ਰਾਜਸਥਾਨ ’ਚ ਪੁਲੀਸ ਸਟੇਸ਼ਨ ’ਤੇ ਹਮਲਾ ਕਰਕੇ ਗਰੋਹ ਦੇ ਸਰਗਨੇ ਨੂੰ ਛੁਡਾਇਆ

ਜੈਪੁਰ, 6 ਸਤੰਬਰ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਵਿਕਰਮ ਗੁੱਜਰ ਉਰਫ਼ ਪਪਲਾ (28) ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਪੈਂਦੇ ਪੁਲੀਸ ਸਟੇਸ਼ਨ ’ਚੋਂ ਉਸ ਦੇ ਸਾਥੀਆਂ ਨੇ ਸ਼ੁੱਕਰਵਾਰ ਨੂੰ ਛੁਡਾ ਲਿਆ। ਅਧਿਕਾਰੀਆਂ ਨੇ ਕਿਹਾ ਕਿ 12 ਤੋਂ ਵੱਧ ਵਿਅਕਤੀ ਥਾਣੇ ’ਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਹ ਗੁੱਜਰ ਨੂੰ ਲੈ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਉਸ ਦੀ ਭਾਲ ਲਈ ਨਾਕੇ ਲਗਾਏ ਗਏ ਹਨ। ਹਰਿਆਣਾ ਦੇ ਮਹਿੰਦਰਗੜ੍ਹ ਵਾਸੀ ਗੁੱਜਰ ਹੱਤਿਆਵਾਂ ਦੇ ਪੰਜ ਕੇਸਾਂ ’ਚ ਲੋੜੀਂਦਾ ਹੈ ਅਤੇ ਉਸ ’ਤੇ ਪੰਜ ਲੱਖ ਰੁਪਏ ਦਾ ਇਨਾਮ ਵੀ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਗਰੋਹ ਦੇ ਮੈਂਬਰ ਇਸੇ ਅੰਦਾਜ਼ ’ਚ ਗੁੱਜਰ ਨੂੰ ਅਦਾਲਤ ਪਰਿਸਰ ’ਚੋਂ ਛੁਡਾਉਣ ’ਚ ਕਾਮਯਾਬ ਰਹੇ ਸਨ। ਬਹਿਰੋਰ ਦੇ ਐੱਸਐੱਚਓ ਸੁਗਨ ਸਿੰਘ ਨੇ ਦੱਸਿਆ ਕਿ ਵਿਕਰਮ ਗੁੱਜਰ ਦੀ ਐੱਸਯੂਵੀ ਨੂੰ ਅੱਜ ਤੜਕੇ ਇਕ ਨਾਕੇ ’ਤੇ ਰੋਕਿਆ ਗਿਆ ਸੀ। ਉਸ ਦੇ ਕਬਜ਼ੇ ’ਚੋਂ 31.90 ਲੱਖ ਰੁਪਏ ਬਰਾਮਦ ਹੋਣ ਮਗਰੋਂ ਉਸ ਨੂੰ ਪੁੱਛ-ਗਿੱਛ ਲਈ ਹਿਰਾਸਤ ’ਚ ਲੈ ਲਿਆ ਗਿਆ ਸੀ। ਪੁਲੀਸ ਅਧਿਕਾਰੀ ਮੁਤਾਬਕ ਉਸ ਸਮੇਂ ਗੁੱਜਰ ਨਾਲ ਕਈ ਹੋਰ ਵਿਅਕਤੀ ਵੀ ਮੌਜੂਦ ਸਨ ਪਰ ਜਦੋਂ ਪੁਲੀਸ ਕਰਮੀ ਕਾਰ ਦੀ ਤਲਾਸ਼ੀ ਲੈ ਰਹੀ ਸਨ ਤਾਂ ਉਹ ਮੌਕੇ ਤੋਂ ਭੱਜ ਗਏ। ਪਪਲਾ ਤੋਂ ਪੁਲੀਸ ਸਟੇਸ਼ਨ ’ਚ ਜਦੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ ਤਾਂ 10 ਤੋਂ 12 ਵਿਅਕਤੀ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਹ ਪਪਲਾ ਨੂੰ ਭਜਾ ਕੇ ਆਪਣੇ ਨਾਲ ਲੈ ਗਏ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All