ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਖਿੱਚ ਕਿਉਂ ?

ਡਾ. ਸ਼ਿਆਮ ਸੁੰਦਰ ਦੀਪਤੀ

ਪਿੰਡ-ਸ਼ਹਿਰ ਸੂਬੇ ਜਾਂ ਦੇਸ਼ ਦੇਸ਼ ਛੱਡ ਕੇ ਦੂਰ-ਦਰਾਜ ਵਸ ਜਾਣਾ ਕੋਈ ਨਵੀਂ ਪ੍ਰਵਿਰਤੀ ਨਹੀਂ ਹੈ। ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਰਵਾਸ ਪੰਛੀ ਵੀ ਕਰਦੇ ਹਨ ਤੇ ਜਾਨਵਰ ਵੀ। ਪਰਵਾਸ ਆਪਣੇ ਆਪ ਨੂੰ ਜਿਊਂਦਾ ਰੱਖਣ ਜਾਂ ਬਚਾ ਕੇ ਰੱਖਣ ਦੀ ਜੀਵ ਦੀ ਤੀਬਰ ਇੱਛਾ ਦਾ ਪ੍ਰਗਟਾਵਾ ਹੈ। ਮਨੁੱਖ ਸਾਰੇ ਜੀਵਾਂ ਵਿਚੋਂ ਸੁਚੇਤ ਹੋਣ ਦੇ ਨਾਤੇ, ਸਿਰਫ਼ ਮੂਲ ਜ਼ਰੂਰਤਾਂ ਕਾਰਨ ਹੀ ਨਹੀਂ, ਸਗੋਂ ਵਧੀਆ ਜ਼ਿੰਦਗੀ ਜਿਊਣ ਦੀ ਲਾਲਸਾ ਕਰਕੇ ਵੀ ਪਰਵਾਸ ਦਾ ਫ਼ੈਸਲਾ ਕਰਦਾ ਹੈ। ਉਂਜ, ਵੀ ਮਨੁੱਖ ਦੀ ਫਿਤਰਤ ਵਿਚ ਜਿਗਿਆਸਾ ਅਤੇ ਤਲਾਸ਼ ਦੋ ਹੋਰ ਗੁਣ ਹਨ, ਜਿਨ੍ਹਾਂ ਦਾ ਇਸ ਦਿਸ਼ਾ ਵਿਚ ਵੱਡਾ ਯੋਗਦਾਨ ਹੈ। ਪਰਵਾਸ ਦੀ ਪ੍ਰਵਿਰਤੀ ਸਾਰੀ ਦੁਨੀਆਂ ਦਾ ਵਰਤਾਰਾ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਮੁਤਾਬਿਕ ਤਕਰੀਬਨ 25 ਕਰੋੜ ਲੋਕ ਆਪਣੀ ਜਨਮ ਭੂਮੀ ਛੱਡ ਕੇ ਹੋਰ ਮੁਲਕਾਂ ਵਿਚ ਰਹਿੰਦੇ ਹਨ। ਇਨ੍ਹਾਂ ਪਰਵਾਸੀਆਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ, ਜਿਸ ਦੇ 17.7 ਕਰੋੜ ਲੋਕ ਦੇਸ਼ ਤੋਂ ਬਾਹਰ ਵਸੇ ਹਨ। ਉਸ ਤੋਂ ਬਾਅਦ ਮੈਕਸਿਕੋ, ਰੂਸ, ਚੀਨ, ਬੰਗਲਾਦੇਸ਼ ਤੇ ਪਾਕਿਸਤਾਨ ਆਉਂਦੇ ਹਨ। ਭਾਰਤ ਵਿਚੋਂ ਕੇਰਲਾ ਅਤੇ ਪੰਜਾਬ ਇਸ ਪੱਖ ਤੋਂ ਮੋਹਰੀ ਹਨ, ਪਰ ਕੇਰਲਾ ਅਤੇ ਪੰਜਾਬ ਦੇ ਪਰਵਾਸ ਵਿਚ ਫ਼ਰਕ ਹੈ। ਪੰਜਾਬ ਦੇ ਲੋਕ, ਪੱਕੇ ਤੌਰ ’ਤੇ ਵਸਣ ਨੂੰ ਤਰਜੀਹ ਦਿੰਦੇ ਹਨ। ਆਮ ਤੌਰ ’ਤੇ ਬਹੁ-ਗਿਣਤੀ ਲੋਕਾਂ ਲਈ ਆਪਣੀ ਜਨਮ ਭੂਮੀ, ਆਪਣੇ ਲੋਕ ਅਤੇ ਸੱਭਿਆਚਾਰ ਛੱਡ ਕੇ ਨਵੀਂ ਥਾਂ ’ਤੇ ਵੱਸਣਾ ਕਿਸੇ ਵੀ ਤਰ੍ਹਾਂ ਪਹਿਲੀ ਪਸੰਦ ਨਹੀਂ ਹੁੰਦੀ। ਇਹ ਤਾਂ ਮਜਬੂਰੀ ਵਿਚੋਂ ਪੈਦਾ ਹੋਇਆ ਵਰਤਾਰਾ ਹੈ। ਸਭ ਤੋਂ ਪ੍ਰਮੁੱਖ ਕਾਰਨ ਆਰਥਿਕ ਹੈ, ਇੱਥੇ ਏਨੀ ਕੁ ਵੀ ਦਿਹਾੜੀ ਨਹੀਂ ਮਿਲਦੀ ਕਿ ਆਪਣਾ ਢਿੱਡ ਹੀ ਭਰਿਆ ਜਾ ਸਕੇ। ਇਹ ਪਰਵਾਸ ਭਾਵੇਂ ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਸ਼ਹਿਰਾਂ ਤੋਂ ਮਹਾਂਨਗਰਾਂ ਵੱਲ ਦਾ ਹੋਵੇ। ਅਜੋਕੇ ਦ੍ਰਿਸ਼ ਵਿਚ ਇਹ ਪਹਿਲੂ ਬਹੁਤ ਅਹਿਮ ਹੈ, ਜਦੋਂ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਭਰ ਵਿਚ ਹੀ ਰੁਜ਼ਗਾਰ ਦੀ ਸਥਿਤੀ ਨਿਰਾਸ਼ਾਜਨਕ ਹੈ। ਸਰਕਾਰਾਂ ਦੇ ਚੋਣ ਵਾਅਦਿਆਂ ਵਿਚ ਇਹ ਪੱਖ ਲੁਭਾਵਨੇ ਜਾਪਦੇ ਹਨ, ਪਰ ਜ਼ਮੀਨੀ ਪੱਧਰ ’ਤੇ ਲੋਕਾਂ ਹੱਥ ਕੁਝ ਨਹੀਂ ਲੱਗਦਾ। ਪਿਛਲੇ ਦੋ ਦਹਾਕਿਆਂ ਤੋਂ ਵਿਸ਼ੇਸ਼ ਕਰਕੇ ਚਾਰ ਸਾਲਾਂ ਤੋਂ, ਨਿੱਜੀਕਰਨ ਵੱਲ ਵੱਧ ਝੁਕਾਅ ਕਾਰਨ ਸਰਕਾਰ ਲੋਕਾਂ ਨੂੰ ਨਾ ਦੇ ਬਰਾਬਰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਪ੍ਰਾਈਵੇਟ ਖੇਤਰ ਨੂੰ ਮਨਮਰਜ਼ੀਆਂ ਕਰਨ ਦੀ ਖੁੱਲ੍ਹ ਹੈ ਤੇ ਉਹ ‘ਹਾਇਰ ਐਂਡ ਫਾਇਰ’ ਭਾਵ ਮਰਜ਼ੀ ਨਾਲ ਰੱਖੋ ਦੀ ਨੀਤੀ ਤਹਿਤ ਕਾਰਜ ਕਰ ਰਹੇ ਹਨ। ਸਰਕਾਰ ਦਾ ਉਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਨਿਯਮ ਲਾਗੂ ਨਹੀਂ ਹੋ ਰਿਹਾ, ਜਿਸ ਨੂੰ ਸਰਕਾਰ ‘ਕਾਰੋਬਾਰ ਵਿਚ ਅਸਾਨੀ’ ਕਹਿ ਰਹੀ ਹੈ। ਇਸ ਦਾ ਦੂਜਾ ਪੱਖ, ਸਥਿਤੀ ਨੂੰ ਸਪਸ਼ਟ ਕਰਨ ਲਈ ਕਾਫ਼ੀ ਹੈ ਕਿ ਦੇਸ਼ ਅਤੇ ਪੰਜਾਬ ਵਿਚ ਖ਼ਾਸ ਕਰ ਕੇ, ਵਿਦੇਸ਼ ਭੇਜਣ ਵਾਲੇ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦੀ ਭਰਮਾਰ ਹੈ। ਲੱਗਦਾ ਹੈ ਕਿ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਤੇ ਇਨ੍ਹਾਂ ਸੈਂਟਰਾਂ ਵਿਚ ਵੱਧ। ਇਕ ਛੋਟੇ ਜਿਹੇ ਕਸਬੇ ਵਿਚ ਅੱਠ-ਦਸ ਆਈਲੈਟਸ ਸੈਂਟਰਾਂ ਦਾ ਹੋਣਾ ਮਾਮੂਲੀ ਗੱਲ ਹੈ, ਜਦੋਂਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਤਾਂ ਇਹ ਸੈਂਕੜਿਆਂ ਦੀ ਗਿਣਤੀ ਵਿਚ ਹਨ। ਇਕ ਅੰਦਾਜ਼ੇ ਮੁਤਾਬਿਕ ਇਕੱਲੇ ਪੰਜਾਬ ਤੋਂ ਕਰੀਬ ਡੇਢ ਤੋਂ ਦੋ ਲੱਖ ਨੌਜਵਾਨ ਹਰ ਸਾਲ ਪਰਵਾਸ ਕਰ ਰਹੇ ਹਨ। ਪੰਜਾਬੀ ਨੌਜਵਾਨ ਭਾਵੇਂ ਪੜ੍ਹਾਈ ਦੇ ਨਾਂ ’ਤੇ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈ ਕੇ ਜਾਂਦੇ ਹਨ, ਪਰ ਕਿਸੇ ਵੀ ਨੌਜਵਾਨ ਦੇ ਮਨ ਵਿਚ ਭੋਰਾ ਨਹੀਂ ਹੁੰਦਾ ਕਿ ਉਹ ਉੱਚ ਸਿਖਿਆ ਹਾਸਲ ਕਰਕੇ ਆਪਣੇ ਦੇਸ਼ ਪਰਤੇਗਾ। ਉਨ੍ਹਾਂ ਦੇਸ਼ਾਂ ਦੀ ਨੀਤੀ ਵਿਚ ਵੀ ਇਨ੍ਹਾਂ ਨੂੰ ਪੜ੍ਹਾਉਣ ਤੋਂ ਵੱਧ, ਉਥੇ ਕੰਮ ਵਿਚ ਲਾਉਣ ਦੀ ਚਾਹਤ ਵੱਧ ਹੈ। ਪੱਚੀ ਤੋਂ ਤੀਹ ਲੱਖ ਰੁਪਏ ਦੂਜੇ ਦੇਸ਼ ਨੂੰ ਦੇ ਕੇ ਪੜ੍ਹਨ ਗਿਆ ਨੌਜਵਾਨ ਉਨ੍ਹਾਂ ਦੇ ਸੱਟਡੀ ਵੀਜ਼ੇ ’ਤੇ ਹੁੰਦਿਆਂ ਹਫ਼ਤੇ ਵਿਚ ਵੀਹ ਘੰਟੇ ਕੰਮ ਕਰ ਸਕਦਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਬਾਅਦ ਜੌਬ ਸਰਚ ਵੀਜ਼ੇ ਜਾਂ ਵਰਕ ਵੀਜ਼ੇ ਰਾਹੀਂ ਉਸ ਤੋਂ 10-15 ਸਾਲ ਕੰਮ ਲਿਆ ਜਾਂਦਾ ਹੈ ਤੇ ਫਿਰ ਕਿਸੇ ਕਾਰੋਬਾਰੀ ਦੀ ਸਿਫਾਰਸ਼ੀ ਚਿੱਠੀ ਨਾਲ ਪੱਕਾ ਕਰਨ ਦੀ ਗੱਲ ਤੁਰਦੀ ਹੈ। ਇਕ ਅਨੁਮਾਨ ਮੁਤਾਬਿਕ ਪੰਜਾਬ ਵਿੱਚੋਂ ਪਰਵਾਸ ਕਰਨ ਵਾਲਿਆਂ ’ਚੋਂ 81 ਫ਼ੀਸਦੀ ਨੌਜਵਾਨ ਪੇਂਡੂ ਖੇਤਰਾਂ ਤੋਂ ਹਨ। ਨਿਸ਼ਚਿਤ ਹੀ ਇਹ ਉਹ ਲੋਕ ਹਨ, ਜਿਨਾਂ ਕੋਲ ਦੋ-ਚਾਰ ਕਿੱਲੇ ਜ਼ਮੀਨ ਹੈ ਤੇ ਉਸ ਨੂੰ ਵੇਚ ਜਾਂ ਗਹਿਣੇ ਰੱਖ ਕੇ ਲੋਕ ਪੈਸਿਆਂ ਦਾ ਬੰਦੋਬਸਤ ਕਰਦੇ ਹਨ। ਏਜੰਟ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਦਫ਼ਤਰ ਵਿਚ ਬੈਠਿਆਂ ਹੀ ਪੱਕਾ ਕਰ ਦਿੰਦੇ ਹਨ ਤੇ ਪਹੁੰਚਦੇ ਸਾਰ ਹੀ ਡਾਲਰ ਭੇਜਣ ਦੀ ਗਰੰਟੀ ਦੇ ਦਿੰਦੇ ਹਨ, ਪਰ ਹਕੀਕਤ ਹੋਰ ਹੈ। ਇਕ ਇੱਛਾ ਹਰ ਮਾਂ-ਬਾਪ ਦੀ ਹੁੰਦੀ ਹੈ ਕਿ ਬੱਚੇ ਉਨ੍ਹਾਂ ਕੋਲ ਹੀ ਰਹਿਣ। ਹੁਣ ਤਾਂ ਖ਼ਾਸ ਤੌਰ ’ਤੇ ਇਕਹਿਰੇ ਪਰਿਵਾਰ ਹਨ, ਪਰ ਮਾਂ-ਪਿਉ ਖ਼ੁਦ ਇਹ ਕਹਿਣ ਲਈ ਮਜਬੂਰ ਹਨ ਕਿ ਬਾਹਰ ਚਲਾ ਜਾ। ਇਸ ਤਰ੍ਹਾਂ ਦੇ ਹਾਲਾਤ ਇਸ ਕਰਕੇ ਬਣੇ ਹਨ ਕਿ ਸਿੱਖਿਆ ਪ੍ਰਬੰਧ ਦੀ ਬੁਰੀ ਹਾਲਤ ਹੈ ਤੇ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ। ਇਸ ਲਈ ਮਾਪੇ ਬੱਚਿਆਂ ਤੋਂ ਦੂਰੀ ਬਰਦਾਸ਼ਤ ਕਰ ਲੈਂਦੇ ਹਨ। ਇਸੇ ਤਰ੍ਹਾਂ ਮਨੁੱਖੀ ਮਾਨਸਿਕਤਾ ਵਿਚ ਵਧੀਆ ਜ਼ਿੰਦਗੀ ਦੀ, ਸੁਖੀ ਤੇ ਸ਼ਾਂਤਮਈ ਜ਼ਿੰਦਗੀ ਜਿਊਣ ਦੀ ਤਾਂਘ ਵੀ ਪਰਵਾਸ ਦਾ ਕਾਰਨ ਹੈ। ਚੰਗੇ-ਭਲੇ, ਵਧੀਆ ਕਰੋਬਾਰ ਦੇ ਚੱਲਦਿਆਂ ਠੀਕ-ਠਾਕ ਜ਼ਮੀਨਾਂ ਹੁੰਦਿਆਂ ਵੀ ਨੌਜਵਾਨ ਵਿਦੇਸ਼ਾਂ ਵੱਲ ਜਾਣ ’ਚ ਦਿਲਚਸਪੀ ਦਿਖਾਉਂਦੇ ਹਨ। ਇਸ ਦਾ ਕਾਰਨ ਆਪਣੇ ਦੇਸ਼-ਪ੍ਰਦੇਸ਼ ਦਾ ਅਣਸੁਖਾਵਾਂ ਮਾਹੌਲ ਹੈ, ਜਿੱਥੇ ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾ ਨਹੀਂ ਹੁੰਦਾ ਤੇ ਕੰਮ ਕਰਵਾਉਣ ਲਈ ਖੱਜਲ-ਖੁਆਰੀ ਤੇ ਦੇਰੀ ਵੱਖਰੀ ਹੈ। ਆਪਸੀ ਭਾਈਚਾਰੇ ਦੀ ਘਾਟ ਤੇ ਫ਼ਿਰਕਾਪ੍ਰਸਤੀ ਨੇ ਵੀ ਮਾਹੌਲ ਨਾ-ਰਹਿਣਯੋਗ ਬਣਾ ਦਿੱਤਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਵੀ ਜਦੋਂ ਢੁਕਵੀਂ ਨੌਕਰੀ ਜਾਂ ਤਨਖ਼ਾਹ ਨਹੀਂ ਮਿਲਦੀ ਤਾਂ ਉਹ ਵੀ ਕਿਸੇ ਛੋਟੀ-ਮੋਟੀ ਕਾਰੀਗਰੀ ਜਾਂ ਦਿਹਾੜੀ ਲਈ ਬਾਹਰ ਜਾਣ ਨੂੰ ਤਿਆਰ ਹੋ ਜਾਂਦੇ ਹਨ। ਵਿਦੇਸ਼ਾਂ ਵਿਚ ਜਾਣ ਵਾਲਿਆਂ ਵਿਚੋਂ 60 ਫ਼ੀਸਦੀ ਨੌਜਵਾਨ ਸ਼ੁਰੂਆਤੀ ਦਿਨਾਂ ਵਿਚ ਮਜ਼ਦੂਰੀ ਹੀ ਕਰਦੇ ਹਨ ਤੇ 32 ਫ਼ੀਸਦੀ ਖੇਤੀ ਸਬੰਧੀ ਤੇ 7 ਫ਼ੀਸਦੀ ਰੈਸਤਰਾਂ ’ਚ ਕੰਮ ਕਰਦੇ ਹਨ। ਜੇਕਰ ਦੇਸ਼ ਪੱਧਰ ’ਤੇ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਤੋਂ ਉਸਾਰੂ ਕੰਮ ਲੈਣ ਲਈ ਕੋਈ ਠੋਸ ਨੀਤੀ ਨਹੀਂ ਹੈ। ਨੌਜਵਾਨਾਂ ਨੂੰ ‘ਭੀੜਤੰਤਰ’ ਵੱਲ ਲਿਜਾਇਆ ਜਾ ਰਿਹਾ ਹੈ। ਇਹੀ ਕਾਰਨ ਹਨ ਕਿ ਨੌਜਵਾਨ ਪਰਵਾਸ ਨੂੰ ਹੀ ਬਿਹਤਰ ਸਮਝਣ ਲੱਗੇ ਹਨ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All