ਪਾਵਰਕੌਮ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਥਾਣਾ ਘੇਰਿਆ

ਪਾਵਰਕੌਮ ਦੇ ਅਧਿਕਾਰੀ ਤੇ ਮੁਲਾਜ਼ਮ ਰੋਸ ਮੁਜ਼ਾਹਰਾ ਕਰਦੇ ਹੋਏ।

ਰਾਜਨ ਮਾਨ/ਲਖਨਪਾਲ ਸਿੰਘ ਮਜੀਠਾ, 16 ਸਤੰਬਰ ਪਾਵਰਕੌਮ ਦੇ ਮਜੀਠਾ ਬਿਜਲੀ ਘਰ ਵਿੱਚ ਤਾਇਨਾਤ ਐੱਸਡੀਓ ਨਾਲ ਪੁਲੀਸ ਚੌਕੀ ਮਜੀਠਾ ਦੇ ਇੱਕ ਏਐੱਸਆਈ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ ਕੀਤੇ ਜਾਣ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਨਾਜਾਇਜ਼ ਬਿਜਲੀ ਚੋਰੀ ਕਰਨ ਤੋਂ ਰੋਕਣ ’ਤੇ ਝਗੜਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਬਿਜਲੀ ਘਰ ਮਜੀਠਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਥਾਣੇ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੇ ਥਾਣੇਦਾਰ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਹਾਇਕ ਕਾਰਜਕਾਰੀ ਇੰਜਨੀਅਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਮਜੀਠਾ ਦੇ ਕੁਝ ਲੋਕਾਂ ਨਾਲ ਬਿਜਲੀ ਚੋਰੀ ਨੂੰ ਲੈ ਕੇ ਤਕਰਾਰ ਹੋਇਆ ਸੀ। ਇਸ ਸਬੰਧੀ ਥਾਣਾ ਮਜੀਠਾ ਦੇ ਐੱਸਐੱਚਓ ਨੂੰ ਸੂਚਿਤ ਕੀਤਾ ਗਿਆ। ਉਪਰੰਤ ਮਜੀਠਾ ਚੌਕੀ ਦੇ ਇਕ ਏਐੱਸਆਈ ਰਮੇਸ਼ ਕੁਮਾਰ ਨੇ ਆ ਕੇ ਉਲਟਾ ਉਨ੍ਹਾਂ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਮਜੀਠਾ ਬਿਜਲੀ ਘਰ ਵਿੱਚ ਤਾਇਨਾਤ ਹਨ ਅਤੇ ਬੀਤੀ ਸ਼ਾਮ ਉਹ ਆਪਣੇ ਘਰ ਜਾ ਰਹੇ ਸਨ। ਰਸਤੇ ਵਿੱਚ ਦੋ ਭਰਾਵਾਂ ਦਾ ਘਰ ਹੈ ਜੋ ਕਥਿਤ ਤੌਰ ’ਤੇ ਸਟਰੀਟ ਲਾਈਟ ਤੋਂ ਨਾਜਾਇਜ਼ ਕੁਨੈਕਸ਼ਨ ਲੈ ਕੇ ਬਿਜਲੀ ਦੀ ਵਰਤੋਂ ਕਰਦੇ ਸਨ। ਮਹਿਕਮੇ ਵੱਲੋਂ ਇਹ ਨਾਜਾਇਜ਼ ਤਾਰ ਉਤਾਰ ਦਿੱਤੀ ਗਈ ਸੀ। ਜਿਸ ਦੀ ਰੰਜਿਸ਼ ਤਹਿਤ ਉਕਤ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਐੱਸਡੀਓ ਸੁਖਜਿੰਦਰ ਸਿੰਘ ਨੇ ਕਿਹਾ ਕਿ ਥੋੜੀ ਬੋਲਚਾਲ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ। ਕਰੀਬ 11 ਵਜੇ ਪੁਲੀਸ ਚੌਕੀ ਮਜੀਠਾ ਦੇ ਇੱਕ ਏਐੱਸਆਈ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਬਿਨਾ ਤਫ਼ਤੀਸ਼ ਕੀਤੇ ਉਸ ਨਾਲ ਕਥਿਤ ਗਾਲੀ-ਗਲੋਚ ਕਰਨ ਲੱਗ ਪਿਆ ਅਤੇ ਉਸ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਦੌਰਾਨ ਉਸ ਦੇ ਪਿਤਾ ਜੋ ਸ਼ੂਗਰ ਦੇ ਮਰੀਜ਼ ਹਨ, ਨਾਲ ਵੀ ਏਐੱਸਆਈ ਨੇ ਧੱਕਾ-ਮੁੱਕੀ ਕੀਤੀ ਅਤੇ ਉਹ ਜ਼ਮੀਨ ’ਤੇ ਡਿੱਗ ਪਏ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਆਰਾਮ ਨਾਲ ਗੱਲ ਕਰਨ ਲਈ ਥਾਣੇਦਾਰ ਨੂੰ ਕਿਹਾ ਕਿ ਉਸ ਨੇ ਗੁੱਟ ਤੋਂ ਫੜਕੇ ਉਸ ਨੂੰ ਘਰੋਂ ਬਾਹਰ ਖਿੱਚਣਾ ਚਾਹਿਆ। ਇਸ ’ਤੇ ਉਸ ਦਾ ਚਚੇਰਾ ਭਰਾ ਜੋ ਪੀਏਪੀ ਵਿੱਚ ਮੁਲਾਜ਼ਮ ਹੈ, ਵਿੱਚ ਦਖ਼ਲ ਦੇਣ ਲੱਗਾ ਤਾਂ ਏਐੱਸਆਈ ਨੇ ਉਸ ਨਾਲ ਵੀ ਧੱਕਾਮੁੱਕੀ ਕੀਤੀ। ਸਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਐੱਸਐੱਚਓ ਮਜੀਠਾ ਅਤੇ ਡੀਐੱਸਪੀ ਮਜੀਠਾ ਨੂੰ ਫੋਨ ’ਤੇ ਜਾਣੂ ਕਰਵਾਇਆ। ਥਾਣਾ ਮਜੀਠਾ ਤੋਂ ਇੱਕ ਏਐੱਸਆਈ ਆਇਆ ਜਿਸ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਜੀਠਾ ਚੌਕੀ ਦੇ ਏਐੱਸਆਈ ਦਾ ਗੁੱਸਾ ਠੰਢਾ ਨਹੀਂ ਪੈ ਰਿਹਾ ਸੀ। ਥਾਣੇ ਤੋਂ ਆਏ ਏਐੱਸਆਈ ਨੇ ਸੁਖਜਿੰਦਰ ਸਿੰਘ ਪਾਸੋਂ ਦਰਖ਼ਾਸਤ ਲੈ ਲਈ ਅਤੇ ਚਲਾ ਗਿਆ। ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਪੁਲੀਸ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਪਾਸੋਂ ਐੱਸਡੀਓ ਨਾਲ ਗਾਲ੍ਹੀ-ਗਲੋਚ ਕਰਨ ਵਾਲੇ ਭਰਾਵਾਂ ਅਤੇ ਮਜੀਠਾ ਚੌਕੀ ਦੇ ਏਐੱਸਆਈ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਏਐੱਸਆਈ ਵੱਲੋਂ ਇੱਕ ਗਜ਼ਟਿਡ ਅਫ਼ਸਰ ਦੇ ਘਰ ਵਿੱਚ ਬਿਨਾ ਵਾਰੰਟ ਦਾਖ਼ਲ ਹੋਣ ਤੇ ਉਸ ਨਾਲ ਬਦਸਲੂਕੀ ਕਰਨ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਏਐੱਸਆਈ ਤੇ ਭਰਾਵਾਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੁਜ਼ਾਹਰਾਕਾਰੀਆਂ ਵਿੱਚ ਐਕਸੀਅਨ ਜਸਦੀਪ ਸਿੰਘ ਅੰਮ੍ਰਿਤਸਰ, ਸਹਾਇਕ ਕਾਰਜਕਾਰੀ ਇੰਜਨੀਅਰ ਸੁਖਜਿੰਦਰ ਸਿੰਘ, ਇੰਜਨੀਅਰ ਲੇਖ ਰਾਜ, ਅਰਮਿੰਦਰ ਸਿੰਘ ਬੁੱਟਰ ਹਰਸ਼ਾ ਛੀਨਾ, ਇੰਜਨੀਅਰ ਮਨਜਿੰਦਰ ਸਿੰਘ ਕੱਥੂਨੰਗਲ, ਇੰਜਨੀਅਰ ਮਨਪ੍ਰੀਤ ਸਿੰਘ, ਇੰਜਨੀਅਰ ਹਰਭਿੰਦਰ ਸਿੰਘ, ਕ੍ਰਿਸ਼ਨ ਸਿੰਘ, ਤਰਸੇਮ ਸਿੰਘ, ਰਾਮ ਲੁਭਾਇਆ, ਸੁਖਪਾਲ ਸਿੰਘ ਗਿੱਲ, ਕੁੰਦਨ ਲਾਲ, ਪਲਵਿੰਦਰਪਾਲ ਸਿੰਘ ਗੋਸਲ ਤੇ ਬਿਕਰਮਜੀਤ ਸਿੰਘ ਜਲਾਲਪੁਰਾ ਆਦਿ ਹਾਜ਼ਰ ਸਨ।

ਕੀ ਕਹਿੰਦੇ ਨੇ ਅਧਿਕਾਰੀ

ਉੱਧਰ, ਇਸ ਸਬੰਧੀ ਜਦੋਂ ਡੀਐੱਸਪੀ ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਐੱਸਐੱਚਓ ਮਜੀਠਾ ਦੀ ਡਿਊਟੀ ਲਗਾਈ ਗਈ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All