ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ

ਸੰਦੀਪ ਕੰਬੋਜ

ਭਾਰਤ ਸਕਾਊਟ ਐਂਡ ਗਾਈਡਜ਼ ਵੱਲੋਂ ਦੇਸ਼ ਦੇ ਸਾਰੇ ਰਾਜਾਂ ਵਿਚ ਸਕਾਊਟ ਐਂਡ ਗਾਈਡਜ਼ ਦੀਆਂ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ। ਹਰ ਰਾਜ ਵਿਚ ਸਕਾਊਟ ਅਤੇ ਗਾਈਡਜ਼ ਦੀਆਂ ਸਰਗਰਮੀਆਂ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਦੀ ਦੇਖ ਰੇਖ ਹੇਠ ਹੁੰਦੀਆਂ ਹਨ। ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਵਿਚ ਸਕਾਊਟਿੰਗ ਲਹਿਰ ਦਾ ਪ੍ਰਧਾਨ ਹੁੰਦਾ ਹੈ। ਹਰ ਜ਼ਿਲ੍ਹੇ ਵਿਚ ਇਕ ਸਕਾਊਟ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਸਕਾਊਟ/ਗਾਈਡਜ਼ ਨਿਯੁਕਤ ਕੀਤੇ ਜਾਂਦੇ ਹਨ। ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਵੱਲੋਂ ਵੱਖ ਵੱਖ ਸਕੂਲਾਂ ਵਿਚ ਸਕਾਊਟਿੰਗ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਵਿਦਿਆਰਥੀਆਂ ਦੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ, ਜਿਸ ਵਿਚ ਪ੍ਰਾਰਥਨਾ, ਗੰਢਾਂ ਲਗਾਉਣੀਆਂ, ਸਕਾਊਟਸ, ਗਾਈਡਜ਼ ਨਿਯਮ ਬਾਰੇ ਵਿਸਥਾਰ ਵਿਚ ਦੱਸਿਆ ਜਾਂਦਾ ਹੈ। ਸਕਾਊਟਸ ਗਾਈਡਜ਼ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ, ਅਨੁਸ਼ਾਸਨ, ਦੇਸ਼ ਪਿਆਰ, ਸਵੈ-ਰੱਖਿਆ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਨ੍ਹਾਂ ਕੈਂਪਾਂ ਵਿਚ ਸਕਾਊਟਸ/ਗਾਈਡਜ਼ ਵੱਲੋਂ ਤੰਬੂ ਲਗਾਉਣ ਅਤੇ ਹੱਥੀ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪ੍ਰਾਇਮਰੀ ਵਿੰਗ ਵਿਚ 5 ਤੋਂ ਲੈ ਕੇ 10 ਸਾਲ ਵਾਲੇ ਵਿਦਿਆਰਥੀਆਂ ਆਉਂਦੇ ਹਨ, ਜਿਸ ਵਿਚ ਮੁੰਡਿਆਂ ਨੂੰ ਕੱਬ ਅਤੇ ਕੁੜੀਆਂ ਨੂੰ ਬੁਲਬੁਲ ਕਿਹਾ ਜਾਂਦਾ ਹੈ। ਇਸ ਤੋਂ ਬਾਅਦ 11 ਤੋਂ 17 ਸਾਲ ਦੇ ਵਿਦਿਆਰਥੀਆਂ ਲਈ ਤੀਜਾ ਸੋਪਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਲੜਕਿਆਂ ਨੂੰ ਸਕਾਊਟ ਅਤੇ ਕੁੜੀਆਂ ਨੂੰ ਗਾਈਡਜ਼ ਕਿਹਾ ਜਾਂਦਾ ਹੈ।

ਸੰਦੀਪ ਕੰਬੋਜ

ਇਸ ਕੈਂਪ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਲਈ ਰਾਜ ਪੁਰਸਕਾਰ ਟੈਸਟਿੰਗ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਰਾਜ ਪੁਰਸਕਾਰ ਦਿੱਤਾ ਜਾਂਦਾ ਹੈ। ਰਾਜ ਪੁਰਸਕਾਰ ਤੋਂ ਬਾਅਦ ਸਕਾਊਟ ਐਂਡ ਗਾਈਡਜ਼ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਬਾਅਦ 17 ਤੋਂ 25 ਸਾਲ ਉਮਰ ਵਾਲੇ ਵਿਦਿਆਰਥੀਆਂ ਦਾ ਕੈਂਪ ਲਗਾਇਆ ਜਾਂਦਾ ਹੈ, ਜਿਸ ਨੂੰ ਰੋਵਰ ਰੇਜਰ ਕਿਹਾ ਜਾਂਦਾ ਹੈ। ਇਸ ਪਿੱਛੋਂ ਇਨ੍ਹਾਂ ਵਿਦਿਆਰਥੀਆਂ ਦਾ ਮੁਹਾਰਤ ਕੈਂਪ ਲਗਾਇਆ ਜਾਂਦਾ ਹੈ, ਉਸ ਤੋਂ ਬਾਅਦ ਰਾਜ ਪੁਰਸਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਰਾਜ ਪੁਰਸਕਾਰ ਤੋਂ ਬਾਅਦ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਰੇਲਵੇ ਵਿਚ ਭਰਤੀ ਹੋਣ ਲਈ ਸਕਾਊਟ ਕੋਟੇ ਦੀਆਂ ਰਾਖਵੀਆਂ ਸੀਟਾਂ ਲਈ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਸਕਾਊਟ ਐਂਡ ਗਾਈਡਜ਼ ਵਿਚ ਬੇਸਿਕ ਕੋਰਸ, ਐਂਡਵਾਂਸ ਕੋਰਸ ਅਤੇ ਹਿਮਾਲਿਆ ਵੁੱਡ ਬੈਜ ਪ੍ਰਾਪਤ ਕਰਕੇ ਵੀ ਰੇਲਵੇ ਵਿਚ ਸਕਾਊਟ ਕੋਟੇ ਦੀਆਂ ਰਾਖਵੀਆਂ ਸੀਟਾਂ ਵਿਚ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਸਕਾਊਟ/ਗਾਈਡ ਪ੍ਰੈਜ਼ੀਡੈਂਟ ਪੁਰਸਕਾਰ ਪ੍ਰਾਪਤ ਕਰੇ ਤਾਂ ਜੋ ਕਈ ਸਟੇਟਾਂ ਵਿਚ ਪ੍ਰੈਜ਼ੀਡੈਂਟ ਸਕਾਊਟ/ ਗਾਈਡ ਲਈ ਜੋ ਮੈਡੀਕਲ ਜਾਂ ਇੰਜਨੀਅਰਿੰਗ ਕਾਲਜਾਂ ਵਿਚ ਰਾਖਵੀਆਂ ਸੀਟਾਂ ਹਨ, ਉਹ ਟੈਸਟ ਪਾਸ ਕਰਕੇ ਦਾਖ਼ਲਾ ਲੈ ਸਕਣ। ਪੰਜਾਬ ਵਿਚ ਸਕਾਊਟਿੰਗ ਲਹਿਰ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਉਂਕਾਰ ਸਿੰਘ ਚੀਮਾ ਦੀ ਅਗਵਾਈ ਹੇਠ ਚੱਲ ਰਹੀ ਹੈ। ਸਕਾਊਟਿੰਗ ਲਹਿਰ ਦੀ ਬੁਨਿਆਦ ਨੈਤਿਕਤਾ, ਈਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ। ਨੌਜਵਾਨਾਂ ਵਿਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਹੌਸਲੇ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ, ਤਾਂ ਕਿ ਉਹ ਸੰਸਾਰ ਵਿਚ ਇਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ ‘ਤੇ ਵਿਚਰ ਸਕਣ। ਸਕਾਊਟਿੰਗ ਸਰਗਰਮੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ ‘ਤੇ ਵਿਕਸਿਤ ਕਰ ਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿਚ ਸਹਾਈ ਹੁੰਦੀਆਂ ਹਨ। ਸਕਾਊਟਿੰਗ ਦੇ ਨੌਂ ਨਿਯਮ ਹੁੰਦੇ ਹਨ – ਸਕਾਊਟ ਭਰੋਸੇਯੋਗ ਹੁੰਦਾ ਹੈ, ਵਫ਼ਾਦਾਰ ਹੁੰਦਾ ਹੈ, ਸਾਰਿਆਂ ਦਾ ਮਿੱਤਰ ਅਤੇ ਹਰ ਦੂਜੇ ਸਕਾਊਟ/ਗਾਈਡ ਦੇ ਭਰਾ-ਭੈਣ ਹੁੰਦੇ ਹਨ, ਮਿੱਠਬੋਲੜਾ ਹੁੰਦਾ ਹੈ, ਜੀਵ-ਜੰਤੂਆਂ ਦਾ ਮਿੱਤਰ ਅਤੇ ਕੁਦਰਤ ਨੂੰ ਪਿਆਰ ਕਰਦਾ ਹੈ, ਅਨੁਸ਼ਾਸਨ ਵਿਚ ਰਹਿੰਦਾ ਹੈ ਤੇ ਜਨਤਕ ਜਾਇਦਾਦ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ, ਬਹਾਦਰ ਹੁੰਦਾ ਹੈ, ਸੰਜਮੀ ਹੁੰਦਾ ਹੈ ਅਤੇ ਮਨ, ਵਚਨ ਤੇ ਕਰਮ ਤੋਂ ਸ਼ੁੱਧ ਹੁੰਦਾ ਹੈ। ਸਕਾਊਟਿੰਗ ਦਾ ਜਨਮ ਲਗਪਗ 109 ਸਾਲ ਪਹਿਲਾਂ ਇੰਗਲੈਂਡ ਵਿਚ ਹੋਇਆ। ਇਸ ਲਹਿਰ ਦਾ ਮੋਢੀ ਰਾਬਰਟ ਬੇਡਿਨ ਪਾਵਲ ਨੂੰ ਮੰਨਿਆ ਜਾਂਦਾ ਹੈ, ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਦੇ ਜਨਮ ਦਿਨ 22 ਫਰਵਰੀ ਨੂੰ ਕੌਮਾਂਤਰੀ ਪੱਧਰ ‘ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਵੱਲੋਂ ਸਥਾਪਿਤ ਕੀਤੀ ਸਕਾਊਟਿੰਗ ਲਹਿਰ ਅੱਜ ਵੀ ਦੁਨੀਆਂ ਦੇ ਲਗਪਗ 165 ਦੇਸ਼ਾਂ ਵਿਚ ਚੱਲ ਰਹੀ ਹੈ ਅਤੇ 3.20 ਕਰੋੜਾਂ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ। ਰਾਬਰਟ ਬੇਡਿਨ ਪਾਵਲ, ਪੂਰਾ ਨਾਂ ਰਾਬਰਟ ਸਟੀਫਨਸਨ ਸਮਿੱਥ ਬੇਡਿਨ ਪਾਵਲ (22 ਫਰਵਰੀ, 1857) ਦਾ ਜਨਮ ਲੰਡਨ ਵਿਚ ਹੋਇਆ, ਜੋ ਸਬ-ਲੈਫਟੀਨੈਂਟ ਚੁਣੇ ਗਏ। ਉਨ੍ਹਾਂ ਦੀ ਨਿਯੁਕਤੀ ਭਾਰਤ ਵਿਚ ਲਖਨਊ ਵਿਖੇ ਹੋਈ। ਉਹ ਸਖ਼ਤ ਮਿਹਨਤੀ ਹੋਣ ਕਾਰਨ 1883 ਵਿਚ 26 ਸਾਲ ਦੀ ਉਮਰ ਵਿਚ ਕੈਪਟਨ ਬਣ ਗਏ। 1901 ਤੋਂ ਲੈ ਕੇ 1910 ਤਕ ਰਾਬਰਟ ਬੇਡਿਨ ਪਾਵਲ ਇੰਗਲੈਂਡ ਰਹੇ। ਇਸ ਦੌਰਾਨ ਉਨ੍ਹਾਂ 5 ਤੋਂ 25 ਸਾਲ ਦੇ ਲੜਕੇ-ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਸਕਾਊਟਿੰਗ ਤੇ ਗਾਈਡਿੰਗ ਲਹਿਰ ਚਲਾਈ। ਸਕਾਊਟਿੰਗ ਵਿਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਜੁਗਤ ਨਾਲ ਕਰਨ ਵਿਚ ਨਿਪੁੰਨ ਹੋ ਜਾਂਦੇ ਹਨ। ਸਕਾਊਟ ਮਿਲਟਰੀ ਦਾ ਸ਼ਬਦ ਹੈ। ਮਿਲਟਰੀ ਵਿਚ ਸਕਾਊਟ ਦਾ ਕੰਮ ਦੁਸ਼ਮਣ ਦਾ ਭੇਤ ਹਾਸਲ ਕਰਨਾ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਵਾਸਤੇ ਸ਼ਾਂਤੀ ਦੇ ਸਕਾਊਟ ਬਣਾਉਣ ਬਾਰੇ ਸੋਚਿਆ। ਮੇਫਕਿੰਗ ਕੈਡਿਟ ਕੋਰ ਦੀ ਕਾਰਗੁਜ਼ਾਰੀ ਤੋਂ ਬਾਅਦ ਉਨ੍ਹਾਂ ਦੇ ਦਿਮਾਗ਼ ਵਿਚ ਇਹ ਵਿਚਾਰ ਭਾਰੂ ਹੋ ਗਏ ਕਿ ਨੌਜਵਾਨਾਂ ਵਿਚ ਅਥਾਹ ਸ਼ਕਤੀ ਹੁੰਦੀ ਹੈ। ਇਹ ਹਰ ਕੰਮ ਕਰ ਸਕਦੇ ਹਨ ਜੇ ਇਨ੍ਹਾਂ ਨੂੰ ਸਹੀ ਸਮੇਂ ’ਤੇ ਸਹੀ ਪ੍ਰੋਗਰਾਮ ਦਿੱਤਾ ਜਾਵੇ। ਉਹ ਨੌਜਵਾਨਾਂ ਵਿਚ ਅਜਿਹੇ ਗੁਣ ਭਰਨਾ ਚਾਹੁੰਦੇ ਸਨ ਕਿ ਨੌਜਵਾਨ ਦੇਸ਼ ਦੀ ਤਰੱਕੀ ਵਾਸਤੇ ਮੁੱਢਲੀ ਕਤਾਰ ਵਿਚ ਰਹਿਣ। ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਆਪਣੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ, ਡਾਕਟਰ ਤੋਂ ਕਿਵੇਂ ਦੂਰ ਰਹਿਣਾ ਹੈ। ਛੋਟੇ-ਛੋਟੇ ਚਿੰਨ੍ਹਾਂ ਅਤੇ ਪਦਚਿੰਨ੍ਹਾਂ ਤੋਂ ਕਿਵੇਂ ਨਤੀਜੇ ਕੱਢਣੇ ਹਨ। ਹਿੰਮਤ ਤੇ ਸਾਹਸ ਵਰਗੇ ਗੁਣ ਜਜ਼ਬ ਕਰਕੇ ਦੂਜਿਆਂ ਦੀ ਭਲਾਈ ਲਈ ਹਰ ਵਕਤ ਤਿਆਰ-ਬਰ-ਤਿਆਰ ਰਹਿਣਾ ਹੈ। ਇਸ ਕਾਰਜ ਲਈ ਉਨ੍ਹਾਂ 29 ਜੁਲਾਈ ਤੋਂ 9 ਅਗਸਤ, 1907 ਤਕ ਇੰਗਲਿਸ਼ ਚੈਨਲ ਵਿਚ ਸਥਿਤ ਬਰਾਊਨ ਸੀ ਟਾਪੂ ਵਿਚ 20 ਬੱਚਿਆਂ ਦਾ ਇੱਕ ਟੈਸਟਿੰਗ ਕੈਂਪ ਲਾਇਆ। ਕੈਂਪ ਦੌਰਾਨ ਦੇਖਿਆ ਕਿ ਬੱਚਿਆਂ ਵਿਚ ਸਵੈ-ਅਨੁਸ਼ਾਸਨ, ਆਤਮ-ਵਿਸ਼ਵਾਸ ਆਦਿ ਵਰਗੇ ਗੁਣ ਪੈਦਾ ਹੋਏ। ਅਪਰੈਲ 1908 ਵਿਚ ਸਕਾਊਟਿੰਗ ਫਾਰ ਬੁਆਏਜ਼ ਕਿਤਾਬ ਲਿਖੀ, ਜਿਹੜੀ ਪੰਜ ਵਾਰ ਛਾਪਣੀ ਪਈ। 1909 ਵਿਚ ਕ੍ਰਿਸਟਲ ਪੈਲੇਸ ਵਿਚ ਰੈਲੀ ਕੀਤੀ ਗਈ ਜਿਸ ਵਿਚ 9000 ਸਕਾਊਟਸ ਨੇ ਭਾਗ ਲਿਆ। ਲੜਕੀਆਂ ਵਾਸਤੇ ਮਿਸ ਐਗਨੇਸ ਦੀ ਅਗਵਾਈ ਵਿਚ ਗਰਲ ਗਾਈਡ ਸ਼ੁਰੂ ਕੀਤੀ। ਇਸ ਤਰ੍ਹਾਂ ਸਕਾਊਟ ਲਹਿਰ ਦਾ ਆਰੰਭ ਹੋਇਆ।

*ਲੇਖਕ ਸਕਾਊਟ ਮਾਸਟਰ ਹੈ। ਪਿੰਡ ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। -ਸੰਪਰਕ: 98594-00002

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All