ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਹਾਈਕੋਰਟ ਦੇ ਫੈਸਲੇ ਮਗਰੋਂ ਮੌੜ ਮਾਮਲੇ ’ਤੇ ਮਸ਼ਵਰਾ ਕਰਦੇ ਹੋਏ ਗੁਰਜੀਤ ਸਿੰਘ ਅਤੇ ਵਕੀਲ।

ਚਰਨਜੀਤ ਭੁੱਲਰ ਬਠਿੰਡਾ, 18 ਅਕਤੂਬਰ ਮੌੜ ਬੰਬ ਧਮਾਕੇ ਦੀ ਜਾਂਚ ਹੁਣ ਡੀਜੀਪੀ ਦੀ ਅਗਵਾਈ ਵਾਲੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਕਰੇਗੀ, ਜਿਸ ਤੋਂ ਹੁਣ ਮੌੜ ਧਮਾਕੇ ਦੀ ਜਾਂਚ ਕਿਸੇ ਤਣ-ਪੱਤਣ ਲੱਗਣ ਦੇ ਆਸਾਰ ਬਣ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਰੁਣ ਪੱਲੀ ਦੇ ਡਿਵੀਜ਼ਨ ਬੈਂਚ ਨੇ ਮੌੜ ਧਮਾਕੇ ਦੀ ਚੱਲ ਰਹੀ ਸੁਸਤ ਜਾਂਚ ਦਾ ਸਖ਼ਤ ਨੋਟਿਸ ਲੈਂਦਿਆਂ ਹਫ਼ਤੇ ਵਿੱਚ ਨਵੀਂ ‘ਸਿਟ’ ਦਾ ਗਠਨ ਕਰਨ ਅਤੇ ਤਿੰਨ ਮਹੀਨੇ ਵਿੱਚ ਜਾਂਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਕੇਸ ਦੀ ਅਗਲੀ ਸੁਣਵਾਈ 30 ਜਨਵਰੀ ਨੂੰ ਹੋਵੇਗੀ। ਗੁਰਜੀਤ ਸਿੰਘ ਪਾਤੜਾਂ ਨੇ ਮੌੜ ਧਮਾਕੇ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਅੱਜ ਪੇਸ਼ੀ ਮੌਕੇ ਵਿਸ਼ੇਸ਼ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਸੁਣਾਇਆ। ਮੁਦਈ ਧਿਰ ਦੇ ਐਡਵੋਕੇਟ ਰਵਨੀਤ ਜੋਸ਼ੀ ਨੇ ਦੱਸਿਆ ਕਿ ਵਿਸ਼ੇਸ਼ ਡਿਵੀਜ਼ਨ ਬੈਂਚ ਨੇ ਅੱਜ ਡੀਜੀਪੀ (ਲਾਅ ਐਂਡ ਆਰਡਰ) ਦੀ ਅਗਵਾਈ ਵਿਚ ਨਵੀਂ ‘ਸਿਟ’ ਬਣਾਏ ਜਾਣ ਦਾ ਹੁਕਮ ਕੀਤਾ ਹੈ ਜਿਸ ਦੇ ਮੈਂਬਰ ਆਈਜੀ ਅਤੇ ਡੀਆਈਜੀ ਰੈਂਕ ਅਤੇ ਹੋਰ ਅਮਲਾ ਡੀਐੱਸਪੀ ਅਤੇ ਐਸਪੀ ਰੈਂਕ ਦਾ ਹੋਵੇਗਾ। ਵੇਰਵਿਆਂ ਅਨੁਸਾਰ ਮੌੜ ਧਮਾਕੇ ਦੀ ਜਾਂਚ ਕਰ ਰਹੀ ਪੁਰਾਣੀ ‘ਸਿੱਟ’ ਹੁਣ ਖਾਰਜ ਹੋ ਗਈ ਹੈ। ਅਦਾਲਤ ਨੇ ਮੌੜ ਧਮਾਕੇ ਦੀ ਜਾਂਚ ’ਤੇ ਨਾਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਥੱਕੀ ਹੋਈ ਤਫਤੀਸ਼ ਦੱਸਿਆ। ਪਟੀਸ਼ਨਕਰਤਾ ਗੁਰਜੀਤ ਸਿੰਘ ਪਾਤੜਾਂ ਦਾ ਕਹਿਣਾ ਸੀ ਕਿ ਜਾਂਚ ਨੂੰ ਉਦੋਂ ਹੀ ਬਰੇਕ ਲੱਗ ਗਈ ਸੀ ਜਦੋਂ ਧਮਾਕੇ ਦੀ ਪੈੜ ਡੇਰਾ ਸਿਰਸਾ ਤੱਕ ਪੁੱਜੀ ਸੀ। ਅਦਾਲਤ ਵਿੱਚ ਇਹ ਚਰਚਾ ਵੀ ਹੋਈ ਕਿ ਮੌੜ ਧਮਾਕੇ ਦੀ ਜਾਂਚ ਕਰ ਰਹੀ ਸਿੱਟ ਕੋਲ ਬਰਗਾੜੀ ਮਾਮਲੇ ਦੀ ਜਾਂਚ ਵੀ ਹੈ ਅਤੇ ਸਿੱਟ ਕੋਲ ਵੱਧ ਵਰਕ ਲੋਡ ਹੈ ਜਿਸ ਕਰਕੇ ਧਮਾਕੇ ਦੀ ਜਾਂਚ ਪੱਛੜ ਰਹੀ ਹੈ। ਮੌੜ ਕਾਂਡ ਦੀ ਜਾਂਚ ਹੁਣ ਤੱਕ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਟੀਮ ਕਰ ਰਹੀ ਸੀ ਜਿਸ ਵਿੱਚ ਏਆਈਜੀ ਰਜਿੰਦਰ ਸਿੰਘ ਸੋਹਲ, ਡੀਐਸਪੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਦੇ ਮੈਂਬਰ ਹਨ। ਇਸ ਵਿਸ਼ੇਸ਼ ਟੀਮ ਨੇ ਮੌੜ ਕਾਂਡ ਦੀ ਜਾਂਚ ਨੂੰ ਚਰਮ ਸੀਮਾ ‘ਤੇ ਪਹੁੰਚਾਇਆ ਹੈ। ਅਦਾਲਤ ਵਿੱਚ ਅੱਜ ਐਡਵੋਕੇਟ ਜੋਸ਼ੀ ਨੇ ਇਹ ਨੁਕਤਾ ਉਠਾਇਆ ਕਿ ਸਿੱਟ ਨੇ ਅਜੇ ਤੱਕ ਡੇਰਾ ਸਿਰਸਾ ਦੀ ਤਲਾਸ਼ੀ ਨਹੀਂ ਲਈ ਅਤੇ ਨਾ ਹੀ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਹੈ। ਪੌਣੇ ਤਿੰਨ ਸਾਲਾਂ ਮਗਰੋਂ ਵੀ ਜਾਂਚ ਸਿਰੇ ਨਹੀਂ ਲੱਗੀ।

ਅਦਾਲਤ ਨੇ ਸਟੇਟਸ ਰਿਪੋਰਟ ਮੰਗੀ: ਸੋਹਲ

ਸਿੱਟ ਦੇ ਸੀਨੀਅਰ ਮੈਂਬਰ ਏਆਈਜੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਅਦਾਲਤ ਨੇ ਮੌੜ ਕਾਂਡ ਦੀ ਜਾਂਚ ਦੇ ਮਾਮਲੇ ਵਿੱਚ ਸਟੇਟਸ ਰਿਪੋਰਟ ਮੰਗੀ ਹੈ। ਅਦਾਲਤ ਵਿੱਚ ਜਾਂਚ ਦੀ ਨਿਗਰਾਨੀ ਡੀਜੀਪੀ ਵੱਲੋਂ ਕੀਤੇ ਜਾਣ ਦੀ ਗੱਲ ਕਹੀ ਗਈ ਹੈ, ਜਿਸ ਦੇ ਲਿਖਤੀ ਹੁਕਮ ਆਉਣ ਮਗਰੋਂ ਹੀ ਜਾਂਚ ਟੀਮ ਵਿਚ ਕੋਈ ਬਦਲਾਓ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਸਾਰੇ ਡੇਰੇ ਛਾਣ ਦਿੱਤੇ ਗਏ ਹਨ ਅਤੇ ਮੁਲਜ਼ਮਾਂ ਨੂੰ ਭਗੌੜੇ ਕਰਾਰ ਦਿੱਤਾ ਜਾ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All