ਬਰਤਾਨਵੀ ਚੋਣਾਂ: ਕਿਸੇ ਨੂੰ ਬਹੁਮਤ ਨਹੀਂ

ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ

ਅੱਠ ਭਾਰਤੀ ਵੀ ਚੋਣ ਜਿੱਤੇ

ਸ਼ਿਆਮ ਭਾਟੀਆ

ਲੰਡਨ, 7 ਮਈ ਨੌਜਵਾਨ ਡੇਵਿਡ ਕੈਮਰੌਨ ਦੀ ਅਗਵਾਈ ਵਾਲੀ ਵਿਰੋਧੀ ਟੋਰੀਆਂ ਦੀ ਕੰਜ਼ਰਵੇਟਿਵ ਪਾਰਟੀ ਇਕੱਲੀ ਵੱਡੀ ਜੇਤੂ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਗੋਰਡਨ ਬ੍ਰਾਊਨ ਦੀ ਪਾਰਟੀ ਪਛੜ ਗਈ ਹੈ ਤੇ ਅਗਲੀ ਸਰਕਾਰ ਲਿਬਰਲ ਡੈਮੋਕਰੈਟਾਂ ਦੇ ਸਹਿਯੋਗ ਨਾਲ ਹੀ ਬਣੇਗੀ। ਕੱਲ੍ਹ ਹੋਈਆਂ ਆਮ ਚੋਣਾਂ ਲਈ ਜਿਨ੍ਹਾਂ 624 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ’ਚੋਂ 43 ਸਾਲਾ ਕੈਮਰੌਨ ਦੀ ਕੰਜ਼ਰਵੇਟਿਵ ਪਾਰਟੀ ਨੂੰ 294 ਸੀਟਾਂ, ਲੇਬਰ ਪਾਰਟੀ ਨੂੰ 251 ਤੇ ਲਿਬਰਲ ਡੈਮੋਕਰੈਟਾਂ ਨੂੰ 52 ਸੀਟਾਂ ਮਿਲੀਆਂ ਹਨ। ਹੇਠਲੇ ਸਦਨ ਦੇ ਕੁੱਲ 650 ਮੈਂਬਰ ਹਨ। ਥਿਰਸਕ ਤੇ ਮਾਲਟਨ ਹਲਕਿਆਂ ਦੀ ਚੋਣ ਯੂ.ਕੇ.ਆਈ.ਪੀ. ਉਮੀਦਵਾਰ ਜੌਹਨ ਬੋਕਸ ਦੀ ਮੌਤ ਕਾਰਨ 27 ਮਈ ਤੱਕ ਅੱਗੇ ਪਾ ਦਿੱਤੀ ਗਈ ਹੈ। ਹੁਣ ਸਿਰਫ 25 ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ। ਜੇਕਰ ਇਹ ਸਾਰੀਆਂ ਸੀਟਾਂ ਵੀ ਕੰਜ਼ਰਵੇਟਿਵਾਂ ਨੂੰ ਮਿਲ ਜਾਣ ਤਾਂ ਵੀ ਉਹ ਲੋੜੀਂਦੇ ਬਹੁਮੱਤ 326 ਦਾ ਟੀਚਾ ਨਹੀਂ ਛੋਹ ਸਕਣਗੇ। ਕੈਮਰੌਨ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਬ੍ਰਾਊਨ ਤੇ ਉਨ੍ਹਾਂ ਦੀ ਲੇਬਰ ਪਾਰਟੀ ਰਾਜ ਕਰਨ ਦਾ ਹੱਕ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਸਾਡੇ ਦੇਸ਼ ਨੂੰ ਤਬਦੀਲੀ ਦੀ ਲੋੜ ਹੈ। ਇਸ ਤਬਦੀਲੀ ਲਈ ਨਵੀਂ ਲੀਡਰਸ਼ਿਪ ਦੀ ਲੋੜ ਹੈ। ਕੈਮਰੌਨ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਉਹ ਇਹ ਤੈਅ ਕਰਨ ਲਈ ਗੱਲਬਾਤ ’ਚ ਸ਼ਾਮਲ ਹੋਣਗੇ ਕਿ ਅਗਲੀ ਸਰਕਾਰ ਕੌਣ ਬਣਾਏਗਾ। ਉਨ੍ਹਾਂ ਕਿਹਾ ਸੀ ਕਿ ਕੌਮੀ ਹਿੱਤ ਹੀ ਉਨ੍ਹਾਂ ਲਈ ਦਿਸ਼ਾ-ਨਿਰਦੇਸ਼ਾਂ ਵਾਂਗ ਹੋਣਗੇ। ਦੂਜੇ ਪਾਸੇ ਬ੍ਰਾਊਨ ਨੇ ਕਿਹਾ ਸੀ ਕਿ ਇਹ ਯਕੀਨੀ ਬਣਾਉਣਾ ਉਨ੍ਹਾਂ ਦਾ ਫਰਜ਼ ਹੈ ਕਿ ਬਰਤਾਨੀਆ ਨੂੰ ਮਜ਼ਬੂਤ, ਸਥਿਰ ਤੇ ਸਿਧਾਂਤਾਂ ’ਤੇ ਆਧਾਰਤ ਸਰਕਾਰ ਮਿਲੇ। ਸੱਤਾ ਦੀ ਤਬਦੀਲੀ ਦੇ ਨਿਯਮਾਂ ਮੁਤਾਬਕ ਪ੍ਰਧਾਨ ਮੰਤਰੀ ਦੀ ਹੈਸੀਅਤ ’ਚ ਕੁਲੀਸ਼ਨ ਸਰਕਾਰ ਬਣਾਉਣ ਦਾ ਪਹਿਲਾ ਦਾਅਵਾ ਬ੍ਰਾਊਨ ਦਾ ਹੈ, ਪਰ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਹੇਠਲੇ ਸਦਨ ਦਾ ਭਰੋਸਾ ਨਹੀਂ ਜਿੱਤ ਸਕਦੇ, ਤਦ ਹੀ ਕੈਮਰੌਨ ਨੂੰ ਘੱਟ ਗਿਣਤੀ ਸਰਕਾਰ ਬਣਾਉਣ ਲਈ ਬੁਲਾਇਆ ਜਾਵੇਗਾ। ਭਾਰਤੀ ਮੂਲ ਦੇ ਪੰਜ ਜਣੇ ਜੇਤੂ : ਬਰਤਾਨੀਆ ਦੇ ਹੇਠਲੇ ਸਦਨ ਲਈ ਵਕਾਰੀ ਚੋਣਾਂ ’ਚ ਏਸ਼ੀਆਈ ਮੂਲ ਦੇ ਨਾਲ-ਨਾਲ ਭਾਰਤੀਆਂ ਨੇ ਵੀ ਆਪਣੀ ਹੋਂਦ ਦਰਜ ਕਰਾਈ ਹੈ। ਇਸ ਚੋਣ ’ਚ ਕਈ ਤਰ੍ਹਾਂ ਦੇ ਰਿਕਾਰਡ ਬਣੇ ਹਨ। ਐਤਕੀਂ ਭਾਰਤੀ ਮੂਲ ਦੇ ਪੰਜ ਉਮੀਦਵਾਰ ਜੇਤੂ ਰਹੇ ਹਨ। ਇਹ ਦੇ ਨਾਲ ਹੀ ਪਹਿਲੀ ਵਾਰ ਭਾਰਤੀ ਮੂਲ ਦੀਆਂ ਦੋ ਔਰਤਾਂ ਪ੍ਰੀਤੀ ਪਟੇਲ (ਕੰਜ਼ਰਵੇਟਿਵ) ਤੇ ਵਲੇਰੀ ਵਾਜ਼ (ਲੇਬਰ) ਚੋਣ ਜਿੱਤੀਆਂ ਹਨ। ਉਹ ਸਦਨ ’ਚ ਏਸ਼ੀਆ ਮੂਲ ਦੀਆਂ ਪਹਿਲੀਆਂ ਮਹਿਲਾ ਸੰਸਦ ਮੈਂਬਰ ਹੋਣਗੀਆਂ। ਜ਼ਿਕਰਯੋਗ ਹੈ ਕਿ ਵਲੇਰੀ ਵਾਜ਼, ਲੇਬਰ ਪਾਰਟੀ ਦੇ ਪੁਰਾਣੇ ਐਮ.ਪੀ. ਕੀਥ ਵਾਜ਼ ਦੀ ਭੈਣ ਹੈ, ਜਿਨ੍ਹਾਂ ਨੇ ਲੀਸੈਸਟਰ ਈਸਟ ਹਲਕੇ ਤੋਂ ਮੁੜ ਚੋਣ ਜਿੱਤੀ ਹੈ। ਭਾਰਤੀ ਮੂਲ ਦੇ ਭੈਣ-ਭਰਾ ਵੱਲੋਂ ਜਿੱਤ ਦਰਜ ਕਰਕੇ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ। ਭਾਰਤੀ ਮੂਲ ਦੇ ਹੋਰ ਜੇਤੂਆਂ ’ਚ ਵਰਿੰਦਰ ਸ਼ਰਮਾ ਤੇ ਮਾਰਸ਼ਾ ਸਿੰਘ ਹਨ। ਜ਼ਿਕਰਯੋਗ ਹੈ ਕਿ ਹਾਰਨ ਵਾਲਿਆਂ ’ਚ ਵੀ ਕਈ ਭਾਰਤੀ ਜਿਵੇਂ ਪਰਮਜੀਤ ਢਾਂਡਾ, ਮਨੀਸ਼ ਸੂਦ, ਸੁਨੀਲ ਬਾਸੂ ਤੇ ਹੋਰ ਕਈ ਆਗੂ ਸ਼ਾਮਲ ਹਨ। ਸ਼ਬਾਨਾ ਮਹਿਮੂਦ ਬ੍ਰਮਿੰਘਮ ਲੇਡੀਵੁੱਡ ਤੋਂ ਲੇਬਰ ਪਾਰਟੀ ਦੀ ਟਿਕਟ ’ਤੇ ਹੈ, ਯਾਸਮੀਨ ਕੁਰੈਸ਼ੀ (ਲੇਬਰ ਪਾਰਟੀ-ਬੋਲਟਨ ਸਾਊਥ ਈਸਟ ਹਲਕਾ) ਤੇ ਰੁਸ਼ਨਾਰਾ ਅਲੀ (ਲੇਬਰ ਪਾਰਟੀ ਬੈਥਨਲ ਗਰੀਨ ਹਲਕਾ) ਜੇਤੂ ਰਹਿ ਕੇ ਪਹਿਲੀਆਂ ਏਸ਼ੀਆ ਮੂਲ ਦੀਆਂ ਮਹਿਲਾ ਮੁਸਲਿਮ ਸੰਸਦ ਮੈਂਬਰ ਬਣ ਗਈਆਂ ਹਨ।

ਨਿੱਕ ਕਲੈਗ ਬਣਿਆ ਕਿੰਗ ਮੇਕਰ

ਲੰਡਨ, 7 ਮਈ ਟੀ.ਵੀ. ’ਤੇ ਬਹਿਸਾਂ ਦੌਰਾਨ ਜਾਦੂ ਚਲਾਉਣ ਵਾਲਾ ਨਿੱਕ ਕਲੈਗ ਭਾਵੇਂ ਵੋਟਾਂ ਹਾਸਲ ਕਰਨ ’ਚ ਕੋਈ ਕ੍ਰਿਸ਼ਮਾ ਨਹੀਂ ਕਰ ਸਕਿਆ ਪਰ ਇਸ ਵੇਲੇ ਉਹਦੀ ਹਸਤੀ ‘ਕਿੰਗ ਮੇਕਰ’ ਵਾਲੀ ਹੈ। ਦੋਵੇਂ ਧਿਰਾਂ ਉਹਨੂੰ ਭਰਮਾ ਰਹੀਆਂ ਹਨ। ਕੰਜ਼ਰਵੇਟਿਵਾਂ ਤੇ ਲੇਬਰ ਪਾਰਟੀ ਦੇ ਰਣਨੀਤੀਕਾਰ, ਸੰਭਾਵੀ ਗਠਜੋੜਾਂ ਬਾਬਤ ਜੋੜ-ਤੋੜ ’ਚ ਸਥਿਰਤਾ ਲਈ ਕਲੈਗ ਦੇ ਲਿਬਰਲ ਡੈਮੋਕਰੈਟਾਂ ਦੇ ਸਹਾਰੇ ਹੀ ਕੁਝ ਖੱਟ ਸਕਦੇ ਹਨ। ਛੋਹਲਾ ਤੇ ਨੌਜਵਾਨ- 43 ਸਾਲਾ ਕਲੈਗ ਸਾਬਕਾ ਪੱਤਰਕਾਰ ਹੈ ਜਿਸ ਨੂੰ ਟੈਲੀਵਿਜ਼ਨ ’ਤੇ ਬਹਿਸਾਂ ਤੋਂ ਪਹਿਲਾਂ ਕੇਵਲ ਲਿਬਰਲ ਡੈਮੋਕਰੈਟਸ ਪਾਰਟੀ ਦੇ ਇਕ ਜ਼ਹੀਨ ਆਗੂ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਸੀ ਜਿਸ ਨੇ ਹੇਠਲੇ ਸਦਨ ’ਚ ਪ੍ਰਧਾਨ ਮੰਤਰੀ ਦੇ ਪ੍ਰਸ਼ਨਕਾਲ ਸਮੇਂ ਕਈ ਵਾਰ ਤਿੱਖੀ ਦਖਲਅੰਦਾਜ਼ੀ ਕੀਤੀ ਸੀ। ਵੀਰਵਾਰ ਦੀ ਚੋਣ ਤੋਂ ਪਹਿਲਾਂ ਉਹਦੇ ਜਾਂ ਉਹਦੀ ਪਾਰਟੀ ਬਾਰੇ ਕੋਈ ਖਾਸ ਚਰਚਾ ਨਹੀਂ ਸੀ ਕਿਉਂਕਿ ਬਰਤਾਨਵੀ ਸਿਆਸਤ ’ਚ ਲੰਮੇ ਸਮੇਂ ਤੋਂ ਲੇਬਰ ਤੇ ਕੰਜ਼ਰਵੇਟਿਵਾਂ ਦੀ ਹੀ ਪੁੱਗਦੀ ਆਈ ਹੈ ਪਰ ਐਤਕੀਂ ਸੀਟਾਂ ਦੀ ਜਿਹੜੀ ਗਿਣਤੀ ਦੋਵੇਂ ਮੁੱਖ ਧਿਰਾਂ ਨੂੰ ਮਿਲੀ ਹੈ, ਉਸ ਵਿਚਾਲੇ ਕਲੈਗ ‘ਖਾਸ’ ਬਣ ਗਿਆ ਹੈ। ਉਹ ਤੇ ਉਹਦੀ ਪਾਰਟੀ ਹੁਣ ਅਗਲੀ ਸਰਕਾਰ ਦੀ ਹੋਣੀ ਤੈਅ ਕਰਨਗੇ। ਦੋਵੇਂ ਵੱਡੀਆਂ ਪਾਰਟੀਆਂ ਦੇ ਉਲਟ ਕਲੈਗ ਨੂੰ ਉਹਦੀ ਪਾਰਟੀ ਇਮਾਨਦਾਰੀ ਭਰੇ ਢੰਗ ਨਾਲ ਬਦਲ ਪੇਸ਼ ਕਰ ਰਹੇ ਹਨ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All