ਨੈਤਿਕ ਕਦਰਾਂ ਹੀ ਕੰਨਿਆ ਪੂਜਾ

ਲਕਸ਼ਮੀ ਕਾਂਤਾ ਚਾਵਲਾ

ਲਕਸ਼ਮੀਕਾਂਤਾ ਚਾਵਲਾ

ਨਰਾਤੇ ਮਾਤਾ ਦੀ ਅਰਾਧਨਾ ਦਾ ਤਿਉਹਾਰ ਹਨ ਜੋ ਹਰ ਸਾਲ ਪੂਰੇ ਦੇਸ਼ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਸ ਵਾਰ ਵੀ ਉਤਸ਼ਾਹ ਅਤੇ ਸ਼ਰਧਾ ਹੈ, ਪਰ ਕਰੋਨਾ ਵਾਇਰਸ ਦਾ ਕਹਿਰ ਵਧਣ ਕਾਰਨ ਲੋਕ ਘਰਾਂ ਵਿਚ ਹਨ। ਘਰਾਂ ਵਿਚ ਕੰਨਿਆ ਪੂਜਾ ਦੀ ਪੂਰੀ ਤਿਆਰੀ ਹੋ ਰਹੀ ਹੈ। ਇਸ ਦੌਰਾਨ ਰੋਜ਼ਾਨਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਸਾਰੀ ਦੁਨੀਆ ਜਾਣਦੀ ਹੈ ਕਿ ਸਾਡੇ ਮੁਲਕ ਵਿਚ ਮਾਂ ਦੇ ਰੂਪ ਵਿਚ ਔਰਤ ਦੀ ਪੂਜਾ ਹੁੰਦੀ ਹੈ। ਮਾਂ ਨੂੰ ਪਹਿਲੀ ਗੁਰੂ ਅਤੇ ਧੀ ਨੂੰ ਲੱਛਮੀ ਤੇ ਦੁਰਗਾ ਦੇ ਰੂਪ ਵਿਚ ਸਤਿਕਾਰ ਦਿੱਤਾ ਜਾਂਦਾ ਹੈ। ਇਹ ਸਾਡੇ ਮੁਲਕ ਦੇ ਸਭਿਆਚਾਰ ਦਾ ਮਾਣਮੱਤਾ ਪੱਖ ਹੈ, ਪਰ ਅੱਜ ਸਾਡੇ ਸਮਾਜਿਕ ਜੀਵਨ ਵਿਚ ਕੁਝ ਵਿਕਾਰ ਆ ਗਏ ਹਨ। ਇਹ ਬੇਹੱਦ ਦੁਖਦਾਈ ਹਨ। ਇਨ੍ਹਾਂ ਕਾਰਨ ਦੁਨੀਆ ਸਾਹਮਣੇ ਕਈ ਵਾਰ ਸਾਨੂੰ ਸ਼ਰਮ ਨਾਲ ਸਿਰ ਝੁਕਾਉਣਾ ਪਿਆ ਹੈ। ਦੁਨੀਆ ਭਰ ਦੇ ਲੋਕ ਭਾਰਤ ਵਿਚ ਸੈਰ-ਸਪਾਟੇ ਲਈ ਆਉਂਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਭਾਰਤ ਵਿਚ ਧੀਆਂ ਦਾ ਵਿਸ਼ੇਸ਼ ਸਨਮਾਨ ਹੈ, ਪਰ ਜਦੋਂ ਕਿਸੇ ਵਿਦੇਸ਼ੀ ਔਰਤ ਨਾਲ ਅਸ਼ਲੀਲ ਹਰਕਤਾਂ ਜਾਂ ਬਲਾਤਕਾਰ ਦੀ ਖ਼ਬਰ ਆਉਂਦੀ ਹੈ ਤਾਂ ਇਸ ਨਾਲ ਸਾਰਾ ਮੁਲਕ ਬਦਨਾਮ ਹੁੰਦਾ ਹੈ। ਸਾਡੇ ਮੁਲਕ ਇਕ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਕਿਸੇ ਧੀ-ਭੈਣ ਨਾਲ ਜਬਰ-ਜਨਾਹ ਦੀ ਖ਼ਬਰ ਨਾ ਆਵੇ। ਹੁਣ ਤਾਂ ਬਲਾਤਕਾਰੀ ਇੰਨੇ ਜ਼ਾਲਮ ਹੋ ਗਏ ਹਨ ਕਿ ਉਹ ਔਰਤ ਨੂੰ ਬੇਪੱਤ ਕਰਨ ਦੇ ਨਾਲ ਨਾਲ ਕਤਲ ਵੀ ਕਰ ਦਿੰਦੇ ਹਨ। ਖ਼ਬਰ ਮਿਲਦੀ ਹੈ ਕਿ ਇਕ ਮੁਟਿਆਰ ਨੂੰ ਅਗਵਾ ਕਰਕੇ ਕਾਰ ਵਿਚ ਹੀ ਉਸ ਨਾਲ ਸਮੂਹਿਕ ਜਬਰ-ਜਨਾਹ ਕਰਨ ਮਗਰੋਂ ਮੁਲਜ਼ਮ ਉਸ ਨੂੰ ਸੜਕ ਉੱਤੇ ਸੁੱਟ ਗਏ। ਅਜਿਹੀਆਂ ਖ਼ਬਰਾਂ ਦੀਆਂ ਜ਼ਿਆਦਾ ਉਦਾਹਰਣਾਂ ਦੇਣਾ ਜ਼ਰੂਰੀ ਨਹੀਂ ਕਿਉਂਕਿ ਅਜਿਹਾ ਕੁਝ ਸਾਨੂੰ ਨਿੱਤ ਪੜ੍ਹਣ-ਸੁਣਨ ਨੂੰ ਮਿਲਦਾ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੁਲਜ਼ਮਾਂ ਨਾਲ ਤਾਂ ਕੀ ਗਿਲਾ ਕਰੀਏ। ਹਰ ਵਾਰ ਕੁਝ ਦਿਨ ਪੁਲੀਸ ਦੌੜ-ਭੱਜ ਕਰਦੀ ਹੈ, ਅਪਰਾਧੀ ਫੜੇ ਜਾਂਦੇ ਹਨ, ਕਾਨੂੰਨੀ ਪ੍ਰਕਿਰਿਆ ਅਤੇ ਬਹੁਤ ਸਾਰੇ ਕੇਸਾਂ ਵਿਚ ਸਿਫ਼ਾਰਿਸ਼ੀ ਪ੍ਰਕਿਰਿਆ ਵੀ ਚੱਲਦੀ ਹੈ ਅਤੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਜਾਂਦੇ ਹਨ। ਸਵਾਲ ਇਹ ਹੈ ਕਿ ਕਿਸੇ ਖ਼ਾਸ ਘਟਨਾ ਮਗਰੋਂ ਸਖ਼ਤ ਕਾਨੂੰਨ ਬਣਾਉਣ ਦਾ ਐਲਾਨ ਜਾਂ ਨੇਤਾਵਾਂ ਵੱਲੋਂ ਦੁੱਖ ਜ਼ਾਹਰ ਕਰਦੇ ਬਿਆਨਾਂ ਦੀਆਂ ਖ਼ਬਰਾਂ ਕਦੋਂ ਤੱਕ ਪੜ੍ਹਦੇ-ਸੁਣਦੇ ਰਹਾਂਗੇ? ਹਰ ਚੇਤੰਨ ਨਾਗਰਿਕ ਸਾਹਮਣੇ ਇਹ ਸਵਾਲ ਹੈ ਕਿ ਆਖ਼ਰ ਮੁਲਕ ਦਾ ਮਾਹੌਲ ਇੰਨਾ ਵਾਸਨਾਮਈ ਕਿਵੇਂ ਹੋ ਗਿਆ ਜੋ ਹਰ ਸਾਲ ਹਜ਼ਾਰਾਂ ਬੱਚੀਆਂ ਅਤੇ ਮੁਟਿਆਰਾਂ ਬਲਾਤਕਾਰ ਜਿਹੇ ਘਿਨੌਣੇ ਜੁਰਮ ਦਾ ਸ਼ਿਕਾਰ ਹੋ ਰਹੀਆਂ ਹਨ। ਕੀ ਪੁਰਸ਼ਾਂ ਦੀ ਮਾਨਸਿਕਤਾ ਵਿਚ ਬੇਹੱਦ ਵਿਗਾੜ ਆ ਗਿਆ ਹੈ? ਜਿਸ ਦੇਸ਼ ਵਿਚ ਦੂਜੇ ਦੀ ਧੀ, ਭੈਣ ਨੂੰ ਆਪਣੀ ਧੀ, ਭੈਣ ਸਮਝਿਆ ਜਾਂਦਾ ਸੀ; ਜਿੱਥੇ ਭਾਰਤ ਦੀ ਇਕ ਧੀ ਨੂੰ ਅਗਵਾ ਕਰਨ ਵਾਲੇ ਨੂੰ ਖ਼ਾਨਦਾਨ ਸਮੇਤ ਤਬਾਹ ਕਰਨਾ ਹੀ ਮਰਿਆਦਾ ਪੁਰਸ਼ੋਤਮ ਦੀ ਮਰਿਆਦਾ ਮੰਨਿਆ ਜਾਂਦਾ ਹੈ, ਉੱਥੇ ਸਾਡੀ ਮੌਜੂਦਾ ਪੀੜ੍ਹੀ ਕਿਉਂ ਭਟਕ ਗਈ? ਦੋਸ਼ ਇਸ ਦੇਸ਼ ਨੂੰ ਚਲਾਉਣ ਵਾਲਿਆਂ ਦਾ ਵੀ ਹੈ। ਕੌਣ ਨਹੀਂ ਜਾਣਦਾ ਕਿ ਜ਼ਿਆਦਾਤਰ ਅਪਰਾਧ ਸ਼ਰਾਬ ਦੇ ਨਸ਼ੇ ਵਿਚ ਹੋਸ਼ ਗੁਆ ਕੇ ਹੀ ਕੀਤੇ ਜਾਂਦੇ ਹਨ ਅਤੇ ਜ਼ਿਆਦਾਤਰ ਤਿਉਹਾਰ ਤੇ ਖ਼ੁਸ਼ੀ ਦੇ ਮੌਕੇ ਵੀ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ, ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਸ਼ਰਾਬ ਪੀਣ। ਸਰਕਾਰਾਂ ਨੂੰ ਸਰਕਾਰੀ ਖ਼ਜ਼ਾਨਾ ਭਰਨ ਦੀ ਚਿੰਤਾ ਰਹਿੰਦੀ ਹੈ, ਪਰ ਇਸ ਨਾਲ ਸਮਾਜ ਦੀ ਸਿਹਤ ਕਿੰਨੀ ਵਿਗੜੇਗੀ ਅਤੇ ਸੜਕ ਹਾਦਸਿਆਂ ਵਿਚ ਕਿੰਨੇ ਲੋਕ ਮਾਰੇ ਜਾਣਗੇ, ਇਸ ਦੀ ਪਰਵਾਹ ਸੱਤਾ ਦੀਆਂ ਸਿਖਰਾਂ ’ਤੇ ਬੈਠੇ ਅਤੇ ਹਾਦਸਿਆਂ ਮਗਰੋਂ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਹਰਗਿਜ਼ ਨਹੀਂ। ਇਹ ਅਫ਼ਸੋਸਨਾਕ ਖ਼ਬਰਾਂ ਵੀ ਪੜ੍ਹਣ-ਸੁਣਨ ਨੂੰ ਮਿਲਦੀਆਂ ਹਨ ਕਿ ਅੱਧਖੜ ਉਮਰ ਦੀ ਔਰਤ ਨੂੰ ਅਗਵਾ ਕਰ ਕੇ ਸਮੂਹਿਕ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ। ਇਸ ਸਾਰੇ ਸ਼ਰਮਨਾਕ ਅਤੇ ਅਫ਼ਸੋਸਨਾਕ ਕਾਂਡ ਵਿਚ ਸ਼ਰਾਬ ਦਾ ਕਸੂਰ ਜ਼ਿਆਦਾ ਹੈ ਅਤੇ ਸ਼ਰਾਬ ਪਿਲਾਉਣ ਵਾਲਿਆਂ ਦਾ ਤਾਂ ਹੈ ਹੀ। ਸਰਕਾਰ ਦੇ ਨੱਕ ਹੇਠ ਇਸ਼ਤਿਹਾਰਾਂ ਰਾਹੀਂ ਸਮਾਜ ਦਾ ਮਾਹੌਲ ਇੰਨਾ ਵਾਸਨਾਮਈ ਅਤੇ ਵਿਲਾਸਤਾ ਭਰਿਆ ਹੋ ਚੁੱਕਿਆ ਹੈ ਕਿ ਅੱਲ੍ਹੜ ਮਨ ਅਤੇ ਛੋਟੀ ਉਮਰ ਦੇ ਮੁੰਡੇ-ਕੁੜੀਆਂ ਅਜਿਹਾ ਕੁਝ ਵੇਖਦੇ ਹਨ ਤਾਂ ਉਨ੍ਹਾਂ ਦੀਆਂ ਵੀ ਸੁੱਤੀਆਂ ਇੱਛਾਵਾਂ ਜਾਗਦੀਆਂ ਹਨ। ਆਮ ਜੀਵਨ ਵਿਚ ਜੋ ਵਰਜਿਤ ਹੈ, ਉਹ ਸਾਰਾ ਕੁਝ ਸ਼ਰੇਆਮ ਇਨ੍ਹਾਂ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਵਿਖਾਇਆ ਜਾਂਦਾ ਹੈ। ਸਰੀਰ ਦੀ ਭੱਦੀ ਨੁਮਾਇਸ਼ ਕਰਕੇ ਪੈਸਾ ਕਮਾਉਣ ਵਾਲੇ ਤਾਂ ਸੁਰੱਖਿਅਤ ਘਰਾਂ ਵਿਚ ਪਹੁੰਚ ਜਾਂਦੇ ਹਨ। ਦੂਜੇ ਪਾਸੇ ਇਹ ਸਭ ਵੇਖ ਕੇ ਭਟਕਿਆ ਵਰਗ ਆਪਣੀ ਵੱਸੋਂ ਬਾਹਰ ਹੋਈਆਂ ਵਾਸਨਾਵਾਂ ਨੂੰ ਤ੍ਰਿਪਤ ਕਰਨ ਲਈ ਕਿਸੇ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਥਾਣਿਆਂ, ਅਦਾਲਤਾਂ ਅਤੇ ਅੰਤ ਜੇਲ੍ਹਾਂ ਤੱਕ ਪੁੱਜਦਾ ਹੈ। ਦੇਸ਼ ਦੇ ਸ਼ਾਸਕ ਅਤੇ ਮੀਡੀਆ ਘਰਾਣਿਆਂ ਦੇ ਮਾਲਕ ਇੰਨੇ ਸੁਆਰਥੀ ਹੋ ਗਏ ਹਨ ਕਿ ਉਹ ਜਵਾਨ ਪੀੜ੍ਹੀ ਦੇ ਅਪਰਾਧਾਂ ਵੱਲ ਵਧਦੇ ਕਦਮਾਂ ਨੂੰ ਵੇਖਦੇ ਹੋਏ ਵੀ ਵਾਸਨਾ ਫੈਲਾਉਣ ਦੇ ਧੰਦੇ ਨੂੰ ਬੰਦ ਕਰਨ ਨੂੰ ਤਿਆਰ ਨਹੀਂ। ਹਾਲੇ ਵੀ ਮੁਲਕ ਦੇ ਲੱਖਾਂ ਬੱਚੇ ਸਕੂਲ ਕਾਲਜਾਂ ਤੱਕ ਨਹੀਂ ਪਹੁੰਚ ਰਹੇ, ਪਰ ਸਿੱਖਿਆ ਦੇ ਮੰਦਿਰਾਂ ਵਿਚ ਪਹੁੰਚ ਗਏ ਬੱਚਿਆਂ ਨੂੰ ਵੀ ਨੈਤਿਕ ਸਿੱਖਿਆ ਦੇਣ ਦੀ ਕੋਈ ਖ਼ਾਸ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇਕਰ ਸਕੂਲਾਂ ਕਾਲਜਾਂ ਵਿਚ ਸਿੱਖਿਆ ਦੇ ਨਾਲ ਨਾਲ ਸਮਾਜਿਕ ਨੈਤਿਕਤਾ ਨੂੰ ਨਾ ਜੋੜਿਆ ਗਿਆ ਤਾਂ ਅਗਲੀਆਂ ਪੀੜ੍ਹੀਆਂ ਕਿਸ ਰਾਹ ਚਲੀਆਂ ਜਾਣਗੀਆਂ, ਇਸ ਦਾ ਕਿਆਸ ਵੀ ਭਿਆਨਕ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਨਾਰੀ ਦੀ ਪੂਜਾ ਕਰਨ ਵਾਲੇ ਮੁਲਕ ਵਿਚ ਲੱਖਾਂ ਔਰਤਾਂ ਜਿਸਮਫਰੋਸ਼ੀ ਦੇ ਧੰਦੇ ਵਿਚ ਸ਼ਾਮਲ ਹਨ। ਪਾਠ ਪੂਜਾ, ਦਾਨ ਪੁੰਨ ਅਤੇ ਤੀਰਥ ਇਸ਼ਨਾਨ ਕਰਕੇ ਸਵਰਗ ਪ੍ਰਾਪਤੀ ਦਾ ਰਸਤਾ ਵਿਖਾਉਣ ਵਾਲੇ ਇਸ ਮੁਲਕ ਦੇ ਲੱਖਾਂ ਧਰਮ ਗੁਰੂ ਵੀ ਇਨ੍ਹਾਂ ਵਿਚਾਰੀਆਂ ਨੂੰ ਨਰਕ ਤੋਂ ਨਿਜਾਤ ਦਿਵਾਉਣ ਲਈ ਕੁਝ ਨਹੀਂ ਕਰਦੇ। ਅੱਜ ਸਾਰੇ ਦੇਸ਼ਵਾਸੀ ਕੰਨਿਆ ਪੂਜਾ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਬੇਨਤੀ ਅਤੇ ਸਵਾਲ ਵੀ ਹੈ ਕਿ ਅਜਿਹਾ ਸਮਾਜ ਬਣਾਉਣ ਲਈ ਤਰੱਦਦ ਕਿਉਂ ਨਹੀਂ ਕਰਦੇ ਜਿਸ ਵਿਚ ਧੀਆਂ ਭੈਣਾਂ ਦਾ ਸਨਮਾਨ ਬਣਿਆ ਰਹੇ। ਪੁਲੀਸ ਦੇ ਡੰਡੇ ਨੈਤਿਕਤਾ ਦਾ ਪਾਠ ਨਹੀਂ ਪੜ੍ਹਾ ਸਕਦੇ ਸਗੋਂ ਇਸ ਲਈ ਨੈਤਿਕ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All