ਚਾਵਲਾ ਤੇ ਸਾਹਨੀ ਵਿਰੁੱਧ ਜ਼ਾਬਤਾ ਕਾਰਵਾਈ ਯਕੀਨੀ

ਬਲਬੀਰ ਪੁੰਜ ਦਾ ਐਲਾਨ

ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਮਈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਵਿਰੁੱਧ ਕੀਤੀ ਜਾਣੀ ਸੰਭਾਵੀ ਅਨੁਸ਼ਾਸਨੀ ਕਾਰਵਾਈ ਰਹੱਸ ਬਣ ਗਈ ਹੈ। ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਬਲਬੀਰ ਪੁੰਜ ਇਹ ਤਾਂ ਆਖਦੇ ਹਨ ਕਿ ਸ੍ਰੀਮਤੀ ਚਾਵਲਾ ਅਤੇ ਜਗਦੀਸ਼ ਸਾਹਨੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ ਪਰ ਇਨ੍ਹਾਂ ਦੋਹਾਂ ਆਗੂਆਂ ਵਿਰੁੱਧ ਪਾਰਟੀ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ, ਇਸ ਬਾਰੇ ਅਜੇ ਤਾਈਂ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ। ਸੂਤਰਾਂ ਮੁਤਾਬਕ ਭਾਜਪਾ ਦੋਹਾਂ ਆਗੂਆਂ ਵਿਰੁਧ ‘ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ’ ਵਾਲੀ ਕਹਾਵਤ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣਾ ਚਾਹੁੰਦੀ ਹੈ। ਇੱਕ ਸੀਨੀਅਰ ਆਗੂ ਨੇ ਆਪਣਾ ਨਾਂ ਗੁਪਤ ਰੱਖਦਿਆਂ ਕਿਹਾ ਕਿ ਅਜਿਹੀ ਕਾਰਵਾਈ ਹੋ ਸਕਦੀ ਹੈ, ਜਿਸ ਨਾਲ ਪਾਰਟੀ ਦਾ ਅਕਸ ਵੀ ਬਣਿਆ ਰਹੇ ਅਤੇ ਸ੍ਰੀਮਤੀ ਚਾਵਲਾ ਤੇ ਸ੍ਰੀ ਸਾਹਨੀ ਕਿਸੇ ‘ਸਜ਼ਾ’ ਤੋਂ ਵੀ ਬਚ ਜਾਣ। ਸੂਤਰਾਂ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਅੱਜ ਰਾਜਧਾਨੀ ਵਿੱਚ ਇਸ ਮੁੱਦੇ ’ਤੇ ਮੀਟਿੰਗ ਕੀਤੀ ਪਰ ਕੋਈ ਅੰਤਿਮ ਸਿੱਟਾ ਨਹੀਂ ਕੱਢਿਆ ਜਾ ਸਕਿਆ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਭਾਜਪਾ ਹਾਈ ਕਮਾਨ ਨੇ ਚਾਵਲਾ-ਸਾਹਨੀ ਵਿਵਾਦ ਦਾ ਹੱਲ ਸੁਖਾਵਾਂ ਕੱਢਣ ਲਈ ਸੂੂਬਾ ਕਮੇਟੀ ਨੂੰ ਆਦੇਸ਼ ਦਿੱਤੇ ਹਨ ਤਾਂ ਜੋ ਪਾਰਟੀ ਦਾ ਅਕਸ ਨਾ ਖਰਾਬ ਹੋਵੇ। ਪਾਰਟੀ ਹਲਕਿਆਂ ਦਾ ਇਹ ਵੀ ਦੱਸਣਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਦਾ ਵਿਚਾਰ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਸਦ ਮੈਂਬਰ ਤੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ’ਤੇ ਅਧਾਰਿਤ ਦੋ ਮੈਂਬਰੀ ਕਮੇਟੀ ਵੱਲੋਂ ਦਿੱਤੀ ਜਾਣ ਵਾਲੀ ਅੰਤਿਮ ਰਿਪੋਰਟ ਦੀ ਉਡੀਕ ਕਰ ਲਈ ਜਾਵੇ। ਇਸ ਤਰ੍ਹਾਂ ਨਾਲ ਭਾਜਪਾ ਦੇ ਇਸ ਰਾਜਸੀ ਸੰਕਟ ਬਾਰੇ ਅਜੇ ਕੁੱਝ ਦਿਨ ਹੋਰ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ। ਦੋ ਮੈਂਬਰੀ ਜਾਂਚ ਕਮੇਟੀ ਨੇ ਦੋ ਦਿਨ ਪਹਿਲਾਂ ਹੀ ਮੁਢਲੀ ਰਿਪੋਰਟ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੂੰ ਦਿੰਦਿਆਂ ਸਿਹਤ ਵਿਭਾਗ ਵੱਲੋਂ ਬਟਾਲਾ ਇਲਾਕੇ ਦੇ ਤਿੰਨ ਨਿੱਜੀ ਹਸਪਤਾਲਾਂ ਵਿਰੁੱਧ ਹੋਈ ਕਾਰਵਾਈ ਨੂੰ ਰੰਜਿਸ਼ ਦੇ ਨਜ਼ਰੀਏ ਨਾਲ ਦੇਖਿਆ ਸੀ। ਇਨ੍ਹਾਂ ਹਸਪਤਾਲਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਭਾਜਪਾ ਦੇ ਸਥਾਨਕ ਵਿਧਾਇਕ ਜਗਦੀਸ਼ ਸਾਹਨੀ ਨਾਲ ਹੈ। ਜਗਦੀਸ਼ ਸਾਹਨੀ ਵੱਲੋਂ ਸਿਹਤ ਮੰਤਰੀ ਉੱਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਗਏ ਸਨ, ਜਿਨ੍ਹਾਂ ਬਾਰੇ ਕਮੇਟੀ ਨੇ ਰਿਪੋਰਟ ਅਜੇ ਦੇਣੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਮੇਟੀ ਵੱਲੋਂ ਦੋ ਕੁ ਦਿਨਾਂ ਵਿੱਚ ਹੀ ਅੰਤਿਮ ਰਿਪੋਰਟ ਦੇ ਦਿੱਤੀ ਜਾਵੇਗੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਮੇਟੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਵਿਜੀਲੈਂਸ ਜਾਂ ਸੀ.ਬੀ.ਆਈ. ਹਵਾਲੇ ਕਰਨ ਤੋਂ ਇਨਕਾਰ ਕੀਤਾ ਸੀ। ਦਿਲਚਸਪ ਤੱਥ ਇਹ ਹੈ ਕਿ ਸੂਬੇ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਪਾਰਟੀਆਂ ਵਿੱਚ ਹੀ ਸ੍ਰੀਮਤੀ ਚਾਵਲਾ ਦਾ ਕੋਈ ਅਜਿਹਾ ਹਮਦਰਦ ਨਹੀਂ, ਜੋ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰੇ। ਉਲਟ ਚਾਵਲਾ- ਸਾਹਨੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਸ੍ਰੀ ਸਾਹਨੀ ਨਾਲ ਕਈ ਮੰਤਰੀਆਂ ਨੇ ਹੱਥ ਮਿਲਾ ਲਿਆ ਹੈ। ਇਸ ਸਭ ਕਾਸੇ ਦੇ ਬਾਵਜੂਦ ਪਾਰਟੀ ਨੂੰ ਸ੍ਰੀਮਤੀ ਚਾਵਲਾ ਦੇ ਖਿਲਾਫ ਕਾਰਵਾਈ ਕਰਨੀ ਔਖੀ ਹੋਈ ਪਈ ਹੈ। ਜਗਦੀਸ਼ ਸਾਹਨੀ ਨੇ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ, ਪਰ ਪਾਰਟੀ ਨੇ ਅਜੇ ਤਾਈਂ ਮਨਜ਼ੂਰੀ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਸ ਨਹੀਂ ਭੇਜਿਆ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਵੀ ਕਹਿਣਾ ਹੈ ਕਿ ਭਾਜਪਾ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਅਜੇ ਤਾਈਂ ਇਸ ਸਬੰਧ ਵਿੱਚ ਸੂਚਿਤ ਨਹੀਂ ਕੀਤਾ ਗਿਆ। ਭਾਜਪਾ ਹਲਕਿਆਂ ਮੁਤਾਬਕ ਇਹ ਅਸਤੀਫਾ ਭਲਕੇ ਤੱਕ ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ ਤੱਕ ਪਹੁੰਚੇਗਾ। ਪਾਰਟੀ ਵੱਲੋਂ ਸ੍ਰੀਮਤੀ ਚਾਵਲਾ ਖਿਲਾਫ ਕਾਰਵਾਈ ਦਾ ਮਾਮਲਾ ਅਜੇ ਠੰਢੇ ਬਸਤੇ ਵਿੱਚ ਪਾਇਆ ਗਿਆ ਹੈੈ। ਪਾਰਟੀ ਹਲਕਿਆਂ ਦਾ ਇਹ ਵੀ ਦੱਸਣਾ ਹੈ ਕਿ ਸ੍ਰੀਮਤੀ ਚਾਵਲਾ ਦਾ ਪਿਛੋਕੜ ਆਰ.ਐਸ.ਐਸ. ਨਾਲ ਜੁੜੇ ਹੋਣ ਕਾਰਨ ਵੀ ਪਾਰਟੀ ਮੁਸ਼ਕਿਲ ਵਿੱਚ ਹੈ। ਇਸ ਤੋਂ ਬਿਨਾਂ ਪਾਰਟੀ ਵਿੱਚ ਕੋਈ ਹੋਰ ਮਹਿਲਾ ਆਗੂ ਵਿਧਾਇਕ ਵੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵੀ ਮੰਨਣਾ ਹੈ ਕਿ ਚਾਵਲਾ-ਸਾਹਨੀ ਵਿਵਾਦ ਕਾਰਨ ਸਰਕਾਰ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ ਚਾਵਲਾ-ਸਾਹਨੀ ਵਿਵਾਦ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਰਾਜਨੀਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ੍ਰੀ ਸਾਹਨੀ ਨੇ ਸਿਹਤ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਇਨ੍ਹਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ ਸੀ। ਮਾਮਲਾ ਜ਼ਿਆਦਾ ਵਧਦਾ ਦੇਖ ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਬਲਬੀਰ ਪੁੰਜ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ’ਤੇ ਅਧਾਰਿਤ ਦੋ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All