿਆਰੀ ਬਾਣੀ ਦੇ ਬਾਵਜੂਦ ਤਿੰਨ ਸਦੀਆਂ ਤਕ ਕਿਸੇ ਕਵੀ ਜਾਂ ਸੂਫ਼ੀ ਦਰਵੇਸ਼ ਨੇ ਅਧਿਆਤਮਿਕ ਕਵਿਤਾ ਹੀ ਨਹੀਂ ਲਿਖੀ ਹੋਵੇਗੀ। ਛੇ ਸਦੀਆਂ ’ਤੇ ਫੈਲੇ ਪੰਜਾਬੀ ਸੂਫ਼ੀ-ਕਾਵਿ ਦੇ ਪਿੜ ਵਿਚ ਛੇ-ਸੱਤ ਮਹੱਤਵਪੂਰਨ ਕਵੀ ਹੀ ਸਾਹਮਣੇ ਆਉਂਦੇ ਹਨ। ਜੇਕਰ ਇਤਿਹਾਸਕਾਰਾਂ ਨੇ ਨਿੱਠ ਕੇ ਖੋਜ ਕੀਤੀ ਹੁੰਦੀ ਤਾਂ ਬਾਬਾ ਫ਼ਰੀਦ ਦੀ ਨਿਰੰਤਰਤਾ ਵਿਚ ਪਤਾ ਨਹੀਂ ਕਿੰਨੇ ਸੂਫ਼ੀ ਕਵੀ ਪੰਜਾਬੀ ਸਾਹਿਤ ਦੀ ਸ਼ੋਭਾ ਬਣ ਗਏ ਹੁੰਦੇ। ਸਾਹਿਤ ਦੇ ਇਤਿਹਾਸਕਾਰ ਲਈ ਜ਼ਰੂਰੀ ਹੈ ਕਿ ਰਚਨਾਕਾਰਾਂ ਦੇ ਨਾਵਾਂ ਅਤੇ ਸੰਖੇਪ ਜੀਵਨੀਆਂ ਸਹਿਤ ਸਾਹਿਤ ਦੀ ਸਿਲਸਿਲੇਵਾਰ ਉੱਨਤੀ ਦਾ ਬਿਆਨ ਉਨ੍ਹਾਂ ਰੁਝਾਨਾਂ ਅਤੇ ਅੰਦੋਲਨਾਂ ਦੀ ਰੋਸ਼ਨੀ ਵਿਚ ਕਰੇ ਜੋ ਰਚਨਾਕਾਰ ਲਈ ਪ੍ਰੇਰਣਾ ਦਾ ਸਰੋਤ ਰਹੇ ਹਨ। ਇਨ੍ਹਾਂ ਰੁਝਾਨਾਂ ਅਤੇ ਅੰਦੋਲਨਾਂ ਦੇ ਉਦੈ, ਵਿਕਾਸ ਅਤੇ ਉਤਾਰ ਦਾ ਬਿਆਨ ਵੀ ਇਤਿਹਾਸਕ ਹਾਲਾਤ ਅਤੇ ਨਿਰਣਾਇਕ ਘਟਨਾਵਾਂ ਦੇ ਸੰਦਰਭ ਵਿਚ ਕੀਤਾ ਜਾਣਾ ਚਾਹੀਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਸ ਦੀ ਘਾਟ ਰੜਕਦੀ ਹੈ। ਇਤਿਹਾਸਕਾਰ ਨੂੰ ਰੁਝਾਨ ਅਤੇ ਅੰਦੋਲਨ ਨੂੰ ਵੀ ਵੱਖ ਕਰਕੇ ਵੇਖਣਾ ਹੁੰਦਾ ਹੈ। ਉਸ ਨੇ ਨਿਸ਼ਚਾ ਕਰਨਾ ਹੁੰਦਾ ਹੈ ਕਿ ਵਿਭਿੰਨ ਰੁਝਾਨਾਂ ਵਿਚੋਂ ਕੋਈ ਇਕ ਰੁਝਾਨ ਹੀ ਕਿਸੇ ਲੇਖਕ ਨੂੰ ਪ੍ਰਿਯ ਕਿਉਂ ਰਿਹਾ ਹੁੰਦਾ ਹੈ। ਅੰਦੋਲਨ ਨੂੰ ਵੀ ਰਚਨਾਕਾਰ ਦੇ ਸਮੇਂ ਦੇ ਸਮਾਜਿਕ, ਰਾਜਨੀਤਿਕ ਅਤੇ ਸੰਸਕ੍ਰਿਤਿਕ ਰੁਝਾਨਾਂ ਦੇ ਸੰਦਰਭ ਵਿਚ ਹੀ ਵੇਖਣਾ ਹੁੰਦਾ ਹੈ। ਨਿਰੰਤਰਤਾ ਲਿਆਉਣ ਲਈ ਪੁਰਾਤਨ ਯੁੱਗ ਤੋਂ ਲੈ ਕੇ ਵਰਤਮਾਨ ਤਕ ਵਿਚਲੇ ਖੱਪੇ ਪੂਰਨ ਦਾ ਉਪਰਾਲਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਰਚਨਾ ਅੰਦਰਲੀਆਂ ਸ਼ਹਾਦਤਾਂ ਇਤਿਹਾਸਕਾਰ ਦੀ ਬੜੀ ਮਦਦ ਕਰ ਸਕਦੀਆਂ ਹਨ। ਹਰ ਵਿਧਾ ਦੀ ਕਾਲ-ਦਰ-ਕਾਲ ਉੱਨਤੀ ਨੂੰ ਦਰਸਾਏ ਬਿਨਾਂ ਵੀ ਸਾਹਿਤ ਦਾ ਇਤਿਹਾਸ ਅਪੂਰਨ ਰਹਿ ਜਾਂਦਾ ਹੈ। ਆਪਣੀ ਪਸੰਦ ਜਾਂ ਨਾਪਸੰਦ ਤੋਂ ਉੱਪਰ ਉੱਠ ਕੇ ਪੂਰਨ ਨਿਰਪੱਖਤਾ ਨਾਲ ਕਿਸੇ ਸਾਹਿਤਕਾਰ ਦੀ ਅਦਬੀ ਹੈਸੀਅਤ ਬਾਰੇ ਨਿਰਣਾ ਕਰਨਾ ਹੀ ਸਹੀ ਇਤਿਹਾਸਕਾਰੀ ਹੈ। ਨਿੱਜੀ ਸਬੰਧ ਜਾਂ ਨਿੱਜੀ ਝੁਕਾਅ ਜੇਕਰ ਇਤਿਹਾਸਕਾਰ ’ਤੇ ਭਾਰੂ ਹੋਣਗੇ ਤਾਂ ਇਤਿਹਾਸਕਾਰੀ ਨਾਲ ਨਿਆਂ ਕਰਨਾ ਸੰਭਵ ਨਹੀਂ ਹੋਵੇਗਾ। ਸਾਹਿਤ ਦੇ ਇਤਿਹਾਸਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਸਾਹਿਤਕਾਰ ਦੇ ਅੰਤਰਮਨ ਅਤੇ ਉਸ ਦੇ ਸੰਸਕ੍ਰਿਤਿਕ ਹਾਲਾਤ ਵਜੋਂ ਉਸ ਦੀ ਰਚਨਾ ਵਿਚ ਕਾਇਮ ਹੋ ਰਹੀ ਫ਼ਿਜ਼ਾ ਨੂੰ ਸਮਝੇ। ਫੇਰ ਹੀ ਸ਼ਬਦਾਂ ਅਤੇ ਅਰਥਾਂ ਦੀਆਂ ਪਰਤਾਂ ਖੁੱਲ੍ਹਦੀਆਂ ਹਨ। ਲੇਖਕ ਦੇ ਚਿੰਤਨ ਅਤੇ ਉਸ ਦੀ ਭਾਵੁਕਤਾ ਦੇ ਰਲਾਅ ’ਤੇ ਨਜ਼ਰ ਰੱਖ ਕੇ ਇਹ ਵੇਖਣਾ ਹੁੰਦਾ ਹੈ ਕਿ ਉਸ ਦੇ ਸ਼ਬਦਾਂ ਨੇ ਆਪਣੀ ਇਕ ਦੁਨੀਆਂ ਬਣਾਈ ਹੈ ਜਾਂ ਨਹੀਂ। ਪੁਰਾਤਨ ਅਤੇ ਨਵੀਨ ਰੁਝਾਨਾਂ ਦਾ ਟਕਰਾਅ ਹਮੇਸ਼ਾ ਹੁੰਦਾ ਰਹਿੰਦਾ ਹੈ, ਪਰ ਨਵੀਨ ਰੁਝਾਨ ਪੁਰਾਤਨ ਰੁਝਾਨਾਂ ਨਾਲੋਂ ਪੂਰਨ-ਭਾਂਤ ਟੁੱਟੇ ਹੋਏ ਨਹੀਂ ਹੁੰਦੇ। ਵਰਤਮਾਨ ਦੀ ਸੋਝੀ ਦੇ ਸੰਦਰਭ ਵਿਚ ਬੀਤੇ ਦਾ ਬਿਆਨ ਸਾਹਿਤ ਨੂੰ ਡੂੰਘਾਈ ਪ੍ਰਦਾਨ ਕਰਦਾ ਹੈ। ਵਰਤਮਾਨ ਦੇ ਸੰਦਰਭ ਵਿਚ ਬੀਤੇ ਦੀ ਪੇਸ਼ਕਾਰੀ ਹੀ ਅਸਲੀ ਇਤਿਹਾਸਕਾਰੀ ਹੈ ਜਿਸ ਲਈ ਇਤਿਹਾਸ-ਬੋਧ, ਸਮਾਜ-ਬੋਧ, ਡੂੰਘਾ ਅਧਿਐਨ, ਖੋਜ-ਤਲਾਸ਼, ਘੋਖ-ਪੜਤਾਲ, ਭਾਸ਼ਾਈ ਗਿਆਨ ਅਤੇ ਪੂਰਨ ਨਿਰਪੱਖਤਾ ਬੁਨਿਆਦੀ ਸ਼ਰਤਾਂ ਹਨ। ਸਾਡੇ ਕੋਲ ਸਾਹਿਤ ਦੇ ਇਤਿਹਾਸ ਦਾ ਅਧਿਐਨ ਕਰਨ ਵਾਲੇ ਵੀ ਕਿੰਨੇ ਕੁ ਲੋਕ ਹਨ? ਕਿੰਨੇ ਲੋਕ ਹਨ ਜਿਨ੍ਹਾਂ ਨੂੰ ਇਹ ਜਾਣਨ ਦੀ ਜਿਗਿਆਸਾ ਹੈ ਕਿ ਬੀਤੇ ਵਿਚ ਸਾਡੇ ਸਾਹਿਤਕਾਰਾਂ ਨੇ ਕੀ ਲਿਖਿਆ ਹੈ, ਉਨ੍ਹਾਂ ਦੀਆਂ ਪ੍ਰਵਿਰਤੀਆਂ ਕੀ ਸਨ, ਪ੍ਰੇਰਕ ਤੱਤ ਕੀ ਸਨ ਅਤੇ ਉਨ੍ਹਾਂ ਦੀਆਂ ਕਿਰਤਾਂ ਨੇ ਕਿਸ ਹੱਦ ਤਕ ਸਮਾਜ ਨੂੰ ਸ਼ੀਸ਼ਾ ਵਿਖਾਇਆ ਸੀ। ਆਮ ਤੌਰ ’ਤੇ ਲੋਕ ਇਸ ਨੂੰ ਅਤਿਅੰਤ ਖ਼ੁਸ਼ਕ ਵਿਸ਼ਾ ਸਮਝਦੇ ਹਨ ਅਤੇ ਪਾਠਕ੍ਰਮ ਦੀ ਮਜਬੂਰੀ ਕਾਰਨ ਹੀ ਇਸ ਨੂੰ ਪੜ੍ਹਦੇ ਹਨ। ਬਿਹਤਰ ਹੋਵੇਗਾ ਕਿ ਭਵਿੱਖ ਦੇ ਇਤਿਹਾਸਕਾਰ ਆਪਣੀ ਭਾਸ਼ਾ-ਸ਼ੈਲੀ ਸਰਲ ਰੱਖਣ ਅਤੇ ਵਿਗਿਆਨਕ ਦ੍ਰਿਸ਼ਟੀ ਰੱਖਦਿਆਂ ਇਤਿਹਾਸ ਨੂੰ ਰੌਚਕ ਬਣਾਉਣ ਦਾ ਸੁਚੇਤ ਉਪਰਾਲਾ ਕਰਨ। ਲੋੜ ਇਸ ਗੱਲ ਦੀ ਵੀ ਹੈ ਕਿ ਸਾਹਿਤ ਦੀ ਇਤਿਹਾਸਕਾਰੀ ਦੇ ਵਿਅਕਤੀਗਤ ਉਪਰਾਲਿਆਂ ਦੀ ਥਾਂ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਭਾਸ਼ਾ ਵਿਭਾਗ ਆਦਿ ਵੱਡੇ ਅਦਾਰੇ ਹਕੀਕੀ ਮਾਹਿਰਾਂ ਦਾ ਪੈਨਲ ਬਣਾ ਕੇ ਇਹ ਜ਼ਿੰਮੇਵਾਰੀ ਨਿਭਾਉਣ ਅਤੇ ਮਾਹਿਰਾਂ ਨੂੰ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣ ਜਿਨ੍ਹਾਂ ਬਗੈਰ ਇਸ ਕਾਰਜ ਦਾ ਸਿਰੇ ਚੜ੍ਹਨਾ ਮੁਸ਼ਕਿਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All