ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ

ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਵਿੱਚ ਕਰੋਨਾਵਾਇਰਸ ਤੋਂ ਬਚਾਅ ਲਈ ਸਪਰੇਅ ਕੀਤੇ ਜਾਣ ਦਾ ਦ੍ਰਿਸ਼। -ਫੋਟੋ: ਏਐੱਫਪੀ

ਇਸਲਾਮਾਬਾਦ, 29 ਮਾਰਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਫੈਲਾਅ ਨੂੰ ਠੱਲ੍ਹਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਰਮਿਆਨ ਪਾਕਿਸਤਾਨ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 1526 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ 558 ਕੇਸਾਂ ਨਾਲ ਪੰਜਾਬ ਕੋਵਿਡ-19 ਦੇ ਧੁਰੇ ਵਜੋਂ ਉਭਰਿਆ ਹੈ। 481 ਕੇਸਾਂ ਨਾਲ ਸਿੰਧ ਦੂਜੇ ਤੇ 188 ਦੇ ਅੰਕੜੇ ਨਾਲ ਖੈਬਰ ਪਖਤੂਨਖਵਾ ਤੀਜੀ ਥਾਂ ’ਤੇ ਹੈ। ਬਲੋਚਿਸਤਾਨ, ਗਿਲਗਿਟ ਬਾਲਟਿਸਤਾਨ, ਇਸਲਾਮਾਬਾਦ ਤੇ ਮਕਬੂਜ਼ਾ ਕਸ਼ਮੀਰ ਵਿੱਚ ਕ੍ਰਮਵਾਰ 138, 116, 43 ਤੇ 2 ਕੇਸ ਰਿਪੋਰਟ ਹੋਏ ਹਨ। ਹੁਣ ਤਕ 13 ਲੋਕ ਮੌਤ ਦੇ ਮੂੰਹ ਜਾ ਪਏ ਹਨ ਜਦੋਂਕਿ 25 ਵਿਅਕਤੀ ਇਸ ਲਾਗ ਤੋਂ ਉੱਭਰ ਚੁੱਕੇ ਹਨ ਤੇ 11 ਗੰਭੀਰ ਹਨ। ਇਸ ਦੌਰਾਨ ਪਾਕਿਸਤਾਨ ਨੇ ਆਪਣੀ ਪੂਰਬੀ ਤੇ ਪੱਛਮੀ ਸਰਹੱਦ ਨੂੰ ਅਗਲੇ ਦੋ ਹੋਰ ਹਫ਼ਤਿਆਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਟਵੀਟ ਵਿੱਚ ਕਿਹਾ ਕਿ ਸੂਬਾਈ ਸਰਕਾਰਾਂ ਨੇ ਕਰੋਨਾਵਾਇਰਸ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਟੈਸਟਿੰਗ ਦੇ ਅਮਲ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਟਵੀਟ ’ਚ ਅੱਗੇ ਕਿਹਾ, ‘ਹੁਣ ਤੱਕ 13,380 ਲੋਕਾਂ ਨੂੰ ਕੋਵਿਡ-19 ਲਈ ਟੈਸਟ ਕੀਤਾ ਜਾ ਚੁੱਕਾ ਹੈ।’ ਇਸ ਤੋਂ ਪਹਿਲਾਂ ਅੱਜ ਦਿਨੇ ਪਾਕਿਸਤਾਨ ਹਵਾਈ ਫੋਰਸ (ਪੀਏਐੱਫ) ਦਾ ਇਕ ਜਹਾਜ਼ ਚੀਨ ਤੋਂ ਰਾਹਤ ਸਮੱਗਰੀ ਲੈ ਕੇ ਇਸਲਾਮਾਬਾਦ ਹਵਾਈ ਅੱਡੇ ’ਤੇ ਉਤਰਿਆ। ਕਰੋਨਾਵਾਇਰਸ ਦੇ ਟਾਕਰੇ ਲਈ ਸ਼ਨਿੱਚਰਵਾਰ ਨੂੰ ਚੀਨ ਤੋਂ ਅੱਠ ਮੈਡੀਕਲ ਮਾਹਿਰਾਂ ਦੀ ਇਕ ਟੀਮ ਵਿਸ਼ੇਸ਼ ਜਹਾਜ਼ ਰਾਹੀਂ ਪਾਕਿਸਤਾਨ ਪੁੱਜੀ ਸੀ। ਸਿਹਤ ਮਾਮਲਿਆਂ ਬਾਰੇ ਸਰਕਾਰ ਦੇ ਸਲਾਹਕਾਰ ਜ਼ਫ਼ਰ ਮਿਰਜ਼ਾ ਨੇ ਕਿਹਾ, ‘ਪਾਕਿਸਤਾਨ ਵਿੱਚ ਅਜਿਹਾ ਇਕ ਵੀ ਕੇਸ ਨਹੀਂ, ਜਿਸ ਵਿੱਚ ਕਿਸੇ ਵਿਅਕਤੀ ਨੇ ਪਿਛਲੇ ਦਿਨਾਂ ’ਚ ਚੀਨ ਦੀ ਯਾਤਰਾ ਕੀਤੀ ਹੋਵੇ। ਜੇਕਰ ਤੁਸੀਂ ਇਸ ਬਾਰੇ ਸੋਚੋ ਤਾਂ ਇਹ ਬਹੁਤ ਅਸਧਾਰਨ ਗੱਲ ਹੈ। ਇਹ ਸਭ ਕੁਝ ਪਾਕਿਸਤਾਨ ਤੇ ਚੀਨ ਸਰਕਾਰਾਂ ਦਰਮਿਆਨ ਸਹਿਯੋਗ ਕਰਕੇ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਦਬਾਅ ਦੇ ਬਾਵਜੂਦ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੂਹਾਨ ’ਚ ਰੱਖਣ ਦਾ ਫੈਸਲਾ ‘ਸਹੀ ਸਾਬਤ’ ਹੋਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸਰਕਾਰ ਨੇ ਇਰਾਨ ਤੇ ਅਫ਼ਗ਼ਾਨਿਸਤਾਨ ਨਾਲ ਲਗਦੇ ਆਪਣੀ ਪੱਛਮੀ ਸਰਹੱਦ ਤੇ ਭਾਰਤ ਨਾਲ ਲਗਦੇ ਪੂਰਬੀ ਬਾਰਡਰ ਨੂੰ ਦੋ ਹੋਰ ਹਫ਼ਤਿਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All