ਬਾਦਲ ਵੱਲੋਂ ਕੈਦੀਆਂ ਨੂੰ ਸਜ਼ਾ ’ਚ ਛੋਟ ਦਾ ਐਲਾਨ

ਸਰਹਿੰਦ ਫਤਹਿ ਤ੍ਰੈਸ਼ਤਾਬਦੀ ਸਮਾਰੋਹ ਸੰਪੂਰਨ

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੱਦਾ

  • ਤ੍ਰੈਸ਼ਤਾਬਦੀ ਜਸ਼ਨਾਂ ਵਿਚ ਸਿੱਖ ਸੰਗਤ ਵੱਡੀ ਗਿਣਤੀ ’ਚ ਹੋਈ ਸ਼ਾਮਲ
  • ਨਾਂਦੇੜ ਸਾਹਿਬ ਦੀ ਸੰਗਤ ਵੱਲੋਂ ਸੋਨੇ ਦੇ ਪੰਜ ਤੀਰ, ਨਗਾਰਾ ਤੇ ਨਿਸ਼ਾਨ ਸਾਹਿਬ ਭੇਟ
  • ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਹਿਮ ਸ਼ਖਸੀਅਤਾਂ ਦਾ ਸਨਮਾਨ

ਭੂਸ਼ਨ ਸੂਦ/ਜਸਵੀਰ ਉਪਲ ਫਤਿਹਗੜ੍ਹ ਸਾਹਿਬ, 14 ਮਈ ਸਰਹਿੰਦ ਫਤਹਿ ਦਿਵਸ ਦੇ ਤ੍ਰੈਸ਼ਤਾਬਦੀ ਜਸ਼ਨਾਂ ਸਬੰਧੀ ਅੱਜ ਇੱਥੇ ਹੋਏ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਦੀਆਂ ਨੂੰ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਦੀ ਸਜ਼ਾ ਮੁਆਫੀ ਦਾ ਐਲਾਨ ਕੀਤਾ। ਸਮੁੱਚੇ ਸਮਾਗਮ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਤੋਂ ਲੈ ਕੇ ਲਗਪਗ ਹਰੇਕ ਬੁਲਾਰੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਉਨ੍ਹਾਂ ਨੂੰ ਪੂਰਨ ਸਿੱਖ ਬਣਨ ਲਈ ਪ੍ਰੇਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਦਾ ਭਾਸ਼ਣ ਸ਼ੁਰੂ ਹੋਣ ਸਾਰ ਕੁਝ ਗਰਮਖਿਆਲੀਆਂ ਨੇ ਨਾਅਰੇਬਾਜ਼ੀ ਕਰ ਕੇ ਵਿਘਨ ਪਾਉਣ ਦਾ ਯਤਨ ਕੀਤਾ, ਪ੍ਰੰਤੂ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੰਗਤ ਕੋਲੋਂ ਜੈਕਾਰੇ ਲੁਆ ਕੇ ਮੌਕੇ ਨੂੰ ਸੰਭਾਲ ਲਿਆ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਅਹਿਮ ਸ਼ਖਸੀਅਤਾਂ ਦਾ ਸਨਮਾਨ ਕੀਤਾ। ਅੱਜ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੇ ਜਾਣ ਕਾਰਨ ਸਮਾਗਮ ਤੇ ਹੋਰ ਥਾਵਾਂ ਉਪਰ ਰੌਣਕਾਂ ਲੱਗੀਆਂ ਰਹੀਆਂ। ਬੁਲਾਰਿਆਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਸੰਗਤ ਨਾਲ ਸਾਂਝੀਆਂ ਕੀਤੀਆਂ। ਰਾਜ ਪੱਧਰੀ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੰਦੇੜ (ਮਹਾਂਰਾਸ਼ਟਰ) ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ 2500 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਕੇ ਪੁੱਜੇ ਇਤਿਹਾਸਕ ਫਤਹਿ ਮਾਰਚ ਵਿਚ ਸ਼ਾਮਲ ਸੰਗਤ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਜਿੱਥੇ ਸਰਵ ਧਰਮ ਸਮਾਗਮ ਕਰਕੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਧ ਰਹੀ ਹੈ, ਉੱਥੇ ਕਾਂਗਰਸ ਆਪਣੇ ਏਜੰਟਾਂ ਰਾਹੀਂ ਰਾਜ ਵਿੱਚ ਫਿਰਕੂ ਤਣਾਅ ਵਧਾਉਣ ਲਈ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਸਰਕਾਰ ਤੇ ਪੰਥ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਲੋਕ ਅੱਜ ਦੇ ਪਵਿੱਤਰ ਮੌਕੇ ਦੀ ਮਹੱਤਤਾ ਨੂੰ ਨਾ ਸਮਝਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਥ ਵਿਰੋਧੀ ਕਾਰਵਾਈ ਲਈ ਦੋਸ਼ੀ ਹਨ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਮੁਗਲਾਂ ਦੀ ਖੇਤਰੀ ਰਾਜਧਾਨੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਦਸਮ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹੀਦੀ ਦਾ ਢੁੱਕਵਾਂ ਬਦਲਾ ਲੈ ਕੇ ਖਾਲਸਾ ਰਾਜ ਦੀ ਜਿੱਤ ਦਾ ਝੰਡਾ ਗੱਡਿਆ। ਇਸ ਮਹਾਨ ਜਰਨੈਲ ਨੇ ਜਿੱਥੇ ਦੱਬੇ ਕੁਚਲੇ ਵਰਗ ਨੂੰ ਸਰਦਾਰੀਆਂ ਬਖਸ਼ੀਆਂ, ਉੱਥੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਵੀ ਬਣਾਇਆ। ਸ੍ਰੀ ਬਾਦਲ ਨੇ ਇਸ ਮੌਕੇ ਕੈਦੀਆਂ ਨੂੰ ਵੱਡੀ ਰਾਹਤ ਦਿੰਦਿਆਂ 10 ਤੋਂ 20 ਸਾਲ ਦੀ ਕੈਦ ਕੱਟਣ ਵਾਲਿਆਂ ਨੂੰ ਇੱਕ ਸਾਲ ਦੀ ਛੋਟ, 7 ਤੋਂ 10 ਸਾਲ ਵਾਲਿਆਂ ਨੂੰ 9 ਮਹੀਨੇ, 5 ਤੋਂ 7 ਸਾਲ ਲਈ 6 ਮਹੀਨੇ, 3 ਤੋਂ 5 ਸਾਲ ਲਈ ਤਿੰਨ ਮਹੀਨੇ ਅਤੇ ਤਿੰਨ ਸਾਲ ਤੋਂ ਘੱਟ ਕੈਦ ਕੱਟਣ ਵਾਲਿਆਂ ਨੂੰ ਇੱਕ ਮਹੀਨੇ ਦੀ ਸਜ਼ਾ ਮੁਆਫੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਪੜਚਿੱੜੀ ਸਮੇਤ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਹਨੂੰਵਾਨ ਅਤੇ ਕੁੱਪ ਰਹੀੜਾ ਵਿਖੇ ਇਤਿਹਾਸਕ ਯਾਦਗਾਰਾਂ ਦੀ ਉਸਾਰੀ ਕਰਵਾਏਗੀ। ਇਸ ਮੌਕੇ ਮੁੱਖ ਮੰਤਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਾਰੀ ਕੀਤੇ ਨਾਨਕਸ਼ਾਹੀ ਸਿੱਕਿਆਂ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੜ ਤਿਆਰ ਕਰਵਾਇਆ ਹੈ, ਨੂੰ ਜਾਰੀ  ਕੀਤਾ। ਡਾਕ ਵਿਭਾਗ ਪੰਜਾਬ ਸਰਕਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਸਮਰਪਿਤ ਡਾਕ ਲਿਫਾਫਾ ਅਤੇ ਸ਼੍ਰੋਮਣੀ ਕਮੇਟੀ ਦਾ ਸੋਵੀਨਰ ਵੀ ਰਿਲੀਜ਼ ਕੀਤਾ। ਉਨ੍ਹਾਂ ਬਾਬਾ ਫਤਿਹ ਸਿੰਘ ਦੀ ਵੰਸ਼ ਵਿੱਚੋਂ ਇੰਦਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਟਿਸ ਮੋਤਾ ਸਿੰਘ ਯੂ.ਕੇ. ਦੇ ਪਰਿਵਾਰਕ ਮੈਂਬਰ, ਸਿੱਖ ਬੁੱਧੀਜੀਵੀ ਡਾ. ਹਰਨਾਮ ਸਿੰਘ ਸ਼ਾਨ, ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ, ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਦੇ ਪਿਤਾ, ਬੀਬੀ ਇੰਦਰਜੀਤ ਕੌਰ (ਮੁਖੀ ਪਿੰਗਲਵਾੜਾ), ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ। ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਦਰਸਾਉਣ ਵਾਲੇ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਕਿਹਾ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਆਦਰਸ਼ਕ ਅਤੇ ਸਿੱਖੀ ਸੋਚ ਵਾਲੀ ਜੀਵਨੀ ਤੋਂ ਪ੍ਰੇਰਨਾ ਲੈਣ ਜਿਹਨਾਂ ਨੇ ਜਾਤ ਪਾਤ ਤੋਂ ਰਹਿਤ ਸਮਾਜ ਸਿਰਜਣਾ ਦੇ ਸੰਕਲਪ ਨੂੰ ਅੱਗੇ ਤੋਰਦਿਆਂ ਗਰੀਬਾਂ ਤੇ ਮਜ਼ਲੂਮਾਂ ਦੀ ਰਾਖੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਅਨੁਸਾਰ ਗਰੀਬਾਂ ਅਤੇ ਦੱਬੇ ਕੁਚਲੇ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਵੱਡੀਆਂ ਰਾਹਤਾਂ ਪਹੁੰਚਾ ਰਹੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਕਿਹਾ ਕਿ ਉਹ ਪਤਿੱਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਦਿੱਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੰਦੇਸ਼ ਨੂੰ ਅਮਲੀਜਾਮਾ ਪਹਿਨਾਉਣ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਵਿੱਚ ਕਿਹਾ ਕਿ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਤੋਂ 300 ਸਾਲ ਪਹਿਲਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਆਦੇਸ਼ਾਂ ਮੁਤਾਬਕ ਜਬਰ ਤੇ ਜ਼ੁਲਮ ਦੇ ਖਾਤਮੇ ਲਈ ਗੁਰਮਤਿ ਆਦਰਸ਼ਾਂ ਮੁਤਾਬਕ ਫਤਹਿ ਅਤੇ ਚੜ੍ਹਦੀ ਕਲਾ ਦਾ ਪੈਗ਼ਾਮ ਸਰਹੰਦ ਨੂੰ ਫਤਹਿ ਕਰਕੇ ਦਿੱਤਾ ਸੀ। ਸੂਬਾ ਸਰਹਿੰਦ ਤੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਸ਼ਹੀਦ ਕਰਨ ਦਾ ਬਦਲਾ ਚਪੜਚਿੱੜੀ ਦੇ ਮੈਦਾਨ ਵਿੱਚ ਹੋਏ ਯੁੱਧ ਦੌਰਾਨ ਸੂਬਾ ਸਰਹਿੰਦ ਨੂੰ ਕਰਾਰੀ ਹਾਰ ਦੇ ਕੇ ਲਿਆ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਕਰੀਬ 700 ਸਾਲ ਰਾਜ ਕਰਨ ਵਾਲੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ। ਉਨ੍ਹਾਂ ਇਸ ਇਤਿਹਾਸਕ ਦਿਵਸ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਇਸ ਮਹਾਨ ਜਰਨੈਲ ਦੇ ਦਰਸਾਏ ਮਾਰਗਾਂ ’ਤੇ ਚੱਲ ਕੇ ਸਿੱਖ ਕੌਮ ਅਤੇ ਪੰਥ ਦੀ ਚੜ੍ਹਦੀਕਲਾ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਪੰਥ ਦੋਖੀਆਂ ਤੋਂ ਸੁਚੇਤ ਹੋਣ ਦੀ ਲੋੜ ’ ਤੇ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਤਾਕਤਾਂ ਅੱਜ ਵੀ ਸਿੱਖ ਕੌਮ ਤੇ ਖਾਲਸਾ ਪੰਥ ਨੂੰ ਤੋੜਨ ਦੀਆਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ। ਉਨ੍ਹਾਂ ਸੰਗਤਾਂ ਨੂੰ ਗੁਰੂ ਦੀ ਬਾਣੀ, ਬਾਣਾ ਧਾਰਨ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ। ਦੇਸ਼ ਵਿਦੇਸ਼ ਤੋਂ ਜੁੜੀਆਂ ਸੰਗਤਾਂ ਨੂੰ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਵੀ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਸਮੂਹ ਸੰਤ ਸਮਾਜ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਆਪਣੀ ਕੁੱਲ ਆਮਦਨ ਦਾ 5 ਫੀਸਦੀ ਹਿੱਸਾ ਗਰੀਬ ਬੱਚਿਆਂ ਦੀ ਪੜ੍ਹਾਈ ’ਤੇ ਖਰਚ ਕਰਨ। ਉਨ੍ਹਾਂ ਐਲਾਨ ਕੀਤਾ ਕਿ ਮਾਰਚ ਅਤੇ ਜੂਨ 2016 ਵਿੱਚ ਦਿੱਲੀ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੋ ਵੱਡੇ ਸਮਾਗਮ ਕਰਵਾਏ ਜਾਣਗੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਦੀ ਦੁਨੀਆਂ ਵਿੱਚ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਪੰਜਾਬ ਲਈ ਹੀ ਨਹੀਂ ਸਗੋਂ ਦੇਸ਼ ਵਾਸੀਆਂ ਲਈ ਵੀ ਪ੍ਰੇਰਨਾ ਸਰੋਤ ਬਣੀ ਰਹੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਤ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਵਿਰਸੇ ਦੀ ਜਾਣਕਾਰੀ ਪ੍ਰਦਾਨ ਕਰੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸ਼ਕਤੀ ਤੇ ਭਗਤੀ ਦੇ ਸੁਮੇਲ ਸਨ ਜਿਹਨਾਂ ਦੇਸ਼ ਵਿੱਚੋਂ ਮੁਗਲ ਰਾਜ ਦੀ ਜੜ੍ਹ ਪੁੱਟਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਬਲਵੀਰ ਪੁੰਜ ਨੇ ਕਿਹਾ ਕਿ ਸਾਨੂੰ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜਬਰ ਤੇ ਜ਼ੁਲਮ, ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਵਿਦੇਸ਼ੀ ਤਾਕਤਾਂ ਸਾਡੇ ਮੁਲਕ ਨੂੰ ਖੇਰੰੂ ਖੇਰੰੂ ਕਰਨ ’ਤੇ ਤੁਲੀਆਂ ਹੋਈਆਂ ਹਨ ਜਿਹਨਾਂ ਦਾ ਪੰਜਾਬ ਵਾਸੀ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਰਹਿਣ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਨਸ਼ਿਆਂ ਦਾ ਜਾਲ ਵਿਛਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਤਿਹਾਸਕ ਅਵਸਰ ’ਤੇ ਨਸ਼ਿਆਂ ਦੀ ਹਨੇਰੀ ਨੂੰ ਠੱਲ੍ਹ ਪਾਉਣ, ਭਰੂਣ ਹੱਤਿਆ, ਦੇਹਧਾਰੀ ਗੁਰੂ ਪ੍ਰੰਪਰਾ ਨੂੰ ਰੋਕਣ ਲਈ ਧੜੇਬੰਦੀਆਂ ਤੋਂ ਉਪਰ ਉਠ ਕੇ ਇਮਾਨਦਾਰੀ ਨਾਲ ਹੰਭਲਾ ਮਾਰਨ ਦਾ ਪ੍ਰਣ ਲਿਆ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਫਤਹਿ ਮਾਰਚ ਨਾਲ ਇੱਥੇ ਦੱਖਣੀ ਸਿੰਘਾਂ ਦੇ ਇਕ ਵੱਡੇ ਜੱਥੇ ਦੇ ਰੂਪ ਵਿੱਚ ਪਹੁੰਚੇ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਪੰਜ ਸੋਨੇ ਦੇ ਤੀਰ, ਇੱਕ ਨਗਾਰਾ,  ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਭੇਟ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਸਮੇਂ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਕੇ ਇਤਿਹਾਸਕ ਕਾਰਨਾਮਾ ਕਰਕੇ ਵਿਖਾਇਆ ਜਿਸ ਦੀ ਦੁਨੀਆਂ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਛੇ ਮਹੀਨਿਆਂ ਤੋ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਚਾਰਧਾਰਾ ਨੂੰ ਸੰਗਤਾਂ ਵਿੱਚ ਪਹੁੰਚਾਣ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਹਨ। ਸਟੇਜ ਸਕੱਤਰ ਦੀ ਭੂਮਿਕਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਨੰਦੇੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਗਿਆਨੀ ਪ੍ਰਤਾਪ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਭਾਈ ਮਨਜੀਤ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ, ਸੁਖਦੇਵ ਸਿੰਘ ਢੀਂਡਸਾ (ਸਕੱਤਰ ਜਨਰਲ, ਸ਼੍ਰੋਮਣੀ ਅਕਾਲੀ ਦਲ) ਤੇ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (ਦੋਵੇਂ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ) ਗੁਰਦੇਵ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਤਰਲੋਚਨ ਸਿੰਘ ਵਜ਼ੀਰ ਰਾਜੌਰੀ ਜੰਮੂ ਕਸ਼ਮੀਰ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All