ਪਿੰਡਾਂ ਅਤੇ ਔਰਤਾਂ ਦੇ ਵਿਕਾਸ ਲਈ ਲਾਹੇਵੰਦ ਕਿੱਤਿਆਂ ਦੀ ਤਕਨਾਲੋਜੀ

ਸੰਪਾਦਕੀ ਮੰਡਲ: ਜਤਿੰਦਰ ਕੌਰ ਅਰੋੜਾ, ਵਿਨੀਤਾ ਸ਼ਰਮਾ, ਦਪਿੰਦਰ ਕੌਰ ਬਖਸ਼ੀ, ਯੁਵਰਾਜ ਸਿੰਘ ਪਾਂਧਾ ਪੰਨੇ: 192; ਮੁੱਲ: 200 ਰੁਪਏ ਪ੍ਰਕਾਸ਼ਕ: ਯੂਨੀਸਟਾਰ ਬੁਕਸ ਪ੍ਰਾ.ਲਿ. ਚੰਡੀਗੜ੍ਹ। ਹਥਲੀ ਪੁਸਤਕ ਪੰਜਾਬ ਦੇ ਪਿੰਡਾਂ ਅਤੇ ਔਰਤਾਂ ਦੇ ਆਰਥਿਕ ਵਿਕਾਸ ਲਈ ਖਾਸ ਤੌਰ ’ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਸੰਸਥਾ ਵੱਲੋਂ ਤਿਆਰ ਕਰਵਾਈ ਗਈ ਹੈ। ਆਪਣੇ ਆਪਣੇ ਵਿਸ਼ੇ ਦੇ ਮਾਹਿਰਾਂ ਨੇ ਕੁਝ ਧੰਦਿਆਂ ਅਤੇ ਪ੍ਰਾਜੈਕਟਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਦੀ ਸ਼ੁਰੂਆਤ ਪਿੰਡਾਂ ਦੇ ਲੋਕਾਂ ਤੇ ਖਾਸਕਰ ਔਰਤਾਂ ਨੂੰ ਸਹਾਇਕ ਧੰਦੇ ਅਪਣਾ ਕੇ ਪੱਕੇ ਪੈਰੀਂ ਖੜ੍ਹਾ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਕੁਝ ਧੰਦੇ ਇਸ ਤਰ੍ਹਾਂ ਹਨ ਜਿਵੇਂ ਗੰਨੇ ਅਤੇ ਅੰਗੂਰਾਂ ਤੋਂ ਸਿਰਕਾ ਬਣਾਉਣਾ, ਟਿਸ਼ੂ ਕਲਚਰ ਰਾਹੀਂ ਫਲਦਾਰ ਅਤੇ ਸਜਾਵਟੀ ਪੌਦਿਆਂ ਦਾ ਉਤਪਾਦਨ, ਸਜਾਵਟੀ ਮੱਛੀਆਂ ਦਾ ਪਾਲਣ-ਪੋਸ਼ਣ ਅਤੇ ਪ੍ਰਜਨਨ, ਨਿੰਮ ਦੇ ਬਣੇ ਜੈਵ-ਕੀਟਨਾਸ਼ਕ, ਢੀਂਗਰੀ ਦੀ ਕਾਸ਼ਤ, ਮੁਰਦਾ ਡੰਗਰਾਂ ਦੇ ਪਿੰਜਰਾਂ ਦਾ ਇਸਤੇਮਾਲ, ਗੰਡੋਇਆਂ ਦੀ ਖਾਦ ਤਿਆਰ ਕਰਨਾ, ਦੁੱਧ ਤੋਂ ਬਣੇ ਉਤਪਾਦ ਤਿਆਰ ਕਰਨਾ, ਮਧੂ ਮੱਖੀ ਪਾਲਣ, ਲੈਮਨ ਘਾਹ ਦੀ ਕਾਸ਼ਤ, ਸੂਤੀ ਕੱਪੜਿਆਂ ਦੀ ਰਹਿੰਦ-ਖੂੰਹਦ ਤੋਂ ਸੈਨਟਰੀ ਨੈਪਕਿਨ ਬਣਾਉਣੇ, ਰੰਗਾਂ ਦੀ ਉਪਜ, ਸੋਇਆਬੀਨ ਦਾ ਉਤਪਾਦਨ, ਜੈਵਿਕ ਖੇਤੀ ਆਦਿ। ਪ੍ਰਾਜੈਕਟ ਮਾਹਿਰਾਂ ਵੱਲੋਂ ਤਿਆਰ ਇਹ ਪੁਸਤਕ ਆਮ ਪੇਂਡੂ ਦੇ ਸਮਝ ਆਉਣ ਵਾਲੀ ਹੈ। ਉਨ੍ਹਾਂ ਸਭ ਤੋਂ ਪਹਿਲਾਂ ਧੰਦੇ ਦਾ ਪਿਛੋਕੜ, ਉਸ ’ਚ ਕੰਮ ਆਉਣ ਵਾਲੇ ਕੱਚੇ ਮਾਲ ਤੇ ਸੰਦਾਂ ਦਾ ਵੇਰਵਾ, ਫਾਇਨੈਂਸ ਦੀ ਲੋੜ, ਵਸਤ ਬਣਾਉਣ ਦੀ ਵਿਧੀ ਤੋਂ ਮਾਰਕੀਟਿੰਗ ਦਾ ਵੇਰਵਾ ਵੀ ਬੜੀ ਬਾਰੀਕਬੀਨੀ ਨਾਲ ਕੀਤਾ ਹੈ। ਲੋੜ ਅਨੁਸਾਰ ਤਸਵੀਰਾਂ ਦੀ ਵਰਤੋਂ ਕਰਕੇ ਵਿਸ਼ੇ ਨੂੰ ਹੋਰ ਵੀ ਸੁਖਾਲਾ ਤੇ ਰੌਚਿਕ ਬਣਾਉਣ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਪੇਂਡੂ ਆਮਦਨ ਦੇ ਵਸੀਲੇ ਵਧਾ ਕੇ, ਸਿਹਤ ਤੇ ਵਾਤਾਵਰਨ ਵਿਚ ਸੁਧਾਰ ਲਿਆ ਕੇ ਪੇਂਡੂਆਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣਾ ਹੈ। ਇਸ ਪੁਸਤਕ ਦਾ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਨ ਹੋ ਰਿਹਾ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹੋ ਜਿਹੀ ਪੁਸਤਕ ਬਿਮਾਰ ਪੇਂਡੂ ਅਰਥਚਾਰੇ ਲਈ ਰਾਮ-ਬਾਣ ਸਿੱਧ ਹੋਵੇਗੀ। ਇਹੋ ਜਿਹੀਆਂ ਹੋਰ ਪੁਸਤਕਾਂ ਦਾ ਸਵਾਗਤ ਹੈ।

-ਕੇ.ਐਲ. ਗਰਗ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All