ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ

ਅਮਰੀਕ ਭੀਖੀ

ਅੱਜ-ਕੱਲ੍ਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਬੱਚੇ ਅੰਗਰੇਜ਼ੀ ਤਾਂ ਤੋਤੇ ਵਾਂਗ ਬੋਲਣ ਲੱਗੇ ਹਨ, ਪਰ ਮਾਤ ਭਾਸ਼ਾ ਪੰਜਾਬੀ ਪੜ੍ਹਨ ਅਤੇ ਲਿਖਣ ਵਿਚ ਪਛੜ ਗਏ ਹਨ। ਸਿੱਟਾ ਇਹ ਨਿਕਲਿਆ ਕਿ ਪਿਛਲੇ ਸਾਲਾਂ ਵਿਚ ਪੂਰੇ ਪੰਜਾਬ ਵਿਚ ਬੱਚਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਵਿਚ ਮਾੜਾ ਆਇਆ। ਮਾਲਵੇ ਵਿਚ ਤਾਂ ਭਾਵੇਂ ਕੁਝ ਠੀਕ ਰਿਹਾ, ਪਰ ਮਾਝੇ ਤੇ ਦੋਆਬੇ ਵਿਚ ਵੱਡੀ ਗਿਣਤੀ ਵਿਚ ਬੱਚੇ ਪੰਜਾਬੀ ਵਿਚੋਂ ਫੇਲ੍ਹ ਹੋ ਗਏ। ਮਾਨਸਾ ਸ਼ਹਿਰ ਵਿਚ ਵਸਦੇ ਹਰਦੇਵ ਸਿੰਘ ਤੇ ਰਣਜੀਤ ਕੌਰ ਦੇ ਪੁੱਤ ਤੇਜਿੰਦਰ ਸਿੰਘ ਖ਼ਾਲਸਾ ਨੂੰ ਇਸ ਦਾ ਬਹੁਤ ਦੁੱਖ ਹੋਇਆ। ਤਿੰਨ ਐਮਏ ਪਾਸ ਤੇ ਬੀ.ਐੱਡ. ਕਰਨ ਵਾਲਾ ਇਹ ਨੌਜਵਾਨ ਦੋ ਵਾਰ ਟੈੱਟ ਵੀ ਪਾਸ ਹੈ। ਚੌਂਤੀ ਸਾਲਾ ਤੇਜਿੰਦਰ ਨੇ ਪਤਨੀ ਜਸਬੀਰ ਕੌਰ ਦੇ ਸਹਿਯੋਗ ਨਾਲ ਬੱਚਿਆਂ ਨੂੰ ਮੁਫ਼ਤ ਵਿਚ ਮਾਤ ਭਾਸ਼ਾ ਸਿਖਾਉਣ ਦਾ ਬੀੜਾ ਚੁੱਕਿਆ। ਉਸ ਨੇ ਮੁਹਾਰਨੀ ਦੇ ਪਰਚੇ ਖ਼ੁਦ ਛਪਵਾਏ ਤੇ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ 22 ਦਿਨ ਪੂਰੇ ਪੰਜਾਬ ਦੀ ਸਾਈਕਲ ਯਾਤਰਾ ਕਰਨ ਦਾ ਨਿਸਚਾ ਕੀਤਾ। ਇਹ ਯਾਤਰਾ ਉਸ ਨੇ 12 ਅਕਤੂਬਰ ਤੋਂ ਆਪਣੇ ਸ਼ਹਿਰ ਮਾਨਸਾ ਤੋਂ ਸ਼ੁਰੂ ਕੀਤੀ ਹੈ ਤੇ ਸਾਰੇ ਪੰਜਾਬ ਦਾ ਚੱਕਰ ਲਾਉਣ ਤੋਂ ਬਾਅਦ ਪਹਿਲੀ ਨਵੰਬਰ ਨੂੰ ਪਟਿਆਲਾ ਵਿਚ ਖਤਮ ਹੋਵੇਗੀ। ਇਸ ਯਾਤਰਾ ਦੌਰਾਨ ਉਸ ਨੇ ਪੰਜਾਬ ਦੇ ਲਗਭਗ ਅੱਸੀ ਸ਼ਹਿਰਾਂ ਤੇ ਦੋ ਹਜ਼ਾਰ ਪਿੰਡਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਹੈ। ਯਾਤਰਾ ਦੌਰਾਨ ਕਈ ਬਜ਼ੁਰਗ ਉਸ ਦੇ ਹੱਥ ਵਿਚ ਮੁਹਾਰਨੀ ਦੇਖ ਭਾਵੁਕ ਹੋ ਜਾਂਦੇ ਹਨ। ਉਹ ਭਰੀਆਂ ਅੱਖਾਂ ਨਾਲ ਆਖਦੇ ਹਨ , ‘‘ਸ਼ੇਰਾ ! ਪੁਰਾਣੇ ਦਿਨ ਯਾਦ ਕਰਾਤੇ।’’ ਉਹ ਸਕੂਲਾਂ ਅਤੇ ਸੱਥਾਂ ਵਿਚ ਜਾ ਕੇ ਅੱਧੇ ਘੰਟੇ ਦੀ ਜਮਾਤ ਦੌਰਾਨ ਬੱਚਿਆਂ ਨੂੰ ਮੁਹਾਰਨੀ ਉਚਾਰਨ, ਅੱਖਰਾਂ ਦੀ ਸਹੀ ਬਣਤਰ, ਅੱਖਰ ਤਰਤੀਬ ਤੇ ਧੁਨੀ ਅੰਤਰ ਬਾਰੇ ਰੌਚਕ ਤਰੀਕੇ ਨਾਲ ਜਾਣਕਾਰੀ ਦਿੰਦਾ ਹੈ। ਉਸ ਦਾ ਦਾਅਵਾ ਹੈ ਕਿ ਜੋ ਬੱਚਾ ਇੱਕ ਵਾਰ ਜਮਾਤ ਧਿਆਨ ਨਾਲ ਲਾ ਲਵੇ, ਉਸ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਉਸ ਨੂੰ ਪ੍ਰਾਈਵੇਟ ਸਕੂਲਾਂ ਨਾਲ ਗਿਲਾ ਹੈ ਕਿ ਕਈ ਵਾਰ ਉਸ ਨੂੰ ਸਕੂਲਾਂ ਵਿਚ ਪੂਰਾ ਸਹਿਯੋਗ ਨਹੀਂ ਮਿਲਦਾ। ਉਸ ਨੂੰ ਇਹ ਗੱਲ ਵੀ ਬਹੁਤ ਮਾੜੀ ਲੱਗਦੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੀ ਖਿਚੜੀ ਬਣਾ ਕੇ ਬੋਲਦੇ ਹਨ। ਉਸ ਨੂੰ ਕਈ ਰਾਜਨੀਤਿਕ ਲੋਕਾਂ, ਸਾਹਿਤਕਾਰਾਂ ਤੇ ਕਲਾਕਾਰਾਂ ਦੇ ਸਹਿਯੋਗ ਲਈ ਫੋਨ ਆਉਂਦੇ ਰਹਿੰਦੇ ਹਨ, ਉਹ ਬੇਰੁਜ਼ਗਾਰ ਹੋਣ ਦੇ ਬਾਵਜੂਦ ਸਾਰਿਆਂ ਨੂੰ ਇੱਕੋ ਗੱਲ ਦੀ ਅਪੀਲ ਕਰਦਾ ਹੈ ਕਿ ਉਸ ਨੂੰ ਮੁਹਾਰਨੀ ਦੇ ਪਰਚਿਆਂ ਦੀ ਜ਼ਰੂਰਤ ਹੈ, ਹੋ ਸਕੇ ਤਾਂ ਉਹ ਛਪਵਾ ਕੇ ਦੇ ਦਿਓ। ਕਈ ਸ਼ਹਿਰਾਂ ਦੇ ਸਾਈਕਲ ਗਰੁੱਪ ਉਸ ਨੂੰ ਦੂਜੇ ਜ਼ਿਲ੍ਹੇ ਤੱਕ ਛੱਡ ਕੇ ਵੀ ਆਉਂਦੇ ਹਨ। ਅਪਰੈਲ ਮਹੀਨੇ ਉਹ ਜੰਮੂ ਕਸ਼ਮੀਰ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਸੂਬਿਆਂ ਦੇ ਗੁਰਦੁਆਰਿਆਂ ਵਿਚ ਭਾਸ਼ਾ ਦੀ ਜਾਣਕਾਰੀ ਦੇਣ ਜਾਂਦਾ ਹੈ। ਭਵਿੱਖ ਵਿਚ ਉਸ ਦੀ ਯੋਜਨਾ ਹਰਿਆਣਾ ਤੇ ਦਿੱਲੀ ਵਿਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਹੈ।

ਸੰਪਰਕ: 94786-33855

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All