ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 7 ਅਪਰੈਲ ਜੇਕਰ ਕਰੋਨਾਵਾਇਰਸ ਕਾਰਨ ਮਰੇ ਵਿਅਕਤੀ ਦੀ ਲਾਸ਼ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਅੱਗੇ ਨਹੀਂ ਆਉਂਦੇ ਤਾਂ ਪ੍ਰਸ਼ਾਸਨ ਵੱਲੋਂ ਅਜਿਹੀ ਲਾਸ਼ ਦਾ ਪੰਜਾਬ ਪੁਲੀਸ ਦੀ ਨਿਯਮਾਂਵਲੀ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਹੁ-ਰੀਤਾਂ ਨਾਲ ਸਸਕਾਰ ਕਰਵਾਇਆ ਜਾਵੇਗਾ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਬਿਲਕੁਲ ਸਪੱਸ਼ਟ ਹਦਾਇਤਾਂ ਪ੍ਰਸਾਸ਼ਨ ਨੂੰ ਜਾਰੀ ਕਰ ਦਿੱਤੀ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ। ਅੱਜ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਪੁਲੀਸ ਨਿਯਮਾਂਵਲੀ ਅਨੁਸਾਰ ਹੁਣ ਸਬੰਧਤ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰੇਗਾ। ਜੇਕਰ ਪਰਿਵਾਰ ਵਾਲੇ ਮ੍ਰਿਤਕ ਦਾ ਦੇਹ ਲੈਣ ਲਈ ਅੱਗੇ ਨਹੀਂ ਆਉਂਦੇ ਤਾਂ ਉਹ ਸਬੰਧਤ ਪੁਲੀਸ ਸਟੇਸ਼ਨ ਨਾਲ ਰਾਬਤਾ ਕਰ ਕੇ ‘ਅਨਕਲੇਮਡ ਬੌਡੀ’ ਐਲਾਨ ਕੇ ਅੰਤਿਮ ਰਸਮਾਂ ਪੂਰੀਆਂ ਕਰਵਾਈਆਂ ਜਾਣਗੀਆਂ। ਇਹ ਸਾਰੀ ਪ੍ਰਕਿਰਿਆ ਇਸ ਕੰਮ ਲਈ ਥਾਣਾ ਪੱਧਰ ’ਤੇ ਬਣੀਆਂ ਕਮੇਟੀਆਂ ਵੱਲੋਂ ਕਰਵਾਈ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਬਜ਼ੀ ਵਿਕਰੇਤਾਵਾਂ ਵੱਲੋਂ ਤੈਅ ਰੇਟ ਤੋਂ ਜ਼ਿਆਦਾ ਮੁਨਾਫ਼ਾਖੋਰੀ ਦੀਆਂ ਮਿਲੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਡੀਸੀ ਅਗਰਵਾਲ ਨੇ ਅਜਿਹੇ ਕਾਰੋਬਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਅਗਲੇ ਦਿਨਾਂ ਦੌਰਾਨ ਇਸ ਪ੍ਰਚਲਨ ਦੀ ਅਚਨਚੇਤ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਮਿਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਮੁੜ ਦੁਹਰਾਇਆ ਕਿ ਰੇਹੜੀ ਫੜ੍ਹੀ ਵਾਲਿਆਂ ਨੂੰ ਸਬਜ਼ੀਆਂ ਅਤੇ ਫ਼ਲਾਂ ਦੀ ਰੇਟ ਲਿਸਟ ਡਿਸਪਲੇਅ ਕਰਨੀ ਬਹੁਤ ਜ਼ਰੂਰੀ ਹੈ। ਖੇਤੀਬਾੜੀ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦਿੱਤੀ ਖੁੱਲ੍ਹ ਬਾਰੇ ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਵੱਖ-ਵੱਖ ਪਿੰਡਾਂ ਵਿੱਚ ਰਸਤੇ ਰੋਕ ਕੇ ਬੈਠੇ ਪਿੰਡ ਵਾਸੀ ਅਜਿਹੇ ਲੋਕਾਂ ਨੂੰ ਤੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕੰਮ ਕਰਨ ਤੋਂ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਉਨ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਜੋ ਹਰੇਕ ਪਿੰਡ ਦਾ ਮੁਲਾਂਕਣ ਕਰਨਗੇ ਕਿ ਕਿਸ ਪਿੰਡ ਵਿੱਚ ਕਿੰਨੇ ਮਜ਼ਦੂਰਾਂ ਦੀ ਖੇਤੀ ਕਾਰਜਾਂ ਲਈ ਜ਼ਰੂਰਤ ਹੈ। ਉਨ੍ਹਾਂ ਦੱਸਿਆ ਲੁਧਿਆਣਾ ਵਿੱਚ ਹੁਣ ਤੱਕ 410 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 329 ਦੀ ਰਿਪੋਰਟ ਆ ਗਈ ਹੈ। 320 ਨਮੂਨੇ ਨੈਗੇਟਿਵ ਅਤੇ 7 ਪਾਜ਼ੀਟਿਵ ਮਿਲੇ ਹਨ। 2 ਨਮੂਨੇ ਰਿਪੀਟ ਕੀਤੇ ਗਏ ਹਨ, ਇਸ ਤਰ੍ਹਾਂ ਕੁੱਲ 81 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਿਤੀ ਪੂਰੀ ਤਰ੍ਹਾਂ ਪ੍ਰਸ਼ਾਸਨ ਦੇ ਕੰਟਰੋਲ ਹੇਠ ਹੈ।

ਮੁਸਲਿਮ ਭਾਈਚਾਰੇ ਖ਼ਿਲਾਫ਼ ਪ੍ਰਚਾਰ ਦੀ ਸਖ਼ਤ ਨਿਖੇਧੀ ਲੁਧਿਆਣਾ (ਖੇਤਰੀ ਪ੍ਰਤੀਨਿਧ): ਕਰੋਨਾਵਾਇਰਸ ਮਹਾਂਮਾਰੀ ਦੀ ਆੜ ਹੇਠ ਤਬਲੀਗੀ ਜਮਾਤ ਦੇ ਦਿੱਲੀ ਮਰਕਜ਼ ਦੇ ਮਰੀਜ਼ਾਂ ਨੂੰ ਸ਼ੱਕੀ ਪੀੜਤਾਂ ਦਾ ਨਾਮ ਵਰਤ ਕੇ ਸਮੁੱਚੇ ਮੁਸਲਮਾਨ ਵਰਗ ਵਿਰੁੱਧ ਕਥਿਤ ਤੌਰ ‘ਤੇ ਕੀਤੇ ਜਾ ਰਹੇ ਪ੍ਰਚਾਰ ਦੀ ਕੌਮਾਗਾਟਾਮਾਰੂ ਕਮੇਟੀ ਦੇ ਨੁਮਾਇੰਦਿਆਂ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਐਡਵੋਕੇਟ, ਜਸਦੇਵ ਸਿੰਘ ਲਲਤੋਂ, ਰਘਵੀਰ ਸਿੰਘ ਬੈਨੀਪਾਲ, ਉਜਾਗਰ ਸਿੰਘ ਬੱਦੋਵਾਲ, ਸ਼ਿੰਦਰ ਸਿੰਘ ਜਵੱਦੀ, ਰਮਨਜੀਤ ਸੰਧੂ, ਮਲਕੀਤ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਮੁਲਕ ਦਾ ਅਟੁੱਟ ਸਮਾਜਿਕ ਭਾਈਚਾਰਾ ਮੰਨੇ ਜਾਂਦੇ ਇਸ ਵਰਗ ਵਿਰੁੱਧ ਫਿਰਕੂ ਫਾਸ਼ੀ ਤਾਕਤਾਂ ਵੱਲੋਂ ਕਥਿਤ ਤੌਰ ‘ਤੇ ਗਿਣ-ਮਿੱਥ ਕੇ ਝੂਠੀਆਂ ਅਫ਼ਵਾਹਾਂ ਫੈਲਾਉਣ, ਕੂੜ ਪ੍ਰਚਾਰ ਦਾ ਪਸਾਰ ਕਰਨ ਅਤੇ ਆਪਸ ਵਿੱਚ ਲੜਾਉਣ ਦੀ ਸਾਜਿਸ਼ ਘੜਨਾ ਮੰਦਭਾਗਾ ਰੁਝਾਨ ਹੈ। ਕੌਮਾਗਾਟਾਮਾਰੂ ਕਮੇਟੀ ਨੇ ਕਿਹਾ ਕਿ ਆਜ਼ਾਦੀ ਅਤੇ ਨਵੇਂ ਕੌਮੀ ਜਮਹੂਰੀ ਰਾਜ ਪ੍ਰਬੰਧ ਦੀ ਸਿਰਜਣਾ ਖਾਤਰ ਮੁਸਲਮਾਨ ਵਰਗ ਦੇ ਭਾਰੀ ਤਿਆਗ ਅਤੇ ਬੇਮਿਸਾਲ ਕੁਰਬਾਨੀਆਂ ਕਰਨ ਦੀ ਲੰਮੀ ਅਤੇ ਸ਼ਾਨਾਮੱਤੀ ਗਾਥਾ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਅਜਿਹੇ ਫਿਰਕੂ ਫਾਸ਼ੀ ਫੁੱਟਪਾਊ ਅਨਸਰਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਮੇਟੀ ਆਗੂਆਂ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਪੋਤਰੇ ‘ਜ਼ੈਦ’ ਦੀ ਅਚਾਨਕ ਮੌਤ ਹੋਣ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All