ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-4

ਸਰਹਿੰਦ ਫਤਹਿ 16ਵੀਂ ਸਦੀ ਵਿੱਚ ਸਰਹਿੰਦ ਸਮੁੱਚੇ ਵਿਸ਼ਵ ਵਿੱਚ ਰੇਸ਼ਮ ਦਾ ਕੇਂਦਰ ਮੰਨਿਆ ਜਾਂਦਾ ਸੀ। ਇਥੋਂ ਦਾ ਤਿਆਰ ਕੀਤਾ ਹੋਇਆ ਰੇਸ਼ਮ ਯੂਰਪ ਦੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ। ਜੇਮਜ਼ ਰੈਨਲ ਇਸ ਦੇ ਰੇਸ਼ਮ ਦੀ ਗੱਲ ਕਰਦਾ ਹੋਇਆ ਇਸ ਦੀ ਅਪਾਰ ਮਹੱਤਤਾ ਵਰਣਨ ਕਰਦਾ ਹੈ। ਇਸ ਅਨੁਸਾਰ 'ਸਰਹਿੰਦ ਦਾ ਪੁਰਾਣਾ ਸ਼ਹਿਰ' ਦਿੱਲੀ ਅਤੇ ਲਾਹੌਰ ਦੇ ਵਿਚਕਾਰ ਸਥਿਤ ਹੈ। ਟ੍ਰੈਵਰਨੀਅਰ ਇਸ ਦਾ ਦਿੱਲੀ ਤੋਂ ਫਾਸਲਾ 105 ਕੋਹ ਦਾ ਦੱਸਦਾ ਹੈ, ਜਦੋਂ ਕਿ ਸਟੀਲ (Steel) 103 ਦਾ ਜਾਂ 147 ਗਰੈਂਡ ਮੀਲਾਂ ਦਾ ਦੱਸਦਾ ਹੈ। ਕਰਨਲ ਮਰੇ ਦਾ ਨਕਸ਼ਾ ਇਹ ਫਾਸਲਾ 108 ਕੋਹ ਦਾ ਦੱਸਦਾ ਹੈ। ਜੇਮਜ਼ ਰੈਨਲ ਦੀ ਬੰਗਾਲ ਦੀ ਐਟਲਸ ਵਿੱਚ ਸਰਹਿੰਦ ਦਾ ਲੈਟੀਚਿਊਡ 29 ਡਿਗਰੀ 55' ਅਤੇ ਲੌਂਗੀਚਿਊਡ 75 ਡਿਗਰੀ 15' ਹੈ। ਜੇਮਜ ਰੈਨਲ ਅਨੁਸਾਰ ਇਟਲੀ ਵਿੱਚ ਕੋਆਡਈਨ ਦੀਆਂ ਯਾਤਰਾਵਾਂ ਤੋਂ ਪਤਾ ਲੱਗਦਾ ਹੈ ਕਿ 16ਵੀਂ ਸਦੀ ਵਿੱਚ ਕਨਸਟੈਂਟੀਨੋਪਲ ਵਿੱਚ ਰੇਸ਼ਮ ਨੂੰ ਬੁਣਨ ਦੀ ਕਲਾ ਉਨ੍ਹਾਂ ਮੌਂਕਸ (Monks) ਦੁਆਰਾ ਲਿਆਂਦੀ ਗਈ ਸੀ ਜਿਹੜੇ ਸਰਹਿੰਦ ਦੀ ਯਾਤਰਾ ਕਰਕੇ ਮੁੜੇ ਸਨ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਰੇਸ਼ਮ ਨੂੰ ਬੁਣਨ ਦੀ ਕਲਾ ਰੋਮਨ ਬਾਦਸ਼ਾਹਾਂ ਦੇ ਅਧੀਨ ਪੱਛਮੀ ਯੂਰਪ ਵਿੱਚ ਮੌਲਿਕ ਰੂਪ ਵਿੱਚ ਸਰਹਿੰਦ ਤੋਂ ਹੀ ਲਿਆਂਦੀ ਗਈ ਸੀ, ਪਰ ਜਦੋਂ ਪੱਛਮੀ ਸਾਮਰਾਜ ਨੂੰ ਉਲਟਾ ਦਿੱਤਾ ਗਿਆ ਸੀ ਤਾਂ ਇਸ ਰਾਮ-ਰੌਲੇ ਸਮੇਂ ਇਹ ਕਲਾ ਗੁਆਚ ਗਈ ਸੀ। ਜੇਮਜ਼ ਰੈਨਲ ਇਸ ਤੱਥ ਵੱਲ ਧਿਆਨ ਦਿਵਾਉਂਦਾ ਹੋਇਆ ਦੱਸਦਾ ਹੈ ਕਿ ਪਰੋਕੋਪੀਅਸ ਲਿਖਦਾ ਹੈ ਕਿ 16ਵੀਂ ਸਦੀ ਵਿੱਚ ਜਸਟੀਨੀਅਨ ਦੇ ਸਮੇਂ ਰੇਸ਼ਮ ਸਰਹਿੰਦ ਦੇਸ਼ ਤੋਂ ਹੀ ਲਿਆਂਦਾ ਜਾਂਦਾ ਸੀ। ਤਾਰੀਖ-ਏ-ਨਾਸੀਰੀ ਦੇ ਅਨੁਸਾਰ ਸਾਰੇ ਸ਼ਹਿਰ ਵਿਚਕਾਰ ਇਕ ਮੁੱਖ ਚੌਕ ਸੀ। ਬਾਜ਼ਾਰ ਦੀਆਂ ਸਾਰੀਆਂ ਗਲੀਆਂ ਇਸ ਚੌਕ ਨੂੰ ਆ ਕੇ ਮਿਲਦੀਆਂ ਸਨ। ਸ਼ਹਿਰ ਦੇ ਤਕਰੀਬਨ ਵੀਹ ਮੁਹੱਲੇ ਸਨ। ਮੁਸਲਮਾਨਾਂ ਅਤੇ ਹਿੰਦੂਆਂ ਦੇ ਵੱਖ-ਵੱਖ ਮੁਹੱਲੇ ਸਨ। ਹਿੰਦੂਆਂ ਵਿੱਚੋਂ ਸੂਦ ਕਬੀਲਾ ਵੱਡੀ ਗਿਣਤੀ ਵਿੱਚ ਸੀ। ਇਹ ਸ਼ਾਹੂਕਾਰ, ਵਪਾਰੀ ਅਤੇ ਦੁਕਾਨਦਾਰ ਸਨ। ਇਹ ਪੈਸੇ ਲੈਣ-ਦੇਣ ਦਾ ਕੰਮ ਕਰਦੇ ਸਨ। ਸ਼ਹਿਰ ਦੇ ਆਲੇ-ਦੁਆਲੇ ਇਕ ਪੱਕੀ ਅਤੇ ਮਜ਼ਬੂਤ ਕੰਧ ਕੱਢੀ ਹੋਈ ਸੀ। ਹੰਸਲੀ ਨਦੀ ਦਾ ਪਾਣੀ ਬੜਾ ਸਾਫ ਹੁੰਦਾ ਸੀ। ਉਹ ਸਾਰਾ ਸਾਲ ਹੀ ਵਗਦੀ ਰਹਿੰਦੀ ਸੀ। ਮੀਂਹਾਂ ਵੇਲੇ ਇਹ ਪੂਰੀ ਭਰ ਕੇ ਚਲਦੀ ਸੀ, ਪਰ ਇਸ ਦਾ ਪਾਣੀ ਕੇਵਲ ਸਮਾਣੇ ਪਹੁੰਚ ਕੇ ਹੀ ਜ਼ਮੀਨ ਸਿੰਜਦਾ ਸੀ। ਸ਼ਹਿਰ ਵਿੱਚ ਇਸ ਦੇ ਕੰਢਿਆਂ 'ਤੇ ਬੜੀਆਂ ਹੀ ਆਲੀਸ਼ਾਨ ਹਵੇਲੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਹਵੇਲੀਆਂ ਦੀ ਦਿੱਲੀ ਅਤੇ ਕਾਬੁਲ ਤੱਕ ਵੀ ਚਰਚਾ ਹੁੰਦੀ ਸੀ। ਸਰਹਿੰਦ ਵਿੱਚ ਸ਼ਹਿਰੀ ਜ਼ਮੀਨ ਦਾ ਭਾਅ ਦਿੱਲੀ ਨਾਲੋਂ ਦੁੱਗਣਾ ਸੀ। ਇਸ ਤਰ੍ਹਾਂ ਅਕਬਰ ਦੇ ਸਮੇਂ ਸ਼ਹਿਰ ਨੇ ਬੜੀ ਹੀ ਖੁਸ਼ਹਾਲੀ ਅਤੇ ਬੁਲੰਦੀਆਂ ਨੂੰ ਛੂਹਣ ਵਾਲੀ ਸ਼ਾਨ ਦੇਖੀ ਸੀ। ਇਹ ਸ਼ਾਨ ਅਤੇ ਖੁਸ਼ਹਾਲੀ ਜਹਾਂਗੀਰ ਦੇ ਸਮੇਂ ਵੀ ਕਾਇਮ ਰਹੀ  ਸੀ। ਜਹਾਂਗੀਰ ਆਪਣੇ ਪਿਤਾ ਅਕਬਰ ਦੀ ਮੌਤ (1604 ਈ.) ਤੋਂ ਬਾਅਦ ਬਾਦਸ਼ਾਹ ਬਣਿਆ। ਜਹਾਂਗੀਰ ਦੇ ਮੁੱਢਲੇ ਸਾਲ ਰਾਜਨੀਤਕ ਤੌਰ 'ਤੇ ਅਸਥਿਰਤਾ ਅਤੇ ਰੁਝੇਵਿਆਂ ਵਾਲੇ ਸਨ। ਇਸ ਲਈ ਉਹ ਆਪਣੀ ਪਹਿਲੀ ਫੇਰੀ ਸਮੇਂ ਜਦੋਂ ਕਿ ਉਹ ਆਪਣੇ ਹੀ ਪੁੱਤਰ ਖੁਸਰੋ ਦਾ ਪਿੱਛਾ ਕਰਦਾ ਪੰਜਾਬ ਵਿੱਚ ਆਇਆ ਸੀ, ਸਰਹਿੰਦ ਸ਼ਹਿਰ ਵੱਲ ਕੋਈ ਧਿਆਨ ਨਹੀਂ ਦੇ ਸਕਿਆ, ਪਰ ਜਦੋਂ ਉਹ 1619 ਈ. ਵਿੱਚ ਪੰਜਾਬ ਵਿੱਚ ਆਇਆ ਤਾਂ ਉਸ ਦਾ ਉਤਾਰਾ ਸਰਹਿੰਦ ਵਿੱਚ ਹੀ ਸੀ। ਉਹ ਸਰਹਿੰਦ ਦੇ ਬਾਗ਼ਾਂ ਨੂੰ ਦੇਖ ਕੇ ਇਤਨਾ ਪ੍ਰਭਾਵਤ ਹੋਇਆ ਸੀ ਕਿ ਉਸ ਨੇ ਬਾਗ਼ਬਾਨੀ ਵਿੱਚ ਇਕ ਮਾਹਿਰ ਅਧਿਕਾਰੀ ਖਵਾਜ਼ਾ ਵੈਸੀ ਨੂੰ ਇਨ੍ਹਾਂ ਬਾਗ਼ਾਂ ਦਾ ਇੰਚਾਰਜ ਬਣਾ ਦਿੱਤਾ ਸੀ। ਉਸ ਨੂੰ ਆਦੇਸ਼ ਦਿੱਤੇ ਗਏ ਸਨ ਕਿ ਉਹ ਬਾਗ਼ਾਂ ਵਿੱਚੋਂ ਪੁਰਾਣੇ ਦਰੱਖ਼ਤਾਂ ਨੂੰ ਕਟਵਾ ਦੇਵੇ ਅਤੇ ਵਧੀਆ ਤੋਂ ਵਧੀਆ ਫਲਾਂ ਵਾਲੇ ਦਰੱਖ਼ਤ ਲਿਆ ਕੇ ਲਗਵਾਏ। ਉਸ ਨੇ ਹੰਸਲੀ ਨਦੀ ਨੂੰ ਵੀ ਸਾਫ ਕਰਵਾਉਣ ਦੇ ਆਦੇਸ਼ ਦਿੱਤੇ। ਉਸ ਨੇ (ਸ਼ਾਹੀ ਬਾਗ਼ ਜਾਂ ਬਾਗ਼-ਏ-ਹਾਫਜ਼ੀ) ਵਿੱਚ ਨਵੀਂ ਤਕਨੀਕ ਵਾਲੇ ਗੁਸਲਖਾਨੇ ਬਣਵਾਏ। ਇਨ੍ਹਾਂ ਗੁਸਲਖਾਨਿਆਂ ਵਿੱਚ ਪਾਣੀ ਨੂੰ ਠੰਢਾ ਅਤੇ ਗਰਮ ਰੱਖਣ ਦੀ ਪੂਰੀ ਪ੍ਰਣਾਲੀ ਸੀ। ਗੁਸਲਖਾਨੇ ਦੇ ਸਾਰੇ ਕਮਰਿਆਂ ਵਿੱਚ ਅਤੇ ਇਸ ਦੇ ਬਸਤਰ ਬਦਲਣ ਵਾਲੇ ਕਮਰਿਆਂ ਵਿੱਚ ਦੋਵੇਂ ਪਾਣੀ ਜ਼ਮੀਨਦੋਜ਼ ਪਾਈਪਾਂ ਰਾਹੀਂ ਪਹੁੰਚਦੇ ਸਨ। ਇਸੇ ਤਰ੍ਹਾਂ ਉਸ ਨੇ ਇਸ ਤਰ੍ਹਾਂ ਦੇ ਭਵਨ ਉਸਾਰਨ ਦਾ ਵੀ ਆਦੇਸ਼ ਦਿੱਤਾ ਸੀ, ਜਿਨ੍ਹਾਂ ਨੂੰ ਕੁਦਰਤੀ ਤਰੀਕੇ ਅਨੁਸਾਰ ਗਰਮੀਆਂ ਵਿੱਚ ਠੰਢਾ ਰੱਖਿਆ ਜਾ ਸਕਦਾ ਸੀ। ਅਜਿਹੇ ਭਵਨ ਨੂੰ ਸਰਦਖਾਨਾ ਕਿਹਾ ਜਾਂਦਾ ਸੀ। ਉਪਰ ਬਿਆਨ ਕੀਤੇ ਗੁਸਲਖਾਨੇ ਅਤੇ ਸਰਦਖਾਨੇ ਦੇ ਹੁਣ ਵੀ ਖੰਡਰਾਤ ਖੜ੍ਹੇ ਹਨ। ਇਨ੍ਹਾਂ ਖੰਡਰਾਤਾਂ ਤੋਂ ਵੀ ਕਾਫੀ ਕੁਝ ਦੇਖਿਆ ਤੇ ਪਰਖਿਆ ਜਾ ਸਕਦਾ ਹੈ। 1620 ਈ. ਵਿੱਚ ਜਹਾਂਗੀਰ ਸਰਹਿੰਦ ਪਹੁੰਚਿਆ ਸੀ। ਇਸ ਸਮੇਂ ਉਸ ਨੇ ਆਪਣੀ ਰਿਹਾਇਸ਼ ਸ਼ਾਹੀ ਬਾਗ਼ (ਆਮ-ਖਾਸ ਬਾਗ਼) ਵਿੱਚ ਹੀ ਕੀਤੀ। ਉਹ ਕਈ ਦਿਨ ਲਗਾਤਾਰ ਬਾਗ਼ ਦੇ ਦੁਆਲੇ ਹੀ ਘੁੰਮਦਾ ਰਿਹਾ ਸੀ। ਉਹ ਹਰ ਦਰੱਖ਼ਤ ਅਤੇ ਬੂਟੇ ਨੂੰ ਨੇੜਿਓਂ ਹੋ ਕੇ ਦੇਖਦਾ ਸੀ। ਇਸ ਵਾਰ ਉਸ ਨੇ ਬਾਗ਼ ਦੇ ਵਿੱਚ ਇਕ ਤਲਾਅ ਖੁਦਵਾਇਆ। ਇਹ 120 ਗਜ਼ ਲੰਮਾ ਅਤੇ 110 ਗਜ਼ ਚੌੜਾ ਸੀ। ਇਸ ਨੂੰ ਭਰਨ ਲਈ ਹੰਸਲੀ ਨਦੀ ਦਾ ਪਾਣੀ ਇਸ ਵਿੱਚ ਪਾਇਆ ਗਿਆ ਸੀ। ਸ਼ਾਹੀ ਬਾਗ਼ ਦੀ ਸਿੰਜਾਈ ਵਾਸਤੇ ਬਾਗ਼ ਦੇ ਚਾਰੇ ਕੋਨਿਆਂ 'ਤੇ ਵੱਡੇ-ਵੱਡੇ ਖੂਹ ਲਗਵਾਏ ਗਏ ਸਨ। ਇਨ੍ਹਾਂ ਖੂਹਾਂ ਵਿੱਚੋਂ ਬੋਕਿਆਂ ਨਾਲ ਪਾਣੀ ਕੱਢਿਆ ਜਾਂਦਾ ਸੀ। ਸ਼ਾਹੀ ਬਾਗ਼ ਦੇ ਦੁਆਲੇ ਪੱਕੀ ਦੀਵਾਰ ਕਢਵਾਈ ਗਈ ਸੀ। ਇਸ ਦੀਵਾਰ ਵਿੱਚ ਚਾਰ ਦਰਵਾਜ਼ੇ ਰੱਖੇ ਗਏ ਸਨ। ਇਸ ਸ਼ਾਹੀ ਬਾਗ਼ ਵਿੱਚ ਤਲਾਅ ਤੇ ਮਹਿਲਾਂ ਤੋਂ ਇਲਾਵਾ ਸ਼ਾਹੀ ਤਬੇਲਾ ਅਤੇ ਹੋਰ ਨੌਕਰਾਂ ਦੇ ਕੁਆਰਟਰ ਵੀ ਬਣੇ ਹੋਏ ਸਨ। ਜਹਾਂਗੀਰ ਦੇ ਸਮੇਂ ਸਰਹਿੰਦ ਦੀ ਖੁਸ਼ਹਾਲੀ ਅਤੇ ਸ਼ਾਨੋ-ਸ਼ੌਕਤ ਦੇ ਨਾਲ-ਨਾਲ ਸਰਹਿੰਦ ਵਿੱਚ ਹੀ ਇਕ ਹੋਰ ਐਸੀ ਸੰਸਥਾ ਵੀ ਉਭਰ ਗਈ ਸੀ, ਜਿਸ ਨੇ ਆਪਣੀ ਕੱਟੜਤਾ ਅਤੇ ਗੈਰ-ਮੁਸਲਮਾਨੀ ਫਿਰਕਿਆਂ ਪ੍ਰਤੀ ਫਿਰਕੂ ਨਫਰਤ ਫੈਲਾ ਕੇ ਸਰਹਿੰਦ ਦੀ ਸਰਬ-ਸਾਂਝੀਵਾਲਤਾ, ਖੁਸ਼ਹਾਲੀ ਅਤੇ ਸ਼ਾਹੀ ਸ਼ਾਨੋ-ਸ਼ੌਕਤ ਨੂੰ ਨਾ ਹੀ ਸਿਰਫ ਸੱਟ ਮਾਰੀ ਸੀ, ਸਗੋਂ ਇਸ ਦੀ ਮੁਕੰਮਲ ਬਰਬਾਦੀ ਦੇ ਬੀਜ ਵੀ ਬੋਅ ਦਿੱਤੇ ਸਨ। ਮੁਸਲਮਾਨਾਂ ਦਾ ਇਹ ਨਕਸ਼ਬੰਦੀ ਸਿਲਸਿਲਾ ਸਥਾਪਤ ਤਾਂ ਭਾਵੇਂ ਖਵਾਜ਼ਾ ਬਾਕੀਬਿੱਲਾ ਦੀ ਅਗਵਾਈ ਹੇਠ ਦਿੱਲੀ ਵਿੱਚ ਹੋਇਆ ਸੀ। ਇਸ ਦਾ ਪੱਕਾ ਮੱਤ ਸੀ ਕਿ ਸ਼ਾਹੀ ਦਰਬਾਰ ਨਾਲ ਮੇਲ-ਮਿਲਾਪ ਰੱਖ ਕੇ ਹੀ ਇਸਲਾਮ ਨੂੰ ਹਿੰਦੁਸਤਾਨ ਵਿੱਚ ਫੈਲਾਇਆ ਜਾ ਸਕਦਾ ਹੈ। ਅਕਬਰ ਦਾ ਪ੍ਰਸਿੱਧ ਜਰਨੈਲ ਮੁਰਤਜ਼ਾ ਖਾਨ ਸ਼ੇਖ ਫਰੀਦ ਇਸ ਮੱਤ ਦਾ ਪੱਕਾ ਪੈਰੋਕਾਰ ਸੀ। ਜਦੋਂ 1604 ਵਿੱਚ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬਣਿਆ ਤਾਂ ਇਹ ਮੁਰਤਜ਼ਾ ਖਾਨ ਉਸ ਦਾ ਸਭ ਤੋਂ ਵੱਡਾ ਹਮਾਇਤੀ ਸੀ। ਜਹਾਂਗੀਰ ਦੇ ਰਾਜ ਦੀ ਸਾਰੀ ਸ਼ਕਤੀ ਇਸ ਦੇ ਹੱਥ ਵਿੱਚ ਸੀ। ਖਵਾਜ਼ਾ ਬਾਕੀਬਿੱਲਾ ਦੀ 1603 ਈ. ਵਿੱਚ ਹੋਈ ਮੌਤ ਤੋਂ ਬਾਅਦ ਸ਼ੇਖ ਅਹਿਮਦ ਸਰਹਿੰਦੀ ਇਸ ਸਿਲਸਿਲੇ ਦਾ ਨੇਤਾ ਬਣਿਆ। ਇਸ ਦਾ ਜਨਮ ਸਰਹਿੰਦ ਵਿੱਚ ਹੀ 26 ਜੂਨ 1564 ਨੂੰ ਹੋਇਆ ਸੀ। ਇਸ ਦਾ ਵਿਆਹ ਥਾਨੇਸਰ ਦੇ ਰਈਸ ਸ਼ੇਖ ਸੁਲਤਾਨ ਦੀ ਸ਼ਹਿਜ਼ਾਦੀ ਨਾਲ ਹੋਇਆ ਸੀ। ਇਸ ਵਿਆਹ ਵਿੱਚ ਇਸ ਨੂੰ ਬਹੁਤ ਧਨ ਪ੍ਰਾਪਤ ਹੋਇਆ ਸੀ। ਇਸ ਨਾਲ ਇਹ ਸਰਹਿੰਦ ਵਿੱਚ ਹੀ ਆਪਣੀ ਪੱਕੀ ਹਵੇਲੀ ਪਾ ਕੇ ਉਥੇ ਹੀ ਕੇਂਦਰ ਬਣਾ ਕੇ ਬੈਠ ਗਿਆ ਸੀ। ਉਸ ਥਾਂ 'ਤੇ ਬਾਅਦ ਵਿੱਚ ਸਰਹਿੰਦ ਦੇ ਰੋਜ਼ਾ ਸ਼ਰੀਫ ਦੀ ਉਸਾਰੀ ਕੀਤੀ ਸੀ। ਇਸ ਨੇ ਮੁਰਤਜ਼ਾ ਖਾਨ ਦੇ ਰਾਹੀਂ ਪੰਜਾਬ ਵਿੱਚ ਗੈਰ-ਮੁਸਲਮਾਨੀ ਫਿਰਕੇ ਦੇ ਖਿਲਾਫ ਇਕ ਬਹੁਤ ਤਕੜਾ ਜਹਾਦ ਸ਼ੁਰੂ ਕਰਵਾਇਆ ਸੀ। ਗੁਰੂ ਅਰਜਨ ਦੇਵ ਜੀ ਇਸ ਜਹਾਦ ਦਾ ਪ੍ਰਮੁੱਖ ਨਿਸ਼ਾਨਾ ਸਨ। ਉਨ੍ਹਾਂ ਨੂੰ ਸ਼ੇਖ ਅਹਿਮਦ ਸਰਹਿੰਦੀ ਦੀ ਚੁੱਕ ਨਾਲ ਅਤੇ ਮੁਰਤਜ਼ਾ ਖਾਨ ਦੀ ਮਦਦ ਨਾਲ ਜਹਾਂਗੀਰ ਵੱਲੋਂ ਅਤੀ ਦਰਦਨਾਕ ਤਸੀਹਿਆਂ ਦੁਆਰਾ ਸ਼ਹੀਦ ਕਰਵਾਇਆ ਗਿਆ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਲਈ ਅਤੇ ਗੁਰੂ ਗੋਬਿੰਦ ਸਿੰਘ ਦੇ ਦੋ ਨਾਬਾਲਗ ਬੱਚਿਆਂ ਦੀ ਸ਼ਹਾਦਤ ਲਈ ਵੀ ਇਹੀ ਨਕਸ਼ਬੰਦੀ ਸਿਲਸਿਲਾ ਜ਼ਿੰਮੇਵਾਰ ਸੀ। ਇਨ੍ਹਾਂ ਹੀ ਜ਼ੁਲਮਾਂ ਨੇ ਸਰਹਿੰਦ ਦੇ ਹਾਕਮਾਂ ਪ੍ਰਤੀ ਸਿੱਖਾਂ ਦੇ ਮਨ ਵਿੱਚ ਨਫਰਤ ਭਰ ਦਿੱਤੀ ਸੀ। ਹਾਕਮਾਂ ਪ੍ਰਤੀ ਇਹ ਨਫਰਤ ਆਖਿਰ ਸਰਹਿੰਦ ਸ਼ਹਿਰ ਪ੍ਰਤੀ ਵੀ ਹੋ ਗਈ ਸੀ। ਨਤੀਜਾ ਇਸ ਦਾ ਇਹ ਹੋਇਆ ਕਿ ਸਿੱਖ ਸਰਹਿੰਦ ਨੂੰ 'ਗੁਰੂ ਮਾਰੀ ਸਰਹਿੰਦ' ਸਮਝਣ ਲਗ ਪਏ ਸਨ। ਅੱਗੇ ਜਾ ਕੇ ਪਤਾ ਲੱਗੇਗਾ ਕਿ ਸਰਹਿੰਦ ਪ੍ਰਤੀ ਸਿੱਖਾਂ ਦੀ ਇਹ ਨਫਰਤ ਸਰਹਿੰਦ ਦੀ ਬਰਬਾਦੀ ਦਾ ਇਕੋ-ਇਕ ਕਾਰਨ ਬਣ ਗਈ ਸੀ, ਪਰ ਇਸ ਤੋਂ ਪਹਿਲਾਂ ਅਜੇ ਸਰਹਿੰਦ ਦੇ ਕੁਝ ਹੋਰ ਹੋਏ ਵਿਕਾਸ ਦੀ ਗੱਲ ਕਰਦੇ ਹਾਂ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੇ ਸਰਹਿੰਦ ਸ਼ਹਿਰ ਨਾਲ ਲਗਾਓ ਦੀ ਗੱਲ ਕੀਤੇ ਬਿਨਾਂ ਸਰਹਿੰਦ ਦਾ ਵਰਨਣ ਅਧੂਰਾ ਹੀ ਰਹਿੰਦਾ ਹੈ। ਇਸ ਬਾਦਸ਼ਾਹ ਦਾ ਵੈਸੇ ਤਾਂ ਸਾਰਾ ਹੀ ਸਮਾਂ ਸਮੁੱਚੇ ਹਿੰਦੁਸਤਾਨ ਲਈ ਖੁਸ਼ਹਾਲੀ ਅਤੇ ਵਿਕਾਸ ਦਾ ਸਮਾਂ ਸੀ। ਇਸ ਖੁਸ਼ਹਾਲੀ ਅਤੇ ਵਿਕਾਸ ਵਿੱਚੋਂ ਕੁਝ ਹਿੱਸਾ ਸਰਹਿੰਦ ਨੂੰ ਵੀ ਪ੍ਰਾਪਤ ਹੋਇਆ ਸੀ। ਅਬਦੁਲ ਹਮੀਦ ਲਾਹੌਰੀ ਦੀ ਲਿਖਤ ਪਾਦਸ਼ਾਹਨਾਮਾ ਵਿੱਚ ਸ਼ਾਹਜਹਾਨ ਦੇ ਰੋਜ਼ਾਨਾ ਦੇ ਬਿਰਤਾਂਤ ਦਰਜ ਹਨ। ਇਸ ਲਿਖਤ ਵਿੱਚ ਸਰਹਿੰਦ ਦੇ ਵੇਰਵੇ ਵੀ ਆਏ ਹਨ। ਇਨ੍ਹਾਂ ਅਨੁਸਾਰ ਬਾਦਸ਼ਾਹ  ਸ਼ਾਹਜਹਾਨ ਇਥੇ ਛੇ ਦਿਨ ਰਿਹਾ ਸੀ। ਉਸ ਦਾ ਉਤਾਰਾ ਆਮ-ਖਾਸ ਬਾਗ਼ ਵਿੱਚ ਸੀ, ਜਿਸ ਨੂੰ ਉਸ ਸਮੇਂ ਸ਼ਾਹੀ ਬਾਗ਼ ਦੇ ਨਾਲ-ਨਾਲ ਬਾਗ਼-ਏ-ਹਾਫਜ਼ੀ  ਵੀ ਕਿਹਾ ਜਾਂਦਾ ਸੀ। ਜਿਹੜਾ ਤਲਾਅ ਪਹਿਲਾਂ ਜਹਾਂਗੀਰ ਨੇ ਖੁਦਵਾਇਆ ਸੀ ਉਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਨਹੀਂ ਗਿਆ ਸੀ। ਸ਼ਾਹ ਜਹਾਨ ਨੇ ਹੰਸਲੀ ਨਦੀ ਦੇ ਪਿੱਛੋਂ ਦੀ ਨਹਿਰ ਕਢਵਾ ਕੇ ਇਸ ਵਿੱਚ ਪਾਣੀ ਪੁਆਇਆ ਅਤੇ ਤਲਾਅ ਨੂੰ ਪੂਰਾ ਭਰਵਾਇਆ। ਇਸ ਤੋਂ ਇਲਾਵਾ ਉਸ ਨੇ ਇਥੇ ਕੁਝ ਇਮਾਰਤਾਂ ਜਿਵੇਂ ਕਿ ਖੁਵਾਬਗਾਹ ਅਤੇ ਬਰਾਂਡਿਆਂ ਤੇ ਬਾਲਕੋਨੀਆਂ ਵਾਲਾ ਇਕ ਸ਼ਾਹੀ ਮਹਿਲ ਵੀ ਤਾਮੀਰ ਕਰਵਾਇਆ ਸੀ। ਇਨ੍ਹਾਂ ਇਮਾਰਤਾਂ ਨੂੰ ਛੇਤੀ ਪੂਰਾ ਕਰਨ ਲਈ ਸਰਹਿੰਦ ਦੇ ਹੀ ਕਰੋੜੀ ਮੀਰ ਅਲੀ ਅਕਬਰ ਦੀ ਡਿਊਟੀ ਲਗਾਈ ਗਈ ਸੀ। ਮਹਿਲ ਕਿਵੇਂÐ ਬਣਵਾਉਣੇ ਹਨ, ਇਨ੍ਹਾਂ ਵਿੱਚ ਤਾਕੀਆਂ ਅਤੇ ਦਰਵਾਜ਼ੇ ਕਿਵੇਂ ਰੱਖਣੇ ਹਨ ਅਤੇ ਬਾਲਕੋਨੀਆਂ ਤੇ ਬਨੇਰੇ ਕਿਵੇਂ ਬਣਵਾਉਣੇ ਹਨ, ਇਹ ਸਭ ਤਰ੍ਹਾਂ ਦੀਆਂ ਹਦਾਇਤਾਂ ਬਾਦਸ਼ਾਹ ਜਾਣ ਸਮੇਂ ਦੇ ਕੇ ਗਿਆ ਸੀ। ਉਸ ਨੇ ਬਾਗ ਵਿਚਲੇ ਦਰੱਖਤਾਂ ਦੀ ਵਿਸ਼ੇਸ਼ ਕਿਸਮ ਦੀ ਤਰਤੀਬ ਲਈ ਵੀ ਕਈ ਹਦਾਇਤਾਂ ਕੀਤੀਆਂ ਸਨ। ਇਸੇ ਹੀ ਯਾਤਰਾ ਦੌਰਾਨ ਸਰਹਿੰਦ ਦੇ ਪ੍ਰਬੰਧ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਪਹਿਲਾਂ  ਸਰਹਿੰਦ ਦੇ ਸੂਬੇਦਾਰ ਕੋਲ ਹੀ ਦੀਵਾਨ, ਅਮੀਨ ਅਤੇ ਫੌਜਦਾਰੀ ਦੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਸਨ। ਸ਼ਾਹਜਹਾਨ ਨੇ ਇਸ ਸਮੇਂ ਇਨ੍ਹਾਂ ਤਿੰਨਾਂ ਸ਼ਕਤੀਆਂ ਨੂੰ ਨਿਖੇੜ ਕੇ ਦੀਵਾਨ ਤੇ ਅਮੀਨ ਅਲੱਗ ਅਤੇ ਫੌਜਦਾਰ ਅਲੱਗ ਕਰ ਦਿੱਤੇ ਸਨ। ਨਵਾਂ ਪ੍ਰਬੰਧ ਕਰਨ ਤੋਂ ਪਹਿਲਾਂ ਮਾਜ਼-ਉਲ-ਮੁਲਕ ਸਰਹਿੰਦ  ਦਾ ਸੂਬੇਦਾਰ ਸੀ। ਅਰਥਾਤ ਉਹ ਤਿੰਨੋ ਹੀ ਤਾਕਤਾਂ (ਦੀਵਾਨ, ਆਮੀਨ ਅਤੇ ਫੌਜਦਾਰ) ਦਾ ਮਾਲਕ ਸੀ। ਉਸ ਨੂੰ ਹਟਾ ਕੇ ਗੁਜਰਾਤ ਦੇ ਆਮੀਨ ਦੇ ਇਕ ਅਧਿਕਾਰੀ ਜਿਸ ਨੂੰ ਦਾਰੋਗਾ-ਏ- ਕਿਰਦਾਰਤ ਕਿਹਾ ਜਾਂਦਾ ਸੀ, ਸਰਹਿੰਦ ਦਾ ਦੀਵਾਨ ਅਤੇ ਆਮੀਨ ਨਿਯੁਕਤ ਕੀਤਾ ਸੀ। ਮੀਰ ਅਲੀ ਅਕਬਰ  ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਗਿਆ ਸੀ। ਸ਼ਾਹਜਹਾਨ ਨੇ ਇੱਥੇ ਬਹੁਤ ਅੱਛੇ-ਅੱਛੇ ਸ਼ਿਕਾਰੀ ਜਾਨਵਰਾਂ ਅਤੇ ਪੰਛੀਆਂ ਦਾ ਚਿੜੀਆ ਘਰ ਵੀ ਖੁੱਲ੍ਹਵਾਇਆ ਸੀ। ਸ਼ਿਕਾਰੀ ਜਾਨਵਰਾਂ ਅਤੇ ਪੰਛੀਆਂ ਦੀ ਇੱਥੇ ਪਾਲਣਾ ਪੋਸ਼ਣਾ ਵੀ ਕੀਤੀ ਜਾਂਦੀ ਸੀ ਅਤੇ ਇਨ੍ਹਾਂ  ਨੂੰ ਸ਼ਿਕਾਰ ਮਾਰਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ। ਦਿੱਲੀ ਪਹੁੰਚ ਕੇ ਸ਼ਾਹਜਹਾਨ ਨੇ ਇੱਥੋਂ ਕੁਝ ਸ਼ਿਕਾਰੀ ਜਾਨਵਰ ਅਤੇ ਪੰਛੀ ਵੀ ਮੰਗਵਾਏ ਸਨ। 1630 ਵਿੱਚ ਸ਼ਾਹਜਹਾਨ ਦੂਜੀ ਵਾਰ ਫਿਰ ਇੱਥੇ ਆਇਆ। ਇਸ ਵਾਰ ਉਸ ਨੇ ਆ ਕੇ ਦੇਖਿਆ ਕਿ ਸੂਬੇਦਾਰ ਦੀਆਂ ਤਾਕਤਾਂ ਦੀ ਜਿਹੜੀ ਵੰਡ ਉਸ  ਨੇ ਪਹਿਲੀ ਯਾਤਰਾ ਵੇਲੇ ਕੀਤੀ ਸੀ ਉਸ ਨੂੰ ਫਿਰ ਤੋਂ ਇਕੋ ਅਧਿਕਾਰੀ ਵਿੱਚ ਸੰਮਿਲਤ ਕਰ ਦਿੱਤਾ ਗਿਆ ਸੀ ਕਿਉਂਕਿ ਤਾਕਤਾਂ ਦੀ ਇਹ ਵੰਡ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਸੀ। ਤਿੰਨੋਂ ਤਾਕਤਾਂ ਸੰਮਿਲਤ ਕਰ ਕੇ ਪਹਿਲੀ ਵਾਰ ਇਕ ਸਥਾਨਕ ਹਿੰਦੂ ਧਨਾਢ ਅਧਿਕਾਰੀ ਸੇਠ ਟੋਡਰ ਮੱਲ ਨੂੰ  ਸੂਬੇਦਾਰ ਬਣਾਇਆ ਗਿਆ। ਉਹ ਦੀਵਾਨ ਵੀ ਸੀ, ਆਮੀਨ ਵੀ ਸੀ ਅਤੇ ਫੌਜਦਾਰ ਵੀ ਸੀ। ਸੇਠ ਟੋਡਰ ਮੱਲ ਜਿੱਥੇ ਬੜਾ ਅਮੀਰ ਆਦਮੀ ਸੀ, ਉੱਥੇ ਉਹ ਵੱਡੇ ਵੱਡੇ ਦੀਵਾਨੀ ਆਹੁਦਿਆਂ ਉੱਪਰ ਵੀ ਰਹਿ ਚੁੱਕਿਆ ਸੀ ਅਤੇ ਆਪਣੀ ਇਮਾਨਦਾਰੀ ਅਤੇ ਪ੍ਰਬੀਨਤਾ ਦੀ ਧਾਕ ਬਿਠਾ ਚੁੱਕਿਆ ਸੀ। ਉਸ ਨੇ ਸਮੁੱਚੇ ਸਰਹਿੰਦ ਪਰਾਂਤ ਦਾ ਪ੍ਰਬੰਧ ਇਤਨੀ ਲਗਨ ਅਤੇ ਪ੍ਰਬੀਨਤਾ ਨਾਲ ਕੀਤਾ ਕਿ ਬਾਦਸ਼ਾਹ ਜਿੰਨੀ ਵਾਰ ਵੀ ਸਰਹਿੰਦ ਆਇਆ ਸੀ ਉਤਨੀ ਵਾਰ ਹੀ ਇਸ ਨੇ ਬਾਦਸ਼ਾਹ ਕੋਲੋਂ ਇਨਾਮ ਪ੍ਰਾਪਤ ਕੀਤੇ ਸਨ। 1631-32 ਵਿੱਚ ਜਦੋਂ ਬਾਦਸ਼ਾਹ ਤੀਜੀ ਵਾਰ ਸਰਹਿੰਦ ਆਇਆ ਤਾਂ ਉਸ ਨੇ ਸੇਠ ਟੋਡਰ ਮੱਲ ਦੇ ਪ੍ਰਬੰਧ ਤੋਂ ਖੁਸ਼ ਹੋ ਕੇ ਲੱਖੀ ਜੰਗਲ ਦੀ ਫੌਜਦਾਰੀ ਵੀ ਉਸ ਨੂੰ ਸੌਂਪ ਦਿੱਤੀ ਸੀ। ਇਸੇ ਹੀ ਸਾਲ ਇਕ ਹੋਰ ਮੌਕੇ 'ਤੇ ਉਸ ਨੂੰ ਇਕ ਕੀਮਤੀ ਖਿੱਲਤ, ਇਕ ਸੁੰਦਰ ਘੋੜਾ ਅਤੇ ਇਕ ਹੀਰੇ-ਜਵਾਹਰਾਤ ਜੜਿਆ ਹਾਥੀ ਇਨਾਮ ਵਜੋਂ ਦਿੱਤੇ ਗਏ ਸਨ। ਇਸ ਨਿਪੁੰਨ ਅਤੇ ਧਰਮ-ਨਿਰਪੱਖ ਅਧਿਕਾਰੀ ਦੇ ਪ੍ਰਬੰਧ ਹੇਠ ਸਰਹਿੰਦ ਨੇ ਇਤਨਾ ਵਿਕਾਸ ਕੀਤਾ ਸੀ ਕਿ ਬਾਦਸ਼ਾਹ ਜਦੋਂ ਇਕ ਹੋਰ ਯਾਤਰਾ ਦੌਰਾਨ 1634 ਵਿੱਚ ਸਰਹਿੰਦ ਪਹੁੰਚਿਆ ਤਾਂ ਉਸ ਨੇ ਅਤੀ ਪ੍ਰਸੰਨ ਹੋ ਕੇ ਸੇਠ ਟੋਡਰ ਮੱਲ ਨੂੰ ਇਕ ਹਜ਼ਾਰ ਜ਼ਾਤ ਤੇ ਇਕ ਹਜ਼ਾਰ ਸਵਾਰ (ਦੋ ਆਸਪਾ ਤੇ ਛੇ ਆਸਪਾ) ਦਾ ਮਨਸਬ ਬਖਸ਼ਿਆ ਸੀ। 1635 ਵਿੱਚ ਉਸ ਨੂੰ 2500 ਜ਼ਾਤ ਅਤੇ 2500 ਸਵਾਰ (ਦੋ ਆਸਪਾ ਅਤੇ ਛੇ ਆਸਪਾ) ਦਾ ਮਨਸਬ ਹੋਰ ਜੋੜ ਦਿੱਤਾ ਸੀ। (ਚਲਦਾ)

ਡਾ. ਸੁਖਦਿਆਲ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All