ਬੱਚਿਆਂ ’ਚ ਵਧਦੇ ਸਮਾਰਟ ਫੋਨ ਦੇ ਰੁਝਾਨ ਦੇ ਨੁਕਸਾਨ

ਜੀਵਨਪ੍ਰੀਤ ਕੌਰ ਮਾਰਟ ਫੋਨ ਸਾਡੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਇਸ ਦੀ ਆਦਤ ਗੰਭੀਰ ਸਮੱਸਿਆ ਦਾ ਰੂਪ ਧਾਰ ਚੁੱਕੀ ਹੈ। ਅੱਜ ਟੈਕਨੋਲਜੀ ਨੇ ਸਾਨੂੰ ਇੰਨਾ ਮਸਰੂਫ ਕਰ ਦਿੱਤਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ ਕਿ ਅਸੀਂ ਮਸਰੂਫ ਨਹੀਂ ਸਗੋਂ ਇਕੱਲੇ ਹੋ ਰਹੇ ਹਾਂ। ਮੋਬਾਈਲ ਫੋਨ ਦਾ ਇਸਤੇਮਾਲ ਅਸੀਂ ਇਸ ਲਈ ਸ਼ੁਰੂ ਕੀਤਾ ਸੀ ਕਿ ਦੂਰ-ਨੇੜੇ ਵਸਦੇ ਸਾਕ-ਸਬੰਧੀਆਂ ਨਾਲ ਰਾਬਤਾ ਜਲਦੀ ਕੀਤਾ ਜਾ ਸਕੇ। ਲੈਂਡਲਾਈਨ ਫੋਨ ਨੂੰ ਇਕ ਜਗਾ ਰੱਖ ਕੇ ਗੱਲ ਕਰਨੀ ਪੈਂਦੀ ਸੀ। ਹੌਲੀ-ਹੌਲੀ ਅਸੀਂ ਲੈਂਡਲਾਈਨ ਦੇ ਚੁੰਗਲ ’ਚੋਂ ਛੁੱਟ ਗਏ ਤੇ ਮੋਬਾਈਲ ਨੂੰ ਹਮੇਸ਼ਾ ਆਪਣੇ ਨਾਲ ਦਫ਼ਤਰ, ਬਜ਼ਾਰ ਲਿਜਾਣ ਦੀ ਸਹੂਲਤ ਮਿਲ ਗਈ, ਜਿਸ ਨਾਲ ਰੋਜ਼ਾਨਾ ਜੀਵਨ ਅਸਾਨ ਹੋ ਗਿਆ। । ਟੈਕਨਾਲੋਜੀ ਦੇ ਵਿਕਾਸ ਨਾਲ ਪਤਾ ਹੀ ਨਹੀਂ ਚੱਲਿਆਂ ਕਿ ਮੋਬਾਈਲ ਕਦੋਂ ਕੈਮਰਾ, ਆਡੀਓ ਪਲੇਅਰ, ਸ਼ੋਸ਼ਲ ਮੀਡੀਆ ’ਤੇ ਨਵੀਆਂ-ਨਵੀਆਂ ਐਪਸ ਦੇ ਪਸਾਰ ਨਾਲ ਗੱਲਬਾਤ ਦਾ ਸਾਧਨ ਨਾ ਰਹਿ ਕੇ ਹੋਰ ਪਤਾ ਨਹੀਂ ਕੀ ਕੁਝ ਬਣ ਗਿਆ। ਸਮਾਰਟ ਫੋਨ ਨੇ ਸਾਡੇ ਸਵੇਰੇ ਜਾਗਣ ਲਈ ਅਲਾਰਮ ਤੋਂ ਲੈ ਕੇ ਸੌਣ ਤੱਕ ਦੇ ਸਮੇਂ ਨੂੰ ਆਪਣੇ ਕਾਬੂ ’ਚ ਕਰ ਲਿਆ ਹੈ। ਸਮਾਰਟ ਫੋਨ ਦਾ ਨਸ਼ਾ ਹਰ ਉਮਰ ਵਰਗ ਨੂੰ ਲੱਗ ਚੁੱਕਾ ਹੈ ਜਿਸ ’ਚ ਬੱਚੇ ਅਤੇ ਨੌਜਵਾਨ ਜ਼ਿਆਦਾ ਪੀੜਿਤ ਹੋ ਚੁੱਕੇ ਹਨ। ਬੱਚਿਆਂ ਵਿੱਚ ਵਧ ਰਹੀ ਸਮਾਰਟ ਫੋਨ ਦੀ ਆਦਤ ਨੇ ਬਚਪਨ ਨੂੰ ਟੈਕਨਾਲੋਜੀ ਦਾ ਗੁਲਾਮ ਬਣਾ ਦਿੱਤਾ ਹੈ। ਇਹ ਆਦਤ ਸਾਰੇ ਨਸ਼ਿਆਂ ਤੋਂ ਖਤਰਨਾਕ ਸਿੱਧ ਹੋ ਰਹੀ ਹੈ। ਅੱਜ-ਕੱਲ੍ਹ ਬੱਚਾ ਤੁਰਨਾ ਬਾਅਦ ਵਿੱਚ ਸਿੱਖਦਾ ਹੈ, ਸਮਾਰਟ ਫੋਨ ਨੂੰ ਚਲਾਉਣਾ ਪਹਿਲਾਂ। ਬੱਚੇ ਹੁਣ ਖੁਦ ਖੇਡਣ ’ਚ ਰੁਚੀ ਨਹੀਂ ਲੈਂਦੇ, ਸਗੋਂ ਇੱਕ ਜਗਾ ਬੈਠ ਕੇ ਧੌਣ ਝੁਕਾ ਕੇ ਮੋਬਾਈਲ ਦੇਖਣਾ ਪਸੰਦ ਕਰਦੇ ਹਨ। ਸਮਾਰਟ ਫੋਨ ਦੀ ਆਦਤ ਦਾ ਵਿਅਕਤੀਗਤ, ਮਨੋਵਿਗਿਆਨਕ, ਸਮਾਜਿਕ ਅਤੇ ਸਿਹਤ ’ਤੇ ਨਾਂਹਪੱਖੀ ਪ੍ਰਭਾਵ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਰੈਲ 2019 ’ਚ ਬੱਚਿਆਂ ਦੇ ਸਕਰੀਨ (ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ) ’ਤੇ ਬਿਤਾਏ ਜਾ ਰਹੇ ਸਮੇਂ ਬਾਰੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਅਨੁਸਾਰ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਤੋਂ ਬਿਲਕੁਲ ਦੂਰ ਰੱਖਿਆ ਜਾਵੇ; ਦੋ ਤੋਂ ਚਾਰ ਸਾਲ ਦੇ ਬੱਚਿਆਂ ਨੂੰ ਸਿਰਫ਼ ਇੱਕ ਘੰਟਾ ਸਕਰੀਨ ਵੇਖਣ ਦਿੱਤੀ ਜਾਵੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਘੱਟ ਸਮਾਂ ਬੈਠਣ, ਬਿਹਤਰੀਨ ਨੀਂਦ ਅਤੇ ਸਰਗਰਮ ਖੇਡ ਲਈ ਵਧੇਰੇ ਸਮਾਂ ਦੇਣਾ ਚਾਹੀਦਾ ਹੈ। ਇੱਕ ਕੌਮਾਂਤਰੀ ਖੋਜ ਰਸਾਲੇ ‘ਪੀਡੀਆਟਰਿਕਸ’ ਦੇ ਅਧਿਐਨ ਅਨੁਸਾਰ ਇਕ ਸਾਲ ਤੋਂ ਘੱਟ ਉਮਰ ਦੇ 44 ਫ਼ੀਸਦੀ ਬੱਚੇ ਰੋਜ਼ਾਨਾ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ। ਦੋ ਸਾਲ ਦੀ ਉਮਰ ਤੱਕ 77 ਫ਼ੀਸਦੀ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਇਹ ਸਿਰਫ਼ ਅਮੀਰ ਬੱਚੇ ਨਹੀਂ, ਸਗੋਂ ਇਸ ਵਿੱਚ ਹਰ ਆਮਦਨ ਵਰਗ ਦੇ ਬੱਚੇ ਸ਼ਾਮਿਲ ਹਨ। ਇਹ ਅੰਕੜੇ ਚਿੰਤਾਜਨਕ ਹੀ ਨਹੀਂ ਸਗੋਂ ਵਿਚਾਰਨਯੋਗ ਵੀ ਹਨ। ਆਖ਼ਰ ਇਹ ਬੱਚੇ ਸਿੱਖਦੇ ਜਾਂ ਵੇਖਦੇ ਕਿਥੋਂ ਹਨ? ਬੱਚੇ ਕਿਉਂ ਆਦੀ ਹੋ ਰਹੇ ਹਨ? ਕੀ ਕਾਰਨ ਹੋ ਸਕਦੇ ਹਨ? ਪਹਿਲੇ ਸਵਾਲ ਦਾ ਜਵਾਬ ਮੈਨੂੰ ਲੱਗਦਾ ਕਿ ਬੱਚੇ ਸਾਨੂੰ ਭਾਵ ਕਿ ਮਾਪਿਆਂ ਨੂੰ ਵੇਖਦੇ ਹਨ ਕਿ ਮੇਰੇ ਮਾਪੇ ਸਾਰਾ ਦਿਨ ਇਸ ਸਮਾਰਟ ਫੋਨ ’ਚ ਕੀ ਵੇਖਦੇ ਹਨ। ਭਾਵ ਸਿਖਾਉਣ ਵਾਲੇ ਮਾਪੇ ਆਪ ਹੀ ਹੁੰਦੇ ਹਨ। ਛੋਟੇ ਪਰਿਵਾਰ ਹੋਣ ਕਰਕੇ ਮਾਪੇ ਆਪਣੇ ਬੱਚੇ ਨੂੰ ਖ਼ੁਦ ਹੀ ਸਿਖਾ ਦਿੰਦੇ ਹਨ ਕਿ ਇਸ ਵਿੱਚ ਆਹ ਸਭ ਕੁਝ ਹੈ ਜੋ ਤੈਨੂੰ ਖੁਸ਼ੀ ਦੇ ਸਕਦਾ ਹੈ, ਪਰ ਇਹੋ ਖੁਸ਼ੀ ਇਕ ਦਿਨ ਮਾਪਿਆਂ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ, ਜਦੋਂ ਬੱਚਾ ਸਭ ਕੁਝ ਛੱਡ ਕੇ ਮੋਬਾਈਲ ਦਾ ਆਦੀ ਹੋ ਜਾਂਦਾ ਹੈ। ਜੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਾਰਨ ਹੈ ਮਾਪਿਆਂ ਕੋਲ ਸਮੇਂ ਦੀ ਘਾਟ। ਇਸ ਕਾਰਨ ਉਹ ਬੱਚਿਆਂ ਨੂੰ ਮੋਬਾਈਲ ’ਤੇ ਲਗਾਉਣਾ ਪਸੰਦ ਕਰਦੇ ਹਨ। ਸਾਂਝੇ ਪਰਿਵਾਰ ਘੱਟ ਹੋਣ ਕਾਰਨ ਨੌਕਰੀ ਪੇਸ਼ੇ ਵਾਲੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਕਿਸੇ ਸੰਭਾਲ ਵਾਲੀ ਔਰਤ ਦਾ ਪ੍ਰਬੰਧ ਕਰਨਾ ਪੈਂਦਾ ਹੈ ਤਾਂ ਮਾਪੇ ਉਸ ਨੂੰ ਵੀ ਸਮਾਰਟ ਫੋਨ ਦੇ ਕੇ ਜਾਂਦੇ ਹਨ ਕਿ ਜੇ ਇਹ ਦਿਲ ਨਾ ਲਗਾਵੇ ਤਾਂ ਮੋਬਾਈਲ ਫੋਨ ਦੇ ਦਿੱਤਾ ਜਾਵੇ। ਕਿਸੇ ਜਨਤਕ ਥਾਂ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਜੇ ਬੱਚਾ ਖੇਡਣਾ ਚਾਹਵੇ ਤਾਂ ਮਾਪੇ ਉਸ ਨੂੰ ਅਧੁਨਿਕ ਸੱਭਿਅਤਾ ਦੀ ਕਠਪੁਤਲੀ ਬਣਾ ਕੇ ਮੋਬਾਈਲ ਹੱਥ ’ਚ ਦੇ ਕੇ ਇਕ ਜਗ੍ਹਾ ਬੈਠਣ ਲਈ ਕਹਿ ਦਿੰਦੇ ਹਨ। ਕਈ ਮਾਪੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਬੱਚਾ ਫੋਨ ਵੇਖਕੇ ਜਲਦੀ ਖਾਂਦਾ ਹੈ, ਤਾਂ ਉਹ ਬੱਚੇ ਦਾ ਪੇਟ ਭਰਨ ਲਈ ਉਸਨੂੰ ਮਾਨਸਿਕ ਤੌਰ ’ਤੇ ਖੋਖਲਾ ਬਣਾ ਲੈਂਦੇ ਹਨ। ਮਾਪੇ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਸਾਡਾ ਬੱਚਾ ਤਾਂ ਸਾਰਾ ਸਮਾਰਟ ਫੋਨ ਚਲਾ ਲੈਂਦਾ ਹੈ ਤੇ ਬਹੁਤ ਹੁਸ਼ਿਆਰ ਹੈ। ਡਿਜੀਟਲ ਬਚਪਨ ਨੇ ਬੱਚਿਆਂ ਨੂੰ ਮਾਨਸਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ’ਚ ਕਈ ਮਾਨਸਿਕ ਬੀਮਾਰੀਆਂ ਜਨਮ ਲੈ ਰਹੀਆਂ ਹਨ, ਜੋ ਅੱਗੇ ਜਾ ਕੇ ਮਾਨਸਿਕ ਤੇ ਸਰੀਰਕ ਅਪਾਹਜਤਾ ਦਾ ਰੂਪ ਵੀ ਧਾਰ ਸਕਦੀਆਂ ਹਨ। ਤੁਸੀਂ ਖੁਦ ਧਿਆਨ ਦੇ ਕੇ ਵੇਖੋ, ਜੋ ਬੱਚੇ ਸਮਾਰਟ ਫੋਨ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ ਉਹ ਸੁਭਾਅ ਪੱਖੋਂ ਚਿੜਚਿੜੇ ਤੇ ਇਕਦਮ ਗੁੱਸੇ ਵਿੱਚ ਆ ਜਾਂਦੇ ਹਨ। ਉਨ੍ਹਾਂ ਦੀ ਖਾਣ-ਪੀਣ ’ਚ ਰੁਚੀ ਘਟਣ ਲੱਗ ਜਾਂਦੀ ਹੈ, ਜਿਸ ਕਾਰਨ ਕਈ ਪ੍ਰਕਾਰ ਦੇ ਰੋਗ ਵੀ ਹੋ ਸਕਦੇ ਹਨ। ਸਾਰਾ ਦਿਨ ਸਿਰ ਝੁਕਾ ਕੇ ਫੋਨ ਵੇਖਣ ਨਾਲ ਸਰੀਰ ਦੇ ਢਾਂਚੇ ਵਿੱਚ ਵੀ ਵਿਗਾੜ ਆਉਣ ਲੱਗਦੇ ਹਨ। ਅੱਖਾਂ ਦੀ ਰੌਸ਼ਨੀ ’ਤੇ ਮਾੜਾ ਅਸਰ ਪੈਂਦਾ ਹੈ। ਬੱਚਿਆਂ ਦੀ ਰਚਨਾਤਮਕ ਸ਼ਕਤੀ ’ਤੇ ਵੀ ਮਾਰੂ ਅਸਰ ਪੈਂਦੇ ਹਨ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ।

ਜੀਵਨਪ੍ਰੀਤ ਕੌਰ

ਸਮਾਰਟ ਫੋਨ ਦੀ ਵਰਤੋਂ ਨਾਲ ਬੱਚੇ ਸਮਾਜਿਕ ਪੱਖੋਂ ਵੀ ਟੁੱਟ ਰਹੇ ਹਨ। ਇੱਕ ਸਮਾਂ ਸੀ ਜਦੋਂ ਬੱਚੇ ਟੋਲੀਆਂ ਬਣਾ ਖੇਡਦੇ ਸਨ, ਪਰ ਜਦੋਂ ਤੋਂ ਸਮਾਜ ਵਿੱਚ ਬਲਾਤਕਾਰ, ਬੱਚਿਆਂ ਨੂੰ ਅਗਵਾ ਕਰਨ ਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਮਾਪੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਮਹਿਫੂਜ਼ ਸਮਝਦੇ ਹਨ। ਅੱਜ-ਕੱਲ੍ਹ ਜਦੋਂ ਮਾਪੇ ਬੱਚਿਆਂ ਲੈ ਕੇ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਹਨ ਤਾਂ ਵੱਡੇ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਅਤੇ ਬੱਚੇ ਤੇ ਨੌਜਵਾਨ ਮੋਬਾਈਲ ’ਤੇ ਲੱਗੇ ਰਹਿੰਦੇ ਹਨ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਸਾਂਝ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਬੱਚਾ ਆਪਣੀ ਮਾਂ ਦੀ ਗੋਦੀ ’ਚ ਆ ਕੇ ਚੁੱਪ ਕਰ ਜਾਂਦਾ ਸੀ, ਪਰ ਅੱਜ-ਕੱਲ੍ਹ ਬੱਚਾ ਜਦੋਂ ਰੋਂਦਾ ਹੈ ਤਾਂ ਮੋਬਾਈਲ ਦੀ ਸਕਰੀਨ ਵੇਖ ਕੇ ਚੁੱਪ ਹੋ ਜਾਂਦਾ ਹੈ। ਬੱਚਿਆਂ ਦੀਆਂ ਮਾਵਾਂ ਵੀ ਫੋਨ ਹੀ ਬਣ ਚੁੱਕੇ ਹਨ। ਇਸ ਗੱਲ ’ਤੇ ਚਿੰਤਨ ਦੀ ਜ਼ਰੂਰਤ ਹੈ ਕਿ ਜਦੋਂ ਨੌਜਵਾਨ ਨਸ਼ੇ ਦੇ ਆਦੀ ਹੋਏ ਤਾਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ। ਪਰ ਯਾਦ ਰੱਖਣਾ ਮੋਬਾਈਲ ਛੁਡਾਊ ਕੇਂਦਰ ਕਿਸੇ ਨਹੀਂ ਖੋਲ੍ਹਣੇ। ਇਸ ਲਈ ਮਾਪਿਆਂ ਨੂੰ ਹੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਇਸ ਸਮਾਰਟ ਫੋਨ ਤੋਂ ਅਜ਼ਾਦ ਕਰਵਾਉਣਾ ਬਹੁਤ ਹੀ ਔਖ਼ਾ ਕੰਮ ਹੈ, ਪਰ ਇਸ ਦੀ ਵਰਤੋਂ ਨੂੰ ਕੁਝ ਹੱਦ ਤੱਕ ਘੱਟ ਕਰਾਇਆ ਜਾ ਸਕਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਮਾਪਿਆਂ ਨੂੰ ਖ਼ੁਦ ਇਸ ਦੀ ਆਦਤ ਛੱਡਣੀ ਪਵੇਗੀ। ਬੱਚਿਆਂ ਸਾਹਮਣੇ ਮੋਬਾਈਲ ਫੋਨ ਦੀ ਵਰਤੋਂ ਘੱਟ ਕਰੋ। ਬੱਚਿਆਂ ਦੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਉਹੋ ਜਿਹੇ ਖਿਡੌਣੇ ਖ਼ਰੀਦ ਕੇ ਦਿਓ। ਉਨ੍ਹਾਂ ਨਾਲ ਖੁਦ ਸਮਾਂ ਬਿਤਾਓ। ਜੇ ਉਨ੍ਹਾਂ ਕੋਲ ਬੈਠੇ ਕੰਮ ਵੀ ਕਰ ਰਹੇ ਹੋ, ਤਾਂ ਵੀ ਉਨ੍ਹਾਂ ਨਾਲ ਕੁਝ ਗੱਲਾਂ ਕਰਦੇ ਰਹੋ। ਸਭ ਤੋਂ ਅਹਿਮ ਹੈ, ਤੁਸੀਂ ਜਿਹੋ ਜਿਹੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ, ਪਹਿਲਾਂ ਆਪ ਬਣੋ। ਜੇ ਮੋਬਾਈਲ ਦੀ ਆਦਤ ਬੱਚੇ ਨੂੰ ਬਹੁਤ ਜ਼ਿਆਦਾ ਹੈ, ਤਾਂ ਬੱਚੇ ਤੋਂ ਮੋਬਾਈਲ ਖੋਹੋ ਨਾ, ਇਸ ਨਾਲ ਉਸ ਦੀ ਰੁਚੀ ਵਧੇਗੀ, ਉਹ ਜ਼ਿੱਦ ਕਰੇਗਾ। ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ, ਛੋਟੇ ਬੱਚਿਆਂ ਨੂੰ ਤਸਵੀਰਾਂ ਵਾਲੀਆਂ ਦਿਲਚਸਪ ਕਿਤਾਬਾਂ ਖਰੀਦ ਕੇ ਦਿਓ। ਇੱਕ ਜ਼ਰੂਰੀ ਪਹਿਲੂ ਇਹ ਹੈ ਕਿ ਬੱਚਿਆਂ ਨੂੰ ਬੋਰ ਹੋਣ ਭਾਵ ਅੱਕਣ ਦਿਉ। ਬੱਚੇ ਸਕਰੀਨ ਵੇਖਦੇ ਕਦੇ ਨਹੀਂ ਅੱਕਦੇ। ਜੇ ਬੱਚੇ ਅੱਕੇ ਨਾ ਤਾਂ ਉਹ ਰਚਨਾਤਮਕ ਨਹੀਂ ਹੋ ਸਕਣਗੇ। ਇਸ ਲਈ ਜਦੋਂ ਬੱਚੇ ਅੱਕ ਜਾਣਗੇ ਤਾਂ ਉਹ ਸੋਚਣਗੇ, ਆਲੇ-ਦੁਆਲੇ ਤੋਂ ਕੁਝ ਖੇਡਣ ਲਈ ਲੱਭਣਗੇ ਤਾਂ ਉਨ੍ਹਾਂ ਦੀ ਰਚਨਾਤਮਕਤਾ ਦਾ ਵਿਕਾਸ ਹੋਵੇਗਾ। ਇਹ ਵੀ ਧਿਆਨ ਰੱਖੋ ਕਿ ਅੱਗੇ ਡਿਜੀਟਲ ਯੁੱਗ ਹੈ। ਉਨ੍ਹਾਂ ਨੂੰ ਇਸ ਨੂੰ ਸੀਮਤ ਢੰਗ ਨਾਲ ਵਰਣਾ ਵੀ ਸਿਖਾਓ, ਪਰ ਬੱਚਿਆਂ ਨੂੰ ਸਕਰੀਨ ਦੇ ਆਦੀ ਹੋਣ ਤੋਂ ਬਚਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ। -ਖੋਜਾਰਥੀ, ਅਰਥ-ਸ਼ਾਸਤਰ ਵਿਭਾਗ, ਪੰਜਾਬੀ ਯੂਨਿਵਰਸਿਟੀ, ਪਟਿਆਲਾ। ਸੰਪਰਕ: 84370-10461

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All