ਨਹੀਂ ਨਜ਼ਰ ਆਏਗਾ ਹੁਣ ਬਿਜਲੀ ਬੋਰਡ ਦਾ ਪਛਾਣ ਚਿੰਨ੍ਹ

ਸਰਬਜੀਤ ਸਿੰਘ ਭੰਗੂ ਪਟਿਆਲਾ, 15 ਮਈ ਪੰਜਾਬ ਰਾਜ ਬਿਜਲੀ ਬੋਰਡ ਦਾ ਪੁਨਰ ਗਠਨ ਹੋ ਗਿਆ ਹੈ। ਇਸ ਦੀ ਥਾਂ ਦੋ ਨਵੇਂ ਨਿਗਮ ‘ਪਾਵਰਕੌਮ’ ਤੇ ‘ਟ੍ਰਾਂਸਕੋ’ ਹੋਂਦ ਵਿਚ ਆ ਚੁੱਕੇ ਹਨ। ਇਸ ਲਈ ਇਸ ਦਾ ਵਰ੍ਹਿਆਂ ਤੋਂ ਚਲਿਆ ਆ ਰਿਹਾ ‘‘ਲੋਗੋ’’ ਵੀ ਹੁਣ ਨਵੇਂ ਪ੍ਰੋਗਰਾਮਾਂ ਤਹਿਤ ਤਬਦੀਲ ਕੀਤਾ ਜਾਵੇਗਾ। ਇਸ ਲੋਗੋ ਦੀ ਥਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਟ੍ਰਾਂਸਕੋ) ਦੇ ਹੁਣ ਦੋ ਵੱਖੋ -ਵੱਖਰੇ ਲੋਗੋ ਬਣਾਏ ਜਾਣ ਸਬੰਧੀ ਫੈਸਲਾ ਲੈ ਲਿਆ ਗਿਆ ਹੈ। ਇਸ ਬਾਬਤ ਤੱਥਾਂ ਅਨੁਸਾਰ ਪੰਜ ਦਹਾਕੇ ਪਹਿਲਾਂ ਸਥਾਪਤ ਹੋਏ, ਪੰਜਾਬ ਬਿਜਲੀ ਬੋਰਡ ਦੇ ਲੋਗੋ ਦੀ ਹੁਣ ਕਿਸੇ ਨੂੰ ਲੋੜ ਨਹੀਂ ਰਹੀ। ਹੁਣ ਆਧੁਨਿਕ ਪ੍ਰਬੰਧਾਂ ਅਤੇ ਤਕਨਾਲੌਜੀ ਦਾ ਯੁੱਗ ਹੈ, ਪ੍ਰੰਤੂ ਬੋਰਡ ਦੀ ਸਥਾਪਨਾ ਮੌਕੇ ਬਣਾਇਆ ਗਿਆ ਲੋਗੋ ਵੀ ਬੜਾ ਹੀ ਢੁੱਕਵਾਂ ਸੀ।  ਨਿਵੇਕਲੇ ਢੰਗ ਨਾਲ ਬਣਾਏ ਲੋਗੋ ਵਿਚ ਬਿਜਲੀ ਦੀਆਂ ਤਾਰਾਂ ਅਤੇ ਪਾਈਪਾਂ ਆਦਿ ਬਿਜਲੀ ਦੇ ਕਰੰਟ ਦਾ ਸੰਕੇਤ ਦਿੰਦੀਆਂ ਸਨ। ਇਨ੍ਹਾਂ ਤਾਰਾਂ ਤੇ ਪਾਈਪਾਂ ਰਾਹੀਂ  ‘‘ਪੀ.ਐਸ.ਈ.ਬੀ.’’ ਅੱਖਰ ਬੜੇ ਖੂਬਸੂਰਤ ਢੰਗ ਨਾਲ ਲਿਖੇ ਹੋਏ ਸਨ। ਆਪਣੇ ਆਪ ਵਿਚ ਇਹ ਲੋਗੋ, ਬਿਜਲੀ ਬੋਰਡ ਦੀ ਹੋਂਦ ਤੇ ਪ੍ਰਗਤੀ ਦਾ ਪ੍ਰਤੀਕ ਸੀ।   ਹੁਣ ਇਸ ਦੀ ਥਾਂ ਨਵੇਂ ਲੋਗੋ ਹੋਂਦ ਵਿਚ ਆ ਰਹੇ ਹਨ। ਦੋਵਾਂ ਕੰਪਨੀਆਂ ਦੀ ਪ੍ਰਬੰਧਕੀ ਕਮੇਟੀ ਦੀ ਤਰਫੋਂ ਚੇਅਰਮੈਨ ਅਨੁਰਾਗ ਅਗਰਵਾਲ ਅਤੇ ਮੈਂਬਰਾਨ ਗੁਰਬਚਨ ਸਿੰਘ ਬਚੀ ਅਤੇ ਕੇ.ਡੀ. ਚੌਧਰੀ ਨੇ ਦੋਵਾਂ ਕੰਪਨੀਆਂ ਦੇ ਵੱਖੋ- ਵੱਖਰੇ ਲੋਗੋ ਬਣਾਉਣ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਹੈ।  ਇਸ ਸਬੰਧੀ ਡਿਪਟੀ ਐਫ.ਏ. ਰਾਕੇਸ਼ ਪੁਰੀ, ਸੀਨੀਅਰ ਕਾਰਜਕਾਰੀ ਇੰਜੀਨੀਅਰ / ਪੀ.ਆਰ. ਇੰਜੀਨੀਅਰ ਅਨਿਲ ਵਰਮਾ ਅਤੇ ਸੂਚਨਾ ਅਫਸਰ ਮਨਮੋਹਨ ਸਿੰਘ ’ਤੇ ਅਧਾਰਤ ਤਿੰਨ ਮੈਂਬਰੀ ਇਕ ਵਿਸ਼ੇਸ਼ ਟੀਮ ਦਾ ਗਠਨ ਕਰਦਿਆਂ ਇਹ ਲੋਗੋ ਤਿਆਰ ਕਰਵਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ।  ਇਨ੍ਹਾਂ ਅਧਿਕਾਰੀਆਂ ਨੇ ਇਸ ਬਾਬਤ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਮੇਟੀ ਨੇ ਆਖਿਆ ਹੈ ਕਿ ਬਿਜਲੀ ਬੋਰਡ ਦੇ ਲੋਗੋ ਦੀ ਤਰ੍ਹਾਂ ਹੀ ਇਨ੍ਹਾਂ ਕੰਪਨੀਆਂ ਦੇ ਲੋਗੋ ਵੀ ਦਫਤਰੀ ਫਾਈਲਾਂ, ਲੈਟਰਪੈਡ, ਵਿਜ਼ਟਿੰਗ ਕਾਰਡ, ਵੈਬਸਾਈਟ ਅਤੇ ਹੋਰ ਦਸਤਾਵੇਜ਼ਾਂ ਆਦਿ ਉਪਰ ਅੰਕਿਤ ਕੀਤੇ ਜਾਇਆ ਕਰਨਗੇ। ਇਸੇ ਕਰਕੇ ਇਹ ਲੋਗੋ ਕਿਸੇ ਬਹੁਤ  ਪ੍ਰੋਫੈਸ਼ਨਲ ਵਿਗਿਆਪਨ ਏਜੰਸੀ ਤੋਂ ਡਿਜ਼ਾਈਨ ਕਰਵਾਏ ਜਾਣਗੇ। ਇਸ ਤਰ੍ਹਾਂ ਇਨ੍ਹਾਂ ਅਧਿਕਾਰੀਆਂ ਵੱਲੋਂ ਵੱਖ-ਵੱਖ ਏਜੰਸੀਆਂ ਨਾਲ ਰਾਬਤਾ ਸਾਧ ਕੇ ਉਨ੍ਹਾਂ ਤੋਂ ਇਨ੍ਹਾਂ ਲੋਗੋਜ਼ ਸਬੰਧੀ ਢੁਕਵੇਂ ਨਮੂਨੇ ਮੰਗੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All