ਪਹਿਲਾ ਟੈਸਟ: ਰੋਹਿਤ ਦਾ ਇਤਿਹਾਸਕ ਸੈਂਕੜਾ

ਵਿਸ਼ਾਖਾਪਟਨਮ, 5 ਅਕਤੂਬਰ

ਸੈਂਕੜਾ ਪੂਰਾ ਕਰਨ ਮਗਰੋਂ ਦਰਸ਼ਕਾਂ ਦੀਆਂ ਵਧਾਈਆਂ ਕਬੂਲਦਾ ਹੋਇਆ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ। -ਫੋਟੋ: ਪੀਟੀਆਈ

ਰੋਹਿਤ ਸ਼ਰਮਾ ਦੇ ਇੱਕ ਹੋਰ ਸੈਂਕੜੇ ਅਤੇ ਕਈ ਸ਼ਾਨਦਾਰ ਰਿਕਾਰਡ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 395 ਦੌੜਾਂ ਦਾ ਟੀਚਾ ਦਿੱਤਾ। ਇਸ ਤਰ੍ਹਾਂ ਆਖ਼ਰੀ ਦਿਨ ਦੀ ਖੇਡ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਨਵੀਂ ਭੂਮਿਕਾ ਵਿੱਚ ਖੇਡਦਿਆਂ ਰੋਹਿਤ ਨੇ ਪਹਿਲੀ ਪਾਰੀ ਵਿੱਚ 176 ਦੌੜਾਂ ਮਗਰੋਂ ਦੂਜੀ ਪਾਰੀ ਵਿੱਚ 149 ਗੇਂਦਾਂ ਵਿੱਚ 127 ਦੌੜਾਂ (ਦਸ ਚੌਕੇ ਅਤੇ ਸੱਤ ਛੱਕੇ) ਬਣਾਈਆਂ। ਇਸ ਤਰ੍ਹਾਂ ਉਹ ਟੈਸਟ ਇਤਿਹਾਸ ਦੇ ਸਲਾਮੀ ਬੱਲੇਬਾਜ਼ ਵਜੋਂ ਪਹਿਲੀ ਵਾਰ ਉਤਰਦਿਆਂ ਦੋਵਾਂ ਪਾਰੀਆਂ ਵਿੱਚ ਸੈਂਕੜਾ ਮਾਰਨ ਦੀ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਕ੍ਰਿਕਟਰ ਬਣ ਗਿਆ ਹੈ। ਭਾਰਤ ਨੇ ਚੌਥੇ ਦਿਨ ਦੂਜੀ ਪਾਰੀ 67 ਓਵਰ ਖੇਡਣ ਮਗਰੋਂ ਚਾਰ ਵਿਕਟਾਂ ’ਤੇ 323 ਦੌੜਾਂ ਬਣਾ ਕੇ ਐਲਾਨੀ। ਇਸ ਤਰ੍ਹਾਂ ਦੱਖਣੀ ਅਫਰੀਕੀ ਟੀਮ ਨੂੰ ਆਊਟ ਕਰਨ ਲਈ ਉਸ ਨੂੰ ਚੌਥੇ ਦਿਨ ਸਿਰਫ਼ 45 ਮਿੰਟ ਮਿਲੇ, ਪਰ ਉਸ ਕੋਲ ਪੰਜਵਾਂ ਦਿਨ ਵੀ ਪਿਆ ਹੈ। ਸਟੰਪ ਤੱਕ ਦੱਖਣੀ ਅਫਰੀਕਾ ਨੇ ਇੱਕ ਵਿਕਟ ਗੁਆ ਕੇ 11 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਉਸ ਨੂੰ ਜਿੱਤ ਲਈ ਹੁਣ 384 ਦੌੜਾਂ ਦੀ ਲੋੜ ਹੈ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ਵਿੱਚ ਸੈਂਕੜਾ ਮਾਰਨ ਵਾਲੇ ਡੀਨ ਐਲਗਰ ਨੂੰ ਐੱਲਬੀਡਬਲਯੂ ਆਊਟ ਕੀਤਾ। ਪਿੱਚ ਹੌਲੀ ਹੋ ਗਈ ਹੈ, ਪਰ ਇਸ ’ਤੇ ਗੇਂਦ ਨੂੰ ਟਰਨ ਮਿਲ ਰਿਹਾ ਹੈ। ਪਿੱਚ ਖੁਰਦਰੀ ਹੋਣ ਕਾਰਨ ਕੁੱਝ ਗੇਂਦਾਂ ਉਛਾਲ ਲੈ ਰਹੀਆਂ ਹਨ। ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਲੈਣ ਵਾਲੇ ਰਵੀਚੰਦਰਨ ਅਸ਼ਵਿਨ ਅਤੇ ਜਡੇਜਾ ਤੋਂ ਅਖ਼ੀਰਲੇ ਦਿਨ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ। ਐਲਗਰ ਦੇ ਆਊਟ ਹੋਣ ਮਗਰੋਂ ਹੁਣ ਕੁਇੰਟਨ ਡੀਕੌਕ ਦੀ ਵਿਕਟ ਅਹਿਮ ਹੋਵੇਗੀ, ਜੋ ਭਾਰਤ ਨੂੰ ਕਈ ਮੌਕਿਆਂ ’ਤੇ ਪ੍ਰੇਸ਼ਾਨ ਕਰ ਚੁੱਕਿਆ ਹੈ। ਪਹਿਲੀ ਪਾਰੀ ਵਿੱਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੱਖਣੀ ਅਫਰੀਕੀ ਟੀਮ ਆਖ਼ਰੀ ਦਿਨ ਪੂਰੇ 90 ਓਵਰ ਖੇਡਣ ਦੇ ਇਰਾਦੇ ਨਾਲ ਉਤਰੇਗੀ। ਅੱਜ ਦਾ ਦਿਨ ਫਿਰ ਰੋਹਿਤ ਦੇ ਨਾਮ ਰਿਹਾ, ਜਿਸ ਨੇ ਦੱਖਣੀ ਅਫਰੀਕਾ ਦੇ ਸਵੇਰ ਦੇ ਸੈਸ਼ਨ ਵਿੱਚ 431 ਦੌੜਾਂ ’ਤੇ ਢੇਰ ਹੋਣ ਮਗਰੋਂ ਫਿਰ ਤੇਜ਼ੀ ਨਾਲ ਖੇਡਦਿਆਂ ਸ਼ਾਨਦਾਰ ਪਾਰੀ ਖੇਡੀ। ਰੋਹਿਤ ਨੇ 13 ਛੱਕੇ ਜੜ ਕੇ ਪਾਕਿਸਤਾਨ ਦੇ ਵਸੀਮ ਅਕਰਮ ਦੇ ਰਿਕਾਰਡ ਨੂੰ ਪਛਾੜਿਆ, ਜਿਸ ਨੇ 1996 ਵਿੱਚ ਜ਼ਿੰਬਾਬਵੇ ਖ਼ਿਲਾਫ਼ ਇੱਕ ਮੈਚ ਵਿੱਚ 12 ਛੱਕੇ ਮਾਰੇ ਸਨ। ਰੋਹਿਤ ਅਤੇ ਚੇਤੇਸ਼ਵਰ ਪੁਜਾਰਾ (148 ਗੇਂਦਾਂ ਵਿੱਚ 81 ਦੌੜਾਂ) ਵਿਚਾਲੇ ਦੂਜੀ ਵਿਕਟ ਲਈ 169 ਦੌੜਾਂ ਦੀ ਭਾਈਵਾਲੀ ਨਾਲ ਭਾਰਤ ਨੇ ਦੂਜੀ ਪਾਰੀ ਦੀ ਨੀਂਹ ਰੱਖੀ। ਇਸ ਮਗਰੋਂ ਜਡੇਜਾ (32 ਗੇਂਦਾਂ ਵਿੱਚ 40 ਦੌੜਾਂ), ਵਿਰਾਟ ਕੋਹਲੀ (25 ਗੇਂਦਾਂ ਵਿੱਚ ਨਾਬਾਦ 31 ਦੌੜਾਂ) ਅਤੇ ਅਜਿੰਕਿਆ ਰਹਾਣੇ (17 ਗੇਂਦਾਂ ਵਿੱਚ ਨਾਬਾਦ 27 ਦੌੜਾਂ) ਨੇ ਵੀ ਯੋਗਦਾਨ ਪਾਇਆ। ਹਾਲਾਤ ਨੂੰ ਵੇਖਦਿਆਂ ਜਡੇਜਾ ਨੂੰ ਕੋਹਲੀ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜਿਆ ਗਿਆ। ਚਾਹ ਤੱਕ ਇੱਕ ਵਿਕਟਾਂ ਪਿੱਛੇ 175 ਦੌੜਾਂ ਦੇ ਸਕੋਰ ਤੋਂ ਭਾਰਤ ਨੇ 34 ਓਵਰਾਂ ਦੇ ਦੂਜੇ ਸੈਸ਼ਨ ਵਿੱਚ 140 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ 246 ਦੌੜਾਂ ਕਰ ਲਈ ਸੀ। ਪੁਜਾਰਾ ਨੂੰ ਆਪਣੀ ਪਾਰੀ ਦੇ ਸ਼ੁਰੂ ਵਿੱਚ ਥੋੜ੍ਹੀ ਪ੍ਰੇਸ਼ਾਨੀ ਹੋਈ, ਜਿਸ ਵਿੱਚ ਉਸ ਨੇ 62 ਗੇਂਦਾਂ ਵਿੱਚ ਸਿਰਫ਼ ਅੱਠ ਦੌੜਾਂ ਬਣਾਈਆਂ। ਸੈਸ਼ਨ ਦੇ ਪਹਿਲੇ ਬ੍ਰੇਕ ਮਗਰੋਂ ਉਸ ਨੇ ਸਪਿੰਨਰਾਂ ਖ਼ਿਲਾਫ਼ ਖੁੱਲ੍ਹ ਕੇ ਖੇਡਣਾ ਸ਼ੁਰੂ ਕੀਤਾ। ਪੁਜਾਰਾ ਨੂੰ ਜੀਵਨਦਾਨ ਵੀ ਮਿਲਿਆ, ਜਦੋਂ ਕੈਗਿਸੋ ਰਬਾਡਾ ਦੀ ਗੇਂਦ ਦਾ ਬਾਹਰੀ ਹਿੱਸਾ ਉਸ ਦੇ ਬੱਲੇ ਨਾਲ ਲੱਗਿਆ, ਪਰ ਗੇਂਦ ਪਹਿਲੀ ਸਲਿੱਪ ਵਿੱਚ ਖੜੇ ਫੀਲਡਰ ਅਤੇ ਵਿਕਟਕੀਪਰ ਵਿਚਾਲਿਓਂ ਹੁੰਦੀ ਹੋਈ ਬਾਊਂਡਰੀ ਨੂੰ ਚਲੀ ਗਈ। ਰੋਹਿਤ ਵੀ ਖ਼ੁਸ਼ਕਿਸਮਤ ਰਿਹਾ, ਜਦੋਂ ਸੈਨੂਰਾਨ ਮੁਥੂਸਵਾਮੀ ਨੇ ਉਸ ਨੂੰ ਲਾਂਗ-ਆਨ ’ਤੇ ਕੈਚ ਕੀਤਾ, ਪਰ ਰੀਵਿਊ ਰਾਹੀਂ ਪਤਾ ਚੱਲਿਆ ਕਿ ਦੂਜੇ ਯਤਨ ਵਿੱਚ ਕੈਚ ਲੈਣ ਦੀ ਕੋਸ਼ਿਸ਼ ਵਿੱਚ ਗੇਂਦ ਨੂੰ ਛੱਡਦੇ ਸਮੇਂ ਉਹ ਬਾਊਂਡਰੀ ਦੀ ਰੱਸੀ ਨੂੰ ਛੂਹ ਗਿਆ ਸੀ। ਆਪਣੀ ਪਾਰੀ ਦੌਰਾਨ 13 ਚੌਕੇ ਅਤੇ ਦੋ ਛੱਕੇ ਮਾਰਨ ਵਾਲਾ ਪੁਜਾਰਾ ਬ੍ਰੇਕ ਤੋਂ ਪਹਿਲਾਂ ਆਖ਼ਰੀ ਗੇਂਦ ’ਤੇ ਡੀਆਰਐੱਸ ਦੀ ਕਰੀਬੀ ਅਪੀਲ ’ਤੇ ਬਚਿਆ। ਲੰਚ ਤੋਂ ਪਹਿਲਾਂ ਭਾਰਤ ਨੇ ਆਪਣੀ ਵਿਕਟ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੇ ਮਯੰਕ ਅਗਰਵਾਲ (ਸੱਤ ਦੌੜਾਂ) ਵਜੋਂ ਗੁਆਈ। -ਪੀਟੀਆਈ

ਆਊਟ ਹੋਣ ਮਗਰੋਂ ਗਰਾਊਂਡ ਤੋਂ ਬਾਹਰ ਆਉਂਦਾ ਹੋਇਆ ਚੇਤੇਸ਼ਵਰ ਪੁਜਾਰਾ।

ਦੂਜੀ ਪਾਰੀ ਐਲਾਨਣ ਸਬੰਧੀ ਪੁਜਾਰਾ ਦੀ ਸਫ਼ਾਈ ਵਿਸ਼ਾਖਾਪਟਨਮ: ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਆਪਣੀ ਦੂਜੀ ਪਾਰੀ ਦੀ ਸਮਾਪਤੀ ਦਾ ਐਲਾਨ ਇਸ ਕਰਕੇ ਕੀਤਾ ਤਾਂ ਕਿ ਪੰਜਵੇਂ ਦਿਨ ਉਨ੍ਹਾਂ ਨੂੰ ਥੋੜ੍ਹੀ ਨਰਮ ਗੇਂਦ ਨਾਲ ਸ਼ੁਰੂਆਤ ਨਾ ਕਰਨੀ ਪਵੇ। ਪੁਜਾਰਾ ਤੋਂ ਪੁੱਛਿਆ ਗਿਆ ਕਿ ਕੀ ਪਾਰੀ ਖ਼ਤਮ ਐਲਾਨਣ ਦਾ ਸਮਾਂ ਸਹੀ ਸੀ, ਉਸ ਨੇ ਕਿਹਾ, ‘‘ਹਾਂ ਅਜਿਹਾ ਸੀ ਕਿਉਂਕਿ ਅਸੀਂ ਚਹੁੰਦੇ ਸੀ ਕਿ ਪੰਜਵੇਂ ਦਿਨ ਦੇ ਸ਼ੁਰੂ ਵਿੱਚ ਗੇਂਦ ਠੋਸ ਹੀ ਰਹੇ। ਤੁਸੀਂ ਗੇਂਦ ਨਰਮ ਹੋਣ ਕਾਰਨ ਜ਼ਿਆਦਾ ਓਵਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਬੱਲੇਬਾਜ਼ੀ ਕਰਨਾ ਥੋੜ੍ਹਾ ਆਸਾਨ ਹੋ ਜਾਂਦਾ ਹੈ।’’ ਉਸ ਨੇ ਕਿਹਾ, ‘‘ਅਸੀਂ ਅੱਜ (ਡੀਨ ਐਲਗਰ) ਅਹਿਮ ਵਿਕਟ ਲਈ। ਇਸ ਲਈ ਟੀਮ ਵਜੋਂ ਅੱਜ ਦੀ ਖੇਡ ਤੋਂ ਅਸੀਂ ਖ਼ੁਸ਼ ਹਾਂ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All