ਜਾਣੇ ਹੋਏ ਤੋਂ ਆਜ਼ਾਦੀ

ਲੇਖਕ: ਜੇ ਕ੍ਰਿਸ਼ਨਾ ਮੂਰਤੀ (ਅਨੁ. ਪ੍ਰੇਮ ਸਿੰਘ) ਪੰਨੇ: 115, ਮੁੱਲ: 125 ਰੁਪਏ ਪ੍ਰਕਾਸ਼ਕ: ਯੂਨੀਸਟਾਰ ਪ੍ਰਕਾਸ਼ਨ, ਚੰਡੀਗੜ੍ਹ। ਮਨੁੱਖ ਨੇ ਮੁੱਢਲੇ ਪੜਾਅ ’ਤੇ ਆਪਣੇ ਆਲੇ-ਦੁਆਲੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਫਿਰ ਜਦ ਉਹ ਕੁਦਰਤੀ ਤਾਕਤਾਂ ਅਤੇ ਦਾਬੇ ਸਾਹਮਣੇ ਨਿਹੱਥਾ ਤੇ ਨਿਤਾਣਾ ਹੋ ਗਿਆ ਤਾਂ ਉਸ ਨੇ ਕੁਦਰਤ ਦੇ ਭੇਦਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ। ਤੀਜੇ ਪੜਾਅ ’ਤੇ ਜਦੋਂ ਉਸ ਨੇ ਇਸ ਪਲੈਨੇਟ ’ਤੇ ਵਿਜੇ ਪ੍ਰਾਪਤ ਕਰਕੇ ਆਪਣੀ ਹੋਂਦ ਦੀ ਮੋਹਰ ਛਾਪ ਦੂਸਰੇ ਪ੍ਰਾਣੀਆਂ ’ਤੇ ਲਾ ਕੇ ਭਾਸ਼ਾ ਦੇ ਚਮਤਕਾਰ ਰਾਹੀਂ ਸੰਸਾਰ ਨੂੰ ਕਾਬੂ ਕਰ ਲਿਆ ਤਾਂ ਹੁਣ ਉਹਦੇ ਸਾਹਮਣੇ ਇਹ ਪ੍ਰਸ਼ਨ ਸੀ ਕਿ ਆਖਰ ਮਨੁੱਖ ਹੈ ਕੀ ਚੀਜ਼? ਉਹ ਇਸ ਸੰਸਾਰ ’ਤੇ ਕਿਉਂ ਆਇਆ, ਕਿੱਥੋਂ ਆਇਆ। ਮਰ ਕੇ ਕਿੱਥੇ ਜਾਂਦਾ ਹੈ, ਕੀ ਦੁਬਾਰਾ ਜਨਮ ਲੈ ਕੇ ਇਸ ਧਰਤੀ ’ਤੇ ਆਉਂਦਾ ਹੈ ਜਾਂ ਫਿਰ ਕਿਤੇ ਹੋਰ ਚਲਾ ਜਾਂਦਾ ਹੈ। ਕੀ ਸਚਮੁੱਚ ਚੁਰਾਸੀ ਲੱਖ ਜੂਨਾਂ ਦਾ ਗੇੜ ਹੈ। ਅਨੇਕਾਂ ਸੁਆਲਾਂ ਨੂੰ ਭਿੰਨ-ਭਿੰਨ ਫਿਲਾਸਫੀਆਂ ਨੇ ਸਮਝਣ/ਚਿੰਤਨ ਕਰਨ ਲਈ ਮਨੁੱਖ ਨੂੰ ਅਨੇਕਾਂ ਪੱਧਰਾਂ ’ਤੇ ਉਕਸਾਇਆ ਹੈ। ਜੇ ਕ੍ਰਿਸ਼ਨਾ ਮੂਰਤੀ ਇਕ ਅਜਿਹਾ ਹੀ ਵਿਦਵਾਨ ਚਿੰਤਕ ਹੈ ਜਿਸ ਨੇ ਆਪੇ ਬਾਰੇ ਖੋਜ ਕਰਕੇ ਨਵੇਂ ਦਿਸਹੱਦੇ ਖੋਲ੍ਹੇ ਹਨ। ਚੇਤਨਾ ਨੂੰ ਪਦਾਰਥ ਦੇ ਮੁਕਾਬਲੇ ਜੀਵਨ ਦੀ ਸਜੱਗਤਾ ਜਾਂ ਸੰਚਾਲਕ ਸ਼ਕਤੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ, ਮਨੁੱਖ ਦੀ ਸ਼ਕਤੀ ਸਦਾ ਉਸ ਸੱਚ ’ਤੇ ਕੇਂਦਰਤ ਰਹੀ ਹੈ ਜਿਸ ਦੀ ਭਾਲ ਲਈ ਉਹ ਆਦਿ-ਕਾਲ ਤੋਂ ਭਟਕਦਾ ਆ ਰਿਹਾ ਹੈ। ਆਪਣੇ ਨੁਕਤੇ ਨੂੰ ਉਭਾਰਨ ਲਈ ਕ੍ਰਿਸ਼ਨਾ ਮੂਰਤੀ ਲਿਖਦਾ- ‘‘ਮੈਂ ਤੁਹਾਡਾ ਵਿਸ਼ਵਾਸ ਨਹੀਂ ਜਿੱਤਣਾ ਚਾਹੁੰਦਾ। ਮੈਂ ਆਪਣੇ ਆਪ ਨੂੰ ਬਤੌਰ ਸੱਤਾ ਸਥਾਪਤ ਨਹੀਂ ਕਰ ਰਿਹਾ। ਮੇਰੇ ਕੋਲ ਕੁਝ ਵੀ ਸਿਖਾਉਣਯੋਗ ਨਹੀਂ, ਨਾ ਨਵੀਂ ਫਿਲਾਸਫੀ, ਨਾ ਨਵੀਂ ਪੱਧਤੀ, ਨਾ ਹਕੀਕਤ ਨੂੰ ਜਾਣਨ ਦਾ ਕੋਈ ਨਵਾਂ ਰਸਤਾ। ਤੁਸੀਂ ਸੱਚ ਤਕ ਪਹੁੰਚਣ ਦੀ ਗੱਲ ਕਰੋ ਜਾਂ ਅਸਲੀਅਤ ਤਕ; ਕੋਈ ਰਸਤਾ ਓਥੇ ਜਾਂਦਾ ਹੀ ਨਹੀਂ।’’ ਇੰਜ ਉਸ ਨੇ ਆਪਣਾ ਉਦੇਸ਼ ਸਪਸ਼ਟ ਕਰ ਦਿੱਤਾ ਹੈ ਕਿ ਉਹ ਕੀ ਕਹਿਣਾ ਜਾਂ ਦੱਸਣਾ ਚਾਹੁੰਦਾ ਹੈ। ਮਨੁੱਖ ਵਿਚ ਬੌਧਿਕ ਸਮਰੱਥਾ ਹੈ, ਉਹ ਚਿੰਤਨ ਕਰਦਾ ਹੈ, ਅਨੁਭਵ ਗ੍ਰਹਿਣ ਕਰਦਾ ਹੈ ਪਰ ਉਹਦੀ ਸਮੱਸਿਆ ਪਦਾਰਥਕ ਸੰਸਾਰ ਦੀ ਭਟਕਣਾ ਹੈ। ਮਨੁੱਖ ਨੇ ਇਸ ਸੰਸਾਰ ਦੇ ਪਦਾਰਥਕ ਪਸਾਰੇ ਨੂੰ ਏਨਾ ਗੁੰਝਲਦਾਰ, ਵਿਸ਼ਮਮਈ ਅਤੇ ਆਕਰਸ਼ਿਤ ਬਣਾ ਦਿੱਤਾ ਹੈ ਕਿ ਉਹ ਇਸ ਨੂੰ ਸਮਝਣ ਲਈ ਇਸ ਤੋਂ ਪਰ੍ਹੇ ਨਹੀਂ ਜਾ ਸਕਦਾ ਪਰ ਚੇਤਨ ਰੂਪ ਵਿਚ ਇਹ ਮਾਇਆ ਦਾ ਪਸਾਰਾ ਹੈ। ਏਸੇ ਕਰਕੇ ਜਿਵੇਂ ਇਸ ਪੁਸਤਕ ਦਾ ਟਾਈਟਲ ਹੈ ‘ਜਾਣੇ ਹੋਏ ਤੋਂ ਆਜ਼ਾਦੀ’ ਉਹ ਅਸਲ ਵਿਚ ਮਨੁੱਖੀ ਸਮਝ ਨੂੰ ਰੱਦ ਨਹੀਂ ਕਰ ਰਿਹਾ ਪਰ ਉਸ ਤੋਂ ਆਜ਼ਾਦ ਹੋਣ ਲਈ ਆਵਾਹਨ ਕਰ ਰਿਹਾ ਹੈ। ਉਹਦੇ ਕੋਲ ਕੋਈ ਨਵੇਂ ਦਿਸਹੱਦੇ ਨਹੀਂ ਹਨ ਪਰ ਜੇ ਚਿੰਤਨ ਕਰੀਏ ਤਾਂ ਨਵੇਂ ਦਿਸਹੱਦੇ ਉਘੜਦੇ ਨਜ਼ਰ ਆਉਂਦੇ ਹਨ। ਇੰਜ ਇਹ ਪੁਸਤਕ ਮਨੁੱਖ ਨੂੰ ਇਕ ਨਵੇਂ ਜ਼ਾਵੀਏ ਤੋਂ ਇਸ ਸੰਸਾਰ ਨੂੰ ਦੇਖਣ, ਸਮਝਣ ਦੀ ਸੂਝ ਦਿੰਦੀ ਹੈ। ਫਿਲਾਸਫੀ ਨੂੰ ਫਿਲਾਸਫੀ ਦੀ ਦ੍ਰਿਸ਼ਟੀ ਤੋਂ ਨਹੀਂ, ਚਿੰਤਨ ਦੀ ਦ੍ਰਿਸ਼ਟੀ ਤੋਂ ਦੇਖਿਆਂ ਇਹ ਬੜੀ ਦਿਲਚਸਪ ਪੁਸਤਕ ਹੈ। ਇਹਦਾ ਅਧਿਐਨ ਸਾਧਾਰਨ ਪਾਠਕ ਲਈ ਵੀ ਲਾਹੇਵੰਦ ਹੈ।

-ਪਰਮਜੀਤ ਢੀਂਗਰਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All