ਪ੍ਰਤੀਕਰਮ: ਵਿਗਿਆਨਕ ਨਿਯਮ ਅਤੇ ਸਿਹਤ-ਸਿਧਾਂਤ

ਡਾ. ਪਿਆਰਾ ਲਾਲ ਗਰਗ

'ਪੰਜਾਬੀ ਟ੍ਰਿਬਿਊਨ’ ਵੱਲੋਂ ‘ਮਨੁੱਖੀ ਸਰੀਰ ਦਾ ਨਵੀਨੀਕਰਨ — ਆਧੁਨਿਕ ਚਕਿਤਸਾ ਵਿਗਿਆਨ ਅਤੇ ਨੇਚਰੋਪੈਥੀ’ ਨਾਮੀ ਇੱਕ ਲਿਖਤ ਟਿੱਪਣੀ ਵਾਸਤੇ ਭੇਜੀ ਗਈ ਹੈ। ਇਸ ਨੂੰ ਪੜ੍ਹ ਕੇ ਆਧੁਨਿਕ ਵਿਗਿਆਨ ਦੇ ਮਾਪਦੰਡਾਂ ਤੇ ਨਿਯਮਾਂ ਅਨੁਸਾਰ ਟਿੱਪਣੀ ਕਰਨ ਤੋਂ ਪਹਿਲਾਂ ਇੱਕ ਵਿਗਿਆਨਕ ਨਿਯਮ ਅਤੇ ਸਿਧਾਂਤ ਉਪਰ ਅਤੇ ਲਿਖਤ ਵਿਚ ਵਿਗਿਆਨਕ ਸ਼ਬਦਾਵਲੀ ਦੀ ਪੁੱਠ ਝਾੜ ਕੇ ਵਿਗਿਆਨਕ ਸਿੱਟੇ ਵਜੋਂ ਪੇਸ਼ ਕੀਤੇ ਗਏ ਕੁਝ ਦਾਅਵਿਆਂ ’ਤੇ ਨਜ਼ਰ ਮਾਰਨ ਦੀ ਲੋੜ ਹੈ। ਪਹਿਲਾਂ ਅਜਿਹੇ ਸੰਕਲਪਾਂ ’ਤੇ ਹੱਡ ਬੀਤੀਆਂ ਉਦਹਾਰਨਾਂ - ਤੇਈ ਸਾਲ ਦਾ ਨੌਜੁਆਨ ਟੁੱਟਦੀ ਨਬਜ਼ ਤੇ ਬੇਹੱਦ ਡਿੱਗਦੇ ਖੂਨ ਦੇ ਦਬਾਅ ਨਾਲ ਹਸਪਤਾਲ ਦਾਖਲ ਹੁੰਦਾ ਹੈ, ਮੈਂ ਇਨਟਰਨੀ ਨੂੰ ਕਹਿੰਦਾ ਹਾਂ ‘ਸਾਰੀ ਰਾਤ ਜਾਗ ਕੇ ਕੱਟੀਂ ਤੇ ਇਸ ਦੀ ਮਨੀਟਰਿੰਗ ਕਰਦਾ ਰਹੀਂ, ਜੇ ਬਚ ਗਿਆ ਤਾਂ ਤੈਨੂੰ ਇਨਾਮ ਤੇ ਦੋ ਛੁੱਟੀਆਂ, ਇਸ ਦੇ ਇਸ ਹਾਲਤ ਵਿਚ ਜਾਣ ਦਾ ਕਾਰਨ ਵੀ ਜਾਣ ਲਈਂ!’ ਮਰੀਜ਼ ਬਚ ਜਾਂਦਾ ਹੈ, ਇਨਟਰਨੀ ਕਾਰਨ ਦੱਸਦਾ ਹੈ ਜੀ ਟੱਟੀਆਂ ਲੱਗੀਆਂ ਸਨ, ਇਲਾਜ ਕਰਨ ਵਾਲੇ ਨੇ ਖਾਣਾ ਪੀਣਾ ਬੰਦ ਕਰ ਦਿੱਤਾ ਸੀ।

ਡਾ. ਪਿਆਰਾ ਲਾਲ ਗਰਗ

ਇੱਕ 30 ਸਾਲ ਦੀ ਔਰਤ ਪਿੱਤੇ ਵਿਚ ਪੀਕ ਸੀ, ਹਾਲਤ ਮਾੜੀ, ਪੀਜੀਆਈ ਭੇਜੀ ਬਚ ਗਈ, ਪੁੱਛਣ ’ਤੇ ਪਤਾ ਚੱਲਿਆ ਕਿ ਸ਼ਿਮਲੇ ਗਏ ਸੀ, ਬੁਖਾਰ ਹੋ ਗਿਆ ਸੀ, ਕੈਮਿਸਟ ਤੋਂ ਦਵਾਈ ਲਈ ਬੁਖਾਰ ਕੁਝ ਘਟਿਆ, ਫਿਰ ਜਿਸ ਡਾਕਟਰ ਨੂੰ ਵਿਖਾਇਆ ਉਸ ਨੇ ਅੰਗਰੇਜ਼ੀ ਦਵਾਈਆਂ ਤੇ ਖਾਣਾ ਪੀਣਾ ਬੰਦ ਕਰ ਦਿੱਤਾ। ਦੂਜਾ ਸਰੀਰ ਦੀ ਸੁਰੱਖਿਆ ਦਾ ਵਿਗਿਆਨ! ਵਿਗਿਆਨਕ ਨਿਯਮ ਹੈ ਕਿ ਮਨੁਖੀ ਸਰੀਰ ਨੂੰ ਜਦ ਕੋਈ ਚੁਣੌਤੀ ਸਮਾਜਕ, ਆਰਥਿਕ, ਜੈਵਿਕ, ਮਾਨਸਿਕ ਜਾਂ ਸਰੀਰਕ ਤੌਰ ’ਤੇ ਮਿਲਦੀ ਹੈ ਤਾਂ ਇਸ ਦਾ ਸੁਰੱਖਿਆ ਤੰਤਰ ਅਤੇ ਗਤੀਵਿਧੀਆਂ ਤੇਜ਼ ਹੋ ਜਾਂਦੀਆਂ ਹਨ। ‘ਫਾਈਟ ਅਤੇ ਫਲਾਈਟ’ ਵਰਤਾਰਾ ਯਾਨੀ ਚੁਣੌਤੀ ਦੌਰਾਨ ਕਾਰਜ ਜਿਵੇਂ ਮੂੰਹ ਲਾਲ ਹੋ ਜਾਣਾ, ਸਾਹ ਫੁੱਲਣਾ, ਨਬਜ਼ ਤੇਜ ਹੋਣਾ, ਸੋਚ ਦਾ ਖੁੰਢਾ ਹੋ ਜਾਣਾ, ਗੁੱਸਾ ਆਉਣਾ ਆਦਿ ਇਸੇ ਵਰਤਾਰੇ ਦੇ ਚਿੰਨ੍ਹ ਹੁੰਦੇ ਹਨ ਤੇ ਇਨ੍ਹਾਂ ਚਿੰਨ੍ਹਾਂ ਦਾ ਕਾਰਨ ਹੁੰਦਾ ਹੈ ਚੁਣੌਤੀ ਕਾਰਨ ਸਰੀਰ ਵਿਚ ਪੈਦਾ ਹੋਏ ਕਈ ਰਸ ਤੇ ਉਨ੍ਹਾਂ ਦੇ ਪ੍ਰਭਾਵ। ਤਪਦਿਕ, ਟੈਟਨਸ, ਪੋਲੀਓ, ਗਲ-ਘੋਟੂ, ਪੀਲੀਆ, ਟਾਈਫਾਈਡ, ਹੈਜ਼ਾ ਆਦਿ ਦੇ ਟੀਕੇ ਇਸੇ ਨਿਯਮ ਅਤੇ ਸਿਧਾਂਤ ‘ਤੇ ਕੰਮ ਕਰਦੇ ਹਨ। ਪਰ ਜੇ ਇਹ ਚੁਣੌਤੀਆਂ ਲਗਾਤਾਰ ਬਣੀਆਂ ਰਹਿਣ ਤਾਂ ਸੁਰੱਖਿਆ ਪ੍ਰਣਾਲੀ ਹਾਰ ਜਾਂਦੀ ਹੈ ਤੇ ਬਿਮਾਰੀਆਂ ਹੱਲਾ ਬੋਲ ਦਿੰਦੀਆਂ ਹਨ। ਵਿਅਪਕ ਭੁੱਖਮਰੀ, ਕੁਪੋਸ਼ਣ, ਭੋਜਨ ਦੀ ਕਮੀ ਭਾਵ ਦਾਇਮੀ ਜਾਂ ਕਰੌਨਿਕ ਭੁੱਖਮਰੀ, ਇਨ੍ਹਾਂ ਬਿਮਾਰੀਆਂ ਦੇ ਵਧਦੇ ਹਮਲਿਆਂ ਦਾ ਤੇ ਇਨ੍ਹਾਂ ਦੀ ਵਧਦੇ ਭਿਆਨਕ ਰੂਪ ਦਾ ਇੱਕ ਕਾਰਨ ਹੈ। ਨੋਬੇਲ ਪੁਰਸਕਾਰ ਜੇਤੂ ਯੋਸਿਨੂਰੀ ਓਸੋਮੀ ਨੇ ਖਮੀਰ ਉਪਰ ਪ੍ਰਯੋਗਾਤਮਕ ਅਧਿਐਨ ਕਰਦੇ ਹੋਏ ਇਹ ਵੀ ਪਾਇਆ ਹੈ ਕਿ ਭੁੱਖ ਵੀ ਇੱਕ ਚੁਣੌਤੀ ਹੈ। ਆਟੋਫੇਗੀ (ਜਾਂ ਆਟੋਫੈਜੀ) ਭੁੱਖਮਰੀ ਜਾਂ ਸਟਾਰਵੇਸ਼ਨ ਵੱਲ ਕੇਵਲ ਇੱਕ ਪ੍ਰਤੀਕਿਰਿਆ ਨਹੀਂ। ਇਸ ਰਾਹੀਂ ਤਾਂ ਸਰੀਰ ਕਿਰਿਆ ਦੇ ਕਈ ਕਾਰਜ ਹੁੰਦੇ ਹਨ ਪਰ ਸਾਨੂੰ ਅਜੇ ਵੀ ਆਟੋਫੇਗੀ ਦੀ ਕਿਰਿਆ ਵਿਧੀ ਦਾ ਗਿਆਨ ਨਹੀਂ ਜਿਸ ਕਰਕੇ ਅਜੇ ਹੋਰ ਬਹੁਤ ਗੰਭੀਰ ਖੋਜ ਦੀ ਲੋੜ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨੂੰ ਗਲੋਂ ਪਕੜਨਾ ਹੀ ਉਨ੍ਹਾਂ ਦਾ ਜੀਵਨ ਮਨੋਰਥ ਹੈ। ਇਸ ਤਾਜ਼ਾ ਖੋਜ ਨਾਲ ਇੱਕ ਤੱਥ ਡਾਕਟਰੀ ਵਿਗਿਆਨ ਜਗਤ ਨੂੰ ਸਮਝ ਆਉਣ ਵਿਚ ਅਤੇ ਸ਼ੰਕਾ ਨਵਿਰਤੀ ਵਿਚ ਸਹਾਇਤਾ ਮਿਲੇਗੀ ਕਿ ਜਿਨ੍ਹਾਂ ਬੀਮਾਰੀਆਂ ਨੂੰ ਉਹ ਆਧੁਨਿਕ ਜੀਵਨਸ਼ੈਲੀ ਦੀਆਂ ਆਮ ਤੌਰ ’ਤੇ ਸਰਦੇ ਪੁਜਦੇ ਲੋਕਾਂ ਦੀਆਂ ਸਮਝਦੇ ਸਨ, ਉਹ ਕਰੌਨਿਕ ਭੁੱਖਮਰੀ ਦੇ ਸੰਤਾਪੇ ਗਰੀਬ ਲੋਕਾਂ ਵਿਚ ਵੀ ਐਨੇ ਵਿਸ਼ਾਲ ਪੱਧਰ ’ਤੇ ਕਿਉਂ ਉਭਰਨੀਆਂ ਸ਼ੁਰੂ ਹੋ ਗਈਆਂ! ਸਪਸ਼ਟ ਹੈ ਕਿ ਹੋਰ ਸਰੀਰਕ, ਮਾਨਸਿਕ, ਸਮਾਜਿਕ ਤੇ ਆਰਥਿਕ ਚੁਣੌਤੀਆਂ ਦੇ ਨਾਲ ਨਾਲ ਦਾਇਮੀ ਭੁੱਖਮਰੀ ਨੇ ਵੀ ਉਨ੍ਹਾਂ ਦੀ ਰੋਗਰੋਕੂ ਸ਼ਕਤੀ ਖੀਣ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਇਸ ਲਿਖਤ ਵਿਚ ਕੀਤੇ ਦਾਅਵਿਆਂ ’ਤੇ ਨਜ਼ਰ ਮਾਰਦੇ ਹਾਂ। ਮਨੁਖੀ ਸਰੀਰ ਵਿਚ ਕਰੀਬ 70 ਫ਼ੀਸਦੀ ਪਾਣੀ ਹੋਣ ਦੇ ਵਿਗਿਆਨਕ ਤੱਥ ਤੋਂ ਸਿੱਟਾ ਕੱਢ ਲਿਆ ਗਿਆ ਕਿ ਚੰਦਰਮਾ ਦੀ ਗੁਰੂਤਾ ਖਿੱਚ ਕਾਰਨ ਸਮੁੰਦਰ ਵਿਚ ਆਉਂਦੇ ਜਵਾਰ-ਭਾਟੇ ਦੀ ਤਰਜ਼ ‘ਤੇ ਮਨੁੱਖੀ ਸਰੀਰ ਵਿਚ ਵੀ ਕਰੀਬ ਅਜਿਹਾ ਕੁਝ ਹੀ ਹੁੰਦਾ ਹੈ। ਅੱਗੇ ਦਾਅਵਾ ਕਰ ਦਿੱਤਾ ਕਿ ਇਕਾਦਸ਼ੀ ਵਾਲੇ ਦਿਨ ਇਹ ਪ੍ਰਭਾਵ ਬਹੁਤ ਘੱਟ ਹੁੰਦਾ ਹੈ, ਜਿਸ ਕਰਕੇ ਇਕਾਦਸ਼ੀ ਦਾ ਵਰਤ ਸਰੀਰ ਦੀ ਅੰਦਰੂਨੀ ਸਫਾਈ ਲਈ ਬਹੁਤ ਮਹੱਤਵਪੂਰਨ ਹੈ। ਇਸ ਕਥਨ ਜਾਂ ਦਾਅਵੇ ਨੂੰ ਜਦ ਅਸੀਂ ਵਿਗਿਆਨ ਦੀ ਕਸੌਟੀ ’ਤੇ ਪਰਖਦੇ ਹਾਂ ਤਾਂ ਸਪਸ਼ਟ ਹੈ ਕਿ ਸਮੁੰਦਰ ਵਿਚ ਜਵਾਰ-ਭਾਟੇ ਆਉਣ ਦਾ ਕਾਰਨ ਹੈ ਗੁਰੂਤਾ-ਬਲ (ਜੇ.ਐਲ. ਸੁਮਿਚ 1996)। ਨਿਊਟਨ ਦੇ ਸਿਧਾਂਤ ਅਨੁਸਾਰ, ਗੁਰੂਤਾ-ਬਲ ਦੀ ਮਾਤਰਾ ਦੋ ਵਸਤੂਆਂ ਜਿਵੇਂ ਧਰਤੀ ਤੇ ਚੰਦ੍ਰਮਾ ਦੀ ਆਪਸੀ ਦੂਰੀ ਅਤੇ ਉਨ੍ਹਾਂ ਦੇ ਪੁੰਜ ਦੇ ਅਨੁਪਾਤ ਅਨੁਸਾਰ ਹੁੰਦੀ ਹੈ। ਪੁੰਜ ਵਧਣ ਨਾਲ ਤੇ ਦੂਰੀ ਘਟਣ ਨਾਲ ਇਹ ਬਲ ਵਧ ਜਾਂਦਾ ਹੈ। ਜਵਾਰ-ਭਾਟੇ ਦਾ ਲੇਖਾ ਜੋਖਾ ਪੀਰੀ ਸਿਮਸਨ ਲਾਪਲੇਸ ਦੇ ਸਿਧਾਂਤ ਅਨੁਸਾਰ ਪਾਣੀ ਦੇ ਸਤਹੀ ਵਹਾਅ ਅਤੇ ਉਸ ਦੀ ਉਚਾਈ ਤੋਂ ਲਗਾਇਆ ਜਾਂਦਾ ਹੈ। ਲਾਪਲੇਸ ਦੇ ਸਿਧਾਂਤ ਦਾ ‘ਲਾਪਲੇਸ ਜਵਾਰ-ਭਾਟਾ ਸਮੀਕਰਨ’ ਅੱਜ ਤੱਕ ਲਾਗੂ ਹੋ ਰਿਹਾ ਹੈ। ਸਾਨੂੰ ਪਤਾ ਹੈ ਕਿ ਸਮੁੰਦਰ ਵਿਚ ਪਾਣੀ ਇਕੱਠਾ ਪਿਆ ਹੈ ਪਰ ਮਨੁਖੀ ਸਰੀਰ ਵਿਚਲਾ ਪਾਣੀ ਸਮੁੰਦਰ ਤਾਂ ਕੀ, ਕਿਸੇ ਝੀਲ, ਤਲਾਬ ਜਾਂ ਛੱਪੜ ਵਾਂਗ ਵੀ ਇਕੱਠਾ ਨਹੀਂ ਪਿਆ। ਅਮਰੀਕਾ ਵਿਚ ਮਿਸ਼ੀਗਨ ਝੀਲ ਦੀ ਲੰਬਾਈ-ਚੌੜਾਈ 494 ਤੇ 190 ਕਿਲੋਮੀਟਰ, ਡੂੰਘਾਈ 281 ਮੀਟਰ ਹੈ। ਪੰਜਾਬ ਦੀ ਪੂਰੀ ਧਰਤੀ ਨਾਲੋਂ ਵੱਧ ਥਾਂ ’ਤੇ ਫੈਲੀ ਇਸ ਝੀਲ ਵਿਚ ਵੀ ਜਵਾਰ-ਭਾਟਾ ਨਾਂਮਾਤਰ ਹੀ ਹੁੰਦਾ ਹੈ। ਪਾਣੀ ਦੀ ਮਾਤਰਾ, ਪੁੰਜ, ਆਪਸੀ ਫਾਸਲਾ ਆਦਿ ਵਿਗਿਆਨਕ ਸਿਧਾਂਤ ਹੀ ਵਿਆਖਿਆ ਕਰਦੇ ਹਨ ਕਿ ਸਮੁੰਦਰ ਵਰਗੇ ਜਵਾਰ-ਭਾਟੇ ਝੀਲਾਂ, ਤਲਾਬਾਂ ਵਿਚ ਕਿਉਂ ਨਹੀਂ ਆਉਂਦੇ। ਜਦ ਇਹ ਵੱਡੀਆਂ ਵੱਡੀਆਂ ਝੀਲਾਂ ਵਿਚ ਵੀ ਨਹੀਂ ਆ ਰਹੇ ਤਾਂ ਮਨੁੱਖੀ ਸਰੀਰ ਵਿਚ ਕਿਵੇਂ ਆਉਣਗੇ? ਵਿਗਿਆਨ ਦੇ ਵਿਦਿਆਰਥੀਆਂ ਨੂੰ ਸਪਸ਼ਟ ਹੈ ਕਿ ਇਸ ਲੇਖ ਵਿਚਲੇ, ਮਨੁੱਖੀ ਸਰੀਰ ਦੀ ਰਸਾਇਣਕ ਬਣਤਰ ਬਾਬਤ ਅਤੇ ਸਰੀਰ ਕਿਰਿਆ ਵਿਗਿਆਨ ਬਾਬਤ ਬਿਆਨੇ ਮੁਢਲੇ ਸੰਕਲਪ ਹੀ ਅਵਿਗਿਆਨਕ ਹਨ! ਉਨ੍ਹਾਂ ਦੇ ਆਧਾਰ ’ਤੇ ਬਿਨਾ ਕਿਸੇ ਵਿਗਿਆਨਕ ਸਬੂਤ ਦੇ ਕੀਤੇ ਦਾਅਵੇ ਗਲਪ ਜਾਂ ਵਿਸ਼ਵਾਸ ਹੀ ਰਹਿਣਗੇ, ਨਾ ਕਿ ਵਿਗਿਆਨ! ਅੱਜ ਸੱਤਵੀਂ-ਅੱਠਵੀਂ ਦੇ ਬੱਚੇ ਨੂੰ ਵੀ ਗਿਆਨ ਹੈ ਕਿ ਆਕਾਸ਼ ਜਾਂ ਅੱਗ ਨਾਮੀ ਕੋਈ ਪਦਾਰਥ ਨਹੀਂ ਹੁੰਦਾ ਅਤੇ ਵਿਗਿਆਨ ਅਨੁਸਾਰ ਵਾਯੂ, ਜਲ ਤੇ ਪ੍ਰਿਥਵੀ ਵਿੱਚੋਂ ਕੋਈ ਵੀ ਤੱਤ ਨਹੀਂ! ਇਨ੍ਹਾਂ ਅਵਿਗਿਆਨਕ ਵਿਸ਼ਵਾਸਾਂ ’ਤੇ ਬਣੀਆਂ ਧਾਰਨਾਵਾਂ ਨੂੰ ਵਿਗਿਆਨਕ ਕਹੀ ਜਾਣ ਨੂੰ ਕੀ ਕਿਹਾ ਜਾਵੇ, ਪਾਠਕ ਆਪ ਹੀ ਫੈਸਲਾ ਕਰ ਸਕਦੇ ਹਨ। ਲੇਖਕ ਦੇ ਇਹ ਕਥਨ ਉਸ ਵਕਤ ਦੇ ਬਣੇ ਹਨ ਜਦ ਮਨੁੱਖ ਨੂੰ ਤੱਤ ਯੋਗਿਕ ਮਿਸ਼ਰਣ ਦਾ ਕੋਈ ਗਿਆਨ ਨਹੀਂ ਸੀ, ਉਸ ਦਾ ਬ੍ਰਹਿਮੰਡ ਬਾਬਤ ਗਿਆਨ ਸੀਮਤ ਸੀ। ਇਹ ਤਾਂ ਉਸ ਤੋਂ ਵੀ ਪੂਰਬਲੇ ਵਕਤਾਂ ਦੀ ਧਰਨਾ ਹੈ ਜਦ ਮਨੁੱਖ ਧਰਤੀ ਨੂੰ ਸੂਰਜ ਪਰਿਵਾਰ ਦਾ ਕੇਂਦਰ ਮੰਨਦਾ ਸੀ ਤੇ ਧਰਤੀ ਨੂੰ ਸਥਿਰ ਕਹਿ ਕੇ ਸੂਰਜ ਦਾ ਰਥ ਚਲਦਾ ਕਹਿੰਦਾ ਸੀ। ਜਦ ਲੇਖਕ ਵਰਤ ’ਤੇ ਜ਼ੋਰ ਦੇ ਕੇ ਕਹਿੰਦਾ ਹੈ ਕਿ ਇਸ ਨਾਲ ਸਰੀਰ ਦੀ ਰੱਖਿਆ ਪ੍ਰਣਾਲੀ ਪੁਖਤਾ ਬਣਦੀ ਹੈ, ਵਧੇਰੇ ਸਰਗਰਮ ਹੋ ਜਾਂਦੀ ਹੈ ਤੇ ਕੂੜ ਕਬਾੜ ਬਾਹਰ ਕੱਢਦੀ ਹੈ ਤਾਂ ਉਹ ਸਰੀਰ ਵਿਚ ਚੱਲ ਰਹੇ ਸਾਫ ਸਫਾਈ ਦੇ, ਢਾਹੂ ਉਸਾਰੂ ਕਿਰਿਆਵਾਂ ਦੇ, ਮਲਬਾ ਚੁੱਕਣ ਤੇ ਬੇਢਬੀਆਂ ਕੋਸ਼ਿਕਾਵਾਂ ਦੇ ਨਿਪਟਾਰੇ ਦੇ ਤੱਥਾਂ ਦੇ ਵਿਗਿਆਨ ਦੇ ਸਮੁੱਚੇ ਪੱਖਾਂ ਨੂੰ ਛੱਡ ਕੇ, ਇਤਿਹਾਸਕ ਤੌਰ ‘ਤੇ ਵਾਪਰੇ ਘਟਨਾਕ੍ਰਮ ਦੇ ਤੱਥਾਂ ਦੀ ਅਣਗੌਲੀ ਕਰਕੇ, ਨੋਬੇਲ ਵਿਗਿਆਨੀ ਦੇ ਕਥਨ ਦੇ ਇੱਕ ਹਿੱਸੇ ਨੂੰ ਸਰੀਰ ਦੇ ਸਮੁੱਚੇ ਸੰਦਰਭ ਵਿੱਚੋਂ ਵੱਖਰਾ ਕਰ ਕੇ, ਵੇਖਦਾ ਹੈ। ਭਾਰਤੀ ਲੋਕ ਅੰਤਾਂ ਦੇ ਵਰਤ ਰਖਦੇ ਰਹੇ ਹਨ, ਪੰਜ ਭੂਤਕ ਸਰੀਰ ਕਹਿ ਕੇ ਅਜਿਹੀਆਂ ਕੁਦਰਤੀ ਪ੍ਰਕਿਰਿਆਵਾਂ ‘ਤੇ ਓਹੜ ਪੋਹੜ ਕਰਦੇ ਰਹੇ ਹਨ ਪਰ ਉਹ ਆਧੁਨਿਕ ਸਿਹਤ ਵਿਗਿਆਨ ਦੀਆਂ ਬਰਕਤਾਂ ਤੋਂ ਵਿਰਵੇ ਰਹਿ ਕੇ ਇੱਕ ਬੀਮਾਰੂ ਜੀਵਨ ਜਿਉਂਦੇ ਰਹੇ, ਮਹਾਂਮਾਰੀਆਂ ਦਾ ਦਸੌਂਟਾ ਕੱਟਦੇ ਰਹੇ, ਮੌਤ ਦੇ ਮੂੰਹ ਜਾਂਦੇ ਰਹੇ। ਸਾਡੇ ਦੇਸ਼ ਨੂੰ ਪਛੜਾ ਰੱਖਣ ਵਾਲੀਆਂ ਅੰਧ ਵਿਸ਼ਵਾਸੀ ਤੇ ਅਵਿਗਿਆਨਕ ਸ਼ਕਤੀਆਂ ਦੇ ਕੂੜ ਪ੍ਰਚਾਰ ਅਤੇ ਅਵਿਗਿਆਨਕ ਹਠਧਰਮੀ ਕਾਰਨ ਦੇਸ਼ ਨੂੰ ਆਧੁਨਿਕ ਵਿਗਿਆਨ ਤੋਂ ਦੂਰ ਰੱਖਣ ਦੀਆਂ ਕੋਸ਼ਿਸਾਂ ਸਦਕਾ ਅਸੀਂ ਪੁਖਤਾ ਸਿਹਤ ਪ੍ਰਣਾਲੀ ਆਪਣਾਉਣ ਦੀ ਥਾਂ ਇਸ ਉਹੜ ਪੋਹੜ ਵਿਚ ਹੀ ਉਲਝੇ ਰਹੇ। ਨਤੀਜਾ - ਪੰਜਾਬ ਵਰਗੇ ਸੂਬੇ ਵਿਚ ਚੇਚਕ, ਮਲੇਰੀਏ, ਪਲੇਗ, ਹੈਜ਼ੇ, ਮਿਆਦੀ ਬੁਖਾਰ, ਤਪਦਿਕ, ਜਣੇਪੇ ਦੌਰਾਨ, ਸੰਕਰਮਣ ਯਾਨੀ ਇਨਫੈਕਸ਼ਨ ਨਾਲ ਅਣਗਿਣਤ ਮੌਤਾਂ ਹੁੰਦੀਆਂ ਰਹੀਆਂ। ਟੱਟੀਆਂ-ਉਲਟੀਆਂ ਵਿਚ ਲੇਖਕ ਅਨੁਸਾਰ ਤਾਂ ਇਨਫੈਕਸ਼ਨ ਬਾਹਰ ਕੱਢਣ ਵਾਸਤੇ ਵਰਤ ਇੱਕ ਆਕਸੀਰ ਹੈ ਪਰ ਡਾਕਟਰੀ ਵਿਗਿਆਨ ਦੇ ਅਮਲ ਵਿਚ ਲੱਖਾਂ ਬੱਚੇ ਟੱਟੀਆਂ ਦੌਰਾਨ ਅਜਿਹੇ ਉਪਵਾਸਾਂ ਕਾਰਨ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ। ਇਨ੍ਹਾਂ ਦੇ ਬਹੁਤ ਵੱਡੇ ਵਿਰੋਧ ਅਤੇ ਕੂੜ ਪ੍ਰਚਾਰ ਦੇ ਬਾਵਜੂਦ ਓਆਰਐਸ ਰਾਹੀਂ ਇਲਾਜ ਇੱਕ ਪੁਖਤਾ ਵਿਧੀ ਬਣ ਗਿਆ ਹੈ। ਮਹਾਨ ਆਯੁਰਵੇਦ ਅਚਾਰੀਆ ਸ਼ੁਸਰਤ ਨੇ 1500 ਈਸਵੀ ਪੂਰਬ ਵਿਚ ਲਿਖਿਆ ਸੀ ਕਿ ਟੱਟੀਆਂ ਦੌਰਾਨ ਕੋਸੇ ਪਾਣੀ ਵਿਚ ਪਹਾੜੀ ਨਮਕ ਤੇ ਸੀਰਾ ਪਾ ਕੇ ਮਰੀਜ਼ ਨੂੰ ਦੇਣਾ ਚਾਹੀਦਾ ਹੈ। ਵਿਗਿਆਨ ਦੇ ਨਿਯਮ ਤੇ ਵਿਧੀ ਅਨੁਸਾਰ ਕੇਵਲ ਉਨ੍ਹਾਂ ਕਥਨਾਂ, ਲਿਖਤਾਂ ਜਾਂ ਸਿੱਟਿਆਂ ਨੁੰ ਹੀ ਵਿਗਿਆਨਕ ਮੰਨਿਆ ਜਾ ਸਕਦਾ ਹੈ ਜਿਹੜੇ ਵਿਗਿਆਨ ਦੀ ਕਸੌਟੀ ਤੇ ਖਰੇ ਉਤਰਨ। ਵਿਗਿਆਨ ਦੇ ਕੁਝ ਸ਼ਬਦਾਂ ਜਾਂ ਸਿੱਟਿਆਂ ਨੂੰ ਮਨਮਰਜ਼ੀ ਨਾਲ ਵਰਤ ਕੇ ਤੇ ਉਨ੍ਹਾਂ ਦਾ ਮਨਮਰਜ਼ੀ ਦਾ ਅਰਥ ਕਰ ਕੇ ਸਿੱਟੇ ਕੱਢ ਲੈਣੇ ਵਿਗਿਆਨ ਨਹੀਂ ਸਗੋਂ ਅਵਿਗਿਆਨ ਹੈ। ਮਨੁੱਖੀ ਸਰੀਰ ਵਿਚ ਹਰ ਵਕਤ ਖਰਬਾਂ ਕੋਸ਼ਿਕਾਵਾਂ ਦਾ ਵਿਘਟਨ ਤੇ ਨਿਰਮਾਣ ਹੁੰਦਾ ਰਹਿੰਦਾ ਹੈ। ਕੁਝ ਕੋਸ਼ਿਕਾਵਾਂ ਬੇਢਬੀਆਂ, ਕੋਝੀਆਂ ਜਾਂ ਬੇਲਗਾਮ ਵੀ ਬਣ ਜਾਂਦੀਆਂ ਹਨ। ਇਨ੍ਹਾਂ ਬੇਲਗਾਮ ਤੇ ਨੁਕਸਦਾਰ ਕੋਸ਼ਿਕਾਵਾਂ ਨੂੰ ਖਤਮ ਕਰਨ ਦਾ ਵੀ ਮਨੁੱਖੀ ਸਰੀਰ ਦਾ ਆਪਣਾ ਪ੍ਰਬੰਧ ਹੈ। ਇਸੇ ਤਰ੍ਹਾਂ ਕੋਸ਼ਿਕਾਵਾਂ ਦੀ ਟੁੱਟ-ਭੱਜ ਨਾਲ ਜੋ ਮਲਬਾ ਪੈਦਾ ਹੁੰਦਾ ਹੈ ਉਸਦਾ ਨਿਪਟਾਰਾ ਕਰਕੇ ਉਸਦੀਆਂ ਪ੍ਰੋਟੀਨਾਂ ਦਾ ਪੁਨਰ-ਚਕਰੀਕਰਨ ਹੁੰਦਾ ਹੈ। ਇਸ ਪ੍ਰਬੰਧ ਵਿਚ ਸ਼ਾਮਲ ਵਿਗਿਆਨ ਵੱਲੋਂ ਲੱਭੇ ਅਮਲ ਸਨ - ਫੇਗੋਸਾਈਟੋਸਿਸ, ਨੈਕਰੋਸਿਸ ਤੇ ਐਪੋਪਟੋਸਿਸ, ਪਰ 1963 ਦੌਰਾਨ ਬੈਲਜੀਅਮ ਦੇ ਕੋਸ਼ਿਕਾ ਵਿਗਿਆਨੀ ਕਰਿਸਚੀਅਨ ਰੇਨੇ ਡੇ ਦੁਵੇ ਨੇ ਟੁੱਟ-ਭੱਜ ਦੇ ਮਲਬੇ ਦੇ ਪੁਨਰ- ਚਕਰੀਕਰਨ ਵਿਚ ਲਾਈਸੋਜ਼ੋਮ ਦੀ ਭੂਮਿਕਾ ਲੱਭੀ ਅਤੇ ਇਸ ਵਰਤਾਰੇ ਦਾ ਨਾਮ ਆਟੋਫੇਗੀ ਰੱਖਿਆ। ਲਾਈਸੋਜ਼ੋਮ ਦੇ ਬਾਹਰ ਪਏ ਮਲਬੇ ਦੇ ਪੁਨਰ-ਚਕਰੀਕਰਨ ਨੂੰ ਹੈਟਰੋਫੇਗੀ ਕਹਿੰਦੇ ਸਨ। ਸੱਤਰਵਿਆਂ ਦੌਰਾਨ 2016 ਦੇ ਨੋਬੇਲ ਪੁਰਸਕਾਰ ਜੇਤੂ ਯੋਸਿਨੂਰੀ ਓਸੋਮੀ ਨੇ ਈਸਟ (ਖਮੀਰ) ’ਤੇ ਖੋਜ ਕਰਕੇ ਸਾਬਤ ਕੀਤਾ ਕਿ ਕੋਸ਼ਿਕਾਵਾਂ ਦੇ ਅੰਦਰਲੇ ਬੁਲਬੁਲੇ (ਵੈਕਿਓਲਜ਼) ਵੀ ਸਰਗਰਮੀ ਨਾਲ ਕਬਾੜ ਦਾ ਪੁਨਰ- ਚਕਰੀਕਰਨ ਕਰਕੇ, ਨਵੀਆਂ ਕੋਸ਼ਿਕਾਵਾਂ ਵਾਸਤੇ ਸਮੱਗਰੀ ਉਪਲਬਧ ਕਰਵਾਉਂਦੇ ਹਨ। ਨੋਬੇਲ ਇਨਾਮ ਜਿੱਤਣ ਵਾਲੇ ਯੋਸਿਨੂਰੀ ਓਸੋਮੀ ਨੇ ਇਹ ਵੀ ਸਿੱਟਾ ਕੱਢਿਆ ਕਿ ਭੁੱਖ ਦੀ ਚੁਣੌਤੀ ਵੇਲੇ ਇਹ ਵਰਤਾਰਾ ਤੇਜ਼ ਹੋ ਜਾਂਦਾ ਹੈ। ਵਰਤ ਕਿੰਨਾ ਅਤੇ ਕਿਨ੍ਹਾਂ ਹਾਲਤਾਂ ਵਿਚ ਇਸ ਵਰਤਾਰੇ ਨੂੰ ਤੇਜ਼ ਕਰ ਸਕਦਾ ਹੈ ਅਜੇ ਖੋਜ ਅਧੀਨ ਹੈ। ਇਹ ਸਪਸ਼ਟ ਹੀ ਹੈ ਕਿ ਜਿਹੜੇ ਪਹਿਲਾਂ ਹੀ ਕੁਪੋਸ਼ਣ ਵਿਸ਼ੇਸ਼ਕਰ ਪ੍ਰੋਟੀਨ ਕਲੋਰੀ ਕੁਪੋਸ਼ਣ ਦਾ ਸ਼ਿਕਾਰ ਹੋਣ ਅਤੇ ਲੋਹ ਦੀ ਘਾਟ ਕਰਕੇ ਅਨੀਮੀਆ ਅਤੇ ਹੋਰ ਰੋਗਾਂ ਦੇ ਸ਼ਿਕਾਰ ਹਨ, ਉਨ੍ਹਾਂ ਵਿਚ ਇਹ ਪ੍ਰਕਿਰਿਆ ਕਾਰਗਾਰ ਨਹੀਂ ਹੋ ਸਕਦੀ ਕਿਉਂ ਜੋ ਉਥੇ ਤਾਂ ਪੁਨਰ-ਚਕਰੀਕਰਨ ਵਾਸਤੇ ਲੋੜ ਅਨੁਸਾਰ ਮਲਬਾ ਹੀ ਉਪਲਬਧ ਨਹੀਂ। ਲੇਖਕ ਦਾ ਇਹ ਕਹਿਣਾ ਵੀ ਕਿ ਸਰਦੀ, ਜ਼ੁਕਾਮ, ਬੁਖਾਰ, ਚੇਚਕ, ਹੈਜ਼ਾ, ਪੇਚਿਸ਼, ਇਨਫਲੂੰਜ਼ਾ ਆਦਿ ਵਿਚ ਉਪਵਾਸ ਬਹੁਤ ਜ਼ਰੂਰੀ ਤੇ ਲਾਭਕਾਰੀ ਹੁੰਦੇ ਹਨ, ਗਲਤ ਤੇ ਅਵਗਿਆਨਿਕ ਧਾਰਨਾ ਹੈ। - ਬੀਐਸਐਨਐਲ ਸੁਸਾਇਟੀ, ਸੈਕਟਰ 50-ਸੀ, ਚੰਡੀਗੜ੍ਹ। ਸੰਪਰਕ: 99145-05009

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All