ਖਿਡਾਰੀਆਂ ਵੱਲੋਂ ਦੇਸ਼ ਦੀ ਥਾਂ ਕਾਊਂਟੀ ਨੂੰ ਤਰਜੀਹ ਦੇਣ ਤੋਂ ਪੌਲਾਕ ਫ਼ਿਕਰਮੰਦ

ਵਿਸ਼ਾਖਾਪਟਨਮ, 4 ਅਕਤੂਬਰ ਦੱਖਣੀ ਅਫਰੀਕਾ ਦਾ ਕ੍ਰਿਕਟਰ ਸ਼ੌਨ ਪੌਲਾਕ ਖਿਡਾਰੀਆਂ ਦੇ ਕੌਮੀ ਟੀਮ ਦੀ ਥਾਂ ਕਾਊਂਟੀ ਕ੍ਰਿਕਟ ਵਿੱਚ ਖੇਡਣ ਨੂੰ ਲੈ ਕੇ ਫ਼ਿਕਰਮੰਦ ਹੈ। ਉਸ ਨੇ ਕਿਹਾ ਕਿ ਇਹ ਇੱਕ ਸਮੱਸਿਆ ਹੈ, ਜੋ ਠੀਕ ਨਹੀਂ ਹੋ ਸਕਦੀ ਕਿਉਂਕਿ ਖੇਡ ਹੁਣ ਕਾਰੋਬਾਰ ਬਣ ਗਈ ਹੈ। ਸਾਲ ਦੇ ਸ਼ੁਰੂ ਵਿੱਚ 27 ਸਾਲ ਦੇ ਤੇਜ਼ ਗੇਂਦਬਾਜ਼ ਡੁਆਨ ਓਲੀਵਰ ਨੇ ਦੱਖਣੀ ਅਫਰੀਕਾ ਲਈ ਸਿਰਫ਼ ਦਸ ਟੈਸਟ ਖੇਡਣ ਮਗਰੋਂ ਕੋਲਪਾਕ ਸਮਝੌਤਾ ਕੀਤਾ। ਇੱਕ ਹੋਰ ਤੇਜ਼ ਗੇਂਦਬਾਜ਼ ਕਾਇਲ ਐੱਬਟ ਨੇ ਵੀ ਸਾਲ 2017 ਵਿੱਚ ਅਜਿਹਾ ਹੀ ਕੀਤਾ ਸੀ। ਮੋਰਨੇ ਮੌਰਕਲ ਨੇ ਵੀ ਕਾਊਂਟੀ ਕ੍ਰਿਕਟ ਵਿੱਚ ਖੇਡਣ ਲਈ ਕੋਲਪਾਕ ਸਮਝੌਤਾ ਕੀਤਾ, ਪਰ ਅਜਿਹਾ ਉਸ ਨੇ ਪਿਛਲੇ ਸਾਲ 33 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਮਗਰੋਂ ਕੀਤਾ। ਕੋਲਪਾਕ ਸਮਝੌਤੇ ਤਹਿਤ ਖਿਡਾਰੀ ਯੂਰੋਪੀ ਯੂਨੀਅਨ ਦੇਸ਼ਾਂ ਵਿੱਚ ਖੇਡ ਸਕਦੇ ਹਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਖਿਡਾਰੀ ਨਹੀਂ ਮੰਨਿਆ ਜਾਂਦਾ। ਉਹ ਵਿਦੇਸ਼ੀ ਖਿਡਾਰੀ ਸਮਝੇ ਬਿਨਾਂ ਹੀ ਇੰਗਲਿਸ਼ ਕਾਊਂਟੀ ਨਾਲ ਸਮਝੌਤਾ ਕਰ ਸਕਦੇ ਹਨ। ਪੌਲਾਕ ਨੇ ਅੱਜ ਕਿਹਾ, ‘‘ਤੁਸੀਂ ਚੋਣ ਲਈ ਕਈ ਖਿਡਾਰੀਆਂ ਵਿੱਚੋਂ ਚੁਣਨਾ ਪਸੰਦ ਕਰਦੇ ਹੋ ਪਰ ਤੁਸੀਂ ਇਸ (ਇਸ ਸਮੱਸਿਆ ਨੂੰ) ਸਹੀ ਨਹੀਂ ਕਰ ਸਕਦੇ। ਆਧੁਨਿਕ ਯੁੱਗ ਵਿੱਚ ਅਜਿਹਾ ਹੀ ਹੈ। ਪਹਿਲਾਂ ਖੇਡਾਂ ਤੋਂ ਜ਼ਿਆਦਾ ਵਿੱਤੀ ਲਾਭ ਨਹੀਂ ਹੁੰਦਾ ਸੀ ਅਤੇ ਖਿਡਾਰੀ ਆਪਣੇ ਦੇਸ਼ ਵੱਲੋਂ ਖੇਡਣ ਲਈ ਮੌਜੂਦ ਰਹਿੰਦੇ ਸਨ, ਪਰ ਹੁਣ ਇਹ ਕਾਰੋਬਾਰ ਬਣ ਗਿਆ ਹੈ।’’ ਸਾਲ 2004 ਮਗਰੋਂ ਦੱਖਣੀ ਅਫਰੀਕਾ ਵਿੱਚ ਕਾਫ਼ੀ ਖਿਡਾਰੀਆਂ ਦੀ ਗਿਣਤੀ ਕੋਲਪਾਕ ਨਾਲ ਜੁੜ ਗਈ ਹੈ, ਪਰ ਹਾਲ ਹੀ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ ਐੱਬਟ ਅਤੇ ਓਲੀਵਰ ਦੇ ਜਾਣ ਨਾਲ ਕਾਫ਼ੀ ਪ੍ਰੇਸ਼ਾਨੀ ਹੋਈ। ਪੌਲਾਕ ਨੇ ਦੱਖਣੀ ਅਫਰੀਕਾ ਲਈ 108 ਟੈਸਟ ਅਤੇ 303 ਇੱਕ ਰੋਜ਼ਾ ਖੇਡੇ ਹਨ। ਉਸ ਨੇ ਕਿਹਾ, ‘‘ਖਿਡਾਰੀਆਂ ਨੇ ਵਪਾਰਕ ਫ਼ੈਸਲੇ ਕਰਨੇ ਹੁੰਦੇ ਹਨ ਕਿ ਉਨ੍ਹਾਂ ਨੂੰ ਕਿੱਥੋਂ ਵੱਧ ਰਕਮ ਮਿਲੇਗੀ, ਕਿੱਥੋਂ ਵੱਧ ਮੌਕੇ ਮਿਲਣਗੇ ਅਤੇ ਤੁਸੀਂ ਇਸ ਦੇ ਖ਼ਿਲਾਫ਼ ਨਹੀਂ ਹੋ ਸਕਦੇ। ਜੇਕਰ ਉਹ ਮਹਿਸੂਸ ਕਰਦੇ ਹਨ ਕਿ ਉਹ ਕੁੱਝ ਸਮਾਂ ਹੀ ਦੱਖਣੀ ਅਫਰੀਕਾ ਲਈ ਨਹੀਂ ਖੇਡਣਗੇ, ਫਿਰ ਕਿਤੇ ਹੋਰ ਜਾਣਾ ਚਾਹੁੰਦੇ ਹਨ ਤਾਂ ਇਹ ਮੰਦਭਾਗਾ ਹੈ।’’

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All