ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਗਗਨਦੀਪ ਅਰੋੜਾ ਲੁਧਿਆਣਾ, 1 ਅਪਰੈਲ ਕਰੋਨਾਵਾਇਰਸ ਕਾਰਨ ਸ਼ਹਿਰ ’ਚ ਲੱਗੇ ਕਰਫਿਊ ਦੌਰਾਨ ਘਰ ’ਚ ਰਾਸ਼ਨ ਖਤਮ ਹੋਣ ਤੋਂ ਦੁਖੀ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਉਹ ਬੀਤੀ ਰਾਤ ਘਰੋਂ ਰਾਸ਼ਨ ਲੈਣ ਲਈ ਨਿਕਲਿਆ ਸੀ ਪਰ ਅੱਜ ਸਵੇਰੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਾਫ਼ੀ ਸਮੇਂ ਤੋਂ ਵਿਹਲਾ ਸੀ ਤੇ ਉਸ ਕੋਲ ਰਾਸ਼ਨ ਖਰੀਦਣ ਲਈ ਪੈਸੇ ਵੀ ਨਹੀਂ ਸਨ। ਨੌਜਵਾਨ ਦੀ ਪਛਾਣ ਡਾਬਾ ਵਾਸੀ ਅੰਗਰੇਜ਼ ਸਿੰਘ (30) ਵਜੋਂ ਹੋਈ ਹੈ। ਲੁਹਾਰਾ ਪੁਲ ਨੇੜੇ ਦਰੱਖਤ ਨਾਲ ਲਾਸ਼ ਲਟਕਦੀ ਦੇਖ ਰਾਹਗੀਰ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਡਾਬਾ ਦੀ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅੰਗਰੇਜ਼ ਸਿੰਘ ਖ਼ਿਲਾਫ਼ ਥਾਣਾ ਡਾਬਾ ’ਚ ਹੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਉਹ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਚੱਲ ਰਿਹਾ ਹੈ। ਕਰਫਿਊ ਕਾਰਨ ਕੋਈ ਕੰਮ ਨਾ ਹੋਣ ਤੇ ਉਪਰੋਂ ਘਰ ’ਚ ਰਾਸ਼ਨ ਵੀ ਖਤਮ ਹੋਣ ਕਾਰਨ ਅੰਗਰੇਜ਼ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਲੰਘੀ ਰਾਤ ਨੂੰ ਪਰਿਵਾਰ ਵਾਲਿਆਂ ਨੇ ਉਸ ਨੂੰ ਰਾਸ਼ਨ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਉਹ ਰਾਸ਼ਨ ਲੈਣ ਲਈ ਘਰੋਂ ਨਿਕਲ ਪਿਆ। ਦੇਰ ਰਾਤ ਉਸ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅੰਗਰੇਜ਼ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਤੋਂ ਇਲਾਵਾ ਕੁੱਟਮਾਰ ਦੇ ਵੀ ਕੇਸ ਦਰਜ ਸਨ। ਅੰਗਰੇਜ਼ ਕਿਸ ਗੱਲ ਤੋਂ ਪ੍ਰੇਸ਼ਾਨ ਸੀ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕਰੀਬ ਇੱਕ ਸਾਲ ਪਹਿਲਾਂ ਉਸ ਨੇ ਆਪਣੇ ਘਰ ’ਚ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All