ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ...

ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ-ਸੁਣਦਿਆਂ

ਬਹਾਵਲਪੁਰ ਬਾਕੀ ਪੰਜਾਬ ਨਾਲੋਂ ਵੱਖਰਾ ਕਿਉਂ ਹੈ, ਇਸ ਦਾ ਇਲਮ 1970ਵਿਆਂ ਵਿਚ ਪਾਣੀਪਤ ਦੀ ਫੇਰੀ ਦੌਰਾਨ ਹੋਇਆ। ਉੱਥੇ ਬਹਾਵਲਪੁਰੀ ਧਰਮਸ਼ਾਲਾ ਵਿਚ ਇਕ ਬਜ਼ੁਰਗ ਨੇ ਦੱਸਿਆ ਕਿ ਬਹਾਵਲਪੁਰ ਰਿਆਸਤ ਸੰਤਾਲੀ ਤੋਂ ਪਹਿਲਾਂ ਕਦੇ ਵੀ ਪੰਜਾਬ ਦਾ ਹਿੱਸਾ ਨਹੀਂ ਰਹੀ। ਉਸ ਦਾ ਕਹਿਣਾ ਸੀ, ‘‘ਅਸੀਂ ਸਰਾਇਕੀ ਹਾਂ, ਪੰਜਾਬੀ ਨਹੀਂ। ਪਰ ਸਾਰੇ ਸਾਨੂੰ ਪੰਜਾਬੀ ਹੀ ਸਮਝਦੇ ਤੇ ਮੰਨਦੇ ਹਨ। ਇਹ ਗ਼ਲਤ ਹੈ।’’ ਕਿਉਂ ਗ਼ਲਤ ਹੈ, ਜਾਂ ਕਿੰਨਾ ਕੁ ਗ਼ਲਤ ਹੈ, ਇਸ ਦਾ ਜਵਾਬ ਐਨਾਬੇਲ ਲਾਇਡ ਦੀ ਕਿਤਾਬ ‘ਬਹਾਵਲਪੁਰ: ਦਿ ਕਿੰਗਡਮ ਦੈਟ ਵੈਨਿਸ਼ਡ’ (ਪੈਂਗੁਇਨ ਰੈਂਡਮ ਹਾਊਸ; 285 ਪੰਨੇ; 599 ਰੁਪਏ) ਤੋਂ ਮਿਲ ਜਾਂਦਾ ਹੈ। ਐਨਾਬੇਲ ਬ੍ਰਿਟਿਸ਼ ਲੇਖਕ ਤੇ ਪੱਤਰਕਾਰ ਹੈ। ਉਸ ਨੂੰ ਭਾਰਤੀ ਇਤਿਹਾਸ ਨਾਲ ਮੋਹ ਹੈ, ਪਰ ਉਹ ਕਦੇ ਅਕਾਦਮੀਸ਼ਨ ਨਹੀਂ ਰਹੀ। ਲਿਹਾਜ਼ਾ, ਉਸ ਦੀ ਕਿਤਾਬ ਨਿੱਗਰ ਅਕਾਦਮਿਕ ਉੱਦਮ ਨਹੀਂ। ਇਹ ਬੁਨਿਆਦੀ ਤੌਰ ’ਤੇ ਬਹਾਵਲਪੁਰ ਰਿਆਸਤ ਦੇ ਆਖ਼ਰੀ ਅਮੀਰ, ਨਵਾਬ ਸਾਦਿਕ ਮੁਹੰਮਦ ਖ਼ਾਨ ਪੰਚਮ ਦੇ ਪੋਤਰੇ ਸਲਾਹੂਦੀਨ ਅੱਬਾਸੀ ਦੇ ਮੂੰਹੋਂ ਸੁਣੀ ਕਹਾਣੀ ਹੈ। ਐਨਾਬੇਲ ਨੇ ਇਸ ਕਹਾਣੀ ਅੰਦਰਲੇ ਸਾਰੇ ਅਹਿਮ ਵਾਕਿਆਤ ਦੀ ਤਸਦੀਕ ਇਤਿਹਾਸਕ ਸਰੋਤਾਂ ਰਾਹੀਂ ਕੀਤੀ ਹੈ। ਜਿੱਥੇ ਕਿਤੇ ਉਸ ਨੂੰ ਸ਼ੱਕ ਹੋਇਆ, ਇਸ ਦਾ ਇਜ਼ਹਾਰ ਵੀ ਉਸ ਨੇ ਕੀਤਾ ਹੈ। ਇਸ ਦੇ ਬਾਵਜੂਦ ਉਹ ਸਾਰੀ ਕਵਾਇਦ ਦੀ ਪੁਖ਼ਤਗੀ ਦਾ ਦਮ ਨਹੀਂ ਭਰਦੀ। ਉਹ ਲਿਖਦੀ ਹੈ ਕਿ ਸ਼ਾਹੀ ਖ਼ਾਨਦਾਨ ਦੇ ਵਾਰਿਸ ਨਾਲ ਹਮਦਰਦੀ ਤੋਂ ਉਹ ਆਪਣੀ ਕਲਮ ਤੇ ਕਸਬ ਨੂੰ ਬਚਾ ਨਹੀਂ ਸਕੀ, ਇਸ ਲਈ ਉਸ ਦੀ ਭੁੱਲ-ਚੁੱਕ ਮੁਆਫ਼ ਕਰ ਦਿੱਤੀ ਜਾਵੇ। ਇਸ ਹਕੀਕਤ ਦੇ ਬਾਵਜੂਦ ਕਿਤਾਬ ਪੜ੍ਹਨ ਪੱਖੋਂ ਰੌਚਿਕ ਹੈ, ਨਵੀਂ ਖੋਜ ਦੇ ਰਾਹ ਖੋਲ੍ਹਦੀ ਹੈ ਅਤੇ ਬਹੁਤ ਸਾਰੀ ਅਹਿਮ ਜਾਣਕਾਰੀ ਪ੍ਰਦਾਨ ਕਰਦੀ ਹੈ। ਨਾਲ ਹੀ ਇਹ ਪਾਕਿਸਤਾਨ ਦੇ ਮੌਜੂਦਾ ਮੁਹਾਂਦਰੇ ਦੇ ਕੁਢੱਬਾਂ ਅਤੇ ਇਸ ਦੇ ਅਤੀਤ ਦੀਆਂ ਉਨ੍ਹਾਂ ਖਾਮੀਆਂ ਉੱਤੇ ਉਂਗਲ ਧਰਦੀ ਹੈ ਜਿਨ੍ਹਾਂ ਕਾਰਨ ਸਿੰਧ, ਦੱਖਣੀ ਪੰਜਾਬ ਤੇ ਬਲੋਚਿਸਤਾਨ ਵਿਚ ਵਿਤਕਰੇ ਦੇ ਸ਼ਿਕਾਰਾਂ ਵਾਲਾ ਅਹਿਸਾਸ ਪਨਪਿਆ ਤੇ ਮਜ਼ਬੂਤ ਹੋਇਆ। ਬਹਾਵਲਪੁਰ ਸ਼ਹਿਰ ਲਹਿੰਦੇ ਪੰਜਾਬ ਦੇ ਧੁਰ ਦੱਖਣ ਵਿਚ ਪੈਂਦਾ ਹੈ। ਵਸੋਂ ਤੇ ਰਕਬੇ ਪੱਖੋਂ ਪਾਕਿਸਤਾਨ ਦਾ 11ਵਾਂ ਅਤੇ ਸੂਬਾ ਪੰਜਾਬ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ, ਪਰ ਇਸ ਦੀ ਵਿਰਾਸਤ ਤੇ ਕਲਚਰ ਨੂੰ ਕਦੇ ਉਹ ਵੁੱਕਤ ਨਹੀਂ ਮਿਲੀ ਜੋ ਕਰਾਚੀ, ਲਾਹੌਰ, ਪਿਸ਼ਾਵਰ, ਇਸਲਾਮਾਬਾਦ ਜਾਂ ਫੈਸਲਾਬਾਦ ਦੇ ਹਿੱਸੇ ਆਈ। ਜਦੋਂ ਬਹਾਵਲਪੁਰ ਰਿਆਸਤ ਸੀ ਤਾਂ ਇਸ ਦੀਆਂ ਹੱਦਾਂ ਇਕ ਪਾਸੇ ਸੂਬਾ ਸਿੰਧ, ਦੂਜੇ ਪਾਸੇ ਰਾਜਪੂਤੀ ਰਿਆਸਤ ਬੀਕਾਨੇਰ ਅਤੇ ਬਾਕੀ ਦੋ ਪਾਸਿਓਂ ਅਣਵੰਡੇ ਪੰਜਾਬ ਨਾਲ ਲੱਗਦੀਆਂ ਸਨ। ਯੂਰੋਪੀਅਨ ਮੁਲਕ ਡੈਨਮਾਰਕ ਜਿੰਨੀ ਰਿਆਸਤ; ਸ਼ਾਨੋ ਸ਼ੌਕਤ ਪੱਖੋਂ ਜੈਪੁਰ ਤੋਂ ਪੋਟਾ ਕੁ ਊਣੀ ਅਤੇ ਬੀਕਾਨੇਰ ਤੋਂ ਗਿੱਠ ਭਰ ਉੱਚੀ। ਸ਼ਾਨਦਾਰ ਇਮਾਰਤਸਾਜ਼ੀ ਤੇ ਬਾਗ਼ਾਂ-ਬਗੀਚਿਆਂ ਨਾਲ ਲੈੱਸ। ਇਕ ਪਾਸਿਓਂ ਚੋਲਿਸਤਾਨ ਤੇ ਦੂਜੇ ਪਾਸੇ ਥਾਰ-ਮਾਰੂਥਲਾਂ ਨਾਲ ਖਹਿਣ ਦੇ ਬਾਵਜੂਦ ਹਰੀ-ਭਰੀ ਤੇ ਖੁਸ਼ਹਾਲ। ਹੁਣ ਉਹ ਰਿਆਸਤੀ ਵਿਰਾਸਤ ਬਹਾਵਲਪੁਰ ਜ਼ਿਲ੍ਹੇ ਤਕ ਮਹਿਦੂਦ ਹੋ ਕੇ ਰਹਿ ਗਈ ਹੈ। ਇਹ ਜ਼ਿਲ੍ਹਾ ਰਕਬੇ ਪੱਖੋਂ ਪੁਰਾਣੀ ਰਿਆਸਤ ਦਾ ਪੰਜਵਾਂ ਹਿੱਸਾ ਵੀ ਨਹੀਂਂ ਬਣਦਾ। ਉਪਰੋਂ ਰਾਜਨੀਤਿਕ ਸਰਪ੍ਰਸਤੀ ਦੀ ਅਣਹੋਂਦ। ਬਹਾਵਲਪੁਰ, ਮੁਲਤਾਨ ਤੇ ਡੇਰਾ ਗਾਜ਼ੀ ਖ਼ਾਨ ਡਿਵੀਜ਼ਨਾਂ ਅਤੇ ਸਰਗੋਧਾ ਡਿਵੀਜ਼ਨ ਦੇ ਭੱਖੜ ਤੇ ਮੀਆਂਵਾਲੀ ਜ਼ਿਲ੍ਹਿਆਂ ਨੂੰ ਮਿਲਾ ਕੇ ਜਨੂਬੀ (ਦੱਖਣੀ) ਪੰਜਾਬ ਨਾਮੀ ਨਵਾਂ ਸੂਬਾ ਕਾਇਮ ਕਰਨ ਦੀ ਤਜਵੀਜ਼ ਇਸ ਸਮੇਂ ਹਕੂਮਤ-ਇ-ਪਾਿਕਸਤਾਨ ਦੇ ਜ਼ੇਰੇ-ਗੌਰ ਹੈ, ਪਰ ਸਕੱਤਰੇਤ ਤੇ ਹਾਈ ਕੋਰਟ ਮੁਲਤਾਨ ਵਿਚ ਸਥਾਪਤ ਕੀਤੇ ਜਾਣ ਦੀ ਰਾਜਸੀ ਧੂਹ-ਘੜੀਸ ਬਹਾਵਲਪੁਰ ਦੇ ਦਾਅਵਿਆਂ ਦੀ ਅਣਦੇਖੀ ਦਾ ਬਹਾਨਾ ਬਣ ਗਈ ਹੈ। ਸਰਾਇਕੀ ਇਸ ਇਲਾਕੇ ਦੀ ਮੁੱਖ ਬੋਲੀ ਹੈ, ਪਰ ਇਸ ਦੀ ਥਾਂ ਪੰਜਾਬੀ ਨੂੰ ਉਰਦੂ ਤੋਂ ਬਾਅਦ ਦੂਜੀ ਭਾਸ਼ਾ ਦਾ ਦਰਜਾ ਦਿੱਤੇ ਜਾਣਾ ਉਸ ਸਰਕਾਰੀ ਬਿੱਲ ਦਾ ਹਿੱਸਾ ਹੈ ਜੋ ਕੌਮੀ ਅਸੈਂਬਲੀ ਨੇ ਇਸ ਸਾਲ ਜਨਵਰੀ ਵਿਚ ਪਾਸ ਕੀਤਾ।

ਸੁਰਿੰਦਰ ਸਿੰਘ ਤੇਜ

‘ਬਹਾਵਲਪੁਰ’ ਕਿਤਾਬ ਮੌਜੂਦਾ ਤਸੱਵਰ ਦੀਆਂ ਸਿਰਫ਼ ਛੋਹਾਂ ਹੀ ਪੇਸ਼ ਕਰਦੀ ਹੈ; ਇਹ ਮੁੱਖ ਤੌਰ ’ਤੇ ਅਤੀਤ ਦੀ ਅਜ਼ਮਤ ਦੀ ਤਸਵੀਰ ਚਿੱਤਰਦੀ ਹੈ। ਕਦੇ ਸ਼ਿਕਾਰਪੁਰ (ਸਿੰਧ) ਦੇ ਉੱਚ ਸ਼ਰੀਫ਼ਾ ਦਾ ਕਬਜ਼ਾ ਸੀ ਪੂਰੇ ਇਲਾਕੇ ’ਤੇ। ਇਨ੍ਹਾਂ ਵਿਚੋਂ ਹੀ ਇਕ ਸਰਦਾਰ, ਬਹਾਵਲ ਖ਼ਾਨ ਨੇ ਅਲਹਿਦਗੀ ਵਾਲਾ ਰੁਖ਼ ਅਪਣਾਇਆ। ਉਸ ਨੇ ਆਪਣੀ ਆਜ਼ਾਦ ਰਿਆਸਤ ਕਾਇਮ ਕਰਨ ਲਈ 1748 ਵਿਚ ਬਹਾਵਲਪੁਰ ਸ਼ਹਿਰ ਵਸਾਇਆ। ਸ਼ਹਿਰ ਵਸਣ ਤੋਂ ਪਹਿਲਾਂ ਡੇਰਾਵਰ ਦਾ ਕਿਲ੍ਹਾ ਉਸ ਦੀ ਰਾਜਧਾਨੀ ਬਣਿਆ ਰਿਹਾ। ਇਹ ਕਿਲ੍ਹਾ 13ਵੀਂ ਸਦੀ ਵਿਚ ਉਸਰਿਆ ਸੀ। ਹੁਣ ਵੀ ਇਸ ਦਾ ਅਜ਼ਮ ਬੇਮਿਸਾਲ ਹੈ। ਨਵੀਂ ਰਿਆਸਤ ਦੇ ਵਜੂਦ ਵਿਚ ਆਉਣ ਸਮੇਂ ਦਿੱਲੀ ਦੀ ਮੁਗ਼ਲੀਆ ਸਲਤਨਤ ਭਾਵੇਂ ਜਰਜਰ ਹੋ ਚੁੱਕੀ ਸੀ, ਪਰ ਉਸ ਵਾਲਾ ਧਾਰਮਿਕ ਸਮਨੈਅਵਾਦ ਹਿੰਦੋਸਤਾਨੀ ਰਿਆਸਤਾਂ ਦੀ ਰਾਜਸੀ ਮਜਬੂਰੀ ਬਣ ਗਿਆ ਸੀ। ਤੁਅੱਸਬ ਦੀ ਗੁੰਜਾਇਸ਼ ਹੀ ਨਹੀਂ ਸੀ ਰਹੀ। ਮੁਸਲਿਮ ਬਹੁਗਿਣਤੀ ਦੇ ਬਾਵਜੂਦ ਬਹਾਵਲਪੁਰ ਵਿਚ ਹਿੰਦੂਆਂ-ਸਿੱਖਾਂ ਨੂੰ ਵਿਚਰਨ-ਵਿਗਸਣ ਦੇ ਚੰਗੇ ਅਵਸਰ ਮਿਲੇ। ਬਹਾਵਲ ਖ਼ਾਨ ਦਾ ਪਿਛੋਕੜ ਹਜ਼ਰਤ ਮੁਹੰਮਦ ਸਾਹਿਬ ਦੇ ਜਾਨਸ਼ੀਨ ਅੱਬਾਨੀ ਖ਼ਲੀਫ਼ਿਆਂ ਨਾਲ ਜੁੜਿਆ ਹੋਇਆ ਸੀ। ਪਰ ਉੱਚ ਦੇ ਇਲਾਕੇ ਵਿਚ ਸੂਫ਼ੀਵਾਦ ਹਾਵੀ ਸੀ। ਬਹਾਵਲ ਖ਼ਾਨ ਨੇ ਸੂਫ਼ੀਵਾਦ ਦਾ ਪੱਲਾ ਫੜਿਆ; ਆਪਣੀ ਹੁਕਮਰਾਨੀ ਨੂੰ ਮਜ਼ਹਬੀ ਤੁਅੱਸਬ ਤੋਂ ਬਚਾਈ ਰੱਖਿਆ। ਇਸ ਦਾ ਫ਼ਾਇਦਾ ਉਸ ਦੇ ਵਾਰਿਸਾਂ ਨੂੰ ਹੋਇਆ। 1807 ਵਿਚ ਮੁਲਤਾਨ ਉਪਰ ਪਹਿਲੇ ਧਾਵੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਬਹਾਵਲਪੁਰ ਵੱਲ ਰੁਖ਼ ਨਹੀਂ ਕੀਤਾ। ਉਹ ਬਹਾਵਲਪੁਰੀ ਨਵਾਬ ਪਾਸੋਂ ਛੋਟਾ ਜਿਹਾ ਨਜ਼ਰਾਨਾ ਲੈ ਕੇ ਲਾਹੌਰ ਪਰਤ ਗਈਆਂ। ਅਗਲੇ ਡੇਢ ਦਹਾਕਿਆਂ ਦੌਰਾਨ ਡੇਰਾ ਗਾਜ਼ੀ ਖ਼ਾਨ ਤੇ ਮੁਲਤਾਨ ਉਪਰ ਖ਼ਾਲਸਾ ਦਰਬਾਰ ਦੀਆਂ ਜਿੱਤਾਂ ਅਤੇ ਮੁਲਤਾਨ ਦੀ ਮੁਸਲਿਮ ਵਸੋਂ ਦੀ ਬਹਾਵਲਪੁਰ ਵੱਲ ਹਿਜਰਤ ਨੂੰ ਦੇਖਦਿਆਂ ਇਸ ਰਿਆਸਤ ਨੂੰ ਮਹਾਰਾਜੇ ਦਾ ਅਗਲਾ ਨਿਸ਼ਾਨਾ ਬਣਨ ਵਾਲਾ ਤੌਖ਼ਲਾ ਸਤਾਉਣ ਲੱਗਾ। ਇਹੋ ਤੌਖ਼ਲਾ 1833 ਵਿਚ ਨਵਾਬ ਮੁਹੰਮਦ ਬਹਾਵਲ ਖ਼ਾਨ ਨੂੰ ਅੰਗਰੇਜ਼ਾਂ ਨਾਲ ਸੰਧੀ ਕਰਨ ਦੇ ਰਾਹ ਪਾ ਲਿਆ। ਬ੍ਰਿਟਿਸ਼ ਭਾਰਤ ਵਿਚ ਇੱਕੀ ਤੋਪਾਂ ਦੀ ਸਲਾਮੀ ਵਾਲਾ ਮੁਕਾਮ (ਇਹ ਮੁਕਾਮ ਮੈਸੂਰ, ਹੈਦਰਾਬਾਦ ਤੇ ਗਵਾਲੀਅਰ ਸਮੇਤ ਪੰਜ ਵੱਡੀਆਂ ਰਿਆਸਤਾਂ ਤਕ ਮਹਿਦੂਦ ਰਿਹਾ) ਹਾਸਲ ਨਾ ਹੋਣ ਦੇ ਬਾਵਜੂਦ ਬਹਾਵਲਪੁਰ ਉਪਰ ਬ੍ਰਿਟਿਸ਼ ਹਕੂਮਤ ਦੀ ਨਜ਼ਰ-ਇ-ਇਨਾਇਤ ਹਮੇਸ਼ਾ ਬਣੀ ਰਹੀ। ਬ੍ਰਿਟਿਸ਼ ਭਾਰਤ ਦੇ ਅਫ਼ਗਾਨਿਸਤਾਨ-ਇਰਾਨ ਅਤੇ ਮੱਧ ਏਸ਼ੀਆ ਨਾਲ ਵਪਾਰ ਦਾ ਧੁਰਾ ਬਣੀ ਰਹੀ ਬਹਾਵਲਪੁਰ ਰਿਆਸਤ। ਰਿਆਸਤ ਦੀ ਖੁਸ਼ਹਾਲੀ ਨੇ ਨਵਾਬਾਂ ਨੂੰ ਵੀ ਅਮੀਰ ਬਣਾਇਆ। ਉਨ੍ਹਾਂ ਦੇ ਅਸਟੇਟ ਅਸਾਮ ਵਿਚ ਵੀ ਸਨ, ਦਾਰਜੀਲਿੰਗ ਤੇ ਮਸੂਰੀ ਵਿਚ ਵੀ ਅਤੇ ਸ਼ਿਵਾਲਿਕ ਪਹਾੜੀਆਂ ਵਿਚ ਵੀ।

* * *

ਚੌਥੀ ਪੀੜ੍ਹੀ ਦੇ ਪੰਜਾਬੀ ਕਹਾਣੀਕਾਰਾਂ ਨੂੰ ਆਪਣੀਆਂ ਕਥਾ ਸਿਰਜਣਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਉਹ ਮੰਚ ਨਹੀਂ ਮਿਲੇ ਜਿਹੜੇ ਪਹਿਲੀਆਂ ਤਿੰਨ ਪੀੜ੍ਹੀਆਂ, ਖ਼ਾਸ ਕਰਕੇ ਪਹਿਲੀਆਂ ਦੋ ਪੀੜ੍ਹੀਆਂ ਦੇ ਹਿੱਸੇ ਆਏ। ਮੋਬਾਈਲਾਂ ਅਤੇ ਸੋਸ਼ਲ ਮੀਡੀਆ ਦੇ ਦੌਰ ਦੀ ਆਮਦ ਤੋਂ ਪਹਿਲਾਂ ਕਿਤਾਬਾਂ/ਰਸਾਲੇ ਪੜ੍ਹਨਾ ਸ਼ੌਕ ਵੀ ਹੁੰਦਾ ਸੀ, ਫੈਸ਼ਨ ਵੀ ਅਤੇ ਇਬਾਦਤ ਵੀ। ਇੱਕੀਵੀਂ ਸਦੀ ਨੇ ਇਸ ਰੁਝਾਨ ਨੂੰ ਫ਼ਨਾਹੀ ਦਾ ਦਰ ਦਿਖਾ ਦਿੱਤਾ ਹੈ। ਤਕਨਾਲੌਜੀ ਦੇ ਵਿਕਾਸ-ਵਿਗਾਸ ਨੇ ਲੇਖਣ ਲਈ ਪ੍ਰਕਾਸ਼ਨਾਵਾਂ ਤੇ ਹੋਰ ਮੰਚ ਤਾਂ ਵਧਾਏ ਹਨ, ਪਰ ਸੰਜੀਦਾ ਪਾਠਕਾਂ ਦੀਆਂ ਸਫ਼ਾਂ ਘਟਾ ਦਿੱਤੀਆਂ ਹਨ। ਲਿਹਾਜ਼ਾ, ਸਾਹਿਤਕ ਸਿਰਜਣਸ਼ੀਲਤਾ ਪ੍ਰਤੀ ਹੁੰਗਾਰਾ ਵੀ ਸੀਮਤ ਹੁੰਦਾ ਜਾ ਰਿਹਾ ਹੈ। ਅਜਿਹੇ ਆਲਮ ਵਿਚ ਕਹਾਣੀਕਾਰ/ਸੰਪਾਦਕ ਬਲਦੇਵ ਧਾਲੀਵਾਲ ਨੇ ‘ਟੂਣੇਹਾਰੀ ਰੁੱਤ’ (ਗ੍ਰੇਸ਼ੀਅਸ ਬੁੱਕਸ, ਪਟਿਆਲਾ; 431 ਪੰਨੇ; 300 ਰੁਪਏ) ਲਿਆ ਕੇ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਨੂੰ ਸੰਜੀਦਾ ਪਾਠਕਾਂ ਦੇ ਰੂਬਰੂ ਕਰਵਾਇਆ ਹੈ। ਇਹ ਉੱਦਮ ਸ਼ਲਾਘਾਯੋਗ ਹੈ। ਬਾਈ ਕਹਾਣੀਕਾਰਾਂ ਦੀਆਂ ਇੱਕੀਵੀਂ ਸਦੀ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਇਹ ਕਿਤਾਬ। ਇਨ੍ਹਾਂ ਵਿਚੋਂ ਕੁਝ ਪਰਵਾਸੀ ਹਨ ਅਤੇ ਦੋ ਪਾਕਿਸਤਾਨੀ। ਜਿੰਦਰ, ਬਲਬੀਰ ਪਰਵਾਨਾ, ਸੁਕੀਰਤ, ਸੁਖਜੀਤ, ਕੇਸਰਾ ਰਾਮ, ਸਾਂਵਲ ਧਾਮੀ, ਗੁਰਮੀਤ ਕੜਿਆਲਵੀ ਤੇ ਅਜਮੇਰ ਸਿੱਧੂ ਦੇ ਨਾਵਾਂ ਤੋਂ ਪੰਜਾਬੀ ਅਦਬ ਦੇ ਮੋਹਵੰਤ ਜਾਣੂੰ ਹਨ। ਲਹਿੰਦੇ ਪੰਜਾਬੀਆਂ ਦੀ ਨੁਮਾਇੰਦਗੀ ਆਗ਼ਾ ਅਲੀ ਮੁਦੱਸਰ ਤੇ ਖ਼ਾਲਿਦ ਫ਼ਰਹਾਦ ਧਾਲੀਵਾਲ ਨੇ ਕੀਤੀ ਹੈ। ਸੰਪਾਦਕੀ ਵਿਚ ਬਲਦੇਵ ਧਾਲੀਵਾਲ ਨੇ ਲਿਖਿਆ ਹੈ ਕਿ ‘‘ਇੱਕੀਵੀਂ ਸਦੀ ਵਿਚ ਪੰਜਾਬੀ ਵਿਸ਼ਵ-ਦ੍ਰਿਸ਼ਟੀ ਨੂੰ ਜੋ ਨਵਾਂ ਤੇ ਵੱਖਰਾ ਹਾਸਿਲ ਹੋਇਆ ਹੈ, ... ਉਸ ਦਾ ਪ੍ਰੇਰਕ ਉੱਤਰ-ਬਸਤੀਵਾਦੀ ਚਿੰਤਨ ਹੀ ਹੈ।’’ ਇਸ ਦੇ ਕਾਰਨ ‘‘ਚੌਥੇ ਪੜਾਅ ਦੀ ਪੰਜਾਬੀ ਕਹਾਣੀ ਅੰਤਰ-ਰਾਸ਼ਟਰੀ ਪਰਿਪੇਖ ਵਾਲੀ ਹੈ।’’ ਸੰਗ੍ਰਹਿ ਅੰਦਰਲੀਆਂ ਕਹਾਣੀਆਂ ਇਸ ਪਰਿਪੇਖ ਦੀ ਉਪਜ ਹੋਣ ਤੋਂ ਇਲਾਵਾ ਅਸਲਵਾਦੀ ਸੋਚ ਦੀ ਤਰਜਮਾਨੀ ਵੀ ਕਰਦੀਆਂ ਹਨ। ਇਹ ਸੁਮੇਲ ਇਸ ਸੰਗ੍ਰਹਿ ਨੂੰ ਜ਼ਿਕਰਯੋਗ ਬਣਾਉਂਦਾ ਹੈ।

* * * ਹਰਜਾਪ ਸਿੰਘ ਔਜਲਾ ਅੰਗਰੇਜ਼ੀ ਤੇ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚਲੇ ਆਪਣੇ ਲੇਖਾਂ ਅਤੇ ਨੈੱਟ ਉੱਤੇ ਆਪਣੇ ਬਲੌਗਾਂ ਲਈ ਜਾਣੇ ਜਾਂਦੇ ਹਨ। ਪੇਸ਼ੇ ਵਜੋਂ ਇੰਜੀਨੀਅਰ, ਪਰ ਪੱਤਰਕਾਰੀ ਤੇ ਅਖ਼ਬਾਰੀ ਲੇਖਣ ਦੇ ਗੁਰਾਂ ਦੇ ਪੂਰੇ ਵਾਕਿਫ਼। ਸਾਹਿਤ ਤੋਂ ਇਲਾਵਾ ਫਿਲਮਾਂ, ਖੇਡਾਂ ਅਤੇ ਇਤਿਹਾਸ ਦੀਆਂ ਜ਼ਰਬਾਂ-ਤਕਸੀਮਾਂ ਦੇ ਗਿਆਤਾ। 1950ਵਿਆਂ ਦੇ ਯੁੱਗ ਅਤੇ ਉਸ ਦੇ ਆਸ-ਪਾਸ ਦੀਆਂ ਫਿਲਮਾਂ, ਫਿਲਮੀ ਤੇ ਗ਼ੈਰ-ਫਿਲਮੀ ਸੰਗੀਤਕਾਰਾਂ ਦੇ ਫ਼ਨ ਅਤੇ ਉਨ੍ਹਾਂ ਵਕਤਾਂ ਦੀ ਗੌਸਿਪ ਨਾਲ ਜੁੜੇ ਕਿੱਸੇ ਉਨ੍ਹਾਂ ਦੇ ਦਿਮਾਗ਼ ਵਿਚ ਸੰਗ੍ਰਹਿਤ ਹਨ। ਆਪਣੀਆਂ ਅਜਿਹੀਆਂ ਲੇਖਣੀਆਂ ਨੂੰ ਉਨ੍ਹਾਂ ਨੇ ਇਕੱਤਰ ਕਰਕੇ ‘ਅਨਫੌਰਗੈੱਟੇਬਲ ਪਰਸੈਨਲਿਟੀਜ਼ ਐਂਡ ਅਦਰ ਸਟੋਰੀਜ਼’ (Unforgettable Personalities and other Stories; ਅਭਿਸ਼ੇਕ ਪਬਲੀਕੇਸ਼ਨਜ਼; 695 ਰੁਪਏ) ਨਾਮੀ ਪੁਸਤਕ ਵਜੋਂ ਪਰੋਸਿਆ ਹੈ। ਮੁਹੰਮਦ ਰਫ਼ੀ ਤੋਂ ਲੈ ਕੇ ਗਾਇਕਾ ਪਰਕਾਸ਼ ਕੌਰ ਤੱਕ ਅਤੇ ਮਾਸਟਰ ਗ਼ੁਲਾਮ ਹੈਦਰ ਤੋਂ ਲੈ ਕੇ ਵਿਨੋਦ ਤੇ ਸਰਦੂਲ ਕਵਾਤੜਾ ਵਰਗੇ ਸੰਗੀਤਕਾਰਾਂ ਦੇ ਸ਼ਬਦ ਚਿੱਤਰ ਇਸ ਸੰਗ੍ਰਹਿ ਵਿਚ ਦਰਜ ਹਨ। ਇੰਜ ਹੀ ਸ਼ਿਆਮਾ ਵੀ ਮੌਜੂਦ ਹੈ, ਸੁਰੱਈਆ ਵੀ, ਮਾਧੁਰੀ ਦੀਕਸ਼ਿਤ ਵੀ ਅਤੇ ਕ੍ਰਿਤੀ ਸੈਨਨ ਵੀ। ਕਿਉਂਕਿ ਪੁਸਤਕ ਦਾ ਕੈਨਵਸ ਸ੍ਰੀ ਔਜਲਾ ਦੀ ਕਲਪਨਾ ਜਿੰਨਾ ਹੀ ਵਿਸ਼ਾਲ ਹੈ, ਇਸ ਲਈ ਇਸ ਵਿਚ ਭੰਗੜੇ-ਗਿੱਧੇ ਬਾਰੇ ਬਲੌਗ ਵੀ ਸ਼ਾਮਲ ਹਨ ਅਤੇ ਗੋਲਡਨ ਗੋਲ ਵਾਲੇ ਹਾਕੀ ਓਲੰਪੀਅਨ ਬਲਬੀਰ ਸਿੰਘ ਦੀ ਗਾਥਾ ਵੀ ਸ਼ੁਮਾਰ ਹੈ। ਇਕ ਲੇਖ ਪੰਜਾਬ ਦੀ ਟੂਰਿਜ਼ਮ ਨੀਤੀ ਅਤੇ ਇਕ ਹੋਰ ਡੈਮਾਂ ਦੇ ਕੰਕਰੀਟੀਕਰਨ ਬਾਰੇ ਮਸ਼ਵਰੇ ਦਿੰਦਾ ਹੈ। ਅਜਿਹੀ ਵਿਵਿਧਤਾ ਲੇਖਕ ਦੇ ਬਹੁਪੱਖੀ ਗਿਆਨ ਦੀ ਨੁਮਾਇਸ਼ ਜ਼ਰੂਰ ਕਰਦੀ ਹੈ, ਪਰ ਨਾਲ ਹੀ ਕਿਤਾਬ ਦਾ ਫੋਕਸ ਵਿਗਾੜਦੀ ਹੈ। ਇਹੋ ਕੁਝ ਇਸ ਕਿਤਾਬ ਦਾ ਮਾਯੂਸਤਨ ਪੱਖ ਹੈ।

* * * ਸੁਖਮਿੰਦਰ ਸੇਖੋਂ ਬਹੁਿਵਧਾਈ ਲੇਖਕ ਹੈ। ਨਾਵਲ, ਨਾਟਕ, ਮਿਨੀ ਕਹਾਣੀਆਂ, ਵਿਅੰਗ ਵਰਗੀਆਂ ਵਿਧਾਵਾਂ ਉੱਤੇ ਉਨ੍ਹਾਂ ਨੇ ਚੰਗੇ ਹੱਥ ਅਜ਼ਮਾਏ ਹਨ। ‘ਪੈੜਾਂ ਦੀ ਸ਼ਨਾਖ਼ਤ’ (ਸਹਿਜ ਪਬਲੀਕੇਸ਼ਨਜ਼; 120 ਰੁਪਏ) ਉਨ੍ਹਾਂ ਦਾ ਨਵਾਂ ਕਹਾਣੀ ਸੰਗ੍ਰਹਿ ਹੈ; 14 ਕਹਾਣੀਆਂ ਵਾਲਾ। ਸਾਰੀਆਂ ਯਥਾਰਥਕ, ਸਾਡੇ ਯੁੱਗ ਦੇ ਵਖ਼ਤਾਂ ਦੀ ਬਾਤ ਪਾਉਣ ਵਾਲੀਆਂ। ਇਹੋ ਤੱਤ ਇਸ ਕਿਤਾਬ ਨੂੰ ਸਮੇਂ ਦਾ ਹਾਣੀ ਬਣਾਉਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All