ਵਾਦ ਅਨੁਵਾਦ

ਕਵਿਤਾ ਦਾ ਖ਼ਿਆਲ ਇਹਦੀ ਰੂਹ ਹੁੰਦਾ ਹੈ। ਅਨੁਵਾਦ ਇਹਦਾ ਕਿਸੇ ਹੋਰ ਜਾਮੇ ਵਿਚ ਹੋਇਆ ਪੁਨਰਜਨਮ ਹੁੰਦਾ ਹੈ। ਜਾਂ ਬੂਟਾ ਪੁੱਟ ਕੇ ਨਵੀਂ ਥਾਂ ਨਵੀਂ ਮਿੱਟੀ ਵਿਚ ਲਾਉਣਾ ਆਖਿਆ ਜਾ ਸਕਦਾ ਹੈ। ਜੜ੍ਹ ਲੱਗ ਜਾਏ, ਤਾਂ ਵਾਹ ਭਲੀ

ਅਮਰਜੀਤ ਚੰਦਨ

ਨੰਗੇ ਪਿੰਡੇ ਉੱਤੇ ਬਲ਼ਦੀ ਉਂਗਲ਼ ਜੋ ਵੀ ਲਿਖਿਆ ਲਹੂ ਦੀ ਬੋਲੀ ਮਾਂ ਦੀ ਬੋਲੀ ਰੂਹ ਦੀ ਬੋਲੀ ਨਾਲ਼ ਅੱਖਰ ਅੱਖਰ ਰਚਿਆ ਰਸਿਆ ਰਗ ਰਗ ਅੰਦਰ

ਜੋ ਵੀ ਹੁੰਦਾ ਸਭ ਕੁਝ ਹੁੰਦਾ ਵਿਚ ਪੰਜਾਬੀ - ਤਾਸੀਰ ਪਾਣੀ ਦੀ ਤੋਰ ਮਜਾਜੀ ਸੰਦ ਤੇ ਭਾਂਡੇ ਇੱਕੋ ਘਰ ਦੇ ਜੀਅ

ਜੋ ਵੀ ਹੁੰਦਾ ਸਭ ਕੁਝ ਹੁੰਦਾ ਵਿਚ ਪੰਜਾਬੀ - ਰੰਗ ਆਕਾਸ਼ੀ ਮਹਿਕ ਮਿੱਟੀ ਦੀ ਸੇਜਲ ਅੱਖੀਆਂ ਹੱਥਾਂ ਦਾ ਨਿੱਘ ਕੂਕ ਪੰਛੀ ਦੀ

ਜਦ ਗੀਤ ਅਪਣਾ ਵਿਚ ਪਰਾਈ ਬੋਲੀ ਢਲ਼ਦਾ - ਵਾਦ ਦਾ ਅਨੁਵਾਦ ਹੈ ਹੁੰਦਾ ਆਂਡੇ ਵਿੱਚੋਂ ਚੂਚਾ ਨਿਕਲ਼ੇ ਬੀਅ ਗਲ਼ ਕੇ ਹੀ ਉੱਗਦਾ ਹੈ ਆਕਾਸ਼ ਤੇ ਮਿੱਟੀ ਹੱਥ ਅੱਖਾਂ ਨੂੰ ਝਾਤ ਆਖਦੇ ਖ਼ਾਮੋਸ਼ ਪਰਿੰਦਾ ਹੋ ਜਾਂਦਾ ਹੈ ਜਨਮਾਂ ਦੇ ਮਿਤਰ ਪਹਿਲੀ ਵਾਰੀ ਮਿਲ਼ਦੇ ਹਮ ਘਰ ਸਾਜਨ ਆਂਦੇ ਦੁੱਧ ਨੂੰ ਜਾਗ ਹੈ ਲਗਦਾ ਰੁੱਖ ਅਪਣੇ ਬੀਅ ਛੰਡਦਾ ਹੈ ਨੱਸਿਆ ਜਾਂਦਾ ਬੰਦਾ ਸੋਚਾਂ ਦੀ ਉਂਗਲ਼ ਫੜ ਕੇ ਚੱਲਣ ਲੱਗਦਾ ਦੋ ਮੰਡਲਾਂ ਦੇ ਜੀਅ ਰਲ਼ ਬਹਿੰਦੇ ਕਿਛੁ ਕਹਿੰਦੇ ਕਿਛੁ ਸੁਣਦੇ ਬਾਬਾ ਨਾਨਕ ਮੱਕੇ ਅੰਦਰ ਅਰਬੀ ਵਿਚ ਹੈ ਗੋਸ਼ਟਿ ਕਰਦਾ ਛੁੱਟੀ ਕੱਟਣ ਆਇਆ ਫ਼ੌਜੀ, ਮਾਂ ਅਪਣੀ ਨਾ’ ਹਿੰਦੁਸਤਾਨੀ ਬਾਤੇਂ ਕਰਤਾ ਕਵੀ ਸਵਾਮੀ* ਅੰਗਰੇਜ਼ੀ ਵਿਚ ਕਵਿਤਾ ਰਚਦਾ, ਪੰਜਾਬੀ ਵਿਚ ਰੋਂਦਾ ਕੀਟਪਤੰਗਾ ਪਾਲ਼ ਘਰੀਣੀ ਉਹਨੂੰ ਅਪਣੇ ਵਰਗਾ ਕਰਦੀ ਨਦੀ ਦਾ ਕੰਢਾ ਦੂਜੇ ਕੰਢੇ ਨੂੰ ਜਾ ਮਿਲ਼ਦਾ ਪਹਿਲਾ ਢਾਹ ਕੇ ਨਵਾਂ ਰੇਤ ਦਾ ਘਰ ਬਣਾਉਂਦਾ ਬੱਚਾ ਹਾਲ ਗੀਤ ਦਾ ਜਾਣ ਕੇ ਹੋਏ ਬੇਘਰ ਵਰਗਾ ਹੁੰਦਾ ਜਦ ਘਰ ਖੁੱਸਦਾ ਤਾਂ ਸਭ ਕੁਝ ਖੁੱਸਦਾ ਜੋ ਵੀ ਬਚਦਾ ਉਹ ਜੀਵਨ ਦੀ ਤਾਂਘ ਹੈ ਬਚਦੀ ਘਰ ਤੋਂ ਦੂਰ ਘਰ ਨਵਾਂ ਫਿਰ ਬਣ ਜਾਂਦਾ ਹੈ

* ਮਹਾਕਵੀ ਪੂਰਨ ਸਿੰਘ (1881-1931). ਛੰਨਾ (1998) ਵਿੱਚੋਂ

‘ਏਸ਼ੀਆ ਦਾ ਚਾਨਣ’ ਪਹਿਲੀ ਵਾਰ ਪੰਜਾਬੀ ਵਿਚ, 1938. ਇਹ ਕਿਤਾਬ ਲਹੌਰ ਵਾਲ਼ੀ ਦਿਆਲ ਸਿੰਘ ਲਾਇਬ੍ਰੇਰੀ ਵਿਚ ਪਈ ਹੈ. ਫੇਰ ਇਸ ਮਹਾਕਾਵਿ ਦਾ ਕਵਿਤਾ ਵਿਚ ਅਨੁਵਾਦ ਮੋਹਨ ਸਿੰਘ ਨੇ ਕੀਤਾ ਸੀ।

ਅਨੁਵਾਦ ਸ਼ਬਦ ਸੰਸਕ੍ਰਿਤ ਦਾ ਹੈ। ਅਨੁ+ਵਾਦ। ਅਨੁ ਪਿੱਛੇ-ਪਿੱਛੇ, ਨਾਲ਼-ਨਾਲ਼, ਨੇੜੇ-ਨੇੜੇ। ਇਨ੍ਹਾਂ ਸ਼ਬਦਾਂ ਦੀ ਜੋੜਨੀ (ਹਾਈਫ਼ਨ) ਧਿਆਨਜੋਗ ਹੈ। ਵਾਦ ਬਾਤ, ਗੱਲ। ਕਿਸੇ ਧ੍ਵਨੀ ਜਾਂ ਸ਼ਬਦ ਦੀ ਜਾਂ ਉਹਦੇ ਪਿੱਛੇ ਜਾਂ ਵਿਚਲੀ ਬਾਤ। ਗੱਲ। ਸੋ ਅਨੁਵਾਦ ਦਾ ਇਹ ਮਤਲਬ ਬਣਦਾ ਹੈ: ਉਹ ਵਿਚਾਰ ਜੋ ਪਿੱਛੇ-ਪਿੱਛੇ, ਨਾਲ਼ੋ-ਨਾਲ਼, ਨੇੜੇ-ਨੇੜੇ ਚੱਲੇ ਜਾਂ ਹੋਵੇ। ਇਹ ਸਵਾਲ ਬੜਾ ਪੁਰਾਣਾ ਹੈ ਕਿ ਕੀ ਕਵਿਤਾ ਦਾ ਅਨੁਵਾਦ ਹੋ ਸਕਦਾ ਹੈ? ਇਹਦਾ ਜਵਾਬ ਕੋਈ ਹਾਂ ਦਿੰਦਾ ਹੈ; ਕੋਈ ਨਾ। ਦੋਵੇਂ ਹੀ ਠੀਕ ਹਨ। ਪਰ ਉਹ ਕਿਹੜੀ ਬਾਤ ਹੁੰਦੀ ਹੈ, ਜੋ ਕਿਸੇ ਹੋਰ ਬੋਲੀ ਵਿਚ ਪਰਤ ਕੇ ਬਣ ਜਾਂਦੀ ਹੈ; ਤੇ ਉਹ ਕਿਹੜੀ ਜਿਹੜੀ ਹੋਰ ਬੋਲੀ ਵਿਚ ਪਰਤ ਕੇ ਨਹੀਂ ਬਣਦੀ? ਇਹ ਮੁੱਢਲੇ ਸਵਾਲ ਕਦੇ ਹੱਲ ਨਹੀਂ ਹੋਣੇ। ਤੇ ਅਨੁਵਾਦ ਦਾ ਕੰਮ ਏਦਾਂ ਹੀ ਚੱਲਦਾ ਰਹਿਣਾ ਹੈ। ਦੁਨੀਆ ਭਰ ਦੇ ਲੋਕਾਂ ਨੇ ਇਕ ਦੂਜੇ ਨੂੰ ਅਨੁਵਾਦ ਰਾਹੀਂ ਹੀ ਜਾਣਿਆ ਹੈ। ਰੂਸੀ ਕਵੀ ਪੁਸ਼ਕਿਨ ਅਨੁਵਾਦਕਾਂ ਨੂੰ ‘ਸਾਹਿਤ ਦੇ ਹਰਕਾਰੇ’ ਕਹਿੰਦਾ ਸੀ। ਅਮਰੀਕੀ ਲਿਖਾਰਨ ਸੂਜ਼ਨ ਸੋਂਟਾਗ ਨੇ ਅਨੁਵਾਦ ਨੂੰ ਸਾਹਿਤ ਦੀ ਰਾਹਦਾਰੀ (ਪਾਸਪੋਰਟ) ਆਖਿਆ। ਅਨੁਵਾਦ ਪੁਲ਼ ਹੈ, ਜੋ ਦੁਨੀਆ ਦੇ ਮਹਾਦੀਪਾਂ ਨੂੰ ਇਕ ਦੂਜੇ ਨਾਲ਼ ਜੋੜਦਾ ਹੈ। ਕਹਿ ਸਕਦੇ ਹਾਂ ਕਿ ਪੁਲ਼ ਉੱਤੇ ਤਣਿਆ ਆਸਮਾਨ ਤੇ ਹੇਠ ਵਗਦਾ ਦਰਿਆ ਭਾਸ਼ਾ ਹੈ। ਇਹ ਸੱਚ ਹੈ ਕਿ ਕਵਿਤਾ ਦਾ ਅਨੁਵਾਦ ਹੋ ਈ ਨਹੀਂ ਸਕਦਾ। ਅਨੁਵਾਦ ਚ ਅਸਲ ਕਵਿਤਾ ਮਰ ਜਾਂਦੀ ਹੈ। ਅਮਰੀਕੀ ਕਵੀ ਰੌਬਰਟ ਫ਼ਰੌਸਟ ਇਹੀ ਕਹਿੰਦਾ ਸੀ। ਹਰ ਭਾਸ਼ਾ ਜਿਵੇਂ ਕੋਈ ਗ੍ਰਹਿ ਹੁੰਦੀ ਹੈ ਤੇ ਹਰ ਸ਼ਬਦ ਵੱਖਰੀ ਦੁਨੀਆ ਹੁੰਦਾ ਹੈ। ਕਵਿਤਾ ਕੀ ਹੁੰਦੀ ਹੈ? ਇਹਦੀਆਂ ਬੀਸੀਓਂ ਵਿਆਖਿਆਵਾਂ ਮਿਲ਼ਦੀਆਂ ਹਨ। ਬੰਦਾ ਕਿਹਨੂੰ ਮੰਨੇ, ਕਿਹਨੂੰ ਨਾ ਮੰਨੇ? ਪਰ ਅੰਗਰੇਜ਼ੀ ਕਵੀ ਸੈਮੂਅਲ ਟੇਅਲਰ ਕੌਲਰਿੱਜ ਦੀ ਕਵਿਤਾ ਦੀ ਦੱਸੀ ਸਿਫ਼ਤ ਐਨ ਸਹੀ ਲਗਦੀ ਹੈ: ਸੁੰਦਰਤਮ ਚਿਣਾਈ ਵਿਚ ਜੜੇ ਹੋਏ ਸੁੰਦਰਤਮ ਸ਼ਬਦ। ਮੈਕਸੀਕੋ ਦੇ ਕਵੀ ਓਕਤਾਵੀਓ ਪਾਜ਼ ਦੀ ਨਜ਼ਰ ਵਿਚ ਕਵਿਤਾ ਵਿਚ ‘ਭਾਸ਼ਾ ਦੀ ਖੁਰਦਰੀ ਸ਼ੁੱਧਤਾ’ (ਸੈਵੇਜ ਪਿਉਰਿਟੀ) ਹੁੰਦੀ ਹੈ। ਹੁਣ ਅਸਲ ਗੱਲ ਇਹ ਹੈ ਕਿ ਇਹ ਖੁਰਦਰੀ ਸ਼ੁੱਧਤਾ ਇਕ ਬੋਲੀ ਚੋਂ ਦੂਸਰੀ ਬੋਲੀ ਚ ਪਰਤਾਈ ਕਿਵੇਂ ਜਾਵੇ? ਕਿਸੇ ਕਵੀ ਨੇ ਤਾਂ ਇਹ ਵੀ ਆਖ ਛੱਡਿਆ ਕਿ ਜਦ ਇੱਕੋ ਬੋਲੀ ਵਿਚ ਕਿਸੇ ਸ਼ਬਦ ਦਾ ਹੋਰ ਕੋਈ ਸਾਨੀ ਨਹੀਂ ਹੁੰਦਾ, ਤਾਂ ਇਕ ਬੋਲੀ ਚੋਂ ਦੂਜੀ ਬੋਲੀ ਚ ਪਰਤਣ-ਪਰਤਾਉਣ ਦਾ ਤਾਂ ਸੋਚਿਆ ਈ ਨਹੀਂ ਜਾ ਸਕਦਾ। ਮੈਂ ਮੂਲ਼ ਲਿੱਪੀ ਨੂੰ ‘ਮਾਂ-ਲਿੱਪੀ’ ਆਖਦਾ ਹਾਂ। ਮਾਂ ਬੋਲੀ। ਮਾਂ-ਲਿੱਪੀ। ਅਨੁਵਾਦ ਵਿਚ ਜੋ ਦੋ ਭਾਣੇ ਸਭ ਤੋਂ ਪਹਿਲਾਂ ਵਾਪਰਦੇ ਹਨ - ਧ੍ਵਨੀ ਤੇ ਲਿੱਪੀ ਦੋਵੇਂ ਦੇਹੀ ਸਣੇ ਰੂਹ ਛੱਡ ਦਿੰਦੀਆਂ ਨੇ। ਫਿਰ ਰੂਹ ਦਾ ਨਵਾਂ ਜਨਮ ਨਵੇਂ ਜਾਮੇ (ਲਿੱਪੀ ਤੇ ਬੋਲੀ) ਵਿਚ ਹੁੰਦਾ ਹੈ। ਕੋਈ ਸ਼ਬਦ ਅਸਲ ਅਰਥ ਦਾ ਸੰਕੇਤ-ਮਾਤ੍ਰ ਹੁੰਦਾ ਹੈ; ਅਰਥ ਨਹੀਂ। ਗ਼ਾਲਿਬ: ਹੈ ਪਰੇ ਸਰਹੱਦ-ਏ-ਇਦਰਾਕ ਸੇ ਅਪਨਾ ਮਸਜੂਦ/ ਕਿ਼ਬਲੇ ਕੋ ਅਹਲ-ਏ-ਨਜ਼ਰ ਕਿ਼ਬਲਾਹਨੁਮਾ ਕਹਤੇ ਹੈਂ। (ਜਿੱਧਰ ਸਿਜਦਾ ਕਰੀਦਾ ਏ, ਉਹ ਸਾਡੀ ਸੋਚ ਤੋਂ ਵੀ ਪਰ੍ਹਾਂ ਏ। ਨਜ਼ਰ ਰੱਖਣ ਵਾਲ਼ੇ ਕਹਿੰਦੇ ਨੇ ਕਿ ਕਿ਼ਬਲਾਹ ਨਿਰੀ ਸੈਨਤ ਹੀ ਹੈ; ਕਿ਼ਬਲਾਹ ਤੇ ਕੋਈ ਹੋਰ ਹੈ। ਉਹ ਦਿਸਦਾ ਈ ਨਹੀਂ)। ਇਸ ਵਿਰੋਧਾਭਾਸ ਦੇ ਰਹਿੰਦਿਆਂ ਅਨੁਵਾਦ ਸੰਭਵ ਨਹੀਂ। ਪੰਜਵੀਂ ਸਦੀ ਈਸਵੀ ਵਿਚ ਹੋਏ ਸੰਸਕ੍ਰਿਤ ਵਿਦਵਾਨ ਭਰਤਰੀਹਰੀ ਨੇ ‘ਅਖੰਡ ਸੁਫੋਟ’ ਦੀ ਗੱਲ ਕੀਤੀ ਸੀ। ਯਾਨੀ: ਸਮੁੱਚੇ ਅਰਥ ਦੀ ਅਖੰਡ ਪ੍ਰਤੱਖ ਚੇਤਨਾ। ਸੁਫੋਟ = ਸਮਰੂਪ ਅੰਤ੍ਰਚਿਤ। ਈਸਾ ਸੰਨ ਤੋਂ ਚਾਰ ਸਦੀਆਂ ਪਹਿਲਾਂ ਦੇ ਸੰਸਕ੍ਰਿਤ ਭਾਸ਼ਾਵਿਦ ਪਾਤੰਜਲੀ ਨੇ ਆਖਿਆ ਸੀ ਕਿ ਅਰਥ ਸ਼ਬਦ ਦਾ ਸਥਾਈ ਪੱਖ ਹੁੰਦਾ ਹੈ। ਸੋ ਮੂਲ ਸ਼ਬਦ ਤੇ ਅਰਥ ਦੀ ਅਖੰਡਤਾ (ਨੌਨ ਡੂਐਲਇਟੀ) ਅਨੁਦਿਤ ਹੋ ਕੇ ਟੁੱਟ ਜਾਂਦੀ ਹੈ। ਇਹ ਇਹਦੀ ਹੋਣੀ ਹੈ। ਸੋ ਅਨੁਵਾਦ ਅਸੰਭਵ ਹੈ। ਅਨੁਵਾਦ ਵਿਚ ਹੋਰ ਕੀ ਕੁਝ ਖੁੱਸਦਾ ਹੈ? ਵਿਆਕਰਣ, ਨਾਵਾਂ ਦੇ ਲਿੰਗ, ਲੋਕਾਚਾਰ (ਈਥੌਸ), ਅਰਥਭੇਦ (ਨੂਐਂਸਜ਼), ਸੁਰ-ਸ਼ੈਲੀ (ਟੋਨ), ਤਾਲ (ਰਿਦਮ), ਛੰਦ, ਪ੍ਰਸੰਗ, ਸੰਦ੍ਰਿਸ਼ (ਪਰਸਪੈਕਟਿਵ), ਮਜ਼ਾਹ ਵਿਅੰਗ, ਲੋਕਬਾਣੀ, ਛੇ ਹਿੱਸਾਂ - ਤੇ ਸ਼ੈਆਂ ਦੀ ਤਾਸੀਰ, ਜਿਸ ਨਾਲ਼ ਕਿ ਕਵਿਤਾ ਬਣਦੀ ਹੈ। ***

ਅਮਰਜੀਤ ਚੰਦਨ

ਹੁਣ ਦੁਨੀਆ ਦੀ ਹਰ ਯੂਨੀਵਰਸਟੀ ਵਿਚ ਸਾਹਿਤਕ ਅਨੁਵਾਦ ਨੂੰ ਮਾਨਤਾ ਮਿਲ਼ੀ ਹੋਈ ਹੈ। ਅਨੁਵਾਦ ਕਲਾ ਦੀਆਂ ਬੜੀਆਂ ਕਿਤਾਬਾਂ ਛਪਦੀਆਂ ਰਹਿੰਦੀਆਂ ਹਨ। ਹਰ ਅਨੁਵਾਦਕ ਕੋਲ਼ ਅਪਣੇ ਕੀਤੇ ਕੰਮ ਦੀ ਗੱਲ ਕਰਨ ਨੂੰ ਹੁੰਦੀ ਹੈ। ਪਰ ਹੁਣ ਤਕ ਕੋਈ ਅਨੁਵਾਦ ਦਾ ਕੋਈ ਇਕਲੌਤਾ ਸਿਧਾਂਤ ਨਹੀਂ ਬਣਾ ਸਕਿਆ। ਸੂਜ਼ਨ ਸੋਂਟਾਗ ਨੇ ਅਨੁਵਾਦ ਦੇ ਤਿੰਨ ਪਰ ਵੱਖਰੀ ਭਾਂਤ ਦੇ ਅਨੁਵਾਦਕਾਂ ਦੀ ਗੱਲ ਕੀਤੀ: ਹਿਬਰਾਨੀ ਬਾਈਬਲ ਨੂੰ ਲੈਟਿਨ ਵਿਚ ਉਲਥਾਣ ਵਾਲ਼ਾ ਸੇਂਟ ਜੀਰੋਮ (331-420), ਜਰਮਨ ਪ੍ਰੋਟੈਸਟੈਂਟ ਧਰਮਸ਼ਾਸਤਰੀ ਫ਼ਰਾਇਡਰਿਖ਼ ਸ਼ੈਲੀਅਰਮਾਖ਼ਰ (1770-1834) ਤੇ ਜਰਮਨ ਯਹੂਦੀ ਮਾਰਕਸਵਾਦੀ ਵਾਲਟਰ ਬੈਂਜਾਮਿਨ (1892-1940)। ਅਨੁਵਾਦ ਦੀ ਸਾਰੀ ਬਹਿਸ ਇਨ੍ਹਾਂ ਤਿੰਨਾਂ ਦੇ ਵਿਚਾਰਾਂ ਦੁਆਲ਼ੇ ਘੁੰਮਦੀ ਹੈ। ਸੇਂਟ ਜੀਰੋਮ ਨੇ ਚੌਥੀ ਸਦੀ ਵਿਚ ਆਖ ਦਿੱਤਾ ਸੀ ਕਿ ਹਰਫ਼-ਬ-ਹਰਬ ਅਨੁਵਾਦ ਦਾ ਕੋਈ ਮਤਲਬ ਨਹੀਂ ਹੁੰਦਾ। ਇਸ ਵਿਚ ਸੁਹਜ ਤੇ ਅਰਥ ਖ਼ਾਰਿਜ ਹੋ ਜਾਂਦਾ ਹੈ। ਇਹਦੇ ਐਨ ਉਲ਼ਟ ਸ਼ੈਲੀਅਰਮਾਖ਼ਰ ਨੇ ਸੰਨ 1813 ਵਿਚ ਲਿਖਿਆ ਕਿ ਸਾਹਿਤਕ ਅਨੁਵਾਦਕ ਦਾ ਮੁੱਢਲਾ ਕਰਤੱਵ ਇਹ ਬਣਦਾ ਹੈ ਕਿ ਉਹ ਮੂਲ਼ ਲਿਖਤ ਦੇ ਵਧ ਤੋਂ ਵਧ ਨੇੜੇ ਰਵ੍ਹੇ। ਲਿਖਤ ਦਾ ਮੂਲ ਭਾਵ ਤੇ ਇਹਦਾ ਪ੍ਰਤਿਰੂਪ - ਫ਼ੌਰਨਨੈੱਸ ਤੇ ਅਦਰਨੈੱਸ - ਕਾਇਮ ਰਹਿਣੀ ਚਾਹੀਦੀ ਹੈ। ਬੈਂਜਾਮਿਨ ਕਹਿੰਦਾ ਸੀ ਕਿ ਮੈਂ ਬੂਦਲੇਅਰ ਦਾ ਜਰਮਨ ਵਿਚ ਇੰਜ ਅਨੁਵਾਦ ਨਹੀਂ ਕਰਦਾ ਕਿ ਉਹ ਲੱਗੇ ਕਿ ਕਿਸੇ ਜਰਮਨ ਕਵੀ ਦੀ ਲਿਖੀ ਕਵਿਤਾ ਹੈ। ਅਨੁਵਾਦ ਵਿਚ ਪਰਦੇਸੀਪਨ ਕਾਇਮ ਰਹਿਣਾ ਚਾਹੀਦਾ ਹੈ। ਸ਼ੈਲੀਅਰਮਾਖ਼ਰ ਤੇ ਬੈਂਜਾਮਿਨ ਦੋਵੇਂ ਅਨੁਵਾਦ ਨੂੰ ਧਾਰਮਿਕ ਕਾਰਜ ਮੰਨਦੇ ਸੀ। ਇਨ੍ਹਾਂ ਵਾਸਤੇ ਅਨੁਵਾਦ ਪਵਿਤਰ ਗੰਭੀਰਤਾ, ਸ਼ੁੱਧਤਾ, ਦੀਨਦਾਰੀ ਤੇ ਮਸੀਹਾਈ ਦਾ ਦਰਜਾ ਰੱਖਦਾ ਸੀ। ਇਸ ਕਿਸਮ ਦੇ ਵਿਚਾਰਾਂ ਦੇ ਹੁੰਦਿਆਂ ਅਨੁਵਾਦ ਦਾ ਕੋਈ ਇਕਹਰਾ ਸਿਧਾਂਤ ਨਹੀਂ ਘੜਿਆ ਜਾ ਸਕਦਾ। ਸ਼ਾਇਦ ਕੋਈ ਕਵੀ ਹੀ ਚੰਗਾ ਅਨੁਵਾਦ ਕਰ ਸਕਦਾ ਹੈ। ਭਾਖਾ ਦੇ ਹਰ ਕਹੇ-ਅਣਕਹੇ ਸ਼ਬਦ ਦੀ ਤਾਸੀਰ ਦਾ ਸਭ ਤੋਂ ਵਧ ਇਲਮ ਕਵੀ ਨੂੰ ਹੁੰਦਾ ਹੈ। ਇਨ੍ਹਾਂ ਵੱਡੇ ਕਵੀਆਂ ਨੇ ਅੰਗਰੇਜ਼ੀ ਵਿਚ ਆਹਲਾ ਕਿਸਮ ਦੇ ਅਨੁਵਾਦ ਕੀਤੇ - ਐਜ਼ਰਾ ਪਾਉਂਡ, ਡਬਲਯੂ. ਐੱਚ. ਔਡਨ, ਸਟੀਫ਼ਨ ਸਪੈਂਡਰ, ਟੈੱਡ ਹੀਊਜ਼ ਤੇ ਸ਼ੇਮਸ ਹੀਨੀ। ਟੀ.ਐੱਸ. ਈਲੀਅਟ ਨੇ ਪਾਉਂਡ ਦੀਆਂ ਚੋਣਵੀਆਂ ਕਵਿਤਾਵਾਂ ਦੀ ਕਿਤਾਬ ਵਿਚ ਕੀਤੇ ਅਨੁਵਾਦ ਕਰਕੇ ਉਹਨੂੰ ‘ਸਾਡੇ ਸਮੇਂ ਦਾ ਚੀਨੀ ਕਵਿਤਾ ਦਾ ਈਜਾਦਕਾਰ’ ਤੇ ‘ਵੀਹਵੀਂ ਸਦੀ ਕਵਿਤਾ ਦਾ ਆਹਲਾ ਨਮੂਨਾ’ ਆਖਿਆ ਸੀ। ਏਲਿਸਟੀਅਰ ਰੀਡ ਬੋਰਖ਼ੇਸ ਤੇ ਨਰੂਦਾ ਦਾ ਪਰਮੰਨਿਆਂ ਅਨੁਵਾਦਕ ਹੈ। ਨਰੂਦਾ ਨੇ ਇਹਨੂੰ ਕਿਹਾ ਸੀ: ‘‘ਤੂੰ ਮੇਰੀਆਂ ਕਵਿਤਾਵਾਂ ਦਾ ਅਨੁਵਾਦ ਤਾਂ ਕਰੇਂਗਾ ਹੀ; ਨਾਲ਼ ਇਨ੍ਹਾਂ ਨੂੰ ਸੋਧ ਵੀ ਦੇਈਂ।’’ ਰੀਡ ਵਧੀਆ ਕਿਰਤ ਦਾ ਵਧੀਆ ਅਨੁਵਾਦ ਕਰਨ ਵਿਚ ‘ਦਿਆਨਤਦਾਰੀ ਨਾਲ਼ ਕੀਤੀ ਬੇਵਫ਼ਾਈ’ (ਅਨਫ਼ੇਥਫੁਲ ਟੂ ਬੀ ਲੌਇਲ) ਨੂੰ ਸਹੀ ਮੰਨਦਾ ਹੈ। ਅਨੁਵਾਦ ਤੋਂ ਲੱਗੇ ਕਿ ਇਹ ਅੰਗ੍ਰੇਜ਼ੀ ਵਿਚ ਲਿਖੀ ਕਵਿਤਾ ਹੈ। ਸਿਰਫ਼ ਨਾਲਾਇਕ ਅਨੁਵਾਦਕ ਮੂਲ ਲਿਖਤ ਨਾਲ਼ ਪੂਰੀ ਵਫ਼ਾਦਾਰੀ ਨਿਭਾਉਣ ਦੀ ਜ਼ਿੱਦ ਕਰਦੇ ਹਨ। ਰੀਡ ਕਹਿੰਦਾ ਹੈ ਕਿ ਕਵਿਤਾਵਾਂ ਵਿਚਲਾ ਤੱਤ ਭਾਖਾ ਤੋਂ ਉਪਰ ਤੇ ਪਰ੍ਹੇ ਹੁੰਦਾ ਹੈ। ਜਿਵੇਂ ਨਰੂਦਾ ਦੀ ਕਿਸੇ ਕਵਿਤਾ ਦਾ ਇਹ ਮਿਸਰਾ ਵੀ ਹੈ: ‘ਜਾਲ਼ ਵਿਚ ਨਿਰੀਆਂ ਤੰਦਾਂ ਨਹੀਂ ਹੁੰਦੀਆਂ, ਇਹਦੇ ਘੁਰਿਆਂ ਵਿਚ ਦੀ ਲੰਘਦੀ ਹਵਾ ਵੀ ਹੁੰਦੀ ਹੈ’। ਹੁਣ ਇਹ ਸਵਾਲ ਬਣਦਾ ਹੈ ਕਿ ਕੋਈ ਕਵਿਤਾ ਅਨੁਵਾਦ ਵਿਚ ਕਿਵੇਂ ਸੋਧੀ ਜਾਂ ਬਿਹਤਰ ਬਣਾਈ ਜਾ ਸਕਦੀ ਹੈ? ਇਹਦੀ ਭਲਾ ਲੋੜ ਕਿਉਂ ਪੈਂਦੀ ਹੈ? ਇਹਦਾ ਫ਼ੈਸਲਾ ਕੌਣ ਕਰਦਾ ਹੈ? ਕਵੀ ਜਾਂ ਅਨੁਵਾਦਕ? ਅਨੁਵਾਦਕ ਕਿਵੇਂ ਮੂਲ ਲਿਖਤ ਨਾਲ਼ ਸੱਚਾ ਰਹੇ ਤੇ ਲਿਖੇ ਸ਼ਬਦਾਂ ਵਲ ਨਾ ਜਾਵੇ? ਤੇ ਇਹ ਵੀ ਕਿ ਕਵਿਤਾ ਦੇ ਖ਼ਿਆਲ ਤੇ ਉਹਦੇ ਸਰੂਪ ਵਿਚਾਲ਼ੇ ਲੀਕ ਕਿੱਥੇ ਖਿੱਚੀ ਜਾਵੇ? ਸੈਮੁਅਲ ਬੈੱਕਟ ਦੁਭਾਸ਼ੀ ਸੀ। ਇਹ ਅੰਗ੍ਰੇਜ਼ੀ ਤੇ ਫ਼ਰਾਂਸੀਸੀ ਦੋਵਾਂ ਬੋਲੀਆਂ ਦਾ ਉਸਤਾਦ ਸੀ। ਜਦ ਇਹ ਅਪਣਾ ਹੀ ਲਿਖਿਆ ਇਕ ਬੋਲੀ ਤੋਂ ਦੂਜੀ ਬੋਲੀ ਵਿਚ ਉਲਥਾਂਦਾ ਹੋਵੇਗਾ, ਤਾਂ ਅਪਣਾ ਈ ਲਿਖਿਆ ਸੋਧਣ ਚ ਕਿੰਨੀ-ਕੁ ਖੁੱਲ੍ਹ ਲੈਂਦਾ ਹੋਵੇਗਾ? ਕਵਿਤਾ ਲਿਖਣਾ ਤੇ ਇਹਦਾ ਅਨੁਵਾਦ ਕਰਨਾ ਗੁੱਝਾ ਕਾਰਜ ਹੈ। ਰੀਡ ਵਰਗੇ ਕੁਝ ਕਵੀਆਂ ਨੇ ਇਸ ਬਾਰੇ ਕਵਿਤਾਵਾਂ ਵੀ ਲਿਖੀਆਂ ਹਨ। ਪਾਜ਼ ਨੇ ਇੱਥੋਂ ਤਕ ਕਹਿ ਦਿੱਤਾ ਕਿ ‘ਮੂਲ ਕਵਿਤਾ ਲਿਖਦਿਆਂ ਵੀ ਅਸੀਂ ਸ਼ਬਦ ਦਾ ਅਨੁਵਾਦ ਹੀ ਤਾਂ ਕਰਦੇ ਹਾਂ। ਅਸੀਂ ਜੋ ਵੀ ਕਰਦੇ ਹਾਂ, ਉਹ ਅਨੁਵਾਦ ਹੀ ਹੁੰਦਾ ਹੈ।’ ਹੁਣ ਮੈਂ ਅਪਣੀ ਕਹਾਣੀ ਦਸਦਾਂ: ਮੇਰੀ ਕਵਿਤਾ ਦੀਆਂ ਅੰਗ੍ਰੇਜ਼ੀ ਵਿਚ ਦੋ ਕਿਤਾਬਾਂ ਛਪੀਆਂ ਹਨ। ਮੈਂ ਅਪਣੀ ਕਵਿਤਾ ਪਹਿਲਾਂ ਆਪ ਹੀ ਅੰਗ੍ਰੇਜ਼ੀ ਵਿਚ ਅਨੁਵਾਦ ਕਰਦਾ ਹਾਂ। ਇਹ ‘ਇੱਕੋ ਕਵਿਤਾ ਨੂੰ ਦੋ ਵਾਰ ਲਿਖਣ’ ਵਾਲ਼ੀ ਗੱਲ ਹੈ। ਫੇਰ ਸੁਰ ਕਰਨ ਵਾਸਤੇ ਅਪਣੇ ਅੰਗ੍ਰੇਜ਼ ਕਵੀ ਮਿਤਰਾਂ ਨੂੰ ਦਿਖਾ ਲੈਂਦਾ ਹਾਂ। ਮੇਰੇ ਪ੍ਰਕਾਸ਼ਕ ਤੇ ਉਨ੍ਹਾਂ ਦੇ ਐਡੀਟਰ ਮੈਨੂੰ ਕੋਲ਼ ਬੈਠਾ ਕੇ ਕੱਲੇ-ਕੱਲੇ ਸ਼ਬਦ, ਵਿਰਾਮ ਚਿੰਨ੍ਹ ਤੇ ਸਤਰਾਂ ਦੀ ਚਿਣਾਈ ਤਕ ਵਿਚਾਰਦੇ ਹਨ। ਸ਼ਬਦ, ਕਿਤਾਬ, ਕਾਗਤ ਤੇ ਸਿਆਹੀ ਦਾ ਏਨਾ ਸਤਿਕਾਰ ਕਰਨਾ ਕੋਈ ਇਨ੍ਹਾਂ ਲੋਕਾਂ ਤੋਂ ਸਿੱਖੇ। ਅਪਣੀ ਕਵਿਤਾ ਅੰਗ੍ਰੇਜ਼ੀ ਚ ਉਲਥਾਣ ਲੱਗਿਆਂ ਮੈਂ ਕਿਤੇ-ਕਿਤੇ ਘਾਟਾ-ਵਾਧਾ ਕਰ ਲੈਂਦਾ ਹਾਂ। ਆਪ ਲਿਖੀ ਹੋਣ ਕਰਕੇ ਕਵਿਤਾ ਦੀ ਲਗਾਮ ਮੇਰੇ ਹੀ ਹੱਥ ਹੁੰਦੀ ਹੈ। ਮੈਨੂੰ ਪਤਾ ਹੁੰਦਾ ਹੈ ਕਿ ਕਿਹੜਾ ਸ਼ਬਦ, ਕਿਹੜਾ ਬਿੰਬ ਕਿੱਥੋਂ ਤੇ ਕਿਵੇਂ ਆਇਆ। ਕਿਸੇ ਹੋਰ ਦਾ ਕੀਤਾ ਅਨੁਵਾਦ ਮੈਨੂੰ ਬਹੁਤ ਘਟ ਪੋਂਹਦਾ ਹੈ। ਹਿੰਦੀ ਵਿਚ ਕੀਤਾ ਅਨੁਵਾਦ ਤਾਂ ਅਸਲੋਂ ਹੀ ਨਹੀਂ। ਮੈਂ ਅੰਗ੍ਰੇਜ਼ੀ ਵਿਚ ਕਦੇ ਕਵਿਤਾ ਲਿਖਾਂ, ਤਾਂ ਅੰਤ ਵਿਚ ‘ਮੂਲ ਅੰਗ੍ਰੇਜ਼ੀ ਤੋਂ ਅਨੁਵਾਦ’ ਲਿਖ ਕੇ ਮੈਨੂੰ ਬੜੀ ਹਾਂਜ ਆਉਂਦੀ ਹੈ। ਲਗਦਾ ਹੈ ਕਿ ਜਿਵੇਂ ਅਪਣੀ ਮਾਂ-ਬੋਲੀ ਨਾਲ਼ ਦਗ਼ਾ ਕਮਾਇਆ ਹੈ। ਮੈਂ ਬਚਪਨ ਵਿਚ ਹੀ ਅੰਗ੍ਰੇਜ਼ੀ ਸਿੱਖਣ ਲੱਗਾ ਸੀ। ਪਰ ਅੱਜ ਤਕ ਵੀ ਮੈਂ ਇਸ ਬੋਲੀ ਦੇ ਧੁਰ ਅੰਦਰ ਨਹੀਂ ਉਤਰ ਸਕਿਆ। ਮੇਰੀ ਜਾਨ ਮੇਰੀ ਰੂਹ ਪੰਜਾਬੀ ਵਿਚ ਹੈ। ਬਹੁਤੀ ਵਾਰੀ ਪੰਜਾਬੀ ਵਿਚ ਕਵਿਤਾ ਦੇ ਦਮਖ਼ਮ ਦਾ ਪਤਾ ਓਦੋਂ ਲਗਦਾ ਹੈ, ਜਦ ਉਹਨੂੰ ਅੰਗ੍ਰੇਜ਼ੀ ਵਿਚ ਪਰਤਾਈਏ। ਔਡਨ ਨੇ ਲਿਖਿਆ ਸੀ: ‘‘ਮੈਨੂੰ ਇਟਾਲੀਅਨ ਬੋਲੀ ਬੜੀ ਚੰਗੀ ਲਗਦੀ ਏ। ਕਵਿਤਾ ਲਿਖਣ ਵਾਸਤੇ ਇਹ ਸਭ ਤੋਂ ਸੁਹਣੀ ਬੋਲੀ ਏ। ਪਰ ਲਿਖਾਰੀ ਮਾਰ ਖਾ ਜਾਂਦੇ ਨੇ। ਉਨ੍ਹਾਂ ਨੂੰ ਪਤਾ ਈ ਨਹੀਂ ਲਗਦਾ ਕਿ ਉਨ੍ਹਾਂ ਯੱਕੜ ਮਾਰ ਛੱਡਿਆ ਹੈ। ਪਰ ਅੰਗ੍ਰੇਜ਼ੀ ਵਿਚ ਇਕਦਮ ਪਤਾ ਲਗ ਜਾਂਦਾ ਏ।’’ ਪੰਜਾਬੀ ਦਾ ਹਾਲ ਵੀ ਇਟਾਲੀਅਨ ਵਰਗਾ ਈ ਹੈ। ਇਸ ਕਰਕੇ ਮੈਂ ਸੋਚ-ਸਮਝ ਕੇ ਅਪਣੀ ਕਵਿਤਾ ਵਿਚ ਬੇਸਿਰਪੈਰ ਬਿੰਬ ਤੇ ਤਸ਼ਬੀਹਾਂ ਨਹੀਂ ਵਰਤਦਾ। ਕਵਿਤਾ ਦਾ ਖ਼ਿਆਲ ਇਹਦੀ ਰੂਹ ਹੁੰਦਾ ਹੈ। ਅਨੁਵਾਦ ਇਹਦਾ ਕਿਸੇ ਹੋਰ ਜਾਮੇ ਵਿਚ ਹੋਇਆ ਪੁਨਰਜਨਮ ਹੁੰਦਾ ਹੈ। ਜਾਂ ਬੂਟਾ ਪੁੱਟ ਕੇ ਨਵੀਂ ਥਾਂ ਨਵੀਂ ਮਿੱਟੀ ਵਿਚ ਲਾਉਣਾ ਆਖਿਆ ਜਾ ਸਕਦਾ ਹੈ। ਜੜ੍ਹ ਲੱਗ ਜਾਏ, ਤਾਂ ਵਾਹ ਭਲੀ। ਦਾਨੇ ਆਂਹਦੇ ਨੇ ਕਿ ਕਵਿਤਾ ਕਦੇ ਸੰਪੂਰਣ ਨਹੀਂ ਹੁੰਦੀ। ਫੇਰ ਤਾਂ ਕਵਿਤਾ ਦਾ ਅਨੁਵਾਦ ਵੀ ਕਦੇ ਸੰਪੂਰਣ ਨਹੀਂ ਹੁੰਦਾ।

(ਛਪ ਰਹੇ ਨਿਬੰਧ ਸੰਗ੍ਰਹਿ ‘ਲਿਖਯਤੇ’ ਵਿੱਚੋਂ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All