ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ

ਇੰਦਰਜੀਤ ਸਿੰਘ ਬਾਜਵਾ

ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੀ ਦਾਸਤਾਨ ਇਤਿਹਾਸ ਦੇ ਵਰਕਿਆਂ ਉੱਪਰ ਸੁਨਿਹਰੀ ਅੱਖਰਾਂ ਵਿੱਚ ਉੱਕਰੀ ਪਈ ਹੈ, ਜਿਸ ਨੂੰ ਪੜ੍ਹ ਕੇ ਅੱਜ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਇਸ ਥੋੜੇ ਸਮੇਂ ਵਿੱਚ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀਆਂ ਜਿੱਤਾਂ ਦਰਜ ਕੀਤੀਆਂ ਪਰ ਸਮਾਂ ਘੱਟ ਹੋਣ ਕਾਰਨ ਉਹ ਇਸ ਸਮੇਂ ਖਾਲਸਾ ਰਾਜ ਦੀਆਂ ਕੋਈ ਬਹੁਤੀਆਂ ਯਾਦਗਾਰਾਂ ਨਾ ਉਸਾਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜੋ ਇੱਕ ਦੋ ਉਸਾਰੀਆਂ ਕੀਤੀਆਂ ਗਈਆਂ ਸਨ, ਉਹ ਵੀ ਕੌਮ ਦੀ ਨਾਲਾਇਕੀ ਅਤੇ ਅਣਗਿਹਲੀ ਕਾਰਨ ਤਬਾਹ ਹੋ ਗਈਆਂ ਹਨ। ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਸੰਨ 1715 ਨੂੰ ਬਟਾਲਾ ਤੋਂ 13 ਕਿਲੋਮੀਟਰ ਦੂਰ ਪਿੰਡ ਮਿਰਜਾਜਾਨ ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਾਈ ਗਈ ਸੀ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਫੌਜਾਂ ਨੇ ਬੜੀ ਬਹਾਦਰੀ ਨਾਲ ਮੁਗਲ ਫੌਜਾਂ ਨਾਲ ਟਾਕਰਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਕਿਲ੍ਹੇ ਦੀ ਕੌਮ ਵਲੋਂ ਕੋਈ ਸੰਭਾਲ ਨਹੀਂ ਕੀਤੀ ਗਈ ਜਿਸ ਕਾਰਨ ਇਹ ਕਿਲ੍ਹਾ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਇਸ ਦੀਆਂ ਕੁਝ ਕੁ ਟੁੱਟੀਆਂ ਹੋਈਆਂ ਬਾਹਰੀ ਕੰਧਾਂ ਹੀ ਇਥੇ ਕਦੀ ਕਿਲ੍ਹਾ ਹੋਣ ਦੀ ਤਸਬੀਹ ਦਿੰਦੀਆਂ ਹਨ। ਤਰਾਸਦੀ ਇਹ ਹੈ ਕਿ ਮਿਰਜਾਜਾਨ ਦੇ ਬਹੁਤੇ ਵਸਨੀਕ ਹੀ ਇਸ ਗੱਲ ਤੋਂ ਅਨਜਾਣ ਹਨ ਕਿ ਇਹ ਕਿਲ੍ਹਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਇਆ ਗਿਆ ਹੈ ਅਤੇ ਸਿੱਖ ਕੌਮ ਦੀ ਬੇਸ਼ਕੀਮਤੀ ਵਿਰਾਸਤ ਹੈ। ਇਸ ਕਿਲ੍ਹੇ ਦੀਆਂ ਨੀਂਹਾਂ ਪਹਿਲੇ ਸਿੱਖ ਰਾਜ ਦੀਆਂ ਨੀਂਹਾਂ ਹਨ। ਪਰ ਅਫ਼ਸੋਸ ਕੌਮ ਦੀ ਇਹ ਵਿਰਾਸਤ ਸੰਭਾਲ ਨਾ ਹੋਣ ਕਰਕੇ ਮਲੀਆਮੇਟ ਹੋ ਗਈ ਹੈ। ਇਸ ਕਿਲ੍ਹੇ ਦੀ ਚਾਰ ਦੀਵਾਰੀ ਦੇ ਅੰਦਰ ਪਿੰਡ ਵਾਸੀਆਂ ਦੇ 12 ਕੁ ਦੇ ਕਰੀਬ ਘਰ ਬਣੇ ਹੋਏ ਹਨ ਅਤੇ ਇਸ ਕਿਲ੍ਹੇ ਦੀ ਮਲਕੀਅਤ ਹੁਣ ਉਨ੍ਹਾਂ ਕੋਲ ਹੈ। ਕਿਲ੍ਹੇ ਦੀ ਬਾਹਰੀ ਕੰਧ ਲਗਭਗ ਖਤਮ ਹੋ ਚੁੱਕੀ ਹੈ ਅਤੇ ਪੱਛਮ ਵਾਲੀ ਕੰਧ ਹੀ ਨਿਸ਼ਾਨੀ ਵਜੋਂ ਕਾਇਮ ਹੈ। ਕਿਲ੍ਹੇ ਦੀਆਂ ਚਾਰੇ ਨੁੱਕਰਾਂ ’ਤੇ ਬੁਰਜ ਬਣਾਏ ਗਏ ਸਨ, ਜਿਨ੍ਹਾਂ ਵਿਚੋਂ ਅਜੇ ਵੀ ਤਿੰਨ ਬੁਰਜਾਂ ਨੂੰ ਦੇਖਿਆ ਜਾ ਸਕਦਾ ਹੈ ਪਰ ਇਹ ਵੀ ਬਹੁਤ ਖਸਤਾ ਹਾਲ ਵਿੱਚ ਹਨ। ਇੱਕ ਬੁਰਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਕੌਮ ਵਿੱਚ ਆਪਣੀ ਵਿਰਾਸਤ ਪ੍ਰਤੀ ਬੇਰੁੱਖੀ ਇਸ ਹੱਦ ਤੱਕ ਹੈ ਕਿ ਲੋਕ ਕਿਲ੍ਹੇ ਦੀਆਂ ਕੰਧਾਂ ਨੂੰ ਤੋੜ ਕੇ ਇਸ ਦੀਆਂ ਇੱਟਾਂ ਦੀ ਰੋੜੀ ਬਣਾ ਰਹੇ ਹਨ। ਸਿੱਖ ਰਾਜ ਦਾ ਇਹ ਕਿਲ੍ਹਾ ਲਗਭਗ ਢਹਿ-ਢੇਰੀ ਹੋ ਗਿਆ ਹੈ ਅਤੇ ਇਸ ਨੂੰ ਸਾਂਭਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਵੱਲੋਂ ਕੋਈ ਯਤਨ ਕੀਤਾ ਗਿਆ ਹੈ। ਮਿਰਜਾ ਜਾਨ ਪਿੰਡ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਕਿਲ੍ਹੇ ਦੀਆਂ ਬੁਨਿਆਦਾਂ ਅਸਲ ਵਿੱਚ ਸਿੱਖ ਰਾਜ ਅਤੇ ਸਾਡੇ ਧਰਮ ਦੀਆਂ ਬੁਨਿਆਦਾਂ ਹਨ। ਜਿਉਂ-ਜਿਉਂ ਅਸੀਂ ਆਪਣੇ ਅਕੀਦੇ ਨਾਲੋਂ ਟੁੱਟ ਰਹੇ ਹਾਂ ਉਵੇਂ-ਉਵੇਂ ਹੀ ਇਹ ਵਿਰਾਸਤੀ ਬੁਨਿਆਦਾਂ ਖੋਖਲੀਆਂ ਹੋ ਰਹੀਆਂ ਹਨ।

ਸੰਪਰਕ: 98155-77574

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All