ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ

ਮਾਸਕੋ, 31 ਮਾਰਚ ਰੂਸ ਵਿੱਚ ਇੱਕ ਦਿਨ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਵੱਧ 500 ਮਾਮਲੇ ਸਾਹਮਣੇ ਆਉਣ ਮਗਰੋਂ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅੱਜ ਲੌਕਡਾਊਨ ਦਾ ਦਾਇਰਾ ਵਧਾ ਦਿੱਤਾ ਅਤੇ ਇਸ ਦੇ ਨਾਲ ਹੀ ਤਿੰਨ ਅਹਿਮ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਰੂਸ ਦੇ ਕੁੱਲ 85 ਵਿੱਚੋਂ ਹੁਣ 40 ਤੋਂ ਵੱਧ ਖੇਤਰਾਂ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪੂਰਬ ਵਿੱਚ ਚੀਨ ਦੀ ਸਰਹੱਦ ਨਾਲ ਲੱਗਦਾ ਪ੍ਰਿਮੋਸਰਕੀ ਕ੍ਰਾਈ ਅਤੇ ਪੱਛਮ ਵਿੱਚ ਕੈਲਿਨਿਨਗ੍ਰਾਦ ਖੇਤਰ ਵੀ ਸ਼ਾਮਲ ਹੈ। ਦੂਜੇ ਪਾਸੇ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਨੇ ਅੱਜ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਵਿੱਚ ਕਰੋਨਾਵਾਇਰਸ ਇਕਾਂਤਵਾਸ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਬੀਤੇ ਦਿਨੀਂ ਸਖ਼ਤ ਕਦਮਾਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਸੀ ਕਿ ਜੇਕਰ ਪੂਰੇ ਦੇਸ਼ ਵਿੱਚ ਮਨੋਰੰਜਨ ਵਾਲੀਆਂ ਥਾਵਾਂ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਸਥਾਨਕ ਅਧਿਕਾਰੀਆਂ ਖ਼ਿਲਾਫ਼ ਅਪਰਾਧਕ ਲਾਪ੍ਰਵਾਹੀ ਦਾ ਕੇਸ ਦਰਜ ਕੀਤਾ ਜਾ ਸਕਦਾ ਹੈ। ਲਗਪਗ 14 ਕਰੋੜ 40 ਲੱਖ ਦੀ ਆਬਾਦੀ ਵਾਲੇ ਰੂਸ ਵਿੱਚ ਅੱਜ ਤੱਕ ਕਰੋਨਾਵਾਇਰਸ ਨਾਲ 17 ਮੌਤਾਂ ਹੋ ਚੁੱਕੀਆਂ ਹਨ। ਬੀਤੇ 24 ਘੰਟਿਆਂ ਵਿੱਚ ਦੇਸ਼ ਵੱਚ 500 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਾਹਮਣੇ ਆਏ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All