ਦੋ ਸੜਕ ਹਾਦਸਿਆਂ ਵਿਚ ਗਈਆਂ 10 ਜਾਨਾਂ

ਕੱਥੂਨੰਗਲ ਨੇੜੇ ਪਰਿਵਾਰ ਦੇ 6 ਜੀਅ ਅਤੇ ਫਿਲੌਰ ਲਾਗੇ ਮਾਂ-ਪੁੱਤਰ ਹਲਾਕ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ/ਜੈਂਤੀਪੁਰ, 14 ਮਈ ਅੰਮ੍ਰਿਤਸਰ-ਪਠਾਨਕੋਟ ਸੜਕ ’ਤੇ ਪਿੰਡ ਗੋਪਾਲਪੁਰ ਨੇੜੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਵਿਚ ਪੰਜ ਬੱਚੇ ਸ਼ਾਮਲ ਸਨ। ਮ੍ਰਿਤਕਾਂ ਦੀ ਸ਼ਨਾਖਤ ਕੁੰਨਣ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਕੋਟ ਧੰਦਲ, ਉਸ ਦੀਆਂ ਦੋ ਬੇਟੀਆਂ ਸੰਦੀਪ ਕੌਰ (18) ਅਤੇ ਕਰਿਸ਼ਮਾ (12), ਬੇਟਾ ਸ਼ਮਸ਼ੇਰ ਸਿੰਘ (14) ਅਤੇ ਦੋ ਭਣੇਵੇਂ ਜਗਦੀਪ ਸਿੰਘ (14) ਅਤੇ ਵਿਜੈ ਸਿੰਘ (12) ਵਜੋਂ ਹੋਈ ਹੈ। ਇਹ ਸਾਰੇ ਅੱਜ ਆਪਣੀ ਹਾਂਡਾ ਸਿਟੀ ਕਾਰ ਰਾਹੀਂ ਅੰਮ੍ਰਿਤਸਰ ਆ ਰਹੇ ਸਨ। ਜਦੋਂ ਇਹ ਕਾਰ ਪਿੰਡ ਗੋਪਾਲਪੁਰ ਨੇੜੇ ਪੁੱਜੀ ਤਾਂ ਅੰਮ੍ਰਿਤਸਰ ਤੋਂ ਬਟਾਲਾ ਵੱਲ ਜਾ ਰਹੇ ਟਰੱਕ ਨਾਲ ਇਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਵਿਚ ਸਵਾਰ ਸਾਰੇ 6 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਏਨਾ ਭਿਆਨਕ ਸੀ ਕਿ ਕਾਰ ਦਾ ਵਧੇਰੇ ਹਿੱਸਾ ਟਰੱਕ ਹੇਠਾਂ ਧੱਸ ਗਿਆ ਅਤੇ ਲੰਮੀਂ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਟਰੱਕ ਹੇਠੋਂ ਕੱਢਿਆ ਗਿਆ। ਕਾਰ ਵਿਚ ਅਗਲੀ ਸੀਟ ’ਤੇ ਬੈਠੇ 14 ਵਰ੍ਹਿਆਂ ਦੇ ਸ਼ਮਸ਼ੇਰ ਸਿੰਘ ਦਾ ਸਿਰ ਹੀ ਧੜ ਨਾਲੋਂ ਅਲੱਗ ਹੋ ਗਿਆ। ਪੁਲੀਸ ਵੱਲੋਂ ਰਾਹਗੀਰਾਂ ਦੀ ਮਦਦ ਨਾਲ ਕਾਰ ਟਰੱਕ ਹੇਠੋਂ ਬਾਹਰ ਕੱਢਣ ਮਗਰੋਂ ਇਸ ਦੇ ਦਰਵਾਜ਼ੇ ਤੋੜ ਕੇ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਗਈਆਂ। ਖ਼ਬਰ ਮਿਲਣ ਮਗਰੋਂ ਕੁੰਨਣ ਸਿੰਘ ਦੇ ਕੁਝ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਕੇ ’ਤੇ ਪੁੱਜ ਗਏ ਸਨ, ਜਿਨ੍ਹਾਂ ਨੇ ਲਾਸ਼ਾਂ ਦੀ ਸ਼ਨਾਖਤ ਕੀਤੀ। ਮ੍ਰਿਤਕ ਕੁੰਨਣ ਸਿੰਘ ਦੇ ਦੋ ਭਣੇਵੇਂ ਜਗਦੀਪ ਪੁੱਤਰ ਭਗਵਾਨ ਸਿੰਘ ਵਾਸੀ ਬਸਰਾਵਾਂ (ਗੁਰਦਾਸਪੁਰ) ਅਤੇ ਵਿਜੈ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਧਾਰੀਵਾਲ ਪਿੰਡ ਗੁਰਦਾਸਪੁਰ ਸਕੂਲ ਛੁੱਟੀਆਂ ਹੋਣ ਕਾਰਨ ਮਾਮੇ ਦੇ ਘਰ ਆਏ ਹੋਏ ਸਨ। ਇਸ ਘਟਨਾ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧ ਵਿਚ ਥਾਣਾ ਕੱਥੂਨੰਗਲ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

ਗੁਰਾਇਆ (ਪੱਤਰ ਪ੍ਰੇਰਕ) : ਫਿਲੌਰ ਤੋਂ ਨਵਾਂ ਸ਼ਹਿਰ ਨੂੰ ਜਾਣ ਵਾਲੀ ਸੜਕ ’ਤੇ ਪਿੰਡ ਰਸੂਲਪੁਰ ਦੇ ਲਾਗੇ ਵਾਪਰੇ ਇੱਕ ਸੜਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਵਿਅਕਤੀ ਜ਼ਖਮੀ ਹੋ ਗਏ। ਆਹਮਣੇ-ਸਾਹਮਣੇ ਹੋਈ ਟੱਕਰ ਵਿਚ ਗੈਸ ਏਜੰਸੀ ਦੀ ਗੱਡੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਗੱਡੀ ਦੀ ਹੋਈ ਟੱਕਰ ਵਿਚ ਦੋ ਮੋਟਰਸਾਈਕਲ ਸਵਾਰ ਮੌਕੇ ਉੱਤੇ ਹੀ ਮਾਰੇ ਗਏ। ਗੁਰਾਇਆ ਗੈਸ ਏਜੰਸੀ ਦੀ ਇੱਕ ਗੱਡੀ ਪਿੰਡ ਨਗਰ ਵੱਲ ਨੂੰ ਜਾ ਰਹੀ ਸੀ ਅਤੇ ਕਾਰ ਸੇਵਾ ਵਾਲਿਆ ਦੀ ਗੱਡੀ ਫਿਲੌਰ ਵੱਲ ਆ ਰਹੀ ਸੀ। ਟੱਕਰ ਹੋਣ ਨਾਲ ਗੈਸ ਏਜੰਸੀ ਦੀ ਗੱਡੀ ਉਲਟ ਗਈ ਅਤੇ ਇਸ ਦੇ ਹੇਠਾਂ ਮੋਟਰਸਾਈਕਲ ’ਤੇ ਜਾ ਰਹੇ ਮਾਂ-ਪੁੱਤ ਆ ਗਏ, ਜਿਨ੍ਹਾਂ ਦੀ ਮੌਕੇ’ਤੇ ਮੌਤ ਹੋ ਗਈ। ਇਹ ਪਿੰਡ ਬੰਸੀਆਂ ਢੱਕ ਦੇ ਰਹਿਣ ਵਾਲੇ ਹਨ। ਕਾਰ ਸੇਵਾ ਵਾਲਿਆਂ ਦੀ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਵਿਚੋਂ ਇੱਕ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੂਜੇ ਦੀ ਹਸਪਤਾਲ ਵਿਚ ਮੌਤ ਹੋਈ। ਆਲੇ- ਦੁਆਲੇ ਦੇ ਲੋਕਾਂ ਨੇ ਭਾਰੀ ਮੁਸ਼ੱਕਤ ਬਾਅਦ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਟਰਾਲੀਆਂ ਸਮੇਤ ਹੋਰ ਸਾਧਨਾਂ ਰਾਹੀ ਉਨ੍ਹਾਂ ਨੂੰ ਹਸਪਤਾਲ ਪੁੱਜਦਾ ਕੀਤਾ। 10 ਜ਼ਖਮੀਆਂ ਵਿਚੋਂ ਦੋ ਨੂੰ ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਅਤੇ ਬਾਕੀਆਂ ਨੂੰ ਫਿਲੌਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ। ਜ਼ਖ਼ਮੀਆਂ ’ਚ ਜ਼ਿਅਦਾਤਰ ਅੰਮ੍ਰਿਤਸਰ ਜਿਲ੍ਹੇ ਦੇ ਹੀ ਹਨ, ਜਿਨ੍ਹਾਂ ’ਚ ਸਤਨਾਮ ਸਿੰਘ, ਸੁਰਿੰਦਰ ਕੌਰ, ਪਰਮਜੀਤ ਸਿੰਘ, ਮਿੰਟੂ ਸਿੰਘ, ਮਿਲਖਾ ਸਿੰਘ, ਬਲਵੀਰ ਕੌਰ ਆਦਿ ਸ਼ਾਮਲ ਹਨ। ਬਾਕੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All