ਸਰੈਣ ਸਿਹੁੰ ਦਾ ਜੀਤੂ

ਜਿੰਦਰ

ਪਿੰਡ ਦੇ ਭਾਈਚਾਰੇ ਅਨੁਸਾਰ ਉਹ ਮੇਰਾ ਵੱਡਾ ਭਰਾ ਸੀ, ਪਰ ਮੈਂ ਉਸ ਨੂੰ ਤਾਇਆ ਕਹਿ ਕੇ ਬੁਲਾਉਂਦਾ। ਉਹਦੀ ਘਰਵਾਲੀ ਨਸੀਬ ਕੌਰ ਅਕਸਰ ਮੈਨੂੰ ਛੇੜਦੀ, ‘‘ਵੇ ਛਿੰਦਿਆ, ਆਹ ਕਿਹੜਾ ਤੂੰ ਨਵਾਂ ਰਿਸ਼ਤਾ ਬਣਾ ਲਿਆ? ਆ ਲੈਣ ਦੇ ਚਾਚੀ ਨੂੰ। ਉਹਨੂੰ ਪੁੱਛੂੰਗੀ, ਉਹੀ ਤੇਰੇ ਕੰਨ ਖਿੱਚੂ।’’ ਮੈਂ ਨੀਵੀਂ ਪਾ ਕੇ ਹੱਸ ਛੱਡਦਾ। ਅਗਲੀ ਵਾਰ ਵੀ ਉਨ੍ਹਾਂ ਦੇ ਘਰ ਜਾ ਕੇ ਮੇਰੇ ਮੂੰਹੋਂ ਆਪਣੇ ਆਪ ਨਿਕਲ ਜਾਂਦਾ, ‘‘ਤਾਇਆ ਨ੍ਹੀਂ ਦਿਸਦਾ ਕਿਤੇ। ਕਿੱਥੇ ਗਿਆ?’’ ਫੇਰ ਉਸ ਨੇ, ਜਿੱਦਾਂ ਹਥਿਆਰ ਸੁੱਟ ਦਿੱਤੇ ਸਨ, ਦੱਸਦੀ, ‘‘ਜਾਣਾ ਕਿੱਥੇ ਆ। ਟਿੱਬੇ ਵਾਲੀ ਮੋਟਰ ’ਤੇ ਹੋਣਾ।’’ ਪਿੰਡ ’ਚ ਤਿੰਨ ਜੀਤੂ ਸਨ। ਟਾਂਗੇ ਵਾਲਾ ਜੀਤੂ। ਪੱਕਿਆਂ ਵਾਲਿਆਂ ਦਾ ਜੀਤੂ। ਸਰੈਣ ਸਿਹੁੰ ਦਾ ਜੀਤੂ। ਨਾਵਾਂ ਦਾ ਭੁਲੇਖਾ ਪੈਣ ਕਰਕੇ ਹੀ ਉਸ ਦੇ ਨਾਂ ਨਾਲ ਉਸ ਦੇ ਪਿਓ ਦਾ ਨਾਂ ਲਿਆ ਜਾਂਦਾ। ਉਂਜ, ਤਿੰਨਾਂ ਦਾ ਕੱਦ-ਕਾਠ ਤੇ ਸੁਭਾਅ ਆਪਸ ’ਚ ਨਹੀਂ ਮਿਲਦਾ ਸੀ। ਜੀਤੂ ਟਾਂਗੇ ਵਾਲਾ ਇਕਹਿਰੇ ਜਿਸਮ ਦਾ ਸੀ। ਪੱਕਿਆਂ ਵਾਲਿਆਂ ਦਾ ਜੀਤੂ ਅੜਬ, ਲੜਾਕੂ ਤੇ ਖਾੜਕੂ ਕਿਸਮ ਦਾ। ਸਰੈਣ ਸਿਹੁੰ ਦਾ ਜੀਤੂ ‘ਸੀਲ ਗਾਂ’ ਵਰਗਾ। ਮੇਰਾ ਉਸ ਨਾਲ ਪਹਿਲਾਂ-ਪਹਿਲ ਵਾਹ ਉਨ੍ਹਾਂ ਦੇ ਖੂਹ ਕੋਲ ਪੈਂਦੇ ਧੋੜੇ-ਟਿੱਬੇ ਦੇ ਮਲ੍ਹਿਆਂ ਕਰਕੇ ਪਿਆ ਸੀ। ਮੈਂ ਉੱਥੇ ਬੇਰ ਖਾਣ ਜਾਂਦਾ। ਵਾਪਸੀ ’ਤੇ ਜੇ ਉਨ੍ਹਾਂ ਦਾ ਵੇਲਣਾ ਚੱਲਦਾ ਹੁੰਦਾ ਤਾਂ ਉਹ ਮੈਨੂੰ ਆਵਾਜ਼ ਮਾਰ ਕੇ ਵੇਲਣੇ ’ਚ ਗੰਨੇ ਲਾਉਣ ਲਾ ਲੈਂਦਾ। ਘੰਟਾ ਕੁ ਮੈਂ ਚਾਅ-ਚਾਅ ਨਾਲ ਗੰਨੇ ਲਾਉਂਦਾ- ਫੇਰ ਅੱਕ ਜਾਂਦਾ। ਉਹ ਮੈਨੂੰ ਪਤਿਆਉਂਦਾ। ਇੰਨਾ ਮਿੱਠਾ ਬੋਲਦਾ ਕਿ ਮੇਰੇ ਕੋਲੋਂ ਨਾਂਹ ਨਾ ਹੁੰਦੀ। ਉਹ ਨਿੱਝਰਾਂ ਵਿਆਹਿਆ ਸੀ। ਗਿਆਨ, ਲਹਿੰਬਰ, ਬਿੰਦਰ ਤੇ ਬੱਬਾ ਚਾਰ ਮੁੰਡੇ ਸਨ। ਉਨ੍ਹਾਂ ਦੇ ਪਰਿਵਾਰ ਨੂੰ ‘ਸਾਊਆਂ ਦਾ ਪਰਿਵਾਰ’ ਕਿਹਾ ਜਾਂਦਾ। ਪਹਿਲਾਂ ਉਨ੍ਹਾਂ ਦਾ ਪਿੰਡ ’ਚ ਘਰ ਸੀ। ਸਾਂਝੇ ਵਿਹੜੇ ਵਾਲਾ। ਕੱਚਾ ਘਰ। ਇਕ ਦਲਾਨ ’ਚ ਉਸ ਦੇ ਚਾਚੇ ਦੇ ਮੁੰਡੇ ਭਜਨਾ ਤੇ ਸੋਹਣ, ਦੂਜੇ ’ਚ ਉਸ ਦੀ ਮਾਂ ਬੰਤੀ ਦਾ ਪਰਿਵਾਰ, ਚੜ੍ਹਦੇ ਪਾਸੇ ਵੱਲ ਚੰਨਣ ਹੋਰਾਂ ਦਾ ਪਰਿਵਾਰ। ਪਰਿਵਾਰ ਵਧਿਆ ਤਾਂ ਘਰ ਛੋਟਾ ਲੱਗਾ। ਉਸ ਖੂਹ ਵੱਲ ਜਾਂਦੇ ਰਾਹ, ਫਿਰਨੀ ਤੋਂ ਪਾਰ, ਤਿੰਨ ਕੁ ਕਨਾਲਾਂ ’ਚ ਪੱਕਾ ਮਕਾਨ ਛੱਤ ਲਿਆ। ਇੱਥੋਂ ਖੂਹ ਤੇ ਟਿੱਬਿਆਂ ’ਤੇ ਜਾਣ ਨੂੰ ਸੌਖ ਹੋ ਗਈ। ਉਸ ਦੇ ਖੂਹ ਦੇ ਆੜੂ ਕਿੰਨਾ ਚਿਰ ਹੀ ਪਿੰਡ ’ਚ ਮਸ਼ਹੂਰ ਰਹੇ। ਖੂਹ ’ਤੇ ਬਣੀ ਬਾਬਿਆਂ ਦੀ ਜਗ੍ਹਾ ’ਤੇ ਤਿੰਨੇ ਘਰ ਰਲ ਕੇ ਹਰੇਕ ਸਾਲ ਅਖੰਡ ਪਾਠ ਕਰਵਾਉਂਦੇ।

ਜਿੰਦਰ

ਉਹਦਾ ਕੱਦ ਮਧਰਾ ਸੀ। ਥੋੜ੍ਹਾ ਕੁ ਭਾਰਾ ਵੀ। ਗੇਲਣੀਆਂ ਵਰਗੇ ਪੱਟ। ਤੂਤ ਦੇ ਮੋਛਿਆਂ ਵਰਗੇ ਡੌਲੇ। ਲੋਹੇ ਵਰਗੇ ਸਖ਼ਤ ਹੱਥ। ਪੈਰਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ। ਅੱਜ ਦੀ ਭਾਸ਼ਾ ’ਚ, ਜੇ ਕੋਈ ਕਿਸਾਨ ਦਿਖਾਉਣਾ ਹੋਵੇ ਜਾਂ ਪੇਂਡੂ ਕਿਸਾਨ ਦਾ ਮੁਕਾਬਲਾ ਕਰਨਾ ਹੋਵੇ ਤਾਂ ਉਹ ਅਵੱਸ਼ ਹੀ ਪਹਿਲੇ ਨੰਬਰ ’ਤੇ ਆਵੇਗਾ। ਮੈਂ ਉਹਨੂੰ ਖੇਤਾਂ ’ਚ ਅਕਸਰ ਨੰਗੇ ਪੈਰੀਂ, ਨੀਵੀਂ ਕਮੀਜ਼ ਤੇ ਕੱਛਾ ਪਾਈ ਹੀ ਦੇਖਿਆ, ਪਰ ਜਦੋਂ ਉਹ ਸ਼ਹਿਰ ਨੂੰ ਜਾਂਦਾ ਤਾਂ ਖੂਹ ਜਾਂ ਮੋਟਰ ਦੇ ਚਲ੍ਹੇ ’ਤੇ ਕੂਚ-ਕੂਚ ਕੇ ਅੱਡੀਆਂ ਰਗੜਦਾ। ਸ਼ੀਸ਼ੇ ਅੱਗੇ ਖੜ੍ਹ ਕੇ ਪੱਗ ਬੰਨ੍ਹਦਾ। ਅੱਡੀਆਂ ਤੋਂ ਚਾਰ ਕੁ ਇੰਚ ਉੱਚੀ ਧੋਤੀ ਬੰਨ੍ਹਦਾ। ਪੈਰਾਂ ’ਚ ਗੁਰਗਾਬੀ। ਉਸ ਦੇ ਹੱਥ ’ਚ ਝੋਲਾ ਫੜਿਆ ਹੁੰਦਾ। ਉਸ ਦੇ ਘਰ ਤੋਂ ਮੀਲ ਕੁ ਦੂਰ ਬੱਸਾਂ ਦਾ ਅੱਡਾ ਪੈਂਦਾ ਸੀ। ਉਹ ਪੈਦਲ ਹੀ ਜਾਂਦਾ। ਕੋਈ ਬੁਲਾ ਲੈਂਦਾ ਤਾਂ ਅੱਗੋਂ ਆਏ ਨੂੰ ਹੱਸ ਕੇ ਮਿਲਦਾ। ਮੈਂ ਉਸ ਨੂੰ ਕਦੇ ਕਿਸੇ ਨੂੰ ਟਿੱਚਰ ਜਾਂ ਮਖੌਲ ਕਰਦਿਆਂ ਨਹੀਂ ਦੇਖਿਆ। ਜੇ ਮੈਂ ਸਾਈਕਲ ’ਤੇ ਕੋਲ ਦੀ ਲੰਘਦਾ ਜਾਂ ਅੱਖ ਬਚਾ ਕੇ ਲੰਘਣ ਲੱਗਦਾ ਤਾਂ ਉਹ ਆਵਾਜ਼ ਮਾਰ ਲੈਂਦਾ, ‘‘ਪਾੜ੍ਹਿਆ, ਆਹ ਕੀ ਗੱਲ ਹੋਈ। ਖੜ੍ਹ ਜਾ ਮੈਂ ਵੀ ਜਾਣਾ।’’ ਮੇਰੇ ਮੂੰਹੋਂ ਆਵਾਜ਼ ਨਾ ਨਿਕਲਦੀ, ਪਰ ਮੈਂ ਅੰਦਰ ਹੀ ਅੰਦਰ ਕੁੜ੍ਹਦਾ। ਉਹ ਚੱਲਦੇ ਸਾਈਕਲ ’ਤੇ ਹਝੋਕਾ ਜਿਹਾ ਮਾਰ ਕੇ ਬੈਠ ਜਾਂਦਾ। ਪੁੱਛਦਾ, ‘‘ਨਕੋਦਰ ਜਾਣਾ ਕਿ ਕਿਤੇ ਹੋਰ?’’ ਮੈਂ ਉਹਨੂੰ ਦੱਸਦਾ ਕਿ ਨਕੋਦਰ ਹੀ। ਉਹ ਹਮੇਸ਼ਾ ਸਾਡੇ ਪਰਿਵਾਰਾਂ ਦੀ ਸਾਂਝ ਦੀਆਂ ਗੱਲਾਂ ਛੇੜ ਲੈਂਦਾ, ‘‘ਬੜਾ ਪਿਆਰ ਹੁੰਦਾ ਸੀ ਚਾਚੇ ਹੋਰਾਂ ਨਾਲ। ਐਵੇਂ ਝੂਠ ਬੋਲੀਏ- ਬੁੜ੍ਹੀਆਂ ਨੂੰ ਜੇ ਕਿਸੇ ਚੀਜ਼ ਦੀ ਲੋੜ ਪੈ ਜਾਣੀ ਤਾਂ ਇਕ ਦੂਜੀ ਨੇ ਛੱਤ ਤੋਂ ਦੀ ਫੜਾ ਦੇਣੀ। ਜੇ ਏਧਰ ਅੱਗ ਬੁਝ ਗਈ ਹੁੰਦੀ ਤਾਂ ਦਾਦੀ ਸ਼ਰਦੀ ਕੋਲੋਂ ਲੈ ਆਉਣੀ। ਜੇ ਦਾਦੀ ਸ਼ਰਦੀ ਨੂੰ ਲੋੜ ਪੈਣੀ ਤਾਂ ਉਸ ਚਿਮਟਾ ਚੁੱਕੀ ਏਧਰ ਆ ਜਾਣਾ। ਭਾਈਆ ਤੇ ਤੇਰਾ ਤਾਇਆ ਹਰੀ ਦਾਸ ਪੰਦਰਾਂ ਸਾਲ ਇਕੋ ਮੰਜੇ ’ਤੇ ਇਕੱਠੇ ਸੌਂਦੇ ਰਹੇ। ਦੁਰਗਾ ਵੀ ਚਿਲਮ ਚੁੱਕ ਕੇ ਅੱਗ ਲੈਣ ਆ ਜਾਂਦਾ।’’ ਸੜਕ ’ਚ ਪਏ ਖੱਡੇ ਜਾਂ ਉਸ ਦਾ ਭਾਰ ਜ਼ਿਆਦਾ ਹੋਣ ਕਰਕੇ ਹੀ ਕਈ ਵਾਰ ਸਾਈਕਲ ਡੋਲ ਜਾਂਦਾ ਤਾਂ ਉਹ ਕੈਰੀਅਰ ਪਿੱਛੇ ਬੈਠਾ-ਬੈਠਾ ਸੂਤ ਜਿਹਾ ਹੁੰਦਾ, ‘‘ਪ੍ਰੀਤਮ ਸਿੰਹੁ ਨੇ ਪਿੰਡ ਲਈ ਬਹੁਤ ਕੰਮ ਕੀਤਾ, ਕੋੜ੍ਹੀ ਜੇ ਇਸ ਸੜਕ ਦੀ ਮੁਰੰਮਤ ਕਰਵਾ ਦੇਵੇ ਤਾਂ ਲੋਕਾਂ ਦੀ ਸੌ ਅਸੀਸਾਂ ਲਵੇ। ...ਚਾਚੇ ਦਾ ਕੀ ਹਾਲ ਆ? ...ਅਸੀਂ ਨੂਰਮਹਿਲ ਦੀ ਛਿੰਝ ਦੇਖਣ ਜਾਂਦੇ ...ਉਦੋਂ ਚਾਚਾ ਨੂਰਮਹਿਲ ਰਹਿੰਦਾ ਸੀ ...ਉਹਨੂੰ ਚਾਅ ਚੜ੍ਹ ਜਾਣਾ ਕਿ ਉਸ ਦੇ ਪਿੰਡੋਂ ਆਏ ਹਾਂ। ਪਹਿਲਾਂ ਉਸ ਨੇ ਸਾਨੂੰ ਗੋਲੀ ਵਾਲੇ ਬੱਤੇ ਪਿਲਾਉਣੇ। ਫੇਰ ਚਾਹ ਦੇ ਨਾਲ ਜਲੇਬੀਆਂ। ਮਜਾਲ ਆ, ਕਦੇ ਮੱਥੇ ਵੱਟ ਪਾਇਆ ਹੋਵੇ। ਸਾਨੂੰ ਲੈ ਕੇ ਛਿੰਝ ਵਾਲੀ ਥਾਂ ਲੈ ਜਾਂਦਾ। ਕਦੇ ਇਕ ਪੈੈਸਾ ਨ੍ਹੀਂ ਖਰਚਣ ਦਿੱਤਾ। ਆਹ ਤਾਂ ਉਸ ਨੂੰ ਨਸ਼ਿਆਂ-ਪੱਤਿਆਂ ਨੇ ਢਾਹ ਲਿਆ। ਨਹੀਂ ਤਾਂ ਅਜੇ ਉਸ ਦੀ ਉਮਰ ਕਿਹੜੀ ਹੋਈ ਆ।’’ ਬਿੰਦਰ ਦਾ ਕਮਰਾ ਘਰ ਦੇ ਬਿਲਕੁਲ ਵਿਚਕਾਰ ਸੀ। ਖੱਬੇ ਪਾਸੇ ਪਸ਼ੂਆਂ ਲਈ ਦੋ ਵੱਡੇ ਦਲਾਨ ਛੱਤੇ ਹੋਏ ਸਨ। ਸੱਜੇ ਪਾਸੇ ਰਿਹਾਇਸ਼ ਸੀ। ਇਕ ਦਿਨ ਮੈਂ ਤੇ ਬਿੰਦਰ ਬੈਠੇ ਸੀ ਕਿ ਜੀਤੂ ਆ ਕੇ ਸੂਤੜੀ ਵਾਲੇ ਮੰਜੇ ’ਤੇ ਬੈਠ ਗਿਆ। ਪੁੱਛਣ ਲੱਗਾ, ‘‘ਕੀ ਗੋਸ਼ਟੀਆਂ ਹੋ ਰਹੀਆਂ ਪਾੜ੍ਹਿਓ?’’ ਬਿੰਦਰ ਨੇ ਮੇਰੇ ਵੱਲ ਦੇਖਿਆ। ਮੈਂ ਬਿੰਦਰ ਵੱਲ। ਉਸ ਨੂੰ ਕੀ ਦੱਸੀਏ। ‘‘ਕੋਈ ਨਵੀਂ ਫਿਲਮ ਦੇਖ ਕੇ ਆਏ ਲੱਗਦੇ ਓ?’’ ਸਾਡੇ ਜੁਆਬ ਦੇਣ ਤੋਂ ਪਹਿਲਾਂ ਹੀ ਉਸ ਹੋਰ ਪੁੱਛ ਲਿਆ। ‘‘ਤਾਇਆ, ਫਿਲਮ ਤਾਂ ਨ੍ਹੀਂ ਦੇਖੀ। ਸ਼ਿਵ ਬਟਾਲਵੀ ਦੀ ‘ਲੂਣਾ’ ਬਾਰੇ ਗੱਲਾਂ ਕਰ ਰਹੇ ਸੀ। ਸ਼ਿਵ ਨੇ ਨਵੀਂ ਗੱਲ ਕੀਤੀ ਕਿ ਪੂਰਨ ਤਾਂ ਲੂਣਾ ਦੇ ਹਾਣ ਦਾ ਸੀ। ਉਸ ਦੇ ਪਿਓ ਨੇ ਲੂਣਾ ਨਾਲ ਧੱਕਾ ਕੀਤਾ।’’ ਮੈਂ ਦੱਸਿਆ। ‘‘ਕਿੱਥੇ ਲਿਖਿਆ?’’ ਉਹਨੇ ਅੱਗੋਂ ਪੁੱਛ ਲਿਆ। ‘‘ਮੈਂ ਪੜ੍ਹ ਕੇ ਸੁਣਾਵਾਂ? ਜਾਂ ਆਪੇ ਪੜ੍ਹ ਲਵੇਂਗਾ।’’ ਮੈਂ ਕਿਤਾਬ ਉਰਾਂ ਕਰਦਿਆਂ ਪੁੱਛਿਆ। ‘‘ਚੱਲ, ਪੜ੍ਹ ਕੇ ਸੁਣਾ ਤਾਂ ਪਤਾ ਲੱਗੇ।’’ ਉਸ ਕੰਧ ਨਾਲ ਢੋਅ ਲਾ ਲਈ। ਮੈਂ ‘ਲੂਣਾਂ’ ਨੂੰ ਖੋਲ੍ਹ ਲਿਆ। ਲੂਣਾ ਹੋਵੇ ਤਾਂ ਅਪਰਾਧਣ ਜੇਕਰ ਅੰਦਰੋਂ ਹੋਏ ਸੁਹਾਗਣ ਮਹਿਕ ਉਹਦੀ ਜੇ ਹੋਵੇ ਦਾਗਣ ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ। ... ਮੇਰਾ ਵੀ ਜਦ ਉਹ ਛਿੰਨ ਆਵੇ ਲੂਣਾ ’ਚੋਂ ਲੂਣਾ ਮਰ ਜਾਵੇ ਉਸ ਛਿੰਨ ਦੀ ਮੈਨੂੰ ਮਹਿਕ ਨਾ ਭਾਵੇ ਖਾਣ ਪਵੇ ਮੈਨੂੰ ਸੇਜ ਕੁੜੇ ਸਲਵਾਨ ਦੀ! ਉਹ ਕਿੰਨਾ ਚਿਰ ਅੰਤਰ-ਧਿਆਨ ਹੋਇਆ ਰਿਹਾ। ਫੇਰ ਬੋਲਿਆ, ‘‘ਸਾਡੇ ਵੇਲਿਆਂ ’ਚ ਕਿਸੇ ਦਾ ਇਸ ਪਾਸੇ ਧਿਆਨ ਹੀ ਨ੍ਹੀਂ ਗਿਆ। ਅਸੀਂ ਤਾਂ ਕਾਦਰਯਾਰ ਦਾ ਹੀ ਕਿੱਸਾ ਗਾਉਂਦੇ ਰਹੇ। ਇਸ ਮੁੰਡੇ ਨੇ ਨਵੀਂ ਗੱਲ ਕੀਤੀ ਆ। ਮੇਰੇ ਹੱਡਾਂ ’ਚ ਤਾਂ ਬੁੱਲ੍ਹੇ ਸ਼ਾਹ ਵਸਿਆ। ਤੁਹਾਨੂੰ ਦੋਹਾਂ ਨੂੰ ਬੁੱਲ੍ਹੇ ਸ਼ਾਹ ਦੀ ਕਾਫੀ ਸੁਣਾਵਾਂ?’’ ‘‘ਭਾਪਾ ਗਾ ਕੇ ਸੁਣਾ,’’ ਬਿੰਦਰ ਨੇ ਕਿਹਾ। ਉਸ ਹੇਕ ਚੁੱਕ ਲਈ। ਇਕ ਨੁਕਤੇ ਵਿਚ ਗੱਲ ਮੁੱਕਦੀ ਏ। ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ। ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦਿਆਂ ਖ਼ਵਾਬਾਂ ਨੂੰ। ਗੱਲ ਏਸੇ ਘਰ ਵਿਚ ਢੁਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ। ਐਵੇਂ ਮੱਥਾ ਜ਼ਿਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈਦਾ। ਪੜ੍ਹ ਕਲਮਾ ਲੋਕ ਹਸਾਈਦਾ, ਦਿਲ ਅੰਦਰ ਸਮਝ ਨਾ ਲਿਆਈਦਾ। ਕਦੀ ਬਾਤ ਸੱਚੀ ਵੀ ਲੁੱਕਦੀ ਏ, ਇਕ ਨੁਕਤੇ ਵਿਚ ਗੱਲ ਮੁੱਕਦੀ ਏ। ਚੜ੍ਹਦੀ ਜਵਾਨੀ ’ਚ ਮੈਂ ਤੇ ਬਿੰਦਰ ਜਲੰਧਰ ਫਿਲਮਾਂ ਦੇਖਣ ਜਾਂਦੇ। ਸਾਡੀ ਇਸ ਸਾਂਝ ਦਾ ਵੱਡਾ ਕਾਰਨ ਫ਼ਿਲਮਾਂ, ਸ਼ਿਵ ਕੁਮਾਰ ਬਟਾਲਵੀ ’ਤੇ ਨਾਵਲ ਬਣੇ। ਮੈਂ ਅਕਸਰ ਉਨ੍ਹਾਂ ਦੇ ਘਰੇ ਜਾਂਦਾ। ਮਸ਼ੀਨ ’ਤੇ ਰੁੱਗ ਲਾ ਦਿੰਦਾ। ਗੇੜੀ ਹੱਕਦਾ। ਕਣਕ ਕੱਢਵਾ ਦਿੰਦਾ। ਸਿਰ ’ਤੇ ਢੋਆ ਦਿੰਦਾ। ਅਸੀਂ ਤਿੰਨ ਵਾਰ ਉਸ ਕੋਲੋਂ ਕਣਕ ਮੁੱਲ ਲਈ। ਚੌਥੀ ਵਾਰ ਬੀਬੀ ਜੀ ਨੇ ਲੈਣੋਂ ਨਾਂਹ ਕਰ ਦਿੱਤੀ। ਕਹਿਣ ਲੱਗੀ ਕਿ ਉਹ ਕਣਕ ਮਸਾਂ ਹੀ ਸਾਵੀਂ ਤੋਲਦਾ। ਜਦੋਂ ਤੱਕੜੀ ਨਾਲ ਤੋਲਦਿਆਂ, ਗਿਣਤੀ ਕਰਦਾ-ਕਰਦਾ ਬਹੁਤਿਆ ਕਹਿੰਦਾ ਤਾਂ ਮੈਨੂੰ ਹਾਸਾ ਆ ਜਾਂਦਾ। ਮੈਂ ਪਿਛਾਂਹ ਨੂੰ ਮੂੰਹ ਕਰਕੇ ਹੱਸਦਾ। ਉਸ ਦਾ ਸੁਭਾਅ ਸੀ ਕਿ ਕਿਸੇ ਦਾ ਹੱਕ ਮਾਰਨਾ ਨਹੀਂ, ਆਪਣਾ ਛੱਡਣਾ ਨਹੀਂ। ਘਰੋਂ ਖੂਹ ਤੇ ਖੂਹ ਤੋਂ ਘਰੇ, ਸਾਰੀ ਜ਼ਿੰਦਗੀ ਉਸ ਦਾ ਇਹੀ ਸਫ਼ਰ ਰਿਹਾ। ਗੁਰਦੁਆਰੇ ਹੁੰਦੇ ਪ੍ਰੋਗਰਾਮਾਂ ’ਚ ਉਹ ਜ਼ਰੂਰ ਹਿੱਸਾ ਲੈਂਦਾ। ਖਾਲੀ ਹੱਥ ਨਾ ਜਾਂਦਾ। ਹੱਥ ਗੜਵੀ ਜਾਂ ਡੋਲੂ ਹੁੰਦਾ- ਦੁੱਧ ਨਾਲ ਭਰਿਆ। ਬਾਲਣ ਲਈ ਕਪਾਹ ਦੀਆਂ ਛਿਟੀਆਂ ਜਾਂ ਛਾਪੇ ਚੁਕਾ ਦਿੰਦਾ। ਲੋਹੜੀ ’ਤੇ ਲੱਗਦੀ ਧੂਣੀ ਲਈ ਵੀ ਮੁੰਡੇ ਵੱਡੇ-ਵੱਡੇ ਮੁੱਢ ਜਾਂ ਮੋਛੇ ਚੁੱਕ ਲਿਆਉਂਦੇ। ਕੋਈ ਨਿਆਣਾ ਜਾਂ ਸਿਆਣਾ ਆੜੂ ਤੋੜਦਾ ਤਾਂ ਉਹ ਦੂਰੋਂ ਹੀ ਆਵਾਜ਼ਾਂ ਨਾ ਮਾਰਦਾ। ਆਪਣੀ ਹਾਥੀ ਵਾਲੀ ਚਾਲੇ ਤੁਰਦਾ ਹੋਇਆ ਕੋਲ ਆਉਂਦਾ, ‘‘ਖਾ ਲੈ, ਜੀ ਸਦਕੇ, ਖਾ ਲੈ ਸਾਊ। ਸੋਟੀ ਜਾਂ ਰੋੜੇ ਕਿਉਂ ਮਾਰਦੈਂ! ਉਪਰ ਚੜ੍ਹ ਕੇ ਤੋੜ ਲੈ।’’ ਜੇ ਕੋਈ ਬਹੁਤਾ ਹੀ ਛੋਟਾ ਨਿਆਣਾ ਹੁੰਦਾ ਤਾਂ ਉਸ ਨੂੰ ਮੋਢਿਆਂ ’ਤੇ ਖੜ੍ਹਾ ਕੇ ਦੱਸਦਾ, ‘‘ਐਹ ਨ੍ਹੀਂ ਔਹ ਤੋੜ। ਔਹ ਰਸਿਆ ਪਿਆ। ਉਹ ਇਹ ਨ੍ਹੀਂ... ਦੇਖ ਤਿੰਨਾਂ ’ਚੋਂ ਇਕ ਆਹ। ...ਹਾਂ ...ਹਾਂ ...ਇਹੀ।’’ ਐਮ.ਏ. ’ਚ ਮੈਨੂੰ ‘ਡਾ. ਫੋਸਟ’ ਨਾਵਲ ਲੱਗਾ ਸੀ। ਉਸ ਦਾ ਇਕ ਪਾਤਰ ਮਾਰਲੋ ਬਹੁਤ ਹੀ ਕੰਜੂਸ ਕਿਸਮ ਦਾ ਸ਼ਖ਼ਸ ਹੈ। ਮੈਂ ਉਸ ਦੀ ਕਹਾਣੀ ਬਿੰਦਰ ਨੂੰ ਸੁਣਾਈ ਤਾਂ ਉਹ ਹੱਸ-ਹੱਸ ਕੇ ਦੂਹਰਾ ਹੋ ਗਿਆ, ‘‘ਸਾਡਾ ਬੁੜ੍ਹਾ ਵੀ ਮਾਰਲੋ ਦਾ ਛੋਟਾ ਭਰਾ ਆ। ਲੈ ਸੁਣ ਉਸ ਦੀ ਕਰਤੂਤ... ਇਸ ਵਾਰ ਗੁੜ ਵਗ ਪਿਆ... ਸੁੰਡੀਆਂ ਪੈ ਗਈਆਂ। ਇਸ ਪਿਓ ਦੇ ਪੁੱਤ ਨੇ ਨਾ ਤਾਂ ਗੁੜ ਸੁੱਟਿਆ ਤੇ ਨਾ ਹੀ ਪਸ਼ੂਆਂ ਨੂੰ ਪਾਇਆ। ਸਾਰੇ ਟੱਬਰ ਨੂੰ ਇਸੇ ਗੁੜ ਦੀ ਚਾਹ ਪਿਲਾਈ। ਬੀਬੀ ਚੁੰਨੀ ਦੇ ਲੜ ਨਾਲ ਸੁੰਡੀਆਂ ਪੁਣ ਲੈਂਦੀ, ਫੇਰ ਵੀ ਕੋਈ ਕੋਈ ਚਾਹ ’ਤੇ ਤਰਦੀ ਦਿਸ ਪੈਂਦੀ। ਡਰਦਾ ਮਾਰਾ ਕੋਈ ਜੀਅ ਬੋਲੇ ਨਾ...।’’ ਉਹਨੇ ਪੰਜ ਜਮਾਤਾਂ ਗਾਂਧਰਾਂ ਦੇ ਪ੍ਰਾਇਮਰੀ ਸਕੂਲੋਂ ਪਾਸ ਕੀਤੀਆਂ। ਮੈਟ੍ਰਿਕ ਗੌਰਮਿੰਟ ਹਾਈ ਸਕੂਲ, ਨਕੋਦਰੋਂ। ਕਈ ਨੌਕਰੀਆਂ ਮਿਲਦੀਆਂ ਸਨ, ਪਰ ਉਦੋਂ ਹੀ ਉਸ ਤੋਂ ਛੋਟੇ ਦਰਸ਼ਨ ਦੀ ਮੌਤ ਹੋ ਗਈ। ਭਰਾ ਦੀ ਮੌਤ ਨੇ ਉਸ ਦਾ ਲੱਕ ਤੋੜ ਦਿੱਤਾ। ਨੌਕਰੀ ਦਾ ਖਿਆਲ ਛੱਡ ਕੇ ਉਸ ਨੇ ਖੇਤੀ ਸੰਭਾਲ ਲਈ। ਆਪਣੀ ਭਤੀਜੀ ਬੰਸੋ ਨੂੰ ਪਾਲਿਆ। ਉਸ ਦਾ ਵਿਆਹ ਕੀਤਾ। ਭਰਾ ਨੂੰ ਯਾਦ ਕਰਕੇ ਉਹ ਅੰਦਰੋ-ਅੰਦਰੀ ਗੁੱਝਾ-ਗੁੱਝਾ ਰੋਂਦਾ। ‘‘ਮੇਰੀ ਜਾਣੋਂ ਸੱਜੀ ਬਾਂਹ ਭੱਜ ਗਈ। ਕੋਹੜਾ ਕਿਹੜੀ ਉਮਰੇ ਮੈਨੂੰ ਇਕੱਲਾ ਛੱਡ ਗਿਆ...।’’ ਮੂਡ ’ਚ ਆਇਆ, ਕੰਨ ’ਤੇ ਹੱਥ ਰੱਖ ਕੇ ਉਤਾਂਹ ਨੂੰ ਦੇਖਦਾ ਹੋਇਆ ਗਾਉਣ ਲੱਗਦਾ। ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੀਂ, ਤੇ ਭਾਈਆਂ ਬਾਝ ਬਹਾਰ ਨਾਹੀਂ। ਭਾਈ ਮਰਨ ਤੇ ਪੈਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਤੇ ਘਰ ਬਾਰ ਨਾਹੀਂ। ਲੱਖ ਓਟ ਹੈ ਕੋਲ ਵਸੰਦਿਆਂ ਦੀ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀਂ। ਭਾਈ ਢਾਹੁੰਦੇ ਭਾਈ ਉਸਾਰਦੇ ਨੀ, ਬਾਝ ਭਾਈਆਂ ਸੋਭ ਸੰਸਾਰ ਨਾਹੀਂ। ਉਹ ਕਿਸੇ ਨਿਆਣੇ ਦੀ ਕਾਪੀ ਦਾ ਇਕ ਪੰਨਾ ਪਾੜਦਾ ਤੇ ਆਪਣੇ ਖਾਨਦਾਨ ਬਾਰੇ ਲਿਖਣਾ ਸ਼ੁਰੂ ਕਰ ਦਿੰਦਾ। ਤਿੰਨ ਪੀੜ੍ਹੀਆਂ ’ਚ ਇਕੋ ਇਕ ਮੁੰਡਾ ਹੋਇਆ ਲਹਿਣਾ। ਫੇਰ ਰਾਮ ਦਿੱਤਾ। ਫੇਰ ਦਿੱਤ ਸਿੰਘ ਦੇ ਹੀ ਤਿੰਨ ਮੁੰਡੇ ਹੋਏ: ਸਰੈਣ ਸਿੰਘ, ਭਗਤੂ ਤੇ ਚੰਨਣ। ਸਰੈਣ ਸਿੰਘ ਦੇ ਜੀਤੂ ਤੇ ਦਰਸ਼ਨ। ਭਗਤੂ ਦੇ ਭਜਨਾ ਤੇ ਸੋਹਨ। ਚੰਨਣ ਦਾ ਮੋਹਨ (ਘੁੱਗੀ) ਲਿਖਦਿਆਂ ਉਸ ਦੀਆਂ ਅੱਖਾਂ ਫੇਰ ਭਰ ਆਉਂਦੀਆਂ। ਦਰਸ਼ਨ ਭੁਲਾਇਆਂ ਵੀ ਨਾ ਭੁੱਲਦਾ। ਸ਼ਾਇਦ ਇਹੀ ਕਾਰਨ ਸੀ ਕਿ ਦਰਸ਼ਨ ਦੇ ਜੁਆਨੀ ’ਚ ਮਰ ਜਾਣ ਕਰਕੇ ਉਸ ਆਪਣੇ ਆਪ ਨੂੰ ਇਕੱਲਾ ਸਮਝ ਲਿਆ ਸੀ ਤੇ ਉਸ ’ਚ ਦਿਨ-ਬ-ਦਿਨ ਨਿਮਰਤਾ ਆਉਂਦੀ ਗਈ। ਉਸ ਦੀ ਬੈਠਣੀ-ਉੱਠਣੀ ਸਾਧੂ (ਜੱਟ), ਜੈ ਸਿੰਘ (ਤਰਖਾਣ), ਦੁਰਗਾ ਦਾਸ (ਸੁਨਿਆਰ) ਨਾਲ ਰਹੀ। ਇਹ ਤਿੰਨੇ ਸ਼ਰਾਬ ਤੇ ਆਂਡੇ ਨੂੰ ਹੱਥ ਨਹੀਂ ਲਾਉਂਦੇ ਸਨ। ਉਸ ਵੀ ਸਾਰੀ ਉਮਰ ਇਨ੍ਹਾਂ ਚੀਜ਼ਾਂ ਨੂੰ ਹੱਥ ਨਹੀਂ ਲਾਇਆ। ਘਰੇ ਨਹੀਂ ਵੜਨ ਦਿੱਤੀਆਂ। ਘਰ ਦੀ ਕੋਈ ਸਮੱਸਿਆ ਹੋਵੇ ਜਾਂ ਕਬੀਲਦਾਰੀ ਦੀ ਕੋਈ ਅਜਿਹੀ ਗੱਲ ਹੋਵੇ ਜਿਹੜੀ ਉਹ ਕਿਸੇ ਦੂਜੇ ਨੂੰ ਨਹੀਂ ਦੱਸ ਸਕਦਾ; ਉਸ ਬਾਰੇ ਇਨ੍ਹਾਂ ਤਿੰਨਾਂ ਨਾਲ ਸਲਾਹ-ਮਸ਼ਵਰਾ ਕਰਦਾ। ਇਨ੍ਹਾਂ ਦੀ ਦਿੱਤੀ ਸਲਾਹ ਉਸ ਲਈ ਆਖਰੀ ਹੁੰਦੀ। ਉਹ ਜ਼ਿੰਦਗੀ ’ਚ ਸਿਰਫ਼ ਇਕ ਵਾਰ ਘਰ ਤੇ ਜ਼ਮੀਨ ਦੀ ਵੰਡ-ਵੰਡਾਈ ਵੇਲੇ ਚੰਨਣ ਦੇ ਸਾਲੇ ਨਾਲ ਲੜਿਆ ਸੀ। ਉਂਜ, ਉਹ ਕਦੇ ਕਿਸੇ ਨਾਲ ਉੱਚੀ ਆਵਾਜ਼ ’ਚ ਬੋਲਿਆ ਨਹੀਂ। ਛੇਤੀ ਕਿਤੇ ਕਿਸੇ ਨਾਲ ਵਿਗਾੜੀ ਨਹੀਂ। ਹੋਊ ਪਰਿਆ ਕਰ ਛੱਡੀ। ਜੇ ਗੱਲ ਵਧਦੀ ਦਿਸੀ ਤਾਂ ਬੁਲਾਉਣਾ ਛੱਡ ਦਿੱਤਾ। ਇਕ ਵਾਰ ਛੱਡ ਦਿੱਤਾ, ਫੇਰ ਪੱਟ ਉਪਰ ਦੀ ਭਾਵੇਂ ਗੱਡਾ ਲੰਘ ਜਾਵੇ, ਸੁਲਾਹ ਨਹੀਂ ਕੀਤੀ। ਉਹ ਕਿਹਾ ਕਰਦਾ ਸੀ, ‘‘ਇਕ ਦੂਜੇ ਨੂੰ ਬੋਲ ਕੇ ਮੂੰਹ ਦਾ ਸੁਆਦ ਗਵਾਉਣਾ। ਕੀ ਫਾਇਦਾ ਕਿਸੇ ਨੂੰ ਬੁਲਾਉਣ ਦਾ। ਅਗਲਾ ਆਪਣੇ ਘਰੇ ਰਾਜ਼ੀ, ਅਸੀਂ ਆਪਣੇ।’’ ਇਕ ਵਾਰ ਸ਼ਰੀਕੇ ’ਚੋਂ ਕਿਸੇ ਨੇ ਪੁਲੀਸ ’ਚ ਰਿਪੋਰਟ ਕੀਤੀ। ਪਹਿਲਾਂ ਪੰਚਾਇਤਘਰ ’ਚ ਪੰਚਾਇਤ ਹੋਈ। ਉਸ ਸ਼ਰੀਕ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਮੰਨ ਗਏ ਸ਼ੇਰਾ ਤੈਨੂੰ। ਸਾਡੇ ਖਾਨਦਾਨ ’ਚ ਕਦੇ ਕੋਈ ਠਾਣੇ ਨ੍ਹੀਂ ਗਿਆ। ਮੇਰੀ ਉਮਰ ਸੱਤਰ ਸਾਲਾਂ ਦੀ ਹੋ ਚੱਲੀ। ਤੂੰ ਮੈਨੂੰ ਠਾਣਾ ਦਿਖਾਉਣ ਜਾ ਰਿਹਾਂ। ਚਲੋ ਤੇਰੀ ਮਰਜ਼ੀ। ਫੈਸਲਾ ਤਾਂ ਵਾਹਿਗੁਰੂ ਦੇ ਹੱਥ ’ਚ ਆ। ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਤਾਰਾ ਕਰਨਾ ਆ। ਜਿਉਂਦਾ ਰਹਿ।’’ ਉਹ ਹਰੇਕ ਵੀਰਵਾਰ ਨਕੋਦਰ ਸਾਈਂ ਹੁਜਰੇ ਵਾਲੇ ਦੇ ਚੌਂਕੀ ਭਰਨ ਜਾਂਦਾ। 5 ਜਨਵਰੀ 2005 ਨੂੰ ਪਿੰਡ ’ਚ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ। ਪਹਿਲਾਂ ਵਾਂਗੂੰ ਉਸ ਨੇ ਇਸ ’ਚ ਹਿੱਸਾ ਲਿਆ। ਜੇ ਇਸ ’ਚ ਫ਼ਰਕ ਸੀ ਤਾਂ ਉਸ ਆਪਣੇ ਚਚੇਰੇ ਭਰਾ ਮੋਹਨੇ ਦੀ ਬਾਂਹ ਫੜੀ ਹੋਈ ਸੀ। ਉੱਚੀ-ਨੀਵੀਂ ਥਾਂ ਤੋਂ ਮੋਹਨੇ ਨੂੰ ਬਚਾਇਆ ਸੀ। ਉਸ ਦੀ ਆਪਣੀ ਸਿਹਤ ਠੀਕ ਸੀ। ਇਕ-ਦੋ ਵਾਰ ਮਾਈਨਰ ਹਾਰਟ ਅਟੈਕ ਹੋਏ ਸਨ, ਪਰ ਉਸ ਹੌਸਲੇ ਨਾਲ ਇਨ੍ਹਾਂ ਨੂੰ ਹਰਾ ਦਿੱਤਾ ਸੀ। ਇਕ ਵਾਰ ਭਰ ਸਿਆਲਾਂ ’ਚ ਉਸ ਨੂੰ ਇੰਨੀ ਘਬਰਾਹਟ ਹੋਈ ਕਿ ਸਾਰਾ ਸਰੀਰ ਮੁੜ੍ਹਕੇ ਨਾਲ ਭਿੱਜ ਗਿਆ। ਪਿੰਡ ਦੇ ਡਾਕਟਰ ਸੁੱਚੇ ਨੂੰ ਸੱਦਿਆ। ਸੁੱਚੇ ਨੇ ਜਲੰਧਰ ਲਿਜਾਣ ਦੀ ਸਲਾਹ ਦਿੱਤੀ। ਕਾਰ ਨੇ ਅਜੇ ਖਾਬਰਾਂ ਹੀ ਪਾਰ ਕੀਤਾ ਸੀ ਕਿ ਉਸ ਕਹਿਣਾ ਸ਼ੁਰੂ ਕਰ ਦਿੱਤਾ, ‘‘ਮੈਨੂੰ ਕੁਸ਼ ਨ੍ਹੀਂ ਹੁੰਦਾ। ਐਵੇਂ ਡਾਕਟਰਾਂ ਕੋਲੋਂ ਛਿੱਲ ਲਾਹੁਣ ਦਾ ਕੀ ਫਾਇਦਾ। ਮੈਨੂੰ ਨ੍ਹੀਂ ਇਨ੍ਹਾਂ ’ਤੇ ਵਿਸ਼ਵਾਸ। ਬਿਮਾਰੀ ਕਿਹੜੀ ਹੁੰਦੀ ਆ- ਇਹ ਦੱਸ ਹੋਰ ਹੀ ਦਿੰਦੇ।’’ ਉਹਨੂੰ ਚੜ੍ਹਦੀ ਕਲਾ ’ਚ ਦੇਖ ਕੇ ਮੁੰਡਿਆਂ ਨੇ ਕਾਰ ਵਾਪਸ ਮੋੜ ਲਈ। ਦੋ ਕੁ ਸਾਲਾਂ ਬਾਅਦ ਨਹਾਉਣ ਲੱਗਿਆਂ ਉਸ ਨੂੰ ਐਦਾਂ ਮਹਿਸੂਸ ਹੋਇਆ ਜਿੱਦਾਂ ਉਸ ਦੀਆਂ ਉਂਗਲਾਂ ਜਾਮ ਹੋ ਗਈਆਂ ਹੋਣ। ਉਸ ਬਥੇਰੀ ਕੋਸ਼ਿਸ਼ ਕੀਤੀ ਕਿ ਮੁੱਠ ਮੀਚ ਹੋ ਜਾਵੇ। ਕੋਈ ਵਾਹ ਪੇਸ਼ ਨਾ ਗਈ ਤਾਂ ਉਸ ਮੱਝਾਂ ਨੂੰ ਪੱਠੇ ਪਾਉਂਦੇ ਗਿਆਨ ਨੂੰ ਆਵਾਜ਼ ਮਾਰ ਲਈ। ਗਿਆਨ ਘਬਰਾ ਗਿਆ। ਉਹਨੂੰ ਨਕੋਦਰ ਲੈ ਗਏ। ਡਾਕਟਰ ਨੇ ਚੈਕ-ਅੱਪ ਕੀਤੀ ਤੇ ਦੱਸਿਆ ਕਿ ਐਵੇਂ ਮਾਈਨਰ ਹਾਰਟ ਅਟੈਕ ਸੀ। ਜਦੋਂ ਉਹ ਨਹਾਉਣ ਲੱਗੇ ਤਾਂ ਉਹਦੀ ਪਿੱਠ ਆਪ ਮਲ ਦਿਆ ਕਰੋ। ਬਾਹਾਂ ਨੂੰ ਪਿਛਾਂਹ ਨੂੰ ਘੱਟ ਮੋੜਨਾ। ਦੋ ਕੁ ਦਿਨਾਂ ਬਾਅਦ ਉਹ ਮੋਟਰ ਦੇ ਚਲ੍ਹੇ ’ਤੇ ਨਹਾਉਣ ਲੱਗਾ। ਗਿਆਨ ਅਗਾਂਹ ਨੂੰ ਹੋ ਕੇ ਉਸ ਦੀ ਪਿੱਠ ’ਤੇ ਸਾਬਣ ਲਾਉਣ ਲੱਗਾ ਤਾਂ ਉਸ ਕਿਹਾ, ‘‘ਹੈਂ, ਕਮਲਾ ਨਾ ਹੋਵੇ ਤਾਂ। ਮੈਨੂੰ ਕੀ ਹੋਇਆ।’’ 6 ਜਨਵਰੀ 2005 ਨੂੰ ਉਹ ਆਪਣੇ ਨਿੱਤਨੇਮ ਵਾਂਗੂੰ ਬਾਹਰ ਗਿਆ। ਗਿਆਨ ਦੀ ਛੋਟੀ ਕੁੜੀ ਛੀਰੋ ਨੂੰ ਕਿਹਾ ਕਿ ਆਹ ਜਿਹੜੀ ਕੋਟੀ ਬੱਬਾ ਬਾਹਰੋਂ ਲਿਆਇਆ ਸੀ, ਉਹਨੂੰ ਇਕੱਲੀ ਇਕੱਲੀ ਕਰ ਦੇਵੇ। ਜੈਕਟ ਤੇ ਕੋਟੀ ਇਕੱਠੀ ਸੀ। ਕੋਟੀ ਪਾਈ। ਹੱਥ ’ਚ ਝੋਲਾ ਫੜਿਆ ਤੇ ਅੱਗੇ ਵੱਲ ਤੁਰ ਪਿਆ। ਅਜੇ ਪੰਚਾਇਤਘਰ ਵਾਲਾ ਮੋੜ, ਜਿਹੜਾ ਘਰੋਂ ਡੇਢ ਕੁ ਫਰਲਾਂਗ ਦੂਰ ਹੈ, ਮੁੜਿਆ ਕਿ ਉਸ ਨੂੰ ਘਬਰਾਹਟ ਜਿਹੀ ਹੋਈ। ਉਹ ਥਾਏਂ ਹੀ ਪੈਰਾਂ ਭਾਰ ਬੈਠ ਗਿਆ। ਕੋਲੋਂ ਦੀ ਮਾਸਟਰਾਂ ਦਾ ਭਈਆ ਕਾਲੂ ਲੰਘਣ ਲੱਗਿਆ ਤਾਂ ਉਸ ਕਾਲੂ ਨੂੰ ਆਵਾਜ਼ ਮਾਰ ਕੇ ਕਿਹਾ, ‘‘ਰੁਕ ਉਏ ਜੁਆਨਾ, ਮੇਰਾ ਹੱਥ ਫੜ ਕੇ ਉਠਾਲੀਂ ਜ਼ਰਾ। ਐਵੇਂ ਘੁੰਮੇਟਣੀ ਜਿਹੀ ਆ ਗਈ।’’ ਕਾਲੂ ਨੇ ਸਾਈਕਲ ਦਾ ਸਟੈਂਡ ਲਾਇਆ। ਬਾਹੋਂ ਫੜ ਕੇ ਉਠਾਇਆ। ਅਗਲੇ ਪਲ ਉਹ ਕਾਲੂ ਦੀਆਂ ਬਾਹਾਂ ’ਚ ਹੀ ਲੁੜਕ ਗਿਆ। ਪਿੰਡ ਵੱਲੋਂ ਆਵਾਜ਼ ਆਈ, ‘‘ਸਾਧ-ਸੰਤਾਂ ਵਾਂਗੂੰ ਮਰਿਆ। ਨਾ ਆਪ ਤੰਗ ਹੋਇਆ। ਨਾ ਘਰਦਿਆਂ ਨੂੰ ਤੰਗ ਕੀਤਾ। ਐਵੇਂ ਤਾਂ ਨ੍ਹੀਂ ਸਿਆਣਿਆਂ ਕਿਹਾ ਕਿ ਐਦਾਂ ਦੀ ਮੌਤ ਕਰਮਾਂ ਵਾਲਿਆਂ ਨੂੰ ਆਉਂਦੀ ਆ।’’

ਸੰਪਰਕ: 98148-03254

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All