ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਿਵਲ ਹਸਪਤਾਲ ਦਾ ਮੈਡੀਕਲ ਸਟਾਫ਼।

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ਸੰਭਾਲ ’ਚ ਜੁਟ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਹਸਪਤਾਲ ਵਿੱਚ ਤਿਆਰ ਕੀਤੇ ਆਈਸੋਲੇਸ਼ਨ ਵਾਰਡ ਪੀੜਤਾਂ ਲਈ ਆਸ ਦੀ ਕਿਰਨ ਬਣ ਕੇ ਉਭਰੇ। ਮੈਡੀਕਲ ਸਟਾਫ਼ ’ਚ ਸ਼ਾਮਲ ਡਾਕਟਰਾਂ, ਫਾਰਮਾਸਿਸਟ, ਨਰਸਾਂ, ਸਫ਼ਾਈ ਸੇਵਕ, ਦਰਜਾ ਚਾਰ ਮੁਲਾਜ਼ਮ, ਐਬੂਲੈਂਸ ਚਾਲਕ ਆਦਿ ਦੇ ਰੂਪ ’ਚ ਕਰੋਨਾ ਖ਼ਿਲਾਫ਼ ਲੜਾਈ ਦੇ ਅਸਲ ਨਾਇਕਾਂ ਦਾ ਸੰਘਰਸ਼ ਜਾਰੀ ਹੈ। ਸਟਾਫ਼ ਦੀ 18 ਦਿਨਾਂ ਦੀ ਮੈਡੀਕਲ ਤਪੱਸਿਆ ਤੇ ਹਮਦਰਦੀ ਭਰਿਆ ਵਤੀਰਾ, ਪੀੜਤਾਂ ਲਈ ਰਾਹਤ ਦਾ ਸੁਨੇਹਾ ਲੈ ਕੇ ਆਇਆ ਹੈ। 18 ਪਾਜ਼ੇਟਿਵ ਮਰੀਜ਼ਾਂ ਵਿੱਚੋਂ 8 ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਦੋ ਹੋਰ ਦਾ ਨਤੀਜਾ ਪਹਿਲੀ ਵਾਰ ਨੈਗੇਟਿਵ ਆਇਆ ਹੈ। ਠੀਕ ਹੋਣ ਵਾਲਿਆਂ ਵਿੱਚ ਫ਼ਤਹਿ ਸਿੰਘ (35), ਮਨਜਿੰਦਰ ਸਿੰਘ(2), ਕਿਰਨਪ੍ਰੀਤ ਕੌਰ (12), ਹਰਪਾਲ ਸਿੰਘ (48), ਦਲਜਿੰਦਰ ਸਿੰਘ (60), ਗੁਰਬਚਨ ਸਿੰਘ (78), ਹਰਪ੍ਰੀਤ ਕੌਰ (18) ਤੇ ਗੁਰਲੀਨ ਕੌਰ (8) ਸ਼ਾਮਲ ਹਨ। ਇਕਾਂਤਵਾਸ ਦਾ ਅਰਸਾ ਪੂਰਾ ਹੋਣ ਮਗਰੋਂ ਇੰਦਰਜੀਤ ਸਿੰਘ (10) ਤੇ ਮਨਜਿੰਦਰ ਸਿੰਘ (6) ਦੀ ਪਹਿਲੀ ਵਾਰ ਰਿਪੋਰਟ ਨੈਗੇਟਿਵ ਆਈ ਹੈ। ਠੀਕ ਹੋਣ ਵਾਲਿਆਂ ’ਚ ਸ਼ਾਮਲ ਮ੍ਰਿਤਕ ਬਲਦੇਵ ਸਿੰਘ ਦੇ ਦੋ ਸਾਲ ਦੇ ਪੋਤੇ ਦਾ ਦੂਸਰਾ ਜਨਮ ਦਿਨ ਹਸਪਤਾਲ ਦੇ ਸਟਾਫ਼ ਵੱਲੋਂ ਮਨਾਇਆ ਗਿਆ। ਉਸ ਨੂੰ ਤੋਹਫ਼ੇ ਦੇ ਰੂਪ ’ਚ ਕੋਵਿਡ-19 ਤੋਂ ਮੁਕਤੀ ਮਿਲ ਗਈ। ਆਈਸੋਲੇਸ਼ਨ ਵਾਰਡ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦਾ ਬੁਲੰਦ ਹੌਸਲਾ ਦੱਸ ਰਿਹੈ ਕਿ ਉਨ੍ਹਾਂ ਲਾਗ ਦਾ ਸ਼ਿਕਾਰ ਹੋਣ ਦੀ ਗੱਲ ਕਦੇ ਮਨ ’ਚ ਨਹੀਂ ਰੱਖੀ। ਪਰਿਵਾਰ ਦੀਆਂ ਉਤਸ਼ਾਹੂ ਭਾਵਨਾਵਾਂ ਉਨ੍ਹਾਂ ਨੂੰ ਹਮੇਸ਼ਾ ਊਰਜਾ ਦਿੰਦੀਆਂ ਹਨ। ਮੈਡੀਕਲ ਟੀਮ ਦਾ ਹਿੱਸਾ ਡਾ. ਗੁਰਪਾਲ ਕਟਾਰੀਆ ਦੀ ਧੀ ਵਾਨੀਆ ਕਟਾਰੀਆ ਨੂੰ ਆਪਣੇ ਪਿਤਾ ਦੇ ਪੇਸ਼ੇ ’ਤੇ ਮਾਣ ਹੈ। ਵਾਨੀਆ ਦੱਸਦੀ ਹੈ ਕਿ ਇਮਤਿਹਾਨ ਖ਼ਤਮ ਹੋਣ ਮਗਰੋਂ ਪਾਪਾ ਨੇ ਟ੍ਰਿੱਪ ’ਤੇ ਜਾਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਮਾਨਵਤਾ ਦੀ ਸੇਵਾ ਦੇ ਆਪਣੇ ਫ਼ਰਜ਼ ਨੂੰ ਤਰਜੀਹ ਦਿੱਤੀ। ਐਪੀਡੋਮੋਲੋਜਿਸਟ ਡਾ. ਜਗਦੀਪ, ਡਾ. ਸ਼ਿਆਮ ਵੇਦਾ, ਡਾ. ਨਿਰਮਲ ਸਿੰਘ ਤੇ ਮਾਈਕ੍ਰੋਬਾਇਓਲੋਜਿਸਟ ਡਾ. ਰੁਪਿੰਦਰ ਦੀਆਂ ਸੇਵਾਵਾਂ ਜ਼ਿਲ੍ਹੇ ਦੇ ਇਤਿਹਾਸ ਦਾ ਮਾਣ ਬਣ ਕੇ ਦਰਜ ਹੋਈਆਂ ਹਨ। ਪਿੰਡਾਂ ’ਚ ਕਰੋਨਾ ਨੂੰ ਹਰਾਉਣ ਲਈ ਡਿਊਟੀ ’ਤੇ ਤਾਇਨਾਤ ਏਐਨਐਮਜ਼ ਹਰੇਕ ਘਰ ਨਾਲ ਰੋਜ਼ਾਨਾ ਸੰਪਰਕ ਕਰ ਕੇ ਉਨ੍ਹਾਂ ਦੀ ਖੈਰ-ਸੁੱਖ ਪੁੱਛਣ ਤੇ ਜਾਂਚਣ ਦਾ ਕਾਰਜ ਕਰਦੀਆਂ ਹਨ। ਸੀਲ ਕੀਤੇ ਗਏ ਪਿੰਡ ਪਠਲਾਵਾ, ਲਧਾਣਾ ਝਿੱਕਾ, ਲਧਾਣਾ ਉੱਚਾ, ਮਾਹਿਲ ਗਹਿਲਾਂ, ਪੱਦੀ ਮੱਟ ਵਾਲੀ, ਬਾਹਲਾ, ਗੋਬਿੰਦਪੁਰ, ਹੀਉਂ, ਗੁਜਰਪੁਰ ਖੁਰਦ, ਸੁੱਜੋਂ, ਨੌਰਾ, ਭੌਰਾ, ਪੱਲੀ ਝਿੱਕੀ, ਪੱਲੀ ਉੱਚੀ ਤੇ ਸੂਰਾਪੁਰ ਵਾਸੀਆਂ ਲਈ ਇਹ ਏਐੱਨਐੱਮਜ਼ ਧੀਆਂ ਬਣ ਕੇ ਬਹੁੜੀਆਂ ਹਨ। ਪੀਐਚਸੀ ਸੁੱਜੋਂ ਦੇ ਮੁਖੀ ਡਾ. ਰੂਬੀ ਚੌਧਰੀ ਨੇ ਦੱਸਿਆ ਕਰੋਨਾਵਾਇਰਸ ਦੀ ਦਹਿਸ਼ਤ ਤੋਂ ਰਹਿਤ ਹੋ ਕੇ ਸਾਰੇ ਕਰਮਚਾਰੀਆਂ ਨੇ ਆਪੋ-ਆਪਣੇ ਮੋਰਚੇ ਸੰਭਾਲੇ ਹੋਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਵੀ ਆਪਣੇ ਮੈਡੀਕਲ ਸਟਾਫ਼ ਦੀ ਪਿੱਠ ਥਾਪੜੀ ਹੈ।

ਲਗਾਤਾਰ ਮੁਹਾਜ਼ ’ਤੇ ਡਟੇ ਹੋਏ ਨੇ ਡਾਕਟਰ ਤੇ ਸਿਹਤ ਮੁਲਾਜ਼ਮ

ਸਰਬਜੀਤ ਸਿੰਘ ਭੰਗੂ ਪਟਿਆਲਾ, 7 ਅਪਰੈਲ ਡਾਕਟਰ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਕਰੋਨਾਵਾਇਰਸ ਖ਼ਿਲਾਫ਼ ਮੂਹਰਲੀ ਕਤਾਰ ’ਚ ਰਹਿ ਕੇ ਲੜਾਈ ਲੜ ਰਹੇ ਹਨ। ਇਹਤਿਆਤ ਵਜੋਂ ਕਈ ਤਾਂ ਪਰਿਵਾਰਾਂ ਨੂੰ ਵੀ ਨਹੀਂ ਮਿਲ ਰਹੇ ਜਾਂ ਘਰ ਜਾ ਕੇ ਵੀ ਵੱਖਰੇ ਰਹਿੰਦੇ ਹਨ। ਵਿਹੜੇ ’ਚ ਕੱਪੜੇ ਬਦਲ ਕੇ ਘਰ ਪ੍ਰਵੇਸ਼ ਹੁੰਦਾ ਹੈ। ਪਟਿਆਲਾ ’ਚ ਫੌਤ ਹੋਈ ਇੱਕ ਮਰੀਜ਼ ਨੂੰ ਅਟੈਂਡ ਕਰਨ ਵਾਲੇ ਪੰਜ ਮੁਲਾਜ਼ਮ ਆਈਸੋਲੇਟ ਵੀ ਕੀਤੇ ਹੋਏ ਹਨ। ਯੋਧੇ ਬਣ ਨਿੱਤਰੇ ਇਹ ਸਮੂਹ ਸਿਹਤ ਮੁਲਾਜ਼ਮ ਸੱਚਮੁੱਚ ਹੀ ‘ਗਾਰਡ ਆਫ਼ ਆਨਰ’ ਤੇ ਨਿੱਜੀ ਸੁਰੱਖਿਆ ਕਿੱਟਾਂ ਦੇ ਹੱਕਦਾਰ ਹਨ। ਇਥੇ ਗੌਰਮਿੰਟ ਮੈਡੀਕਲ ਕਾਲਜ ਵਿਚਲੀ ਲੈਬ ’ਚ ਕਈ ਜ਼ਿਲ੍ਹਿਆਂ ਦੇ ਸ਼ੱਕੀ ਮਰੀਜ਼ਾਂ ਦੇ ਗਿਆਰਾਂ ਸੌ ਟੈਸਟ ਕੀਤੇ ਜਾ ਚੁੱਕੇ ਹਨ। ਖ਼ੂਨ ਦੇ ਸੈਂਪਲ ਨੂੰ ਖਤਰਾ ਮੰਨਿਆ ਜਾਂਦਾ ਹੈ। ਰੱਤੀ ਭਰ ਅਣਗਹਿਲੀ ਘਾਤਕ ਸਿੱਧ ਹੋ ਸਕਦੀ ਹੈ, ਪਰ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਕੌਰ ਬਖ਼ਸ਼ੀ ਦੀ ਟੀਮ ਪੂਰੀ ਸ਼ਿੱਦਤ ਨਾਲ ਟੈਸਟਾਂ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਟੀਮ ’ਚ ਡਾ. ਰੁਬੀਨਾ, ਡਾ. ਸਤਿੰਦਰ ਕੌਰ, ਡਾ. ਰੇਨੂੰ ਬਾਂਸਲ, ਡਾ.ਕੁਲਦੀਪ ਸਿੰਘ, ਜਸਪਿੰਦਰ ਜੋਸ਼ਨ, ਗੁਰਪ੍ਰੀਤ ਸਿੰਘ ਸਮੇਤ ਹਰਭਜਨ ਸਿੰਘ ਆਦਿ ਸ਼ਾਮਲ ਹਨ। ਮਰੀਜ਼ਾਂ ਲਈ ਰਾਜਿੰਦਰਾ ਹਸਪਤਾਲ ’ਚ ਛੇ ਸੌ ਬੈੱਡਾਂ ਦਾ ਪ੍ਰਬੰਧ ਹੈ। ਪਟਿਆਲਾ ਦੇ ਪਾਜ਼ੇਟਿਵ ਮਰੀਜ਼ ਸਮੇਤ ਕਈ ਹੋਰ ਸ਼ੱਕੀ ਮਰੀਜ਼ ਵੀ ਇਥੇ ਹਨ। ਕਈ ਸੀਨੀਅਰ ਡਾਕਟਰਾਂ ਅਤੇ 80 ਜੂਨੀਅਰ ਰੈਜ਼ੀਡੈਂਟ ਡਾਕਟਰਾਂ ਸਮੇਤ ਡੇਢ ਸੌ ਦੇ ਕਰੀਬ ਨਰਸਿਜ਼, ਪੈਰਾ ਮੈਡੀਕਲ ਸਟਾਫ਼ ਤੇ ਲੈਬ ਤਕਨੀਸ਼ਨ ਸਮੇਤ ਸਫਾਈ ਸੇਵਕਾਂ ਦੀਆਂ ਡਿਊਟੀਆਂ ਹਨ। ਕਰੋੋਨਾ ਵਾਰਡ ’ਚ ਤਾਇਨਾਤ ਵਿਵੇਕਜੋਤ ਦਾ ਕਹਿਣਾ ਸੀ ਕਿ ਉਸ ਸਮੇਤ ਕਈ ਸਾਥੀ ਮੁਲਾਜ਼ਮ, ਪਰਿਵਾਰਾਂ ਨਾਲ਼ ਕਈ ਦਿਨਾਂ ਤੋਂ ਨਹੀਂ ਮਿਲੇ। ਨਰਸਿੰਗ ਸਟਾਫ਼ ਦੀ ਪ੍ਰਧਾਨ ਕਰਮਜੀਤ ਔਲਖ ਤੇ ਭੁਪਿੰਦਰਪਾਲ ਕੌਰ ਨੇ ਕਿਹਾ ਕਿ ਕਰੋਨਾ ਵਾਰਡ ਵਾਲੇ ਸਟਾਫ਼ ਦੇ ਕਈ ਮੈਂਬਰਾਂ ਜਾਂ ਤਾਂ ਘਰ ਨਹੀਂ ਜਾ ਰਹੇ ਜਾਂ ਘਰ ਜਾ ਕੇ ਵੱਖਰੇ ਰਹਿੰਦੇ ਹਨ, ਤਾਂ ਜੋ ਪਰਿਵਾਰ ਵੀ ਖ਼ਤਰੇ ’ਚ ਨਾ ਪੈ ਜਾਣ। ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ 12 ਘੰਟੇ ਡਿਊਟੀ ਦੇ ਕੇ ਘਰ ਪਰਤਣ ਮਗਰੋਂ ਉਹ ਪੂਰੀ ਇਹਤਿਆਤ ਵਰਤਦੇ ਹਨ। ਡਾ. ਯੁਵਰਾਜ ਨਾਰੰਗ ਨੇ ਪਤਨੀ ਤੇ ਬੱਚਾ ਸਹੁਰੇ ਘਰ ਭੇਜ ਦਿੱਤੇ ਤੇ ਖੁਦ ਇਕੱਲਿਆਂ ਰਹਿ ਰਹੇ ਹਨ। ਕੋਰੋਨਾਵਾਰਡ ’ਚ ਤਾਇਨਾਤ ਜੂਨੀਅਰ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸਨ ਦੇ ਪ੍ਰਧਾਨ ਡਾ.ਨਿਤਿਨ ਛਾਬੜਾ ਦਾ ਕਹਿਣਾ ਸੀ ਕਿ ਉਹ ਕਈ ਸਾਥੀ ਕਈ ਦਿਨਾਂ ਤੋਂ ਪਰਿਵਾਰਾਂ ਨੂੰ ਨਹੀਂ ਮਿਲੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All