ਕ੍ਰਿਕਟਰਾਂ ਨੂੰ ਮੁੱਕੇ ਮਾਰਨੇ ਮਹਿੰਗੇ ਪਏ

ਮਿਸ਼ੈਲ ਮਾਰਸ਼

ਰਾਂਚੀ/ਸਿਡਨੀ, 17 ਅਕਤੂਬਰ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਐਡੇਨ ਮਾਰਕਰਾਮ ਨੂੰ ‘ਨਿਰਾਸ਼ਾ’ ’ਚ ਕਿਸੇ ਸਖਤ ਚੀਜ਼ ਨੂੰ ਮੁੱਕਾ ਮਾਰਨਾ ਮਹਿੰਗਾ ਪੈ ਗਿਆ ਕਿਉਂਕਿ ਗੁੱਟ ਦੀ ਸੱਟ ਕਾਰਨ ਉਹ ਭਾਰਤ ਖ਼ਿਲਾਫ਼ ਤੀਜੇ ਤੇ ਆਖਰੀ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਇਸੇ ਤਰ੍ਹਾਂ ਆਸਟਰੇਲਿਆਈ ਆਲ ਰਾਊਂਡਰ ਮਿਸ਼ੈਲ ਮਾਰਸ਼ ਦਾ ਪਾਕਿਸਤਾਨ ਖ਼ਿਲਾਫ਼ ਪਹਿਲਾ ਟੈਸਟ ਮੈਚ ਖੇਡਣਾ ਸ਼ੱਕੀ ਹੈ ਕਿਉਂਕਿ ਕੰਧ ’ਚ ਮੁੱਕਾ ਮਾਰਨ ਕਾਰਨ ਉਸ ਦੇ ਸੱਜੇ ਹੱਥ ’ਚ ਸੱਟ ਵੱਜ ਗਈ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਪ੍ਰੈੱਸ ਬਿਆਨ ਅਨੁਸਾਰ, ‘ਇਹ ਸੱਟ (ਦੂਜੇ ਟੈਸਟ ਮੈਚ ਦੀ) ਦੂਜੀ ਪਾਰੀ ’ਚ ਇਸ ਸਲਾਮੀ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਲੱਗੀ। ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਮਾਰਕਰਾਮ ਨੇ ਕਿਸੇ ਸਖਤ ਚੀਜ਼ ’ਤੇ ਮੁੱਕਾ ਮਾਰਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।’ ਦੱਖਣੀ ਅਫਰੀਕਾ ਵਿਸ਼ਾਖਾਪਟਨਮ ਅਤੇ ਪੁਣੇ ’ਚ ਕਰਾਰੀ ਹਾਰ ਤੋਂ ਬਾਅਦ ਪਹਿਲਾਂ ਹੀ ਲੜੀ ਗੁਆ ਚੁੱਕਾ ਹੈ। ਮਾਰਕਰਾਮ ਲਈ ਭਾਰਤ ਦਾ ਦੌਰਾ ਰਲਵੀਂ-ਮਿਲਵੀਂ ਕਾਮਯਾਬੀ ਵਾਲਾ ਰਿਹਾ ਹੈ।

ਐਡੇਨ ਮਾਰਕਰਾਮ

ਉਸ ਨੇ ਅਭਿਆਸ ਮੈਚਾਂ ’ਚ ਦੋ ਸੈਂਕੜੇ ਜੜ੍ਹੇ ਪਰ ਟੈਸਟ ਮੈਚਾਂ ਦੀ ਲੜੀ ’ਚ ਇਹ ਰਫ਼ਤਾਰ ਕਾਇਮ ਨਾ ਰੱਖ ਸਕਿਆ। ਸੀਐੱਸਏ ਨੇ ਕਿਹਾ, ‘ਦੱਖਣੀ ਅਫਰੀਕਾ ਦਾ ਬੱਲੇਬਾਜ਼ ਐਡੇਨ ਮਾਰਕਰਾਮ ਪੁਣੇ ’ਚ ਦੂਜੇ ਟੈਸਟ ਮੈਚ ਦੌਰਾਨ ਸੱਜਾ ਗੁੱਟ ਜ਼ਖ਼ਮੀ ਹੋ ਜਾਣ ਕਾਰਨ ਤੀਜੇ ਤੇ ਆਖਰੀ ਟੈਸਟ ਮੈਚ ’ਚ ਨਹੀਂ ਖੇਡ ਸਕੇਗਾ।’ ਟੀਮ ਦੇ ਮੈਡੀਕਲ ਮਾਹਿਰ ਹਸ਼ੇਂਦਰ ਰਾਮਜੀ ਨੇ ਕਿਹਾ, ‘ਐਡੇਨ ਮਾਰਕਰਾਮ ਦੇ ਗੁੱਟ ਦੇ ਸੀਟੀ ਸਕੈਨ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਗੁੱਟ ਦੀਆਂ ਹੱਂਡੀਆਂ ’ਚ ਫਰੈਕਚਰ ਹੈ।’ ਦੂਜੇ ਪਾਸੇ ਕੰਧ ’ਚ ਮੁੱਕਾ ਮਾਰਨ ਕਾਰਨ ਜ਼ਖ਼ਮੀ ਹੋਏ ਮਿਸ਼ੈਲ ਮਾਰਸ਼ ਦੀ ਹਰਕਤ ਨੂੰ ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਬੇਵਕੂਫੀ ਵਾਲੀ ਕਰਾਰ ਦਿੱਤਾ ਹੈ। ਪੱਛਮੀ ਆਸਟਰੇਲੀਆ ਦੇ ਕਪਤਾਨ ਮਾਰਸ਼ ਨੇ ਐਤਵਾਰ ਨੂੰ ਤਸਮਾਨੀਆ ਖ਼ਿਲਾਫ਼ ਸ਼ੈਫੀਲਡ ਸ਼ੀਲਡ ਮੈਚ ’ਚ 53 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਡਰੈਸਿੰਗ ਰੂਮ ਦੀ ਕੰਧ ’ਤੇ ਆਪਣਾ ਗੁੱਸਾ ਕੱਢਿਆ। ਉਸ ਦੇ ਹੱਥ ’ਚ ਸੱਟ ਲੱਗ ਗਈ ਹੈ। ਸਕੈਨ ਤੋਂ ਪਤਾ ਲੱਗਾ ਕਿ ਹੱਥ ’ਚ ਫਰੈਕਚਰ ਹੋ ਗਿਆ ਹੈ। ਮਾਰਸ਼ ਨੇ ਇਸ ਤੋਂ ਬਾਅਦ ਆਪਣੀ ਹਰਕਤ ’ਤੇ ਮੁਆਫ਼ੀ ਮੰਗਦਿਆਂ ਕਿਹਾ ਉਸ ਨੂੰ ਛੇ ਹਫ਼ਤੇ ਤੱਕ ਖੇਡ ਤੋਂ ਬਾਹਰ ਰਹਿਣਾ ਪੈ ਸਕਦਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All