ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼

ਡਾ. ਹਰਪ੍ਰੀਤ ਸਿੰਘ ਇਤਿਹਾਸ ਵਿਚਾਰਧਾਰਕ ਸੰਘਰਸ਼ ਦਾ ਸਰੋਤ ਅਤੇ ਸਾਧਨ ਹੈ। ਇਤਿਹਾਸ ਪ੍ਰੰਪਰਾ ਦੇ ਪੱਕੇ ਪੈਰੀਂ ਰਹਿਣ ਕਰਕੇ, ਉਨ੍ਹਾਂ ਕੀਮਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਂਦਾ ਰਹਿੰਦਾ ਹੈ, ਜਿਹੜੀਆਂ ਕੀਮਤਾਂ ਲੰਮੇ ਸੰਘਰਸ਼ ਤੇ ਟਕਰਾਅ ਦੀਆਂ ਉਪਜ ਹੁੰਦੀਆਂ ਹਨ। ਬੱਬਰ ਅਕਾਲੀ ਲਹਿਰ ਵੀ ਕੁਝ ਇਸ ਤਰ੍ਹਾਂ ਦੀਆਂ ਕੀਮਤਾਂ ਤੋਂ ਪ੍ਰਭਾਵਿਤ ਹੋ ਕੇ ਉਪਜੀ ਲਹਿਰ ਸੀ। ਭਾਰਤ ਉੱਪਰ ਗੁਲਾਮੀ ਜਿੰਨੀ ਸਰੀਰਕ ਰਹੀ, ਉਸ ਤੋਂ ਵੀ ਕਿਤੇ ਵੱਧ ਭਾਰਤ ਜ਼ਿਹਨੀਅਤ ਗੁਲਾਮੀ ਦਾ ਸ਼ਿਕਾਰ ਰਿਹਾ। ਸਥਾਪਿਤ ਅਤੇ ਸੱਤਾਸ਼ੀਲ ਤਾਕਤਾਂ ਦੀ ਤਾਸੀਰ ਨੂੰ ਆਪਣੇ ਖਮੀਰ ਦਾ ਅੰਗ ਬਣਾ ਕੇ ਜੀਉਣ ਵਾਲੀ ਕੌਮ ਬੇਸ਼ੱਕ ਆਪਣੇ ਪੈਰਾਂ ’ਤੇ ਚੱਲ ਸਕਦੀ ਹੈ ਪਰ ਚੱਲਦੀ ਸਦਾ ਲੰਗੜਾ ਕੇ ਹੀ ਹੈ। ਇਸੇ ਪਰਿਪੇਖ ’ਚ ਪੰਜਾਬ ਗੁਲਾਮ ਹੋ ਕੇ ਆਧੁਨਿਕ ਹੁੰਦਾ ਹੈ, ਕੰਪਨੀ ਪਿੱਛੋਂ ਬ੍ਰਿਟਿਸ਼ ਹਕੂਮਤ ਦਾ ਰਾਜ ਚੱਲਦਾ ਹੈ। ਪਰ ਫਿਰ ਵੀ ਪੰਜਾਬ ਬਾਕੀ ਭਾਰਤ ਨਾਲੋਂ ਭਿੰਨ ਰਹਿੰਦਾ ਹੈ, ਕਾਰਨ ਇੱਕ ਤਾਂ ਇਹ ਅੰਤਮ ਸੂਬਾ ਸੀ, ਜੋ ਕੰਪਨੀ ਰਾਜ ’ਚ ਸ਼ਾਮਿਲ ਕੀਤਾ ਗਿਆ, ਦੂਜਾ ਉਹ ਭਾਵਨਾ ਅਤੇ ਊਰਜਾ ਜੋ ਮੱਧਕਾਲ ’ਚ ਭਗਤੀ ਲਹਿਰ, ਸਿੱਖ ਇਨਕਲਾਬ ਅਤੇ ਬਾਹਰੀ ਹਮਲਾਵਰਾਂ ਨਾਲ ਟਕਰਾਉਣ ਦੀ ਬਿਰਤੀ ’ਚੋਂ ਪੈਦਾ ਹੋਈ। ਪੰਜਾਬ ਸਿੱਖ ਧਰਮ ਦਾ ਉਦੈ ਸਥਲ ਹੋਣ ਕਰਕੇ ਗੁਰੂ-ਬਾਣੀ ਅਤੇ ਗੁਰੂ-ਇਤਿਹਾਸ ਦੋਵਾਂ ਨਾਲ ਰੂਹ ਤੋਂ ਜੁੜਿਆ ਰਿਹਾ। ਸਿਆਸਤ ਦੀ ਜਾਲਸਾਜ਼ੀ, ਨਿੱਜੀ ਮੁਨਾਫ਼ੇ ਅਤੇ ਸੰਪਰਦਾਇਕ ਰੁਚੀਆਂ ਨੇ ਗੁਰੂ-ਘਰਾਂ ਉੱਪਰ ਉਨ੍ਹਾਂ ਅਨਸਰਾਂ ਦਾ ਪਹਿਰਾ ਖੜ੍ਹਾ ਕੀਤਾ, ਜੋ ਨਾ ਤਾਂ ਗੁਰੂ ਨਾਲ, ਨਾ ਗੁਰਬਾਣੀ ਨਾਲ ਅਤੇ ਨਾ ਮਾਨਵੀ ਕੀਮਤਾਂ ਨਾਲ ਜੁੜੇ ਹੋਏ ਸਨ। ਇਸ ਪ੍ਰਬੰਧ ਦੀ ਸਫ਼ਾਈ ਲਈ ਅਤੇ ਸੁਧਾਰੀਕਰਨ ਲਈ 1920 ਵਿਚ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ। ਜਿਸ ਦਾ ਉਦੇਸ਼ ਸ਼ਾਂਤਮਈ ਅਤੇ ਅਹਿੰਸਾ ਦੇ ਮਾਧਿਅਮ ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਪ੍ਰਾਪਤ ਕਰਨਾ ਸੀ। ਪਰ ਇਹ ਆਦਰਸ਼ ਸੱਤਾ ਨੇ ਜਲਦੀ ਹੀ ਢਾਹ ਦਿੱਤਾ। ਜਦੋਂ ਅੱਖਾ ਦੇ ਹੁੰਦਿਆਂ-ਸੁੰਦਿਆਂ, ਸੱਤਾ ਦਾ ਕਾਲਾ ਚਸ਼ਮਾ ਅੱਖਾਂ ਨੇ ਧਾਰਨ ਕੀਤਾ ਹੋਵੇ ਤਾਂ ਅੱਖਾਂ ’ਚ ਹਨੇਰ ਉਤਰਨ ਦੇ ਨਾਲ-ਨਾਲ ਕੰਨਾਂ ਨੂੰ ਸੁਣਨਾ ਵੀ ਬੰਦ ਹੋ ਜਾਂਦਾ ਹੈ। ਜਿਨ੍ਹਾਂ (ਮਹੰਤਾਂ) ਨੇ ਸੰਵੇਦਨਾ ਦੇ ਅਣੂ ਸ਼ਰਾਬ ਅਤੇ ਨੋਟਾਂ ’ਚ ਵਾਰ ਦਿੱਤੇ ਹੋਣ ਉਹ ਕਿਸੇ ਦੇ ਦਰਦ, ਧਰਮ, ਫ਼ਰਜ਼ ਨੂੰ ਕਦੋਂ ਸਮਝਦੇ/ਮਹਿਸੂਸਦੇ ਹਨ। ਤਰਨਤਾਰਨ (1921) ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ’ਚ ਸ਼ਾਂਤਮਈ ਢੰਗ ਨਾਲ ਹੱਕ ਲੈ ਰਹੇ ਸਿੰਘਾਂ ਨੂੰ ਇਹ ਅਹਿਸਾਸ ਤਾਂ ਹੋਇਆ ਸੀ ਕਿ ਸਾਨ੍ਹਾਂ ਦੇ ਭੇੜ ’ਚ ਬਿਨਾਂ ਤਿਆਰੀ ਤੋਂ ਜਾਂ ਤਰਸ ਦੀ ਉਮੀਦ ਨਾਲ ਨਹੀਂ ਜਾਣਾ ਚਾਹੀਦਾ। ਇਨ੍ਹਾਂ ਸਾਕਿਆਂ ’ਚ ਸ਼ਹੀਦ ਅਤੇ ਜ਼ਖ਼ਮੀ ਹੋਏ ਸੂਰਬੀਰਾਂ ਦੇ ਦਰਦ ਨੂੰ ਮਹਿਸੂਸਦਿਆਂ ਅਤੇ ਪ੍ਰਤਿਰੋਧੀ ਭਾਵਨਾ ਦੇ ਉਪਜਣ ਨਾਲ ਗੁਰਦੁਆਰਾ ਸੁਧਾਰ ਲਹਿਰ ਵਿੱਚ ਇੱਕ ਐਸਾ ਵਰਗ ਪੈਦਾ ਹੋਇਆ, ਜੋ ਇਸ ਲਹਿਰ ਦੇ ਪ੍ਰਦਰਸ਼ਨ ਤੇ ਹੱਕ ਲੈਣ ਦੇ ਢੰਗ ਤਰੀਕਿਆਂ ਨਾਲ ਪੂਰੀ ਤਰ੍ਹਾਂ ਅਸਹਿਮਤ ਸੀ। ਇਸ ਨੇ ਬੱਬਰ ਅਕਾਲੀ ਲਹਿਰ ਨੂੰ ਜਥੇਬੰਦ ਹੋਣ ’ਚ ਹੁੰਘਰਾ ਭਰਿਆ। 1920-21 ਤੱਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਕੁਝ ਐਸੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਨ੍ਹਾਂ ਦਾ ਅਸਰ ਪੰਜਾਬ ਨੇ ਸ਼ਿੱਦਤ ਨਾਲ ਕਬੂਲਿਆ ਜਿਵੇਂ: ਕੈਨਲ ਕਲੋਨਾਈਜੇਸ਼ਨ ਐਕਟ, ਕਿਰਤੀ ਲਹਿਰ, ਗਦਰ ਲਹਿਰ, ਕਾਮਾਗਾਟਾ ਦੁਖਾਂਤ, ਪਹਿਲਾ ਵਿਸ਼ਵ ਯੁੱਧ, ਰੂਸੀ ਇਨਕਲਾਬ, ਅਸਹਿਯੋਗ ਅੰਦੋਲਨ (1920), ਰੋਲਟ ਐਕਟ 1919, ਜੱਲ੍ਹਿਆਂਵਾਲਾ ਬਾਗ ਦੁਖਾਂਤ (1919) ਆਦਿ ਘਟਨਾਵਾਂ ਦਾ ਉਭਰਨਾ, ਸਫ਼ਲਤਾ- ਅਸਫ਼ਲਤਾ, ਪ੍ਰੰਪਰਾ ਆਦਿ ਨੇ ਇਸ ਖਿੱਤੇ ’ਚ ਨਵੀਂ ਲਹਿਰ ਉੁਭਰਨ ਲਈ ਵਧੀਆ ਮਾਹੌਲ ਦਿੱਤਾ। ਬੱਬਰ ਲਹਿਰ ਦੇ ਸੰਗਠਨ ਤੋਂ ਪਹਿਲਾਂ ਕਾਫ਼ੀ ਲੰਬਾ ਸਮਾਂ ਕਾਨਫਰੰਸਾਂ, ਮੀਟਿੰਗ, ਵਿਚਾਰਾਂ, ਤਕਰਾਰਾਂ ਚੱਲਦੀਆਂ ਰਹੀਆਂ। ਇਨ੍ਹਾਂ ਨੇ ਲੋਕ ਪੱਖੀ ਕਾਰਜਾਂ ਅਤੇ ਸਰਕਾਰੀ ਵਧੀਕੀਆਂ ਪ੍ਰਤੀ ਲੋਕਾਂ ’ਚ ਇੱਕ ਚੇਤਨਾ ਦੀ ਲਹਿਰ ਚਲਾਉਣੀ ਆਰੰਭੀ। ਇਸ ਵਿੱਚ ਦੋ ਜਥੇ ਪ੍ਰਮੁੱਖ ਰੂਪ ਵਿਚ ਸਰਗਰਮ ਰਹੇ; ਇੱਕ ਮਾਸਟਰ ਮੋਤਾ ਸਿੰਘ ਅਤੇ ਕਿਸ਼ਨ ਸਿੰਘ ਗੜਗੱਜ ਦੁਆਰਾ 1921 ਵਿਚ ਚੱਕਰਵਰਤੀ ਜਥਾ ਤਿਆਰ ਕੀਤਾ ਗਿਆ, ਜਿਨ੍ਹਾਂ ਦਾ ਉਦੇਸ਼ ਫ਼ੌਜੀ ਅਫਸਰਾਂ, ਸਿਪਾਹੀਆਂ ਆਦਿ ਨੂੰ ਅੰਗਰੇਜ਼ੀ ਗੁਲਾਮੀ ਖ਼ਿਲਾਫ਼ ਚੇਤੰਨ ਕਰਕੇ ਜਥੇਬੰਦ ਕਰਨਾ ਸੀ। ਇਹ ਜਥਾ ਪ੍ਰਮੁੱਖ ਰੂਪ ਵਿਚ ਜਲੰਧਰ ’ਚ ਸਰਗਰਮ ਸੀ। ਦੂਜਾ ਕਰਮ ਸਿੰਘ ਦੌਲਤਪੁਰ, ਹੁਸ਼ਿਆਰਪੁਰ ਗਰਮਖਿਆਲੀ ਦੇਸ਼ ਭਗਤਾਂ ਨੂੰ ਜਥੇਬੰਦ ਕਰ ਰਿਹਾ ਸੀ, ਜਿਨ੍ਹਾਂ ਦਾ ਉਦੇਸ਼ ਜਨਚੇਤਨਾ ਫੈਲਾਉਣਾ ਅਤੇ ਸਰਕਾਰੀ ਜਬਰ ਦੀ ਨਿੰਦਾ ਕਰਨਾ ਵੀ ਸੀ। ਅੰਤ ਅਗਸਤ 1922 ’ਚ ਸੰਤ ਠਾਕੁਰ ਸਿੰਘ ਦੀ ਕੁਟੀਆ ’ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਮ ਸਿੰਘ ਦੌਲਤਪੁਰ, ਜਥੇਦਾਰ ਕਿਸ਼ਨ ਸਿੰਘ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਕਰਮ ਸਿੰਘ ਝਿੰਗੜ, ਆਸਾ ਸਿੰਘ, ਸੰਤਾ ਸਿੰਘ, ਦਲੀਪ ਸਿੰਘ ਨੇ ਮੀਟਿੰਗ ਕਰ ਕੇ ਬੱਬਰ ਅਕਾਲੀ ਜਥਾ ਸੰਯੁਕਤ ਰੂਪ ਵਿਚ ਜਥੇਬੰਦ ਕੀਤਾ। ਇਸ ਦੇ ਜਥੇਦਾਰ ਕਿਸ਼ਨ ਸਿੰਘ, ਸਕੱਤਰ ਦਲੀਪ ਸਿੰਘ, ਖ਼ਜ਼ਾਨਚੀ ਸੰਤਾ ਸਿੰਘ ਸਨ ਅਤੇ ਹੋਰ ਮੈਂਬਰਾਂ ਵਿਚ ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਝਿੰਗੜ, ਉਦੇ ਸਿੰਘ ਆਦਿ ਸਨ। ਇੱਕ ਮੈਨੀਫੈਸਟੋ ਵੀ ਤਿਆਰ ਹੋਇਆ, ਜਿਸ ਵਿਚ ਲੋਕ ਚੇਤਨਾ ਲਈ ਇੱਕ ਪਰਚਾ ਕੱਢਣਾ, ਪਿੰਡਾਂ ਵਿਚ ਪ੍ਰਚਾਰ ਕਰਨਾ, ਚੱਕਰਵਰਤੀ ਜਥੇ ਦਾ ਨਾਂ ਬੱਬਰ ਅਕਾਲੀ ਰੱਖਣਾ, ਗੱਦਾਰਾਂ ਅਤੇ ਸੂਹੀਆਂ ਦਾ ਅੰਤ ਕਰਨਾ ਆਦਿ ਪੱਖਾਂ ’ਤੇ ਜ਼ੋਰ ਦਿੱਤਾ ਗਿਆ। ਇਸ ਵਿਚ ਅਹਿਮ ਸੀ ‘ਬੱਬਰ ਅਕਾਲੀ ਦੁਆਬਾ’ ਪਰਚਾ, ਜਿਸ ਦਾ ਸੰਪਾਦਕ ਕਰਮ ਸਿੰਘ ਦੌਲਤਪੁਰ ਸੀ। ਇਸ ਪਰਚੇ ਦੀ ਪ੍ਰੈਸ ਦਾ ਨਾਂ ਸੀ ‘ਸਫ਼ਰੀ ਪ੍ਰੈਸ ਜਾਂ ਉਡਾਰੂ ਪ੍ਰੈਸ, ਕਿਉਂਕਿ ਬੱਬਰ ਸਫ਼ਰ ’ਚ ਰਹਿੰਦੇ ਸਨ ਅਤੇ ਪ੍ਰੈਸ ਵੀ ਸਹੂਲਤ ਮੁਤਾਬਿਕ ਸਫ਼ਰ ਕਰਦੀ ਰਹਿੰਦੀ ਸੀ। ਇਸ ਵਿੱਚ ਲਹਿਰ ਦੇ ਮਕਸਦ, ਗੱਦਾਰ, ਸੂਹੀਏ ਅਤੇ ਸੋਧਣ ਯੋਗ ਬੰਦਿਆਂ ਦਾ ਜ਼ਿਕਰ ਅਤੇ ਉਨ੍ਹਾਂ ਦੇ ਅੰਜਾਮ ਬਾਰੇ ਛਾਪਿਆ ਜਾਂਦਾ। ਬਾਅਦ ਵਿਚ ਜਦੋਂ ਵੱਡੀ ਪੱਧਰ ’ਤੇ ਸੋਧਾ ਲਗਾਉਣਾ ਸ਼ੁਰੂ ਕੀਤਾ ਤਾਂ ਬੱਬਰਾਂ ਦੀ ਭਾਲ ਵਿੱਚ ਪੁਲੀਸ ਆਮ ਲੋਕਾਂ ਨੂੰ ਬੱਬਰ ਬਣਾ ਕੇ ਸਰਕਾਰੀ ਜ਼ੁਲਮ ਦਾ ਸ਼ਿਕਾਰ ਕਰਨ ਲੱਗੀ। ਫਿਰ ਬੱਬਰ ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਜਦੋਂ ਵੀ ਕਿਸੇ ਸੂਹੀਏ ਜਾਂ ਗੱਦਾਰ ਦਾ ਅੰਤ ਕੀਤਾ ਜਾਵੇ, ਉਦੋਂ ਪਰਚੇ ਵਿਚ ਸੋਧਣ ਦੀ ਗਤੀਵਿਧੀ ਕਰਨ ਵਾਲੇ ਬੱਬਰਾਂ ਦੇ ਨਾਂ ਲਿਖੇ ਜਾਣ। ਇਹ ਨਾਂ ਪੱਕੇ ਹੀ ਰੱਖੇ ਜਾਣ, ਚਾਹੇ ਸੋਧਣ ਵਾਲਾ ਬੱਬਰ ਕੋਈ ਵੀ ਹੋਵੇ। ਬੱਬਰਾਂ ਨੇ ਆਪਣੀ ਇੱਕ ਲਿਸਟ ਤਿਆਰ ਕੀਤੀ ਸੀ, ਜਿਸ ਵਿਚ ਕ੍ਰਮਵਾਰ ਗੱਦਾਰਾਂ ਦੇ ਨਾਂ ਦਰਜ ਸਨ। ਜਗੋਵਾਲ ਦੀ ਮੀਟਿੰਗ ਮਗਰੋਂ ਇੱਕ ਵਿਲੱਖਣ ਲਹਿਰ ਚੱਲੀ, ਜਿਸ ਵਿਚ ਪੁਲੀਸ ਦੇ ਸੂਹੀਏ ਤੇ ਹੋਰ ਗੱਦਾਰਾਂ ਨੂੰ ‘ਲੰਮੇ ਰਾਹ’ ਪਾਇਆ ਗਿਆ, ਜਿਸ ਵਿਚ ਜੈਲਦਾਰ ਕਿਸ਼ਨ ਸਿੰਘ (1923), ਅਰਜਨ ਸਿੰਘ ਪਟਵਾਰੀ, ਬੂਟਾ ਸਿੰਘ ਲੰਬੜਦਾਰ (1923), ਲਾਭ ਸਿੰਘ, ਹਜ਼ਾਰਾ ਸਿੰਘ, ਸੂਬੇਦਾਰ ਗੈਂਦਾ ਸਿੰਘ, ਚੌਧਰੀ ਰੱਲਾ ਰਾਮ ਆਦਿ ਸਨ। ਬੱਬਰ ਅਕਾਲੀ ਲਹਿਰ ’ਚ ਕੁਝ ਖ਼ਾਸ ਪੱਖਾਂ ਨੇ ਇਸ ਲਹਿਰ ਨੂੰ ਲੋਕਾਂ ਨਾਲ ਜੋੜਿਆ। ਇੱਕ ਉਦਾਹਰਨ ਬੱਬਰਾਂ ਦੀ ਇਸ ਪਹਿਲ ਕਦਮੀ ਬਾਰੇ ਚਰਚਾ ਯੋਗ ਹੈ। ਦੁਆਬਾ ਅੰਬਾਂ ਲਈ ਵਿਸ਼ਵ ਪ੍ਰਸਿੱਧ ਸੀ, ਹੁਸ਼ਿਆਰਪੁਰ ਪ੍ਰਮੁੱਖ ਮਾਰਗ ’ਤੇ ਲੱਖਾਂ ਅੰਬਾਂ ਦੇ ਰੁੱਖ ਸਨ, ਜਿਸ ਦਾ ਠੇਕਾ ਸਰਕਾਰ ਕਰਦੀ ਤੇ ਲੱਖਾਂ ਰੁਪਏ ਆਪਣੀ ਝੋਲੀ ਪਾ ਲੈਂਦੀ। ਬੱਬਰਾਂ ਨੇ ਇਸ਼ਤਿਹਾਰ ਜਾਰੀ ਕੀਤਾ ਕਿ ਕੋਈ ਆਦਮੀ ਮੌਸਮ ਆਉਣ ’ਤੇ ਅੰਬਾਂ ਦਾ ਠੇਕਾ ਨਾ ਲਵੇ, ਨਹੀਂ ਤਾਂ ਸਰਕਾਰੀ ਏਜੰਟ ਸਮਝ ਕੇ ਨਿਜਿੱਠਿਆ ਜਾਵੇਗਾ। ਕਿਉਂਕਿ ਅੰਬ ’ਤੇ ਹੱਕ ਰਾਹੀਆਂ ਦਾ ਹੈ ਅਤੇ ਲੱਕੜ ’ਤੇ ਕਿਸਾਨਾਂ ਦਾ ਹੱਕ ਹੈ, ਜਿਨ੍ਹਾਂ ਦੇ ਖੇਤਾਂ ਨਾਲ ਰੁੱਖ ਲੱਗੇ ਹਨ। ਬੱਬਰਾਂ ਦੀ ਇਸ ਗਤੀਵਿਧੀ ਨਾਲ ਦੋ ਸਾਲ (1922-1923) ਕਿਸੇ ਨੇ ਅੰਬਾਂ ਦਾ ਠੇਕਾ ਲੈਣ ਦੀ ਜ਼ੁਅੱਰਤ ਨਹੀਂ ਕੀਤੀ ਤੇ ਅੰਬਾਂ ਦਾ ਲੁਤਫ਼ ਆਮ ਲੋਕਾਂ ਨੇ ਲਿਆ। ਇਹ ਘਟਨਾ ਲੋਕ ਇਤਿਹਾਸ ਵਿੱਚ ਅਹਿਮ ਹੈ। ਇਤਿਹਾਸ ’ਚ ਹੁੰਦਾ ਆਇਆ ਹੈ ਕਿ ਸੱਤਾਸ਼ੀਲ ਤਾਕਤਾਂ ਬਹੁਤ ਡਰਪੋਕ ਹੋਣ ਕਰਕੇ ਕਿਸੇ ਆਜ਼ਾਦਾਨਾ ਭੈਅਹੀਣ ਤਬੀਅਤ ਬੰਦਿਆਂ/ਕੌਮਾਂ ਤੋਂ ਜਲਦੀ ਸੁਚੇਤ ਹੋ ਜਾਂਦੀਆ ਹਨ। ਸੱਤਾ ’ਚ ਭੈਅ ਹਮੇਸ਼ਾਂ ਰਹਿੰਦਾ ਹੈ। ਬੱਬਰਾਂ ਨੇ ਤਤਕਾਲੀ ਵਿਸ਼ਵ ਦੀ ਪ੍ਰਮੁੱਖ ਸ਼ਕਤੀ ਨਾਲ ਟੱਕਰ ਲਈ, ਬ੍ਰਿਟਿਸ਼ ਤਖ਼ਤ ਨੂੰ ਅੰਗੂਠਾ ਦਿਖਾਇਆ ਤੇ ਪੰਜਾਬ ਦੀ ਬਾਗੀਆਨਾ ਅਤੇ ਆਜ਼ਾਦਾਨਾ ਤਬੀਅਤ ਨੂੰ ਹੋਰ ਸੁਨਿਹਰਾ ਕਰ ਕੇ ਲਿਖਿਆ। ਫਿਰ ਇੱਕ ਦੌਰ ਸ਼ੁਰੂ ਹੁੰਦਾ ਹੈ, ਜਦੋਂ 1923 ਤੋਂ ਬਾਅਦ ਸਰਕਾਰ ਬੱਬਰਾਂ ਨੂੰ ਦੋ ਪੱਧਰਾਂ ’ਤੇ ਘੇਰਨ ਦੀ ਯੋਜਨਾ ਤਿਆਰ ਕਰਦੀ ਹੈ। ਪਹਿਲੀ ਬੱਬਰਾਂ ਖ਼ਿਲਾਫ਼ ਕੂੜ ਪ੍ਰਚਾਰ ਕਰਕੇ, ਦੂਜੀ ਹਥਿਆਰਬੰਦ ਨੀਤੀ ਦੇ ਮਾਧਿਅਮ ਰਾਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1920) ਗੁਰਦੁਆਰਾ ਸੁਧਾਰ ਲਹਿਰ ਨੂੰ ਅਹਿੰਸਾ ਦੇ ਮਾਰਗ ’ਤੇ ਚੱਲ ਕੇ ਸਰਕਾਰੀ ਹਮਾਇਤ ਜਾਂ ਸਹਿਯੋਗ ਨਾਲ ਮੰਤਵ ਪੂਰਾ ਕਰਨੀ ਚਾਹੁੰਦੀ ਸੀ। ਪਰ ਬੱਬਰ ਨਿੱਖੜ ਕੇ ਹਥਿਆਰਬੰਦ ਬਗਾਵਤ ਤੇ ਹੱਕਾਂ ਦੀ ਪ੍ਰਾਪਤੀ ਲਈ ਤਤਪਰ ਰਹੇ। ਇਸ ਉਦੇਸ਼ ਲਈ ਕੌਮ ਦੋਫਾੜ ਹੋ ਗਈ। ਸਰਕਾਰ ਨੇ ਲਾਭ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੱਬਰਾਂ ਵਿਰੁੱਧ ਮਤਾ ਪਾਸ ਕਰਵਾਇਆ। ਇਸ ਦਾ ਲਹਿਰ ’ਤੇ ਕਾਫੀ ਅਸਰ ਪਿਆ। ਫਿਰ ਵੀ ਬੱਬਰ ਆਪਣੇ ਉਦੇਸ਼ ਲਈ ਆਪਣੀ ਵਿਚਾਰਧਾਰਾ ਮੁਤਾਬਕ ਚੱਲਦੇ ਰਹੇ। ਦੂਜੇ ਪਾਸੇ ਸਰਕਾਰੀ ਮਸ਼ੀਨਰੀ ਨੇ ਆਪਣੇ ਪੂਰੇ ਸਾਧਨਾਂ ਨਾਲ ਬੱਬਰਾਂ ਦੇ ਪੁਰਾਣੇ, ਨਵੇਂ ਟਿਕਾਣਿਆਂ ਕਿਸ਼ਨਪੁਰ, ਜੱਸੋਵਾਲ, ਪਰਾਗਪੁਰ, ਪੰਡੋਰੀ ਨਿਝਰਾ, ਦੌਲਤਪੁਰ, ਕੋਟਫਤੂਹੀ, ਸੋਂਦਪੁਰ, ਮਾਹਿਲਪੁਰ, ਚੱਬੇਵਾਲ, ਸਿਰਹਾਲਾ ਕਲਾਂ, ਬਾੜੀਆਂ, ਬੱਡੋ, ਬਸੀ ਕਲਾਂ, ਗੜਸ਼ੰਕਰ, ਲਹਿਲੀਆਂ, ਬਿਲਾਸਪੁਰ, ਫਤਿਹਪੁਰ ਕੋਠੀ, ਮਖ਼ਸੂਸਪੁਰ, ਪਲਾਹੀ ਆਦਿ ਉੱਪਰ ਅਚਾਨਕ ਛਾਪੇ ਮਾਰੇ ਅਤੇ ਸੂਹੀਆਂ, ਗੱਦਾਰਾਂ ਦੀ ਸਾਜਿਸ਼ ਦੇ ਸ਼ਿਕਾਰ ਹੋਏ ਬੱਬਰ ਗ੍ਰਿਫਤਾਰ ਕੀਤੇ ਜਾਣ ਲੱਗੇ। ਉਪਰੋਕਤ ਟਿਕਾਣੇ ਬੱਬਰਾਂ ਦੇ ਜੱਦੀ ਪਿੰਡ ਵੀ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰ, ਸਾਕ ਸਬੰਧ ਵੀ ਸਨ। ਇਸ ਦੌਰਾਨ ਦੋ ਘਟਨਾਵਾਂ ਬਹੁਤ ਮਹੱਤਵਪੂਰਨ ਵਾਪਰਦੀਆਂ ਹਨ। ਜਿਨ੍ਹਾਂ ਦੇ ਇਤਿਹਾਸ ਨੂੰ ਨਾ ਤਾਂ ਫਰੋਲਿਆ ਗਿਆ ਤੇ ਨਾ ਉਹ ਰਾਸ਼ਟਰੀ ਪੱਧਰ ’ਤੇ ਉਭਾਰਿਆ ਗਿਆ। ਦੋਵੇਂ ਘਟਨਾਵਾਂ ਸ਼ਹਾਦਤ ਦੀਆਂ ਹਨ, ਜੋ ਆਮ ਨਹੀਂ, ਵਿਲਖੱਣ ਹਨ। ਅਨੂਪ ਸਿੰਘ ਦੀ ਗੱਦਾਰੀ ਅਤੇ ਬੰਬੇਲੀ ’ਚ ਕਰਮ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਧੰਨਾ ਸਿੰਘ ਬਹਿਬਲਪੁਰੀਆ ਧੋਖੇ ਦਾ ਸ਼ਿਕਾਰ ਹੁੰਦਾ ਹੈ, ਪੁਲੀਸ ਦੇ ਘੇਰੇ ਵਿਚ ਫਸ ਜਾਂਦਾ ਹੈ। ਜਦੋਂ ਉਹ ਸੁੱਤਾ ਪਿਆ ਸੀ, ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਉਸ ਦਾ ਖੁਦ ਨਾਲ ਵਾਅਦਾ ਸੀ ਕਿ ਜੀਉਂਦੇ-ਜੀਅ ਪੁਲੀਸ ਹੱਥ ਨਹੀਂ ਆਉਣਾ। ਆਜ਼ਾਦੀ ਨਾਲ ਜੀਉਣਾ ਤੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹੀਦ ਹੋਣਾ ਹੈ। ਉਸ ਨੇ ਵੱਖੀ ਨਾਲ ਰੱਖੇ ਬੰਬ ਨੂੰ ਦੱਬ ਕੇ ਆਪਣਾ ਕੌਲ ਪੁਗਾ ਦਿੱਤਾ। 7 ਤੋਂ 9 ਪੁਲੀਸ ਸਿਪਾਹੀ ਤੇ ਅਫ਼ਸਰ ਵੀ ਮਾਰੇ ਗਏ। ਇਸ ਗੱਲ ਨਾਲ ਦੂਜੀ ਘਟਨਾ ਜੁੜਦੀ ਹੈ ਰਤਨ ਸਿੰਘ ਰੱਕੜ ਦੀ, ਜੋ ਫੌਜ ’ਚੋਂ ਬਾਗੀ ਹੋ ਕੇ ਬੱਬਰਾਂ ਦਾ ਸਾਥੀ ਬਣ ਗਿਆ। ਪੁਲੀਸ ਦੇ ਘੇਰੇ ਵਿਚ ਫਸ ਜਾਂਦਾ ਪਰ ਜ਼ਮੀਰ ਨਾਲ ਸਾਂਝ ਸੀ ਕਿ ਜੀੳਂੁਦੇ-ਜੀਅ ਗ੍ਰਿਫ਼ਤਾਰੀ ਨਹੀਂ ਦੇਵੇਗਾ। ਉਸ ਕੋਲ ਪਿਸਤੌਲ ਸੀ, ਜਿਸ ਦੀਆਂ ਸਾਰੀਆਂ ਗੋਲੀਆਂ ਵਰਤ ਕੇ ਇੱਕ ਖੁਦ ਲਈ ਰੱਖ ਲਈ। ਅੰਤ ਉਸ ਨੇ ਸ਼ਹਾਦਤ ਆਪਣੀ ਮਰਜ਼ੀ ਨਾਲ ਪ੍ਰਾਪਤ ਕੀਤੀ। ਇਥੇ ਵੀ 5 ਦੇ ਕਰੀਬ ਪੁਲੀਸ ਸਿਪਾਹੀ ਫੱਟੜ ਹੋਏ। ਵੱਡੀ ਕੁਰਬਾਨੀ ਦੇ ਬਾਵਜੂਦ ਇਹ ਬੱਬਰ ਇਤਿਹਾਸ ’ਚੋਂ ਕਿਸੇ ਕਾਰਨ ਅਣਗੋਲੇ ਰਹੇ, ਇਹ ਚਿੰਤਨ ਕਰਨ ਦਾ ਵਿਸ਼ਾ ਵੀ ਬਣਦਾ ਹੈ। ਸੈਂਕੜੇ ਗ੍ਰਿਫ਼ਤਾਰੀਆਂ, ਫਾਂਸੀਆਂ, ਉਮਰ ਕੈਦਾਂ, ਤਸ਼ੱਦਦ, ਤਸੀਹੇ ਝੱਲਦਿਆਂ ਬੱਬਰਾਂ ਦਾ ਸੱਚ, ਨਿਆਂ ਅਤੇ ਹੱਕ ਖ਼ਾਤਰ ਸੰਘਰਸ਼ ਸਦਾ ਚੱਲਦਾ ਰਿਹਾ। ਬੱਬਰਾਂ ਨੇ ਪ੍ਰਤਿਰੋਧੀ ਬਿਰਤੀ ਨੂੰ ਜੇਲ੍ਹ ਅੰਦਰ ਵੀ ਕਾਇਮ ਰੱਖਿਆ, ਚਾਹੇ ਉਹ ਜੇਲ੍ਹ ਅੰਦਰ ਗੁਰਪੁਰਬ ਮਨਾਉਣਾ ਹੋਵੇ, ਵਧੀਆ ਖਾਣ-ਪੀਣ, ਪਹਿਨਣ ਲਈ ਸੰਘਰਸ਼, ਭੁੱਖ-ਹੜਤਾਲ ਹੋਵੇ, ਭਗਤ ਸਿੰਘ ਦੀ ਭੁੱਖ ਹੜਤਾਲ ਵਿਚ ਸ਼ਮੂਲੀਅਤ ਹੋਵੇ, ਜੇਲ੍ਹ ਵਾਰਡਨਾਂ, ਪੁਲੀਸ ਅਫ਼ਸਰਾਂ ਦੇ ਹੁਕਮਾਂ ਤੋਂ ਬਗਾਵਤ ਆਦਿ ਨੇ ਉਨ੍ਹਾਂ ਵੱਡੇ ਦੇਸ਼ ਭਗਤਾਂ ਤੇ ਜਜ਼ਬੇ ਵਾਲੇ ਯੋਧੇ ਵਜੋਂ ਸਿਰਜਿਆ। ਅਤੀਤ ਰਾਹੀਂ, ਇਤਿਹਾਸ ਵਰਤਮਾਨ ਨੂੰ ਭਵਿੱਖ ਵਿੱਚ ਦੇਖਣ ਵਾਲੀ ਅੱਖ ਦਿੰਦਾ ਹੈ। ਪਰ ਸੱਤਾ ਇਸ ਅੱਖ ’ਚ ਸਦਾ ਟੀਰ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਇਸ ਅੱਖ ਉੱਪਰ ਕਾਲੇ ਚਸ਼ਮੇ ਪੁਆ ਦਿੰਦੀ ਹੈ। ਬੇਸ਼ੱਕ ਬੱਬਰ ਲਹਿਰ ਦੇ ਸੰਗਠਨ, ਵਿਧੀਆਂ ਅਤੇ ਕਾਰਜਾਂ ਵਿਚ ਖਾਮੀਆਂ ਵੀ ਸਨ, ਗਹਿਰੀ ਰਾਜਸੀ ਸੂਝ ਦੀ ਘਾਟ ਵੀ ਸੀ, ਪਰ ਫਿਰ ਵੀ ਤਤਕਾਲੀ ਪਰਿਸਥਿਤੀਆਂ ਦੇ ਟਕਰਾਅ ਨੇ ਹਥਿਆਰਬੰਦ ਪ੍ਰੰਪਰਾ ਦੇ ਵਿਸ਼ਵਾਸ ਨੇ ਅਤੇ ਗੁਲਾਮੀ ਦੀ ਜ਼ਿੱਲਤ ਨੇ ਇੱਕ ਐਸਾ ਸੰਘਰਸ਼ ਸਿਰਜਿਆ, ਜੋ ਸਦਾ ਸਦਾ ਲਈ ਇਤਿਹਾਸ ’ਚ ਅਮਰ ਹੋ ਗਿਆ। ਇਸ ਦਾ ਪੁਨਰ ਅਧਿਆਪਨ ਹੋਣਾ ਜ਼ਰੂਰੀ ਹੈ। ਸੰਪਰਕ: 94643-15244

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All